ਦੁਜੈਲੀ ਸ਼ਹਾਦਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Secondary Evidence_ਦੁਜੈਲੀ ਸ਼ਹਾਦਤ: ਦੁਜੈਲੀ ਸ਼ਹਾਦਤ ਤੋਂ ਮਤਲਬ ਹੈ ਉਹ ਸ਼ਹਾਦਤ ਜੋ ਮੂਲ ਅਥਵਾ ਪ੍ਰਾਇਮਰੀ ਸ਼ਹਾਦਤ, ਜਿਸ ਨੂੰ ਸਰਬੋਤਮ ਸ਼ਹਾਦਤ ਮੰਨਿਆਂ ਜਾਂਦਾ ਹੈ, ਤੋਂ ਅਦਨਾ ਸ਼ਹਾਦਤ। ਇਹ ਸ਼ਹਾਦਤ ਦੀ ਉਹ ਕਿਸਮ ਹੈ ਜੋ ਤਦ ਗ੍ਰਹਿਣ ਕੀਤੀ ਜਾ ਸਕਦੀ ਹੈ ਜੇ ਪ੍ਰਾਇਮਰੀ ਜਾਂ ਮੂਲ ਸ਼ਹਾਦਤ ਜਾਂ ਤੱਥ ਅਧੀਨ ਸਵਾਲ ਦੀ ਸਰਬੋਤਮ ਸ਼ਹਾਦਤ ਗੁਆਚ ਗਈ ਹੋਵੇ ਜਾਂ ਪਹੁੰਚ ਤੋਂ ਬਾਹਰ ਹੋ ਗਈ ਹੋਵੇ। ਭਾਰਤੀ ਸ਼ਹਾਦਤ ਐਕਟ 1872 ਦੀ ਧਾਰਾ 63 ਅਨੁਸਾਰ ਦਸਤਾਵੇਜ਼ ਦੀ ਦੁਜੈਲੀ ਸ਼ਹਾਦਤ ਦਾ ਮਤਲਬ ਹੈ ਅਤੇ ਇਸ ਵਿਚ ਸ਼ਾਮਲ ਹਨ- (1) ਸ਼ਹਾਦਤ ਐਕਟ ਦੇ ਉਪਬੰਧਾਂ ਅਧੀਨ ਦਿੱਤੀਆਂ ਗਈਆਂ ਤਸਦੀਕੀਆਂ ਨਕਲਾਂ , (2) ਅਸਲ ਤੋਂ ਅਜਿਹੇ ਮਸ਼ੀਨੀ ਅਮਲਾਂ ਦੁਆਰਾ ਬਣਾਈਆਂ ਗਈ ਨਕਲਾਂ ਜੋ ਆਪਣੇ ਆਪ ਹੀ ਨਕਲ ਦਾ ਸਹੀ ਹੋਣਾ ਸੁਨਿਸਚਿਤ ਕਰਦੇ ਹਨ; (3) ਅਸਲ ਤੋਂ ਬਣਾਈਆਂ ਜਾਂ ਅਸਲ ਨਾਲ ਮੇਲਾਨ ਕੀਤੀਆਂ ਨਕਲਾਂ; (4) ਉਨ੍ਹਾਂ ਧਿਰਾਂ ਦੇ ਖ਼ਿਲਾਫ਼, ਜਿਨ੍ਹਾਂ ਨੇ ਉਨ੍ਹਾਂ ਦੀ ਤਕਮੀਲ ਨਹੀਂ ਕੀਤੀ ਸੀ , ਦਸਤਾਵੇਜ਼ ਦਾ ਪ੍ਰਤਿਲੇਖ, (5) ਕਿਸੇ ਦਸਤਾਵੇਜ਼ ਦਾ ਉਸ ਵਿਅਕਤੀ ਦੁਆਰਾ ਕੀਤਾ ਬਿਰਤਾਂਤ ਜਿਸ ਨੇ ਉਹ ਦਸਤਾਵੇਜ਼ ਖ਼ੁਦ ਵੇਖਿਆ ਹੈ।
ਜਿਨ੍ਹਾਂ ਸੂਰਤਾਂ ਵਿਚ ਦਸਤਾਵੇਜ਼ਾਂ ਸਬੰਧੀ ਦੁਜੈਲੀ ਸ਼ਹਾਦਤ ਦਿੱਤੀ ਜਾ ਸਕਦੀ ਹੈ ਉਨ੍ਹਾਂ ਦਾ ਵੇਰਵਾ ਸ਼ਹਾਦਤ ਐਕਟ ਦੀ ਧਾਰਾ 65 ਵਿਚ ਦਿੱਤਾ ਗਿਆ ਹੈ।
ਫ਼ਿਪਸਨ ਆਨ ਲਾ ਆਫ਼ ਐਵੀਡੈਂਸ (13ਵਾਂ ਐਡੀਸ਼ਨ) ਅਨੁਸਾਰ ‘ਦੁਜੈਲੀ ਸ਼ਹਾਦਤ ਉਹ ਸ਼ਹਾਦਤ ਹੈ ਜੋ ਮੂਲ ਸ਼ਹਾਦਤ ਦੀ ਗ਼ੈਰ-ਮੌਜੂਦਗੀ ਵਿਚ ਪੇਸ਼ ਕੀਤੀ ਜਾ ਸਕਦੀ ਹੈ, ਜਦੋਂ ਕਿ ਮੂਲ ਸ਼ਹਾਦਤ ਦੀ ਗ਼ੈਰ-ਮੌਜੂਦਗੀ ਦਾ ਉਚਿਤ ਸਪਸ਼ਟੀਕਰਣ ਦਿੱਤਾ ਜਾ ਚੁੱਕਾ ਹੋਵੇ। ਐਪਰ, ਇਹ ਗੱਲ ਅੰਸ਼ਕ ਰੂਪ ਵਿਚ ਸੱਚ ਹੈ, ਕਿਉਂਕਿ ਕੁਝ ਸੂਰਤਾਂ ਵਿਚ ਕਾਨੂੰਨ ਇਹ ਲੋੜਦਾ ਹੈ ਕਿ ਦੁਜੈਲੀ ਸ਼ਹਾਦਤ ਪਹਿਲਾਂ ਦਿੱਤੀ ਜਾਵੇ, ਅਤੇ ਕੁਝ ਹੋਰ ਸੂਰਤਾਂ ਵਿਚ ਮੂਲ ਸ਼ਹਾਦਤ ਦਾ ਪੇਸ਼ ਕੀਤਾ ਜਾਣਾ ਵਿਅਕਤੀ ਦੀ ਮਰਜ਼ੀ ਤੇ ਛਡਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First