ਦੋਹਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੋਹਰਾ [ਵਿਸ਼ੇ] ਦੋ ਤਹਿਆਂ ਵਾਲ਼ਾ; ਦੋ ਵਾਰੀ ਦਾ; ਦੋ ਸਤਰਾਂ (ਚਰਨਾਂ) ਦਾ ਛੰਦ (ਜਿਸ ਦੀ ਪਹਿਲੀ ਸਤਰ ਵਿੱਚ 13 ਅਤੇ ਦੂਜੀ ਵਿੱਚ 11 ਮਾਤਰਾਂ ਹੁੰਦੀਆਂ ਹਨ), ਦੋਹੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੋਹਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੋਹਰਾ. ਵਿ—ਦੁਹਰਾ. “ਘੁਰੇ ਨਗਾਰੇ ਦੋਹਰੇ.” (ਚੰਡੀ ੩) ੨ ਸੰਗ੍ਯਾ—ਇੱਕ ਮਾਤ੍ਰਿਕਛੰਦ, ਦੋਹਾ. ਲੱਛਣ—ਦੋ ਚਰਣ (ਤੁਕਾਂ) ਪ੍ਰਤਿਚਰਣ ੨੪ ਮਾਤ੍ਰਾ.1 ਪਹਿਲਾ ਵਿਸ਼੍ਰਾਮ ੧੩ ਪੁਰ, ਦੂਜਾ ੧੧ ਪੁਰ ਅੰਤ ਗੁਰੁ ਲਘੁ। ਇਸ ਲਛਣ ਤੋਂ ਛੁੱਟ ਵਿਦ੍ਵਾਨਾਂ ਨੇ ਇਹ ਭੀ ਨਿਯਮ ਥਾਪਿਆ ਹੈ ਕਿ ਦੋਹੇ ਦੇ ਆਦਿ ਜਗਣਰੂਪ ਇੱਕ ਪਦ ਨਾ ਆਵੇ. ਦੋਹੇ ਦੀ ਚਾਲ ਤਦ ਸੁੰਦਰ ਰਹਿਂਦੀ ਹੈ ਜੇ ਆਦਿ ਦੋ ਡਗਣ ਅਥਵਾ ਢਗਣ ਰੱਖੀਏ, ਅਰਥਾਤ ਚੌਕਲ ਨਾਲ ਚੌਕਲ ਦਾ ਅਤੇ ਤ੍ਰਿੱਕਲ ਨਾਲ ਤ੍ਰਿੱਕਲ ਦਾ ਸੰਯੋਗ ਕਰੀਏ. ਦੋ ਮਾਤ੍ਰਿਕ ਗਣਾਂ ਦੇ ਸੰਯੋਗ ਕਰਕੇ ਹੀ “ਦੋਹਾ” ਨਾਮ ਹੈ।

     ਮਾਤ੍ਰਿਕਗਣਾਂ ਦੇ ਏਰ ਫੇਰ ਕਰਕੇ ਦੋਹੇ ਦੇ ਅਨੰਤ ਭੇਦ ਕਵੀਆਂ ਨੇ ਕਲਪੇ ਹਨ, ਪਰ ਅਸੀਂ ਇੱਥੇ ਉਹ ਰੂਪ ਦਿਖਾਉਨੇ ਹਾਂ, ਜੋ ਸਿੱਖਕਾਵ੍ਯ ਵਿੱਚ ਆਏ ਹਨ.

     (੧)          ਜਿਸ ਦੋਹਰੇ ਵਿੱਚ ਚਾਰ ਗੁਰੁ ਅਤੇ ੪੦ ਲਘੁ ਹੋਣ, ਉਸ ਦੀ “ਵ੍ਯਾਲ” ਸੰਗ੍ਯਾ ਹੈ.

ਉਦਾਹਰਣ—

ਤਿਹ ਪਰ ਭੂਖਨ ਸ਼ਸੑਤ੍ਰ ਲਘੁ, ਰਤਨ ਪੁਰਟਮਯ ਸਾਜ,

ਚਮਕਤ ਦਮਕਤ ਨਵਲ ਛਬਿ, ਝਕਤ ਥਕਤ ਕਵਿਰਾਜ.

