ਦਾਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਾਜ (ਨਾਂ,ਪੁ) ਵਿਆਹ ਸਮੇਂ ਮਾਪਿਆਂ ਵੱਲੋਂ ਧੀ ਨੂੰ ਦਿੱਤਾ ਜਾਣ ਵਾਲਾ ਧਨ, ਦੌਲਤ, ਅਤੇ ਵਸਤਾਂ ਆਦਿ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਦਾਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਾਜ [ਨਾਂਪੁ] ਵਿਆਹ ਵੇਲ਼ੇ ਕੁੜੀ ਦੇ ਮਾਂ-ਬਾਪ ਵੱਲੋਂ ਕੁੜੀ ਅਤੇ ਕੁੜੀ ਦੇ ਸਹੁਰਿਆਂ ਨੂੰ ਦਿੱਤੇ ਜਾਣ ਵਾਲ਼ੇ ਤੋਹਫ਼ੇ, ਦਹੇਜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਦਾਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਾਜ ਸਿੰਧੀ. ਡਾਜੁ. ਅ਼ ਜਹੇਜ਼. ਸੰ. ਦਾਯ. ਉਹ ਧਨ ਆਦਿ ਪਦਾਰਥ, ਜੋ ਵਿਆਹ ਸਮੇਂ ਕੰਨ੍ਯਾ ਨੂੰ ਪਿਤਾ , ਭ੍ਰਾਤਾ ਆਦਿ ਸੰਬੰਧੀਆਂ ਵੱਲੋਂ ਮਿਲੇ. ਦਹੇਜ. Dowry. “ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁਪਾਜੋ.” (ਸ੍ਰੀ ਛੰਤ ਮ: ੪)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦਾਜ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dowry_ਦਾਜ: ਦਾਜ ਉਸ ਸੰਪਤੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਔਰਤ ਨੂੰ ਉਸ ਦੇ ਵਿਆਹ ਸਮੇਂ ਉਸ ਦੇ ਪੇਕੇ ਪਰਿਵਾਰ ਵਲੋਂ ਦਿੱਤੀ ਜਾਂਦੀ ਹੈ। ਪ੍ਰਾਚੀਨ ਸਮਾਜ ਵਿਚ ਇਹ ਦੋ ਪਰਿਵਾਰਾਂ ਵਿਚ ਪ੍ਰੇਮ ਪਿਆਰ ਵਿਚ ਵਾਧਾ ਕਰਨ ਦਾ ਕਾਰਨ ਵੀ ਬਣਦਾ ਸੀ। ਪਰ ਆਹਿਸਤਾ ਆਹਿਸਤਾ ਇਹ ਸਮਾਜਕ ਬੁਰਾਈ ਦਾ ਰੂਪ ਧਾਰਨ ਕਰ ਗਿਆ ਹੈ।
