ਨਕਲਾਂ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਕਲਾਂ: ਪੰਜਾਬ ਦੇ ਜਨ ਜੀਵਨ ਵਿੱਚ ਹੱਸਣਾ ਖੇਡਣਾ ਗਾਉਣਾ ਸ਼ਾਮਲ ਹਨ। ‘ਟਿੱਚਰ` ਪੰਜਾਬੀਆਂ ਦੇ ਸੁਭਾਅ ਦਾ ਖ਼ਾਸਾ ਹੈ। ਕਈ ਬੰਦਿਆਂ ਨੂੰ ‘ਟਿੱਚਰੀ` ਕਹਿ ਕੇ ਬੁਲਾਇਆ ਜਾਂਦਾ ਹੈ। ਇਸ ਦਾ ਕਾਰਨ ਪੰਜਾਬ ਦਾ ਖੁੱਲ੍ਹਾ-ਡੁੱਲ੍ਹਾ ਵਾਤਾਵਰਨ, ਸਾਫ਼-ਸੁਥਰਾ ਪੌਣ-ਪਾਣੀ ਅਤੇ ਦੂਜੇ ਸੂਬਿਆਂ ਦੇ ਮੁਕਾਬਲੇ ਖ਼ੁਸ਼ਹਾਲ ਹੋਣਾ ਹੀ ਹੈ। ਪੰਜਾਬ ਦੇ ਅਜਿਹੇ ਜਨ ਜੀਵਨ ਦੇ ਝਲਕਾਰੇ ਪੰਜਾਬ ਦੀ ਲੋਕਧਾਰਾ ਵਿੱਚ ਮਿਲਦੇ ਹਨ। ਲੋਕਧਾਰਾ ਦਾ ਇੱਕ ਅਹਿਮ ਅੰਗ ‘ਲੋਕ ਕਲਾ` ਹੈ ਜਿਸ ਵਿੱਚ ਕੁਝ ਲੋਕ ਕਲਾਵਾਂ ‘ਦਰਸ਼ਨੀ` ਹਨ ਜਿਵੇਂ ਚਿੱਤਰ ਤੇ ਕਢਾਈਆਂ ਆਦਿ। ਕੁਝ ਖੇਡ ਕਲਾਵਾਂ ਹਨ ਜਿਨ੍ਹਾਂ ਵਿੱਚ ਲੋਕ ਨਾਟ-ਰੂਪਾਂ ਦਾ ਵਿਸ਼ੇਸ਼ ਮਹੱਤਵ ਹੈ। ਜਲਸਾ, ਰਾਮ ਲੀਲਾ, ਪੁਤਲੀ ਤਮਾਸ਼ਾ, ਗਿੱਧਾ ਨਾਟਕ ਆਦਿ ਦੀ ਲੜੀ ਵਿੱਚ ‘ਨਕਲਾਂ` ਸਭ ਤੋਂ ਪ੍ਰਸਿੱਧ ਲੋਕ-ਨਾਟ ਰੂਪ ਹੈ। ਇਸ ਨੂੰ ਹੀ ‘ਭੰਡਾਂ ਦਾ ਤਮਾਸ਼ਾ` ਵੀ ਕਿਹਾ ਜਾਂਦਾ ਹੈ। ‘ਮਰਾਸੀ ਜਾਤ` ਵੱਲੋਂ ਇਸ ਕਲਾ ਨੂੰ ਪੇਸ਼ ਕਰਨ ਕਰ ਕੇ ਇਹਨਾਂ ਨੂੰ ‘ਮਰਾਸੀਪੁਣਾ` ਜਾਂ ‘ਮਰਾਸੀਆਂ ਦੀ ਕਲਾ` ਵੀ ਕਿਹਾ ਜਾਂਦਾ ਹੈ। ਹੁਣ ਵੀ ਜੇ ਕੋਈ ਮੁੰਡਾ ਨਾਟਕ ਖੇਡਣ ਵਾਲੇ ਪਾਸੇ ਪੈ ਜਾਵੇ ਤਾਂ ਘਰ ਦਿਆਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ‘ਸਾਡਾ ਮੁੰਡਾ ਤਾਂ ਮਰਾਸੀ ਬਣ ਗਿਐ` ਪਰ ‘ਨਕਲਾਂ` ਪੰਜਾਬ ਦੇ ਜੀਵਨ ਦੀ ਬੜੀ ਜਾਨਦਾਰ ਪੇਸ਼ਕਾਰੀ ਹਨ ਇਸ ਲਈ ਇਸ ਕਲਾ ਨੂੰ ਛੁਟਿਆਉਣਾ ਨਹੀਂ ਚਾਹੀਦਾ।