(ਸਿੱਖੀਪ੍ਰਭਾਕਰ)

     (੨)          ਜਿਸ ਦੋਹਰੇ ਵਿੱਚ ੫ ਗੁਰੁ ਅਤੇ ੩੮ ਲਘੁ ਹੋਣ, ਉਸ ਦੀ “ਅਹਿਵਰ” ਸੰਗ੍ਯਾ ਹੈ.

ਉਦਾਹਰਣ—

ਸ਼੍ਰੀ ਸਤਿਗੁਰੁ ਬਰ ਅਮਰਜੀ, ਸਰਨ ਨਰਨ ਦੁਖ ਹਰਨ,

ਕਾਰਨ ਕਰਨ ਸੁ ਜਾਨ ਮਨ , ਨਮਸਕਾਰ ਤਿਨ ਚਰਨ.

(ਨਾਪ੍ਰ)

     (੩)          ਜਿਸ ਵਿੱਚ ਛੀ ਗੁਰੁ ਅਤੇ ੩੬ ਲਘੁ ਹੋਣ, ਉਸ ਦਾ ਨਾਮ “ਸਾਰਦੂਲ” ਹੈ.

ਉਦਾਹਰਣ—

ਯਦਿ ਪ੍ਰਤਿਬੰਧਕ ਸਘਨ ਘਨ, ਅਨਗਨ ਭੇ ਮਗ ਬੀਚ,

ਪ੍ਰਲਯ ਪ੍ਰਭੰਜਨਿ ਪ੍ਰਬਲ ਵਤ, ਦਿਯ ਉਡਾਯ ਹਨ ਨੀਚ.

(ਸਿੱਖੀਪ੍ਰਭਾਕਰ)

     (੪)          ਜਿਸ ਦੇ ਸੱਤ ਗੁਰੁ ਅਤੇ ੩੪ ਲਘੁ ਹੋਣ, ਓਹ “ਮੱਛ” ਦੋਹਾ ਹੈ.

ਉਦਾਹਰਣ—

ਤਪ ਕਿਯ ਜਿਨਹਿ ਸਬਾਸਨਾ, ਜਨਮ ਅਨਤ ਧਰ ਸੋਇ,

ਪਾਇ ਰਾਜ ਜਗ ਬਿਖੈ ਫਸ, ਨਰਕ ਗਮਨ ਪੁਨ ਹੋਇ.

(ਨਾਪ੍ਰ)

     (੫)          ਜਿਸ ਵਿੱਚ ੮ ਗੁਰੁ ਅਤੇ ੩੨ ਲਘੁ ਹੋਣ, ਉਸ ਦੀ “ਕੱਛਪ” ਸੰਗ੍ਯਾ ਹੈ.

ਉਦਾਹਰਣ—

ਸ਼੍ਰੀ ਅੰਗਦ ਕੰਦਨ ਵਿਘਨ, ਬਦਨ ਸੁ ਮੰਗਲ ਸਾਲ,

ਪਰਨ ਸਰਨ ਕਰ ਚਰਨ ਕੋ, ਨਮਸਕਾਰ ਧਰ ਭਾਲ.

(ਨਾਪ੍ਰ)

     (੬)          ਜਿਸ ਵਿੱਚ ੯ ਗੁਰੁ ਅਤੇ ੩੦ ਲਘੁ ਹੋਣ, ਓਹ “ਤ੍ਰਿੱਕਲ”   ਦੋਹਾ ਹੈ.

ਉਦਾਹਰਣ—

ਦਰਸ਼ਨ ਸ਼੍ਰੀ ਹਰਿਕ੍ਰਿ੄਩ ਕੋ, ਨਿਪੁਨ ਹਰਨ ਜੁਰ ਤੀਨ,

ਚਰਨ ਮਨੋਹਰ ਬੰਦਨਾ, ਜਿਨ ਸਿੱਖਨ ਸੁਖ ਦੀਨ.

(ਨਾਪ੍ਰ)

     (੭)          ਜਿਸ ਦੋਹਰੇ ਵਿਚ ੧੦ ਗੁਰੁ ਅਤੇ ੨੮ ਲਘੁ ਹੋਣ, ਓਹ “ਵਾਨਰ” ਹੈ.

