ਦਸਤਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਤਾਰ (ਨਾਂ,ਇ) ਸਿਰ ਉੱਤੇ ਬੰਨ੍ਹੀ ਜਾਣ ਵਾਲੀ ਪੱਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਸਤਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਤਾਰ [ਨਾਂਇ] ਪੱਗ , ਪਗੜੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਦਸਤਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਤਾਰ. ਫ਼ਾ  ਸੰਗ੍ਯਾ—ਪੱਗ. “ਸਾਬਤ ਸੂਰਤਿ ਦਸਤਾਰ ਸਿਰਾ.” (ਮਾਰੂ ਸੋਲਹੇ ਮ: ੫) ਸਾਬਤ ਸੂਰਤ ਰਹਿਣਾ ਹੀ ਸਿਰ ਤੇ ਦਸਤਾਰ ਸਜਾਉਣੀ ਹੈ। ੨ ਦੇਖੋ, ਗੁਫਤਾਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਸਤਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਸਤਾਰ: ਫ਼ਾਰਸੀ ਭਾਸ਼ਾ ਦੇ ਪਿਛੋਕੜ ਵਾਲੇ ਇਸ ਸ਼ਬਦ ਦਾ ਅਰਥ ਹੈ ਪੱਗ , ਪਗੜੀ। ਪੂਰਬੀ ਅਤੇ ਦੱਖਣੀ ਮੱਧ ਏਸ਼ੀਆਈ ਮੁਲਕਾਂ ਵਿਚ ਸਿਰ ਨੂੰ ਢਕਣ ਲਈ ਮੁਢ ਕਦੀਮ ਤੋਂ ਹੀ ਇਸ ਦੀ ਵਰਤੋਂ ਹੁੰਦੀ ਆਈ ਹੈ। ਅਜਨਤਾ ਦੀਆਂ ਗੁਫ਼ਾਵਾਂ ਵਿਚੋਂ ਮਿਲੀਆਂ ਪੁਰਾਣੀ ਮੂਰਤੀਆਂ ਵਿਚੋਂ ਕੁਝ ਬੰਦਿਆਂ ਨੇ ਪਗੜੀਆ ਬੰਨ੍ਹੀਆਂ ਹੋਈਆਂ ਹਨ। ਆਰਯ ਲੋਕਾਂ ਵਿਚ ਵੀ ਪਗੜੀ ਬੰਨ੍ਹਣ ਦੇ ਪ੍ਰਮਾਣ ਮਿਲਦੇ ਹਨ। ਪਰ ਮੁੱਖ ਰੂਪ ਵਿਚ ਭਾਰਤ ਵਿਚ ਪਗੜੀ ਬੰਨ੍ਹਣ ਦਾ ਰਿਵਾਜ ਮੁਸਲਮਾਨੀ ਸਭਿਆਚਾਰ ਦੇ ਪ੍ਰਭਾਵ ਕਰਕੇ ਸ਼ੁਰੂ ਹੋਇਆ ਹੈ। ਪੰਜਾਬ ਵਿਚ ਦਸਤਾਰ ਬੰਨ੍ਹਣ ਦਾ ਇਕ ਸਮਾਜਿਕ ਬੰਧਨ ਰਿਹਾ ਹੈ। ਹਰ ਧਰਮ ਅਤੇ ਜਾਤਿ ਦੇ ਲੋਗ ਦਸਤਾਰ ਬੰਨ੍ਹਦੇ ਆਏ ਹਨ। ਪਗੜੀ ਨੇ ਪੰਜਾਬੀ ਮੁਹਾਵਰੇ ਵਿਚ ਵੀ ਪ੍ਰਵੇਸ਼ ਕੀਤਾ ਹੈ—ਪੱਗ ਦੀ ਲਾਜ ਰਖਣਾ, ਪੱਗ ਲੱਥ ਜਾਣੀ, ਪੱਗ ਵਟ ਯਾਰ ਆਦਿ। ‘ਪਗੜੀ ਸੰਭਾਲ ਜੱਟਾਸਿਰਲੇਖ ਵਾਲੀ ਕਵਿਤਾ ਰਾਸ਼ਟਰੀ ਜਾਗਰਣ ਦੀ ਵੰਗਾਰ ਵਜੋਂ ਲਿਖੀ ਗਈ ਸੀ। ਪਰ ਅੰਗ੍ਰੇਜ਼ ਸਭਿਆਚਾਰ ਦੇ ਪ੍ਰਭਾਵ ਕਾਰਣ ਦਸਤਾਰ ਬੰਨ੍ਹਣੀ ਕੇਵਲੀ ਸਿੱਖ ਸਮਾਜ ਤਕ ਸੀਮਿਤ ਹੋ ਗਈ ਹੈ। ਉਂਜ ਹਿੰਦੂਆਂ ਵਿਚ ਵਿਆਹ ਸ਼ਾਦੀਆਂ ਦੇ ਮਾਂਗਲਿਕ ਕਾਰਜਾਂ ਵੇਲੇ ਪਗੜੀ ਬੰਨ੍ਹਣ ਦੀ ਰਿਵਾਜ ਹਾਲੀ ਵੀ ਕਾਇਮ ਹੈ। ਕਿਸੇ ਬਜ਼ੁਰਗ ਦੇ ਮਰਨ ਤੋਂ ਬਾਦ ਉਸ ਦੇ ਪੁੱਤਰ ਨੂੰ ਪਗੜੀ ਬੰਨ੍ਹਵਾਉਣ ਦੀ ਰਸਮ ਪ੍ਰਚਲਿਤ ਹੈ। ਕੁਲ ਮਿਲਾ ਕੇ ਦਸਤਾਰ ਜਾਂ ਪਗੜੀ ਇਕ ਆਦਰ ਜਾਂ ਮਹੱਤਵ ਸੂਚਕ ਬਸਤ੍ਰ ਹੈ।

            ਸਿੱਖ ਧਰਮ ਦੇ ਬਸਤ੍ਰਾਂ ਵਿਚ ਦਸਤਾਰ ਦਾ ਵਿਸ਼ੇਸ਼ ਸਥਾਨ ਹੈ। ਸਾਰੇ ਗੁਰੂ ਸਾਹਿਬਾਨ ਦਸਤਾਰ ਧਾਰਣ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ-ਸੰਸਕਾਰ ਤੋਂ ਬਾਦ ਦਸਤਾਰ ਨੂੰ ਸਿੱਖਾਂ ਦਾ ਜ਼ਰੂਰੀ ਬਸਤ੍ਰ ਘੋਸ਼ਿਤ ਕਰ ਦਿੱਤਾ ਕਿਉਂਕਿ ਇਸ ਨਾਲ ਕੇਸਾਂ ਨੂੰ ਚੰਗੀ ਤਰ੍ਹਾਂ ਢਕਿਆ ਜਾ ਸਕਦਾ ਹੈ। ਇਸ ਤੋਂ ਬਿਨਾ ਸਿੱਖ ਦਾ ਸਰੂਪ ਕਿਆਸਿਆ ਹੀ ਨਹੀਂ ਜਾ ਸਕਦਾ। ਸਿੱਖਾਂ ਲਈ ਟੋਪੀ ਪਾਉਣ ਦੀ ਮਨ੍ਹਾਹੀ ਹੈ ਕਿਉਂਕਿ ਟੋਪੀ ਗ਼ੁਲਾਮੀ ਦਾ ਚਿੰਨ੍ਹ ਹੈ, ਜਦ ਕਿ ਸਿੱਖ ਸਦਾ ਸੁਤੰਤਰ ਹੈ। ਸੌਣ ਜਾਂ ਵੇਹਲ ਵੇਲੇ ਨਿੱਕੀ ਦਸਤਾਰ ਧਾਰਣ ਕਰਨ ਦਾ ਵੀ ਨਿਯਮ ਹੈ। ਇਸ ਨੂੰ ‘ਕੇਸਕੀ’ ਕਹਿੰਦੇ ਹਨ। ਆਮ ਤੌਰ ’ਤੇ ਮਰਯਾਦਾਵਾਦੀ ਸਿੱਖ ਦਸਤਾਰ ਦੇ ਹੇਠਾਂ ਕੇਸਕੀ ਬੰਨ੍ਹਦੇ ਹਨ। ਕੁਝ ਇਕ ਸੰਪ੍ਰਦਾਵਾਂ ਵਿਚ ਅੰਮ੍ਰਿਤਧਾਰੀ ਇਸਤਰੀਆਂ ਲਈ ਦੁਪੱਟੇ ਹੇਠਾਂ ਕੇਸਕੀ ਬੰਨ੍ਹਣ ਦੀ ਪਾਬੰਦੀ ਹੈ।

