ਧਰਮ-ਰਾਜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਰਮ-ਰਾਜ: ਧਰਮ ਅਨੁਸਾਰ ਨਿਆਂ ਕਰਨ ਵਾਲਾ ਇਕ ਮਿਥਕ ਰਾਜਾ , ਜੋ ਕਰਮਾਂ ਦੇ ਫਲ ਨੂੰ ਨਿਰਧਾਰਿਤ ਕਰਕੇ ਪ੍ਰਾਣੀਆਂ ਦੀ ਜੀਵਨ-ਗਤਿ ਨਿਸਚਿਤ ਕਰਦਾ ਹੈ। ‘ਆਸਾ ਕੀ ਵਾਰ ’ ਵਿਚ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ— ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ (ਗੁ.ਗ੍ਰੰ.463)। ਗੁਰੂ ਅਮਰਦਾਸ ਜੀ ਨੇ ਵੀ ਲਿਖਿਆ ਹੈ—ਧਰਮ ਰਾਇ ਨੋ ਹੁਕਮ ਹੈ ਬਹਿ ਸਚਾ ਧਰਮੁ ਬੀਚਾਰਿ (ਗੁ. ਗ੍ਰੰ.38)। ਜਦ ਤਕ ਕਰਮਾਂ ਦਾ ਪ੍ਰਭਾਵ ਕਾਇਮ ਹੈ ਉਦੋਂ ਤਕ ਪ੍ਰਾਣੀ ਇਸ ਦੇ ਨਿਰਣੇ ਦੇ ਅਧੀਨ ਹਨ। ਪਰ ਕਰਮ- ਗਤਿ ਦੇ ਖ਼ਤਮ ਹੋਣ ਨਾਲ ਇਸ ਦੀ ਸ਼ਕਤੀ ਪ੍ਰਭਾਵਹੀਨ ਹੋ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਹਰਿ -ਭਗਤੀ ਦੁਆਰਾ ਜਦ ਸਾਰੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ ਤਾਂ ਭਲਾ ਉਸ ਸਾਧਕ ਦਾ ਧਰਮ-ਰਾਜ ਕੀ ਵਿਗਾੜ ਸਕਦਾ ਹੈ—ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ (ਗੁ.ਗ੍ਰੰ.614)। ਗੁਰੂ ਅਮਰਦਾਸ ਜੀ ਦੀ ਸਥਾਪਨਾ ਹੈ—ਅਧਿਆਤਮੀ ਹਰਿਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨ ਸਵਾਰਣਹਾਰੁ (ਗੁ. ਗ੍ਰੰ.38-39)। ਭਾਰਤੀ ਧਰਮ ਗ੍ਰੰਥਾਂ ਅਤੇ ਪੁਰਾਣ ਸਾਹਿਤ ਵਿਚ ਧਰਮ-ਰਾਜ ਅਤੇ ਯਮ-ਰਾਜ ਨੂੰ ਇਕੋ ਸਮਝਿਆ ਜਾਂਦਾ ਹੈ। ਵੇਖੋ ‘ਯਮਰਾਜ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.