ਉਦਾਹਰਣ—

ਆਏ ਪ੍ਰਭ ਸਰਨਾਗਤੀ, ਕਿਰਪਾਨਿਧਿ ਦਇਆਲ,

ਏਕ ਅਖਰ ਹਰਿ ਮਨਿ ਬਸਤ, ਨਾਨਕ ਹੋਤ ਨਿਹਾਲ.

(ਬਾਵਨ)

     (੮)          ਜਿਸ ਵਿੱਚ ੧੧ ਗੁਰੁ ਅਤੇ ੨੬ ਲਘੁ ਹੋਣ, ਓਹ “ਚਲ” ਅਥਵਾ “ਬਲ” ਸੰਗ੍ਯਾ ਦਾ ਦੋਹਰਾ ਹੈ.

ਉਦਾਹਰਣ—

ਸਾਥਿ ਨ ਚਾਲੈ ਬਿਨ ਭਜਨ , ਬਿਖਿਆ ਸਗਲੀ ਛਾਰ,

ਹਰਿ ਹਰਿ ਨਾਮ ਕਮਾਵਣਾ, ਨਾਨਕ ਇਹੁ ਧਨ ਸਾਰ.

(ਸੁਖਮਨੀ)

     (੯)          ਜਿਸ ਦੋਹਰੇ ਵਿੱਚ ੧੨ ਲਘੁ ਅਤੇ ੨੪ ਗੁਰੁ ਹੋਣ, ਉਸ ਦੀ “ਚਾਰਣੀ” ਅਥਵਾ “ਪਯੋਧਰ” ਸੰਗ੍ਯਾ ਹੈ.

ਉਦਾਹਰਣ—

ਦੀਨ ਦਰਦ ਦੁਖ ਭੰਜਨਾ, ਘਟਿ ਘਟਿ ਨਾਥ ਅਨਾਥ ,

ਸਰਣਿ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ.

(ਸੁਖਮਨੀ)

ਜਿਸ ਨੋ ਸਾਜਨ ਰਾਖਸੀ, ਦੁਸਮਨ ਕੌਨ ਵਿਚਾਰ?

ਛ੍ਵੈ ਨ ਸਕੈ ਤਿਹ ਛਾਂਹ ਕੋ, ਨਿਹਫਲ ਜਾਤ ਗਵਾਰ.

(ਵਿਚਿਤ੍ਰ)

     (੧੦) ਜਿਸ ਵਿੱਚ ੧੩ ਗੁਰੁ ਅਤੇ ੨੨ ਲਘੁ ਹੋਣ, ਉਸ ਦਾ ਨਾਉਂ “ਗਯੰਦ” ਅਤੇ ਮਦਕਲ ਹੈ.

ਉਦਾਹਰਣ—    

ਏਕ ਸਮੇਂ ਸ੍ਰੀ ਆਤਮਾ , ਉਚਰਯੋ ਮਤਿ ਸੋ ਬੈਨ,

ਸਬ ਪ੍ਰਤਾਪ ਜਗਦੀਸ ਕੋ, ਕਹੋ ਸਕਲ ਬਿਧਿ ਤੈਨ.

(ਅਕਾਲ)

     (੧੧) ਚੌਦਾਂ ਗੁਰੁ ਅਤੇ ਵੀਹ ਲਘੁ ਵਾਲਾ ਦੋਹਾ “ਹੰਸ” ਹੈ.

ਉਦਾਹਰਣ—

ਏਕੰਕਾਰਾ ਸਤਿਗੁਰੂ, ਜਿਹ ਪ੍ਰਸਾਦਿ ਸਚੁ ਹੋਇ,

ਵਾਹਗੁਰੂ ਜੀ ਕੀ ਫਤੇ, ਵਿਘਨਵਿਨਾਸਨ ਸੋਇ.

(ਨਾਪ੍ਰ)

     (੧੨ ਪੰਦਰਾਂ ਗੁਰੁ ਅਤੇ ਅਠਾਰਾਂ ਲਘੁ ਜਿਸ ਵਿੱਚ ਹੋਣ, ਓਹ “ਨਰ” ਦੋਹਾ ਹੈ.

ਉਦਾਹਰਣ—

ਹਉਮੈ ਏਹਾ ਜਾਤਿ ਹੈ, ਹਉਮੈ ਕਰਮ ਕਮਾਹਿ,

ਹਉਮੈ ਏਈ ਬੰਧਨਾ, ਫਿਰਿ ਫਿਰਿ ਜੋਨੀ ਪਾਹਿ.

(ਵਾਰ ਆਸਾ)

     (੧੩) ਜਿਸ ਵਿੱਚ ੧੬ ਗੁਰੁ ਅਤੇ ੧੬ ਲਘੁ ਹੋਣ, ਓਹ “ਕਰਭ” ਦੋਹਰਾ ਹੈ.

ਉਦਾਹਰਣ—

ਕਹੋ ਸੁ ਸਮ ਕਾਸੋਂ ਕਹੈਂ, ਦਮ ਕੋ ਕਹਾਂ ਕਹੰਤ?

ਕੋ ਸੂਰਾ ਦਾਤਾ ਕਵਨ, ਕਹੋ ਤੰਤ ਕੋ ਮੰਤ?

(ਅਕਾਲ)

     (੧੪) ਜਿਸ ਵਿੱਚ ੧੭ ਗੁਰੁ ਅਤੇ ੧੪ ਲਘੁ ਹੋਣ, ਉਸ ਦੀ “ਮਰਕਟ” ਸੰਗ੍ਯਾ ਹੈ.

ਉਦਾਹਰਣ—

ਕਹਾਂ ਨੇਮ ਸੰਜਮ ਕਹਾਂ, ਕਹਾਂ ਗ੍ਯਾਨ ਅਗ੍ਯਾਨ?

ਕੋ ਰੋਗੀ ਸੋਗੀ ਕਵਨ, ਕਹਾਂ ਭਮ੗ ਕੀ ਹਾਨ?

(ਅਕਾਲ)

     (੧੫) ਜਿਸ ਦੋਹਰੇ ਵਿੱਚ ੧੮ ਗੁਰੁ ਅਤੇ ੧੨ ਲਘੁ ਹੋਣ, ਉਸ ਦੀ “ਮੰਡੂਕ” ਸੰਗ੍ਯਾ ਹੈ.

ਉਦਾਹਰਣ—

ਮੈ ਭੋਲਾਵਾ ਪੱਗ ਦਾ ਮਤ ਮੈਲੀ ਹੋ ਜਾਇ,

ਗਹਿਲਾ ਰੂਹ ਨ ਜਾਣਈ ਸਿਰ ਭੀ ਮਿੱਟੀ ਖਾਇ.

(ਸ. ਫਰੀਦ)

     (੧੬) ਜਿਸ ਵਿੱਚ ੧੯ ਗੁਰੁ ਅਤੇ ੧੦ ਲਘੁ ਹੋਣ, ਉਸ ਦੋਹੇ ਦੀ ਸੰਗ੍ਯਾ “ਸ਼੍ਯੇਨ” ਹੈ.

ਉਦਾਹਰਣ—

ਪੂਰਾ ਪ੍ਰਭੁ ਆਰਾਧਿਆ, ਪੂਰਾ ਜਾਕਾ ਨਾਉ,

ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ.

(ਸੁਖਮਨੀ)

     (੧੭) ਜਿਸ ਵਿੱਚ ੨੧ ਗੁਰੁ ਅਤੇ ੬ ਲਘੁ ਹੋਣ, ਉਸ ਦੋਹੇ ਦੀ “ਭ੍ਰਾਮਰ” ਸੰਗ੍ਯਾ ਹੈ.

ਉਦਾਹਰਣ—

ਸ਼੍ਰੀ ਗੁਰੁ ਪ੍ਯਾਰੇ ਖਾਲਸੇ, ਬਾਂਕੇ ਭਾਰੀ ਬੀਰ,

ਵੈਰਾਗੀ ਤ੍ਯਾਗੀ ਤਪੀ, ਗ੍ਯਾਨੀ ਧ੍ਯਾਨੀ ਧੀਰ.

(ਸਿੱਖੀਪ੍ਰਭਾਕਰ)

     (੧੮) ਸਰਬਲੋਹ ਵਿੱਚ “ਦੋਹਰਾ ਵਡਾ” ਸਿਰਲੇਖ ਹੇਠ ੨੮ ਮਾਤ੍ਰਾ ਦਾ ਦੋਹਾ ਛੰਦ ਹੈ. ਪਹਿਲਾ ਵਿਸ਼੍ਰਾਮ ੧੫ ਪੁਰ, ਦੂਜਾ ੧੩ ਮਾਤ੍ਰਾ ਪੁਰ, ਅੰਤ ਗੁਰੁ ਲਘੁ.