ਨਕਲ ਸ਼ਬਦ ਤੋਂ ਭਾਵ ਕਿਸੇ ਚੀਜ਼ ਦਾ ਹੂ-ਬਹੂ ਅਨੁਕਰਨ ਹੁੰਦਾ ਹੈ। ਸਮਾਜ ਵਿੱਚ ਵਾਪਰਦੀਆਂ ਬੁਰਾਈਆਂ ਜਾਂ ਖ਼ਾਸ ਵਰਗ ਦੇ ਖ਼ਾਸ ਚਰਿੱਤਰਾਂ ਨੂੰ ਸਮਾਜ ਦਾ ਜਿਹੜਾ ਇੱਕ ਵਿਸ਼ੇਸ਼ ਵਰਗ ਨਾਟਕੀ ਢੰਗ ਨਾਲ ਪ੍ਰਸਤੁਤ ਕਰਦਾ ਰਿਹਾ ਹੈ, ਉਸ ਵਰਗ ਨੂੰ ਭੰਡ/ਮਰਾਸੀ/ ਨਕਲੀਏ ਆਦਿ ਨਾਵਾਂ ਹੇਠ ਜਾਣਿਆ ਜਾਂਦਾ ਹੈ ਅਤੇ ਇਹਨਾਂ ਦੁਆਰਾ ਹਾਸ-ਵਿਅੰਗ ਆਧਾਰਿਤ ਕੀਤੀਆਂ ਨਾਟ-ਝਲਕੀਆਂ ਨੂੰ ‘ਨਕਲਾਂ` ਕਿਹਾ ਜਾਂਦਾ ਹੈ।
ਨਕਲਾਂ ਦੀਆਂ ਕੁਝ ਵਿਸ਼ੇਸ਼ਤਾਈਆਂ ਇਸ ਪ੍ਰਕਾਰ ਹਨ :
1. ਇਸ ਵਿੱਚ ਵਿਅੰਗ ਦਾ ਰੋਲ ਅਹਿਮ ਹੁੰਦਾ ਹੈ।
2. ਇਸ ਦਾ ਮੁੱਖ ਕੰਮ ਹਸਾਉਣਾ ਹੁੰਦਾ ਹੈ।
3. ਹਸਾਉਣ ਦੇ ਨਾਲ-ਨਾਲ ਇਸ ਵਿੱਚ ਗੁੱਝੀ ਟਕੋਰ ਹੁੰਦੀ ਹੈ ਜਿਹੜੀ ਚੇਤਨਾ ਪੈਦਾ ਕਰਨ ਦਾ ਕਾਰਜ ਵੀ ਕਰਦੀ ਹੈ।
4. ਇਸ ਵਿੱਚ ਸੀਮਿਤ ਪਾਤਰ (ਦੋ ਜਾਂ ਤਿੰਨ) ਹੁੰਦੇ ਹਨ।
5. ਇਸ ਵਿੱਚ ‘ਮੌਕੇ ਤੇ ਵਾਰਤਾਲਾਪ ਜੋੜਨ` ਦੀ ਕਲਾ ਸ਼ਾਮਲ ਹੁੰਦੀ ਹੈ।
6. ਇਸ ਦੇ ਵਾਰਤਾਲਾਪ ਨਿੱਕੇ ਪਰ ਚੁਸਤ ਹੁੰਦੇ ਹਨ।
7. ਵਾਕ ਦੇ ਅਖੀਰ ਤੇ ਤੋੜਾ ਜੁੜਦਾ ਹੈ ਤੇ ਸਧਾਰਨ ਅਰਥਾਂ ਵਿੱਚ ਅਸਧਾਰਨ ਅਰਥ ਹੁੰਦੇ ਹਨ।
8. ਭਾਸ਼ਾ ਦੇ ਪ੍ਰਯੋਗ ਹੁੰਦੇ ਹਨ। ਇੱਕ-ਇੱਕ ਸ਼ਬਦ ਦੇ ਕਈ-ਕਈ ਅਰਥ ਪੇਸ਼ ਕੀਤੇ ਜਾਂਦੇ ਹਨ ਜਿਹੜੇ ਹਾਸੇ ਦਾ ਕਾਰਨ ਬਣਦੇ ਹਨ।
ਉਪਰੋਕਤ ਗੱਲਾਂ ਦੇ ਨਾਲ-ਨਾਲ ਬਹੁਤੀ ਵਾਰ ਇਸ ਵਿੱਚ ਅਸ਼ਲੀਲਤਾ ਵੀ ਆ ਜਾਂਦੀ ਹੈ ਅਤੇ ਇੱਕ ਖ਼ਾਸ ਵਰਗ ਦਾ ਮਜ਼ਾਕ ਵੀ ਸ਼ਾਮਲ ਹੋ ਜਾਂਦਾ ਹੈ। ਇਸ ਵਿੱਚ ਕਲਾਕਾਰ ਤੇ ਦਰਸ਼ਕ ਦਾ ਫ਼ਾਸਲਾ ਘੱਟ ਤੋਂ ਘੱਟ ਹੁੰਦਾ ਹੈ ਤੇ ਦਰਸ਼ਕ ਖ਼ੁਦ ਨੂੰ ਨਾਟਕ ਵਿੱਚ ਸ਼ਾਮਲ ਹੋਇਆ ਹੀ ਸਮਝਦਾ ਹੈ। ਇਸ ਦਾ ਸਭ ਤੋਂ ਢੁੱਕਵਾਂ ਸਮਾਂ ‘ਬਰਾਤ` ਹੁੰਦਾ ਹੈ। ਉਂਞ ਕਿਸੇ ਵੀ ਖ਼ੁਸ਼ੀ ਦੇ ਸਮੇਂ ਤੇ ਨਕਲਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਦਾ ਸਮਾਂ 5-7 ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਤੇ ਕਈ ਵਾਰ ਲੰਮਾ ਸਮਾਂ ਵੀ ਹੋ ਸਕਦਾ ਹੈ। ਨਮੂਨੇ ਵਜੋਂ ਕੁਝ ਅੰਸ਼ ਪੇਸ਼ ਹਨ:
ਰੰਗਾ : ਜਾ ਉਏ ਨਾਈ ਨੂੰ ਬੁਲਾ ਕੇ ਲਿਆ।
ਬਿਗਲਾ : ਜੀ ਨਾਈ ਕੋ।
ਰੰਗਾ : ਹਾਂ, ਬੀਬੀ ਹੋ ਗਈ ਮੁਟਿਆਰ।
ਬਿਗਲਾ : ਜੀ, ਜੇ ਮੁਟਿਆਰ ਹੋ ਗਈ ਤਾਂ ਸ਼ਾਮਲਾਤ ਛੱਡ ਆਉ।
ਇਸ ਦੇ ਮੁੱਖ ਪਾਤਰ ਰੰਗਾ ਤੇ ਬਿਗਲਾ ਹੀ ਹੁੰਦੇ ਹਨ। ਜੋ ਵੱਖ-ਵੱਖ ਨਕਲਾਂ ਵਿੱਚ ਭਿੰਨ-ਭਿੰਨ ਪਾਤਰਾਂ ਦਾ ਭੇਸ ਧਾਰਦੇ ਹਨ।
ਨਕਲ ਦੇ ਦੋ ਰੂਪ ਹਨ-ਇੱਕ ‘ਟਿੱਚਰ` ਤੇ ਦੂਜਾ ‘ਪਟੜੀ`। ‘ਟਿੱਚਰ` ਦੀ ਸਮਾਂ-ਸੀਮਾਂ 5-7 ਮਿੰਟ ਹੀ ਹੁੰਦੀ ਹੈ ਪਰ ‘ਪਟੜੀ` ਲੰਮੀ ਹੁੰਦੀ ਹੈ। ਟਿੱਚਰ ਵਿੱਚ ਕਿਸੇ ਇੱਕ ਆਕਾਰੀ ‘ਘਟਨਾ` ਜਾਂ ‘ਵਿਸ਼ੇ` ਤੇ ਨਕਲ ਘੜੀ ਜਾਂਦੀ ਹੈ ਜਦ ਕਿ ‘ਪਟੜੀ` ਵਿੱਚ ਪੂਰੇ ਨਾਟਕ ਵਾਂਗ ਲੰਮੀ ਕਹਾਣੀ ਹੁੰਦੀ ਹੈ ਪਰ ਉਹ ਹਾਸ-ਰਸ ਨਾਲ ਭਰਪੂਰ ਹੁੰਦੀ ਹੈ। ‘ਟਿੱਚਰ` ਵਿੱਚ ਕੇਵਲ ‘ਰੰਗਾ ਤੇ ਬਿਗਲਾ` ਦੋ ਅਦਾਕਾਰ ਹੀ ਹੁੰਦੇ ਹਨ। ਇੱਕ ਦੇ ਹੱਥ ਵਿੱਚ ਚਮੜੇ ਦਾ ‘ਚਮੋਟਾ` ਹੁੰਦਾ ਹੈ ਜੋ ਹਰ ਵਾਕ ਦੇ ਅੰਤ ਤੇ ਦੂਜੇ ਦੇ ਮਾਰਦਾ ਹੈ ਜਦ ਕਿ ‘ਪਟੜੀ` ਵਿੱਚ ਬਹੁਤੇ ਕਲਾਕਾਰ ਹੁੰਦੇ ਹਨ ਤੇ ਨਾਲ ਦੀ ਨਾਲ ਗਾਇਕ ਮੰਡਲੀ ਵੀ ਆਪਣਾ ਰੋਲ ਨਿਭਾਉਂਦੀ ਹੈ।