            ਸਿੱਖ ਲਈ ਪਗੜੀ ਧਾਰਣ ਕਰਨਾ ਲਾਜ਼ਮੀ ਹੈ। ਇਹ ਉਸ ਦੀ ਪੁਸ਼ਾਕ ਦਾ ਅੰਗ ਹੈ। ਦੂਜੇ ਵੱਡੇ ਯੁੱਧ ਵੇਲੇ ਅੰਗ੍ਰੇਜ਼ਾਂ ਅਧੀਨ ਲੜ ਰਹੇ ਸਿੱਖ ਸੈਨਿਕਾਂ ਨੂੰ ਲੋਹ ਟੋਪ ਪਾਉਣ ਦੇ ਆਦੇਸ਼ ਦਿੱਤੇ ਗਏ ਕਿਉਂਕਿ ਉਨ੍ਹਾਂ ਤੋਂ ਬਿਨਾ ਅਤਿਅਧਿਕ ਜਾਨੀ ਨੁਕਸਾਨ ਹੋਣ ਦਾ ਡਰ ਸੀ। ਬਰਤਾਨਵੀ ਸਰਕਾਰ ਨੇ ਸਿੱਖ ਫ਼ੌਜੀਆਂ ਨੂੰ ਇਥੋਂ ਤਕ ਕਹਿ ਦਿੱਤਾ ਕਿ ਇਤਨੇ ਅਧਿਕ ਜਾਨੀ ਨੁਕਸਾਨ ਕਾਰਣ ਸਰਕਾਰ ਪੈਨਸ਼ਨਾਂ ਦਾ ਬੋਝ ਨਹੀਂ ਸੰਭਾਲ ਸਕੇਗੀ। ਉਦੋਂ ਸਿੱਖ ਸੈਨਿਕਾਂ ਨੇ ਵਿਸ਼ਵਾਸ ਦਿਵਾਇਆ ਕਿ ਸਿਰ ਵਿਚ ਗੋਲੀ ਲਗਣ ਕਾਰਣ ਹੋਣ ਵਾਲੀ ਮੌਤ ਦੇ ਫਲਸਰੂਪ ਉਹ ਕੋਈ ਪੈਨਸ਼ਨ ਨਹੀਂ ਲੈਣਗੇ। ਫਲਸਰੂਪ ਸਿੱਖ ਸੈਨਿਕਾਂ ਨੇ ਬਿਨਾ ਲੋਹ-ਟੋਪ ਦੇ ਹੀ ਯੁੱਧ ਲੜਿਆ। ਯੁੱਧ ਖੇਤਰ ਵਿਚ ਪਗੜੀ ਨਾਲ ਸਿੱਖਾਂ ਦੀ ਵਿਸ਼ੇਸ਼ ਪਛਾਣ ਬਣਦੀ ਸੀ। ਦੋਹਾਂ ਵਿਸ਼ਵ-ਯੁੱਧਾਂ ਵਿਚ 83055 ਪਗੜੀ-ਧਾਰੀ ਸਿੱਖਾਂ ਨੇ ਵੀਰਗਤੀ ਪ੍ਰਾਪਤ ਕੀਤੀ ਸੀ ਅਤੇ 1,09,045 ਜ਼ਖ਼ਮੀ ਹੋਏ ਸਨ।

            ਸਿੱਖ ਜਗਤ ਵਿਚ ਦਸਤਾਰ ਦੀ ਵਿਧੀ ਜਾਂ ਸ਼ਕਲ (ਸਰੂਪ) ਨਿਸਚਿਤ ਨਹੀਂ ਹੈ। ਨਿਹੰਗ ਸਿੰਘਾਂ ਦੇ ਦੁਮਾਲੇ, ਨਾਮਧਾਰੀ ਸਿੰਘਾਂ ਦੀਆਂ ਗੋਲਾਕਾਰ ਦਸਤਾਰਾਂ, ਪਟਿਆਲਾ -ਸ਼ਾਹੀ ਵਡਾਕਾਰੀ ਫਿਫਟੀਦਾਰ ਪਗੜੀਆਂ, ਸਿੱਖ ਫ਼ੌਜੀਆਂ ਦੀਆਂ ਪੇਚਦਾਰ ਦਸਤਾਰਾਂ ਆਦਿ ਆਪਣੀ ਵਖਰੀ ਵਖਰੀ ਦਿਖ ਅਤੇ ਪਛਾਣ ਰਖਦੀਆਂ ਹਨ। ਪਗੜੀ ਦੇ ਨਿਵੇਕਲੇ ਅੰਦਾਜ਼ ਅਤੇ ਸ਼ੈਲੀਆਂ ਉਤੇ ਇਲਾਕਈ ਪ੍ਰਭਾਵ ਸਪੱਸ਼ਟ ਦ੍ਰਿਸ਼ਟੀਗੋਚਰ ਹੁੰਦੇ ਹਨ।