ਉਦਾਹਰਣ—

ਹੈ ਚੁਤਰ ਬਹੁਤ ਅ੄਍੠ਕਰੀ, ਨਰਸਿੰਘੀ ਜਿਹ ਕੋ ਭੇਸ ,

ਪ੍ਰਹਲਾਦ ਉਬਾਰ੍ਯੋ ਦੁਖ ਹਰ੍ਯੋ, ਹਰਨਾਖਸ ਹਰ੍ਯੋਨਰੇਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੋਹਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦੋਹਰਾ (ਸੰ.। ਹਿੰਦੀ ਦੋਹਾ। ਪੰਜਾਬੀ ਦੋਹਰਾ, ਦੋਹੜਾ) ਇਕ ਛੰਦ ਹੈ, ਜਿਸ ਦੇ ਪਹਿਲੇ ਤੇ ਤੀਸਰੇ ਚਰਨ ਵਿਚ ਤੇਰਾਂ ਤੇਰਾਂ ਮਾਤ੍ਰਾਂ ਤੇ ਦੂਸਰੇ ਤੇ ਚੌਥੇ ਚਰਨ ਵਿਚ ਯਾਰਾਂ ਯਾਰਾਂ ਮਾਤ੍ਰਾਂ ਚਾਹੀਏ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਦੋਹਰਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦੋਹਾ/ਦੋਹਿਰਾ/ਦੋਹਰਾ : ‘ਦੋਹਾ’ ਭਾਰਤ ਦਾ ਹਰਮਨ ਪਿਆਰਾ ਛੰਦ ਹੈ। ਇਸ ਨੂੰ ਹੀ ਪੰਜਾਬੀ ਵਿਚ ਦੋਹਿਰਾ/ਦੋਹਿਰਾ/ਦੋਹਰਾ ਕਹਿੰਦੇ ਹਨ। ਗੁਜਰਾਤੀ ਵਿਚ ਵੀ ਇਸ ਦਾ ਨਾਂ ਦੋਹਿਰਾ ਹੀ ਚਲਦਾ ਹੈ। ਇਸ ਵਿਚ ਦੋ ਤੁਕਾਂ ਹੁੰਦੀਆਂ ਹਨ। ਇਸ ਦਾ ਸਫ਼ਲਤਾ–ਪੂਰਵਕ ਪ੍ਰਯੋਗ ਕਾਲੀਦਾਸ ਨੇ ਆਪਣੀ ਰਚਨਾ ਵਿਕ੍ਰਮੋਰਵਸ਼ੀ ਵਿਚ ਕੀਤਾ ਹੈ। ਇੱਥੇ ਇਸ ਦੀਆਂ ਮਾਤ੍ਰਾਂ ਪ੍ਰਤਿ ਚਰਣ 23 ਆਈਆਂ ਹਨ ਅਤੇ ਵਿਰਾਮ 12, 11 ਪੁਰ ਹੈ। ਇਸ ਤੋਂ ਬਾਅਦ ਅਪਭ੍ਰੰਸ਼ ਕਾਵਿ ਵਿਚ ਜੋ ਦੋਹੇ ਮਿਲਦੇ ਹਨ, ਉਨ੍ਹਾਂ ਵਿਚ ਅਧਿਕ ਰੂਪ ਵਿਚ ਮਾਤ੍ਰਾਂ ਦੀ ਗਿਣਤੀ 13, 11 ਹੋ ਗਈ ਹੈ। ਅੱਜ ਇਹ ਗਿਣਤੀ 13, 11 ਹੀ ਪ੍ਰਵਾਨਿਤ ਹੈ। ਉਦਾਹਰਣਾਂ ਇਸ ਤਰ੍ਹਾਂ ਹਨ :

          (i)      ਗੁਣ ਗਹੀਰ ਉਹ ਆਪ ਹੈ, ਆਪ ਰਿਹਾ ਸਮਰੱਥ।

                   ਗੁਣ ਗਾਹਕ ਪੈਦਾ ਕਰੇ, ਕੇਤੇ ਕਥਾ ਅਕੱਬ।

          (ii)      ਚੰਡਿ ਕਾਲਿਕਾ ਸ੍ਰਵਣ ਮੇਂ, ਤਨਕ ਭਨਕ ਸੁਨਿ ਲੀਨ।

                   ਉਤਰਿ ਸੰਗ ਗਿਰਿਰਾਜ ਤੇ, ਮਗਾ ਕੁਲਾਹਨ ਕੀਨ।                             ––(‘ਦਸਮ ਗ੍ਰੰਥ’)

