ਨਾਹਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਾਹਨ ਵ੍ਯ—ਨਹੀਂ. ਨਿਧ ਬੋਧਕ ਸ਼ਬਦ. “ਨਾਹਨ ਗੁਨ ਨਾਹਨਿ ਕਛੁ ਬਿਦਿਆ.” (ਰਾਮ ਮ: ੯) ੨ ਸੰਗ੍ਯਾ—ਪੰਜਾਬ ਦੀ ਇੱਕ ਪਹਾੜੀ ਰਿਆਸਤ , ਜੋ ਜਿਲੇ ਅੰਬਾਲੇ ਦੇ ਨਾਲ ਲਗਦੀ ਹੈ. ਇਸ ਨੂੰ ਸਰਮੌਰ ਭੀ ਆਖਦੇ ਹਨ.2 ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਰਾਜਾ ਮੇਦਿਨੀਪ੍ਰਕਾਸ਼ (ਮਸ੍ਤ ਪ੍ਰਕਾਸ਼) ਦਾ ਨਿਮੰਤ੍ਰਣ ਮੰਨ ਕੇ ੧੭ ਵੈਸਾਖ ਸੰਮਤ ੧੭੪੨ ਨੂੰ ਆਏ ਸਨ. ਗੁਰਦ੍ਵਾਰਾ ਰਾਜ ਮਹਲ ਦੇ ਪਾਸ ਪੁਰਾਣੀ ਪਰੇਡ (Parade) ਦੇ ਕਿਨਾਰੇ ਛੋਟਾ ਜਿਹਾ ਬਣਿਆ ਹੋਇਆ ਹੈ. ਰਿਆਸਤ ਵੱਲੋਂ ਧੂਪ ਦੀਪ ਲਈ ਪੰਦਰਾਂ ਰੁਪਯੇ ਸਾਲਾਨਾ ਮਿਲਦੇ ਹਨ. ਪੁਜਾਰੀ ਸਿੰਘ ਹੈ. ਦਸ਼ਹਰੇ ਦੇ ਦਿਨ ਰਾਜਾ ਸਾਹਿਬ ਨਾਹਨ ਗੁਰਦ੍ਵਾਰੇ ਆ ਕੇ ਨਿਸ਼ਾਨ ਸਾਹਿਬ ਤੇ ਨਵਾਂ ਫਰਹਰਾ ਚੜ੍ਹਾਉਂਦੇ ਅਤੇ ਮੰਜੀ ਸਾਹਿਬ ਨੂੰ ਪੁਸ਼ਾਕਾ ਪਹਿਨਾਉਂਦੇ ਹਨ, ਅਰ ਇਨ੍ਹਾਂ ਦੇ ਬਜ਼ੁਰਗ ਰਾਜਾ ਮੇਦਿਨੀ ਪ੍ਰਕਾਸ਼ ਨੂੰ ਕਲਗੀਧਰ ਨੇ ਜੋ ਸ਼੍ਰੀ ਸਾਹਿਬ ਬਖਸ਼ਿਆ ਸੀ, ਉਸ ਦਾ ਸੰਗਤਿ ਨੂੰ ਦਰਸ਼ਨ ਕਰਵਾਇਆ ਜਾਂਦਾ ਹੈ. ਰੇਲਵੇ ਸਟੇਸ਼ਨ ਬਰਾੜੇ ਤੋਂ ਨਾਹਨ ੩੭ ਮੀਲ ਉੱਤਰ ਹੈ. ਨਾਹਨ ਨਗਰ ਸਨ ੧੬੨੧ ਵਿੱਚ ਰਾਜਾ ਕਰਮਪ੍ਰਕਾਸ਼ ਨੇ ਵਸਾਇਆ ਹੈ. ਇਸ ਦੀ ਸਮੁੰਦਰ ਤੋਂ ਬਲੰਦੀ ੩੨੦੭ ਫੁਟ ਹੈ. ਰਿਆਸਤ ਨਾਹਨ ਦਾ ਦਰਜਾ ਪੰਜਾਬ ਦੀ ਰਿਆਸਤਾਂ ਵਿੱਚ ਛੇਵਾਂ ਹੈ. ਨਾਹਨ ਦਾ ਰਕਬਾ ੧੧੯੮ ਮੀਲ ਅਤੇ ਆਬਾਦੀ ੧੪੦੪੪੮ ਹੈ. ਨੀਤੀ ਸੰਬੰਧ ੧ ਨਵੰਬਰ ੧੮੨੧ ਤੋਂ ਏ.ਜੀ.