ਹਿੰਦੂ ਕਾਨੂੰਨ ਵਿਚ ਵਿਆਹ ਕੰਨਿਆਂ ਦਾਨ ਹੈ ਅਤੇ ਕੰਨਿਆਂ ਅਤੇ ਦਾਜ ਇਸ ਦਾਨ ਦਾ ਹਿੱਸਾ ਹਨ। ਪਰ ਇਸ ਸਮੇਂ ਦਾਜ ਧਾਰਮਕ ਹੱਦਾਂ ਬੰਨੇ ਟਪ ਕੇ ਇਕ ਭਿਆਨਕ ਸਮਾਜਕ ਬੁਰਾਈ ਦਾ ਰੂਪ ਧਾਰਨ ਕਰ ਗਿਆ ਹੈ ਜਿਸ ਦੀ ਬਲੀ ਵੇਦੀ ਉਤੇ ਅਨੇਕਾਂ ਸਜਵਿਆਹੀਆਂ ਕੁੜੀਆਂ ਆਪਣੀ ਜਾਨ ਦੀ ਨਿਤ ਦਿਨ ਆਹੂਤੀ ਦਿੰਦੀਆਂ ਹਨ। ਇਸ ਨੂੰ ਠਲ੍ਹ ਪਾਉਣ ਲਈ ਭਾਰਤ ਸਰਕਾਰ ਨੇ 1961 ਵਿਚ ਦਾਜਮਨਾਹੀ ਐਕਟ ਪਾਸ ਕੀਤਾ ਸੀ।
ਦਾਜ ਮਨਾਹੀ ਐਕਟ 1961 ਦੀ ਧਾਰਾ 2 ਅਨੁਸਾਰ ਦਾਜ ਦਾ ਮਤਲਬ ਹੈ ਕੋਈ ਸੰਪਤੀ ਜਾਂ ਮੁੱਲਵਾਨ ਸੀਕਿਉਰਿਟ ਜੋ ਵਿਆਹ ਦੇ ਮੌਕੇ ਜਾਂ ਉਸ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਦ ਕਿਸੇ ਸਮੇਂ ਜਾਂ ਤਾਂ ਸਿੱਧਿਆਂ ਜਾਂ ਅੱਸਿਧਿਆਂ-(ੳ) ਵਿਆਹ ਦੀ ਇਕ ਧਿਰ ਦੁਆਰਾ ਵਿਆਹ ਦੀ ਦੂਜੀ ਧਿਰ ਨੂੰ, ਜਾਂ (ਅ) ਵਿਆਹ ਦੀ ਕਿਸੇ ਧਿਰ ਦੇ ਮਾਪਿਆਂ ਦੁਆਰਾ ਜਾਂ ਕਿਸੇ ਹੋਰ ਵਿਅਕਤੀ ਦੁਆਰਾ ਵਿਆਹ ਦੀ ਕਿਸੇ ਧਿਰ ਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ, ਉਕਤ ਧਿਰਾਂ ਦੇ ਵਿਆਹ ਦੇ ਤੱਲਕ ਵਿਚ ਦਿੱਤੀ ਗਈ ਹੋਵੇ ਜਾਂ ਦੇਣ ਦਾ ਕਰਾਰ ਕੀਤਾ ਗਿਆ ਹੋਵੇ।
ਸਤਿਵੀਰ ਸਿੰਘ ਬਨਾਮ ਪੰਜਾਬ ਰਾਜ (ਏ ਆਈ ਆਰ 2001 ਐਸ ਸੀ 2828) ਅਨੁਸਾਰ ਵਿਆਹ ਤੋਂ ਪਹਿਲਾਂ, ਵਿਆਹ ਦੇ ਮੌਕੇ ਜਾਂ ਵਿਆਹ ਤੋਂ ਪਿਛੋਂ ਕੋਈ ਸੰਪਤੀ ਜਾਂ ਮੁੱਲਵਾਨ ਸੀਕਿਉਰਿਟੀ ਦੇਣ ਜਾਂ ਦੇਣ ਦਾ ਕਰਾਰ ਕਰਨਾ, ਦਾਜ ਦੀ ਪਰਿਭਾਸ਼ਾ ਅੰਦਰ ਆਉਂਦਾ ਹੈ। ਉਸ ਐਕਟ ਦੀ ਧਾਰ 5 ਵਿਚ ਉਪਬੰਧ ਕੀਤਾ ਗਿਆ ਸੀ ਕਿ, ‘‘ਦਾਜ ਦੇਣ ਜਾਂ ਲੈਣ ਲਈ ਕੋਈ ਕਰਾਰ ਸੁੰਨ ਹੋਵੇਗਾ।’’ ਉਕਤ ਐਕਟ ਦੀ ਧਾਰ 3 ਅਤੇ 4 ਵਿਚ ਕ੍ਰਮਵਾਰ ਦਾਜ ਲੈਣ ਜਾਂ ਦੇਣ ਅਤੇ ਦਾਜ-ਮੰਗਣ ਲਈ ਡੰਨ ਦਾ ਉਪਬੰਧ ਕੀਤਾ ਗਿਆ ਸੀ। ਦੋਸ਼ੀ ਵਿਅਕਤੀ ਨੂੰ ਛੇ ਮਹੀਨਿਆਂ ਤਕ ਦੀ ਕੈਦ ਜਾਂ ਪੰਜ ਹਜ਼ਾਰ ਰੁਪਏ ਤਕ ਦੇ ਜੁਰਮਾਨੇ ਜਾਂ ਦੋਹਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
1982 ਵਿਚ ਇਸ ਐਕਟ ਦੀ ਅਮਲਦਾਰੀ ਦਾ ਜਾਇਜ਼ਾ ਲੈਣ ਲਈ ਸੰਯੁਕਤ ਸੰਸਦੀ ਕਮੇਟੀ ਕਾਇਮ ਕੀਤੀ ਗਈ ਜਿਸ ਨੇ ਸਪਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਕਿ ਐਕਟ ਦਾਜ ਦੀ ਬੁਰਾਈ ਰੋਕਣ ਵਿਚ ਅਸਫਲ ਰਿਹਾ ਸੀ।’’ 1984 ਵਿਚ ਇਸ ਐਕਟ ਵਿਚ ਸੋਧ ਕਰ ਕੇ ਉਪਬੰਧ ਕੀਤਾ ਗਿਆ ਕਿ ਵਿਆਹ ਦੇ ਸਬੰਧ ਵਿਚ ਦਿੱਤੀ ਗਈ ਜਾਂ ਦੇਣੀ ਕਰਾਰ ਕੀਤੀ ਸੰਪਤੀ ਦਾਜ ਦੀ ਪਰਿਭਾਸ਼ਾ ਵਿਚ ਆਵੇਗੀ, ਪਰ ਵਿਆਹ ਦੇ ਮੌਕੇ ਲਾੜੇ ਜਾਂ ਲਾੜੀ ਨੂੰ ਦਿੱਤੇ ਗਏ ਅਜਿਹੇ ਉਪਹਾਰ, ਜੋ ਉਹ ਉਪਹਾਰ ਦੇਣ ਵਾਲੇ ਵਿਅਕਤੀ ਦੀ ਮਾਲੀ ਹਾਲਤ ਮੁਤਾਬਕ ਬਹੁਤੇ ਮੁਲਵਾਨ ਨ ਹੋਣ , ਦਾਜ ਵਿਚ ਸ਼ਾਮਲ ਨਹੀਂ ਹੋਣਗੇ। ਦਾਜ ਦੇਣ ਜਾਂ ਲੈਣ ਵਾਲੇ ਤੋਂ ਇਲਾਵਾ ਇਸ ਦੀ ਸ਼ਹਿ ਦੇਣ ਵਾਲੇ ਵਿਅਕਤੀ ਨੂੰ ਵੀ ਸਜ਼ਾ ਦਿੱਤੀ ਜਾ ਸਕਦੀ ਹੈ। ਐਕਟ ਅਧੀਨ ਦੇ ਅਪਰਾਧਾਂ ਨੂੰ ਤਫ਼ਤੀਸ਼ ਅਤੇ ਹੋਰ ਪ੍ਰਯੋਜਨਾਂ ਲਈ ਪੁਲਿਸ ਦੁਆਰਾ ਹੱਥ ਪਾਉਣ ਯੋਗ ਬਣਾ ਦਿੱਤਾ ਗਿਆ ਹੈ। ਪਰ ਦੋਸ਼ੀ ਵਰੰਟ ਜਾਂ ਮੈਜਿਸਟਰੇਟ ਦੇ ਹੁਕਮ ਤੋਂ ਬਿਨਾਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ।