      ਦੋਹਿਰਾ ਉਲਟਾ ਦਿੱਤਾ ਜਾਏ ਤਾਂ ਸੋਰਠਾ ਬਣ ਜਾਂਦਾ ਹੈ ਅਤੇ ਮਾਤ੍ਰਾਂ 11, 13 ਹੋ ਜਾਣਗੀਆਂ, ਦੋਹਿਰੇ ਦੇ ਹੋਰ ਵੀ ਕਈ ਭੇਦ ਹਨ ਜੋ ਲਘੂ, ਗੁਰੂ ਦੀ ਸੰਖਿਆ ’ਤੇ ਆਧਾਰਿਤ ਹਨ, ਜਿਵੇਂ ਅਜਿਹਾ ਦੋਹਿਰਾ ਜਿਸ ਵਿਚ ਚਾਰ ਗੁਰੂ ਤੇ ਚਾਲੀ ਲਘੂ ਹੋਣ ਤਾਂ ‘ਵਿਯਾਲ’ ਬਣੇਗਾ; ਪੰਜ ਗੁਰੂ ਤੇ ਅਠੱਤੀ ਲਘੂ ਹੋਣ ਤਾਂ ਅਹਿਵਰ; ਛੇ ਗੁਰੂ ਤੇ ਛੱਤੀ ਲਘੂ ਹੋਣ ਤਾਂ ਸਾਰਦੂਲ; ਸੱਤ ਗੁਰੂ ਤੇ ਚੌਂਤੀ ਲਘੂ ਹੋਣ ਤਾਂ ਮੰਛ, ਇਤਿਆਦਿ।

          ਉਪਰ ਪਹਿਲੇ ਦੋਹਿਰੇ ਵਿਚ 14 ਗੁਰੂ ਤੇ 20 ਲਘੂ ਹਨ ਇਸ ਨੂੰ ‘ਹੰਸ’ ਕਹਿੰਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਕਈ ਸਲੋਕ ਦਰਜ ਹਨ ਜੋ ਦੋਹਿਰਾ ਛੰਦ ਵਿਚ ਰਚੇ ਗਏ ਹਨ, ਜਿਵੇਂ :

                   ਸਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁਧੁ।

                   ਸਭੇ ਵਸਤੂ ਮਿਠੀਆਂ ਰਬ ਨਾ ਪੁਜਨ ਤੁਧ।

          ਹਿੰਦੀ ਵਿਚ ਰਹੀਮ, ਬਿਹਾਰੀ ਆਦਿ ਦੇ ਦੋਹਰੇ ਬਹੁਤ ਪ੍ਰਸਿੱਧ ਹਨ। ਪੰਜਾਬੀ ਵਿਚ ਲਾਲਾ ਕਿਰਪਾ ਸਾਗਰ ਨੇ ਆਪਣੇ ਮਹਾ–ਕਾਵਿ ‘ਲਕਸ਼ਮੀ ਦੇਵੀ’ ਵਿਚ ਵਧੇਰੇ ਤੌਰ ਤੇ ਦੋਹੇ ਦੀ ਵਰਤੋਂ ਹੀ ਕੀਤੀ ਹੈ।

          [ਸਹਾ. ਗ੍ਰੰਥ––ਗੁ. ਛੰ. ਦਿ.; ਰਘੁਨੰਦਨ ਸ਼ਾਸਤ੍ਰੀ : ‘ਹਿੰਦੀ ਛੰਦ ਪ੍ਰਕਾਸ਼’; ‘ਮਾਤ੍ਰਿਕ ਛੰਦ ਦਾ ਵਿਕਾਸ’       (ਹਿੰਦੀ); ਪ੍ਰਿੰ. ਤੇਜਾ ਸਿੰਘ, ਕਰਮ ਸਿੰਘ : ‘ਪੰਜਾਬੀ ਪਿੰਗਲ’]                                


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.