            ਦਸਤਾਰ ਲਈ ਕੋਈ ਖ਼ਾਸ ਰੰਗ ਨਿਸਚਿਤ ਨਹੀਂ। ਇਹ ਕਿਸੇ ਵੀ ਰੰਗ ਦੀ ਹੋ ਸਕਦੀ ਹੈ। ਨਿਹੰਗ ਸਿੰਘ ਆਮ ਤੌਰ’ਤੇ ਨੀਲੇ-ਪੀਲੇ ਰੰਗ ਦੇ ਦੁਮਾਲੇ ਸਜਾਉਂਦੇ ਹਨ। ਅਕਾਲੀ ਦਲ ਦੇ ਕਾਰਕੁੰਨ ਕਾਲੇ , ਪੀਲੇ ਜਾਂ ਨੀਲੇ ਰੰਗ ਦੀਆਂ ਪਗੜੀਆਂ ਧਾਰਣ ਕਰਦੇ ਹਨ। ਨਾਮਧਾਰੀ ਚਿੱਟੇ ਰੰਗ ਦੀ ਪੱਗ ਬੰਨ੍ਹਦੇ ਹਨ। ਕਾਂਗ੍ਰਸੀ ਸਿੱਖ ਚਿੱਟੀਆਂ ਪਗੜੀਆਂ ਵਰਤਦੇ ਹਨ। ਫ਼ੌਜੀ ਸਿੱਖਾਂ ਦੀ ਪਗੜੀ ਹਰੇ ਰੰਗ ਦੀ ਹੁੰਦੀ ਹੈ। ਪਗੜੀ ਦੇ ਰੰਗ, ਆਕਾਰ ਜਾਂ ਸਰੂਪ ਬਾਰੇ ਕੋਈ ਧਾਰਮਿਕ ਪਾਬੰਦੀ ਨਹੀਂ ਹੈ। ਸੁੰਦਰ ਦਸਤਾਰ ਸਜਾਉਣ ਨੂੰ ਗੁਰੂ ਗੋਬਿੰਦ ਸਿੰਘ ਜੀ ਬਹੁਤ ਪਸੰਦ ਕਰਦੇ ਸਨ। ਉਹ ਆਪ ਬਹੁਤ ਸੁੰਦਰ ਦਸਤਾਰ ਸਜਾਉਂਦੇ ਸਨ। ਪਾਉਂਟਾ ਸਾਹਿਬ ਵਿਚ ਉਨ੍ਹਾਂ ਦੇ ਦਸਤਾਰ ਸਜਾਉਣ ਵਾਲਾ ਇਕ ਵਿਸ਼ੇਸ਼ ਸਥਾਨ ਹੈ। ਬੱਚਿਆਂ ਨੂੰ ਸੁੰਦਰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨ ਵਾਸਤੇ ਕਈ ਸੰਸਥਾਵਾਂ ਵਲੋਂ ਮੁਕਾਬਲੇ ਕਰਵਾ ਕੇ ਇਨਾਮ ਦਿੱਤੇ ਜਾਂਦੇ ਹਨ। ਸਿੱਖ ਬੱਚਿਆਂ ਨੂੰ ਕੇਸਾਂ ਨੂੰ ਕੰਘਾ ਛੋਹਾਉਣ ਤੋਂ ਬਾਦ ਪਗ ਬੰਨ੍ਹਣ ਲਈ ਉਤਸਾਹਿਤ ਕੀਤਾ ਜਾਂਦਾ ਹੈ।

            ਵਿਦੇਸ਼ਾਂ ਵਿਚ ਵਸਦੇ ਸਿੱਖਾਂ ਲਈ ਦਸਤਾਰ ਧਾਰਣ ਕਰਨ ਦਾ ਕਈ ਵਾਰ ਵਕਾਰੀ ਮਸਲਾ ਬਣ ਚੁਕਿਆ ਹੈ। ਬਹੁਤ ਸਾਰੇ ਮੁਲਕਾਂ ਵਿਚ ਸਿੱਖਾਂ ਨੂੰ ਸਰਕਾਰੀ ਜਾਂ ਗ਼ੈਰ- ਸਰਕਾਰੀ ਨੌਕਰੀਆਂ ਕਰਨ ਵੇਲੇ ਦਸਤਾਰ ਧਾਰਣ ਕਰਨ ਦੀ ਇਜਾਜ਼ਤ ਮਿਲ ਚੁਕੀ ਹੈ। ਦੋਪਹੀਆ ਵਾਹਨਾਂ ਨੂੰ ਚਲਾਉਣ ਵਾਲੇ ਸਿੱਖਾਂ ਨੂੰ ਸਿਰ ਉਤੇ ਕ੍ਰੈਸ਼ ਹੈਲਮਟ ਧਾਰਣ ਕਰਨ ਤੋਂ ਛੋਟ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦਸਤਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦਸਤਾਰ (ਸੰ.। ਫ਼ਾਰਸੀ) ਪਗੜੀ , ਸਿਰ ਦਾ ਸਾਫਾ। ਯਥਾ-‘ਸਾਬਤ ਸੂਰਤਿ ਦਸਤਾਰ ਸਿਰਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.