ਨਕੈਈਆਂ ਦੀ ਮਿਸਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਕੈਈਆਂ ਦੀ ਮਿਸਲ: ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿਚੋਂ ਇਕ, ਜਿਸ ਦਾ ਮੁੱਢ ਬਹਿੜਵਾਲ ਦੇ ਨਿਵਾਸੀ ਸ. ਹੀਰਾ ਸਿੰਘ ਸੰਧੂ ਨੇ ਬੰਨ੍ਹਿਆ। ਇਸ ਦਾ ਪਿੰਡ ਲਾਹੌਰ ਦੇ ਦੱਖਣ ਵਲ ਰਾਵੀ ਅਤੇ ਸਤਲੁਜ ਦਰਿਆਵਾਂ ਦੇ ਮੱਧ ਵਿਚ ਪੈਂਦਾ ਸੀ ਅਤੇ ਉਸ ਖੇਤਰ ਨੂੰ ‘ਨੱਕਾ ’ ਕਹਿੰਦੇ ਸਨ। ਇਸ ਕਰਕੇ ਇਸ ਦੀ ਮਸਲ ਦਾ ਨਾਂ ‘ਨਕੈਈਆਂ ਦੀ ਮਿਸਲ’ ਪਿਆ। ਹੀਰਾ ਸਿੰਘ ਸੰਨ 1706 ਈ. ਵਿਚ ਚੌਧਰੀ ਹੇਮ ਰਾਜ ਦੇ ਘਰ ਜਨਮਿਆ ਅਤੇ ਸੰਨ 1731 ਈ. ਵਿਚ ਅੰਮਿਤ ਛਕ ਕੇ ਖ਼ਾਲਸਾ ਬਣਿਆ। ਸੰਨ 1748 ਈ. ਵਿਚ ਦਲ ਖ਼ਾਲਸਾ ਦੀ ਸਥਾਪਨਾ ਨਾਲ ਇਸ ਦੇ ਜੱਥੇ ਨੂੰ ਮਿਸਲ ਦਾ ਗੌਰਵ ਪ੍ਰਦਾਨ ਕੀਤਾ ਗਿਆ ਅਤੇ ਇਸ ਨੂੰ ਤਰੁਣਾ ਦਲ ਵਿਚ ਸ਼ਾਮਲ ਕੀਤਾ ਗਿਆ। ਜਦੋਂ ਦਲ ਖ਼ਾਲਸਾ ਨੇ ਕਸੂਰ (ਸੰਨ 1763 ਈ.) ਅਤੇ ਸਰਹਿੰਦ (ਸੰਨ 1764 ਈ.) ਨੂੰ ਫਤਹ ਕੀਤਾ ਤਾਂ ਹੀਰਾ ਸਿੰਘ ਨੇ ਬਹਿੜਵਾਲ, ਚੂਨੀਆਂ, ਦੀਪਾਲਪੁਰ , ਜੇਠੂਪੁਰ, ਖੁਡੀਆਂ ਆਦਿ ਕਸਬਿਆਂ ਉਤੇ ਕਬਜ਼ਾ ਕਰਕੇ ਚੂਨੀਆਂ ਵਿਚ ਆਪਣੀ ਮਿਸਲ ਦਾ ਸਦਰ ਮੁਕਾਮ ਸਥਾਪਿਤ ਕੀਤਾ। ਸੰਨ 1767 ਈ. ਵਿਚ ਪਾਕਪਟਨ ਦੀ ਮੁਹਿੰਮ ਵੇਲੇ ਇਹ ਮਾਰਿਆ ਗਿਆ। ਇਸ ਤੋਂ ਬਾਦ ਕੁਝ ਸਮੇਂ ਲਈ ਨਾਹਰ ਸਿੰਘ ਅਤੇ ਉਸ ਤੋਂ ਬਾਦ ਰਣ ਸਿੰਘ ਸੰਨ 1768 ਈ. ਵਿਚ ਮਿਸਲਦਾਰ ਬਣਿਆ ਅਤੇ ਆਪਣੀ ਮਿਸਲ ਦਾ ਖ਼ੂਬ ਵਿਸਤਾਰ ਕੀਤਾ। ਉਸ ਨੇ ਬਹਿੜਵਾਲ ਨੂੰ ਆਪਣਾ ਸਦਰ ਮੁਕਾਮ ਬਣਾਈ ਰਖਿਆ।
ਸੰਨ 1781 ਈ. ਵਿਚ ਰਣ ਸਿੰਘ ਦੇ ਮਰਨ ਤੋਂ ਬਾਦ ਉਸ ਦਾ ਪੁੱਤਰ ਭਗਵਾਨ ਸਿੰਘ ਮਿਸਲਦਾਰ ਬਣਿਆ। ਭਗਵਾਨ ਸਿੰਘ ਦੀ ਭੈਣ ਦਾਤਾਰ ਕੌਰ (ਮੂਲ ਨਾਂ ਰਾਜ ਕੌਰ) ਦਾ ਵਿਆਹ ਸੰਨ 1798 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ, ਜਿਸ ਤੋਂ ਜਾਨਸ਼ੀਨ ਖੜਕ ਸਿੰਘ ਦਾ ਜਨਮ ਹੋਇਆ। ਭਗਵਾਨ ਸਿੰਘ ਤੋਂ ਬਾਦ ਗਿਆਨ ਸਿੰਘ ਅਤੇ ਗਿਆਨ ਸਿੰਘ ਤੋਂ ਬਾਦ ਉਸ ਦਾ ਲੜਕਾ ਕਾਹਨ ਸਿੰਘ ਸੰਨ 1807 ਈ. ਵਿਚ ਮਿਸਲ ਦਾ ਸਰਦਾਰ ਬਣਿਆ। ਮਹਾਰਾਜਾ ਨੇ ਉਸ ਨੂੰ 15 ਹਜ਼ਾਰ ਰੁਪਏ ਸਾਲਾਨਾ ਦੀ ਜਾਗੀਰ ਦੇ ਕੇ ਮਿਸਲ ਦੀ ਸਾਰੀ ਰਿਆਸਤ ਨੂੰ ਆਪਣੇ ਅਧੀਨ ਕਰ ਲਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First