ਹੁਣ ਪਰੰਪਰਿਕ ਨਕਲਾਂ ਦਿਨੋ-ਦਿਨ ਅਲੋਪ ਹੋ ਰਹੀਆਂ ਹਨ। ਦੇਸ਼ ਦੀ ਵੰਡ ਨਾਲ ਮੁਸਲਮਾਨ ਹੋਣ ਕਾਰਨ ਬਹੁਤੇ ਮਰਾਸੀ ਪਰਿਵਾਰ ਪਾਕਿਸਤਾਨ ਚਲੇ ਗਏ ਪਰੰਤੂ ਅਜੇ ਵੀ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ‘ਮਲੇਰਕੋਟਲੇ` ਦੇ ਆਲੇ- ਦੁਆਲੇ ਤੇ ‘ਦੁਆਬੇ` ਵਿੱਚ ਨਕਲੀਏ ਮੌਜੂਦ ਹਨ। ਲੇਕਿਨ ਨਕਲੀਏ ਭੁੱਖੇ ਮਰ ਰਹੇ ਹਨ। ਵਿਆਹ ਸ਼ਾਦੀਆਂ ਤੇ ਜਾ ਕੇ ‘ਨਕਲਾਂ` ਕਰ ਕੇ ਢਿੱਡ ਭਰਦੇ ਹਨ ਜਾਂ ਕਦੇ ਕਦਾਈਂ ‘ਲੋਕ ਕਲਾ ਮੇਲੇ` ਲਾਉਣ ਵਾਲੇ ਅਦਾਰੇ ਜਾਂ ਸੰਸਥਾਵਾਂ ਬੁਲਾ ਲੈਂਦੇ ਹਨ। ਦੂਜੇ ਪਾਸੇ ਇਹਨਾਂ ਦੀ ਕਲਾ ਨੂੰ ਅਪਣਾ ਕੇ ਪੜ੍ਹੇ ਲਿਖੇ ਸ਼ਹਿਰੀ ਕਲਾਕਾਰ ਮਸ਼ਹੂਰ ਕਲਾਕਾਰ ਬਣੇ ਹੋਏ ਹਨ। ਪੰਜਾਬ ਦੇ ਇਸ ਵੇਲੇ ਚਰਚਿਤ ਸਾਰੇ ‘ਕਾਮੇਡੀ ਆਰਟਿਸਟ` ਮੂਲ ਰੂਪ ਵਿੱਚ ‘ਨਕਲਾਂ` ਦੀ ਜੁਗਤ ਨੂੰ ਹੀ ਵਰਤਦੇ ਹਨ। ਬਹੁਤੇ ਨਕਲਾਂ ਵਿਚਲੇ ‘ਰੰਗਾ ਤੇ ਬਿਗਲਾ` ਵਾਂਗ ਜੋੜੀ ਬਣਾ ਕੇ ਹੀ ਕਲਾ ਪੇਸ਼ ਕਰਦੇ ਹਨ ਤੇ ਜੋੜੀ ਵਜੋਂ ਮਸ਼ਹੂਰ ਹਨ ਜਿਵੇਂ ਭਗਵੰਤ ਮਾਨ-ਰਾਣਾ ਰਣਬੀਰ, ਜੁਗਨੂੰ ਤੇ ਰਾਂਝਾ, ਭੱਲਾ-ਬਾਲਾ, ਭੋਟੂ ਸ਼ਾਹ-ਕਾਕੇ ਸ਼ਾਹ ਆਦਿ।
ਲੇਖਕ : ਸਤੀਸ਼ ਕੁਮਾਰ ਵਰਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਨਕਲਾਂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਕਲਾਂ (ਨਾਂ,ਇ) ਲੋਕ-ਮਨੋਰੰਜਨ ਲਈ ਸਵਾਂਗ, ਸੰਵਾਦ, ਨ੍ਰਿਤ ਅਤੇ ਸੰਕੇਤਾਂ ਨਾਲ ਰਚਾਇਆ ਜਾਣ ਵਾਲਾ ਇੱਕ ਲੋਕ-ਨਾਟ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First