ਜੀ. ਪੰਜਾਬ ਸਟੇਟਸ ਨਾਲ ਹੈ. ਨਾਹਨ (ਸਰਮੌਰ) ਦੀ ਗੱਦੀ ਤੇ ਇਸ ਵੇਲੇ ਰਾਜਾ ਸਰ ਅਮਰ ਪ੍ਰਕਾਸ਼ ਬਹਾਦੁਰ ਹਨ, ਜਿਨ੍ਹਾਂ ਦਾ ਜਨਮ ਸਨ ੧੮੮੮ ਵਿੱਚ ਹੋਇਆ ਹੈ. ਇਹ ਸਰਮੌਰ ਦੇ ੪੬ਵੇਂ ਰਾਜਾ ਹਨ. ਦੇਖੋ, ਮੇਦਿਨੀਪ੍ਰਕਾਸ਼.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਾਹਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਾਹਨ (ਨਗਰ): ਪਹਾੜੀ ਉਤੇ ਵਸਿਆ ਹਿਮਾਚਲ ਪ੍ਰਦੇਸ਼ ਦਾ ਇਕ ਨਗਰ ਜੋ ਕਦੇ ਸਿਰਮੌਰ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਅਜ ਕਲ ਸਿਰਮੌਰ ਜ਼ਿਲ੍ਹੇ ਵਿਚ ਸ਼ਾਮਲ ਹੈ। ਇਸ ਦੇ ਰਾਜਾ ਮੇਦਨੀ ਪ੍ਰਕਾਸ਼ (ਵੇਖੋ) ਨੇ ਸੰਨ 1685 ਈ. ਵਿਚ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਰਾਜਧਾਨੀ ਵਿਚ ਨਿਮੰਤਰਿਤ ਕੀਤਾ ਅਤੇ ਬੜੇ ਆਦਰ ਨਾਲ ਰਖਿਆ। ਰਾਜੇ ਨੇ ਗੁਰੂ ਜੀ ਨੂੰ ਜਮਨਾ ਦੇ ਕੰਢੇ ਆਪਣਾ ਪੱਕਾ ਨਿਵਾਸ ਬਣਾਉਣ ਲਈ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਰਾਜੇ ਦੀ ਬੇਨਤੀ ਮੰਨ ਕੇ ਪਾਉਂਟਾ ਸਾਹਿਬ ਦੇ ਗੁਰੂ-ਧਾਮ ਵਾਲੇ ਸਥਾਨ ਉਤੇ ਆਪਣਾ ਕਿਲ੍ਹਾ ਉਸਾਰਿਆ। ਭੰਗਾਣੀ ਦੇ ਯੁੱਧ ਤੋਂ ਬਾਦ ਗਰੂ ਜੀ ਉਥੋਂ ਆਨੰਦਪੁਰ ਪਰਤ ਆਏ।
ਗੁਰੂ ਜੀ ਦੀ ਆਮਦ ਦੀ ਯਾਦ ਵਜੋਂ ਨਾਹਨ ਵਿਚ ਮੰਜੀ ਸਾਹਿਬ ਉਸਾਰਿਆ ਗਿਆ। ਸੰਨ 1954 ਈ. ਵਿਚ ਉਥੇ ਨਵੀਂ ਇਮਾਰਤ ਉਸਾਰ ਦਿੱਤੀ ਗਈ ਹੈ ਜਿਸ ਦਾ ਨਾਂ ‘ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਿਸ਼ਾਹੀ ੧੦’ ਹੈ ਅਤੇ ਪਰੇਡ ਗ੍ਰਾਊਂਡ ਦੇ ਬਿਲਕੁਲ ਨਾਲ ਹੈ। ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First