ਦਾਜ ਦੀ ਸਮਾਜਕ ਬੀਮਾਰੀ ਦਾ ਇਲਾਜ ਕਰਨ ਲਈ ‘ਦ ਕ੍ਰਮਿੀਨਲ ਲਾ (ਸੈਕੰਡ ਅਮੈਂਡਮੈਂਟ) ਐਕਟ, 1983 ਦੁਆਰਾ ਭਾਰਤੀ ਦੰਡ ਸੰਘਤਾ ਵਿਚ ਇਕ ਵਖਰੇ ਅਧਿਆਏ XX -ੳ ਦੇ ਰੂਪ ਵਿਚ ਇਕ ਨਵੀਂ ਧਾਰਾ 498-ੳ ਜੋੜੀ ਗਈ ਹੈ। ਬੀ.ਐਸ. ਜੋਸ਼ੀ ਬਨਾਮ ਹਰਿਆਣਾ ਰਾਜ [(2003 ਕ੍ਰਲਿਜ 2028 ਐਸ ਸੀ)] ਅਨੁਸਾਰ ਭਾਰਤੀ ਦੰਡ ਸੰਘਤਾ ਵਿਚ ਅਧਿਆਏ XX-ੳ ਸ਼ਾਮਲ ਕਰਨ ਦਾ ਉਦੇਸ਼ ਪਤਨੀ ਨੂੰ ਪਤੀ ਅਤੇ ਉਸ ਦੇ ਰਿਸ਼ਤੇਦਾਰਾਂ ਦੁਆਰਾ ਤਸੀਹੇ ਦਿੱਤੇ ਜਾਣ ਤੋਂ ਬਚਾਉਣਾ ਹੈ। ਇਸ ਹੀ ਧਾਰਾ ਵਿਚ ਨਿਰਦਇਅਤਾ ਸ਼ਬਦ ਦੇ ਅਰਥ ਸਪਸ਼ਟ ਕੀਤੇ ਗਏ ਹਨ ਅਤੇ ਤਸੀਹੇ ਦੇਣ ਵਾਲੇ ਮੁਲਜ਼ਮ ਨੂੰ ਤਿੰਨ ਸਾਲ ਤਕ ਦੀ ਕੈਦ ਦੀ ਸਜ਼ਾ ਅਤੇ ਜੁਰਮਾਨੇ ਦਾ ਵੀ ਭਾਗੀ ਬਣਾਇਆ ਗਿਆ ਹੈ।
ਇਸ ਹੀ ਐਕਟ ਦੁਆਰਾ ਭਾਰਤੀ ਸ਼ਹਾਦਤ ਐਕਟ, 1872 ਵਿਚ ਧਾਰਾ 113ੳ ਜੋੜੀ ਗਈ ਹੈ। ਉਸ ਵਿਚ ਉਪਬੰਧ ਕੀਤਾ ਗਿਆ ਹੈ ਕਿ ਜੇ ਕੋਈ ਇਸਤਰੀ ਆਪਣੇ ਵਿਆਹ ਤੋਂ ਸਤ ਸਾਲ ਦੇ ਅੰਦਰ ਆਤਮ-ਹੱਤਿਆ ਕਰ ਲੈਂਦੀ ਹੈ ਅਤੇ ਵਿਖਾਇਆ ਜਾਂਦਾ ਹੈ ਕਿ ਉਸ ਇਸਤਰੀ ਦੇ ਪਤੀ ਜਾਂ ਪਤੀ ਦੇ ਕਿਸੇ ਰਿਸ਼ਤੇਦਾਰ ਨੇ ਉਸ ਨੂੰ ਨਿਰਦਇਅਤਾ ਦਾ ਸ਼ਿਕਾਰ ਬਣਾਇਆ ਸੀ, ਤਾਂ ਉਸ ਕੇਸ ਦੇ ਹੋਰ ਸਭ ਹਾਲਾਤ ਨੂੰ ਧਿਆਨ ਵਿਚ ਰਖਦੇ ਹੋਏ, ਅਦਾਲਤ ਇਹ ਕਿਆਸ ਕਰ ਸਕੇਗੀ ਕਿ ਉਸ ਨੂੰ ਆਤਮ-ਹੱਤਿਆ ਕਰਨ ਲਈ ਨਿਰਦਇਅਤਾ ਵਰਤਣ ਵਾਲੇ ਰਿਸ਼ਤੇਦਾਰ ਨੇ ਸ਼ਹਿ ਦਿੱਤੀ ਸੀ।
ਪੰਜਾਬ ਰਾਜ ਨੂੰ ਲਾਗੂ ਹੋਣ ਵਿਚ ਦਾਜ ਮਨਾਹੀ ਐਕਟ, 1961 ਵਿਚ ਪੰਜਾਬ ਸਰਕਾਰ ਦੁਆਰਾ ਇਸ ਵਿਚ ਹੋਰ ਉਪਬੰਧ ਵੀ ਕੀਤੇ ਗਏ ਹਨ ਜਿਨ੍ਹਾਂ ਵਿਚ ਦਾਜ ਦਾ ਵਿਖਾਲਾ ਕਰਨ, ਬਰਾਤ ਦੇ ਮੈਂਬਰਾਂ ਦੀ ਗਿਣਤੀ ਨੂੰ ਸੀਮਤ ਨ ਰਖਣ, ਦੋ ਤੋਂ ਵਧ ਖਾਣੇ ਦੇਣ ਅਤੇ ਮਿਲਣੀ ਦੇ ਠਾਕੇ ਦੀਆਂ ਰਸਮਾਂ ਤੇ ਖ਼ਰਚ ਉਤੇ ਲਾਈ ਪਾਬੰਦੀ ਦੀ ਉਲੰਘਣਾ ਕਾਰਨ ਵੀ ਸਜ਼ਾ ਹੋ ਸਕਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First