ਤ੍ਰਿੰਞਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤ੍ਰਿੰਞਣ (ਨਾਂ,ਪੁ) ਚਰਖਾ ਕੱਤਣ ਵਾਲੀਆਂ ਕੁੜੀਆਂ ਜਾਂ ਤੀਵੀਂਆਂ ਦਾ ਸਮੂਹ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤ੍ਰਿੰਞਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤ੍ਰਿੰਞਣ [ਨਾਂਪੁ] ਚਰਖ਼ਾ ਕੱਤਣ ਵਾਲ਼ੀਆਂ ਕੁੜੀਆਂ ਜਾਂ ਇਸਤਰੀਆਂ ਦਾ ਇਕੱਠ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤ੍ਰਿੰਞਣ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤ੍ਰਿੰਞਣ : ਚਰਖਾ ਕੱਤਣ ਲਈ ਕੁੜੀਆਂ ਦੇ ਹੋਏ ਇਕੱਠ ਨੂੰ ‘ਤ੍ਰਿੰਞਣ/ ਤ੍ਰਿੰਝਣ’ ਕਿਹਾ ਜਾਂਦਾ ਹੈ ਜਿਸ ਦਾ ਅਰਥ ‘ਕੱਤਣ ਲਈ ਇਸਤਰੀਆਂ ਦੀ ਇਕੱਤਰਤਾ’ ਤੋਂ ਹੈ। ਪੰਜਾਬ ਨੂੰ ‘ਤ੍ਰਿੰਞਣਾਂ ਦੀ ਧਰਤੀ’ ਕਿਹਾ ਜਾ ਸਕਦਾ ਹੈ ਪਰ ਅੱਜਕੱਲ੍ਹ ਇਸ ਦਾ ਰਿਵਾਜ ਘਟਦਾ ਜਾ ਰਿਹਾ ਹੈ।
ਤ੍ਰਿੰਞਣ ਵਿਚ ਚਰਖਿਆਂ ਤੇ ਆਪੋ ਆਪਣੀਆਂ ਪੂਣੀਆਂ ਨੂੰ ਕੱਤਣ ਦਾ ਕੰਮ ਕੁਆਰੀਆਂ, ਵਿਆਹੀਆਂ, ਬੁੱਢੀਆਂ ਮਾਵਾਂ-ਦਾਦੀਆਂ, ਅਧਖੜਾਂ ਤੇ ਮੁਟਿਆਰਾਂ ਇਕੱਠੀਆਂ ਬੈਠ ਕੇ ਕਰਦੀਆਂ ਹਨ। ਇਹ ਇਕ ਤਰ੍ਹਾਂ ਦਾ ਬਿਨਾਂ ਇਨਾਮ ਮੁਕਾਬਲਾ ਹੋ ਜਾਂਦਾ ਹੈ। ਤ੍ਰਿੰਞਣ ਲੱਗਣ ਤੋਂ ਪਹਿਲਾਂ ਸਭ ਦੀਆਂ ਪੂਣੀਆਂ, ਪੰਜ-ਪੰਜ, ਚਾਰ-ਚਾਰ ਕਰਕੇ ਜਿਵੇਂ ਕਿ ਹਿਸਾਬ ਰੱਖਣਾ ਹੋਵੇ, ਵਾਰੀ-ਵਾਰੀ ਉੱਪਰ-ਉੱਪਰ ਰੱਖੀਆਂ ਜਾਂਦੀਆਂ ਹਨ। ਤ੍ਰਿੰਞਣ ਦੀ ਕੋਈ ਸਿਆਣੀ ਔਰਤ ਹੀ ਇਹ ਕੰਮ ਸੰਭਾਲਦੀ ਹੈ ਕਿ ਵਾਰੀ-ਵਾਰੀ ਹਰ ਇਕ ਦੀਆਂ ਪੂਣੀਆਂ ਦੇ ਜੋਟੇ ਸਮੇਂ ਸਿਰ ਵੰਡਦੀ ਰਹੇ। ਬਾਰੀਕ ਤੇ ਸਾਫ ਕੱਤਣ, ਤੰਦ ਨੂੰ ਟੁੱਟਣ ਤੋਂ ਬਚਾ ਕੇ ਕੱਤਣ ਅਤੇ ਲੰਮੀ ਤੰਦ ਪਾਉਣ ਵਿਚ ਵਿਸ਼ੇਸ਼ ਖੁਸ਼ੀ ਹੁੰਦੀ ਹੈ।
ਚਰਖਾ ਕੱਤਣਾ ਇਸਤਰੀਆਂ ਲਈ ਬਹੁਤ ਪਿਆਰਾ ਕੰਮ ਹੈ। ਅੱਜ ਵੀ ਚਰਖਾ ਗੀਤ ਮੰਨਦਾ ਹੈ।
ਕਾਰੀਗਰਾਂ ਨੂੰ ਦੇ ਨੀ ਵਧਾਈ
ਜਿਹਨੇ ਰੰਗਲਾ ਚਰਖਾ ਬਣਾਇਆ
ਵਿਚ ਵਿਚ ਮੇਖਾਂ ਲਾਈਆਂ ਸੁਨਹਿਰੀ
ਹੀਰਿਆਂ ਜੜਤ ਜੜਾਇਆ
ਬੀੜੀ ਦੇ ਨਾਲ ਖਹੇ ਦਮਕੜਾ
ਤੱਕਲਾ ਫਿਰੇ ਸਵਾਇਆ
ਕੱਤ ਲੈ ਹੀਰੇ ਨੀ
ਤੇਰਾ ਭਾਦੋਂ ਦਾ ਵਿਆਹ ਆਇਆ।
ਬਿਨਾਂ ਗੀਤਾਂ ਦੇ ਤ੍ਰਿੰਞਣ ਅਧੂਰਾ ਹੈ। ਤ੍ਰਿੰਞਣ ਵਿਚ ਕਈ ਵਾਰ ਦੀਵੇ ਦੇ ਚਾਨਣ, ਰਾਤ ਦੀ ਚੁੱਪ ਵਿਚ ਚਰਖੇ ਦੀ ਘੂਕਰ ਤੇ ਕੱਤਣ ਵਾਲੀਆਂ ਦੇ ਗਾਉਣ ਦੀ ਰਸੀਲੀ ਮਿੱਠੀ ਸੁਰ ਗਵਾਂਢੀਆਂ ਦੇ ਕੰਨੀ ਪੈਂਦੀ ਹੈ;
ਘੂੰ ਘੂੰ ਚਰਖੜਾ
ਮੈਂ ਲਾਲ ਪੁੂਣੀ ਕੱਤਾਂ ਕਿ ਨਾਂ ?
ਕੱਤ ਬੀਬੀ ਕੱਤ
ਕੱਤ ਬੀਬੀ ਕੱਤ
– – – – – – – –
– – – – – – – –
ਤ੍ਰਿੰਞਣ ਵਿਚ ਸੁੱਤੀਆਂ ਸੱਧਰਾਂ ਜਾਗ ਪੈਂਦੀਆਂ ਹਨ। ਇਸ ਵਿਚ ਪਿੰਡ ਦੀਆਂ ਘਰੇਲੂ ਘਟਨਾਵਾਂ ਉੱਤੇ ਵਿਚਾਰ ਵਟਾਂਦਰਾ ਹੁੰਦਾ ਹੈ। ਤ੍ਰਿੰਞਣ ਵਿਚ ਸ਼ਗਨਾਂ, ਸ਼ਿਕਾਇਤਾਂ, ਦੁੱਖਾਂ ਆਦਿ ਦੇ ਵੀ ਗੀਤ ਗਾਏ ਜਾਂਦੇ ਹਨ। ਚੰਗਾ ਕੱਤਣ ਵਾਲੀ ਲਈ ਇਹ ਅਖਾਣ ਤੁਰਦਾ ਹੈ– – – – ‘ਜੇ ਮੈਂ ਹੋਵਾਂ ਕਾਤੀ ਤਾਂ ਲਕੜਾਂ ਨਾਲ ਵੀ ਕਾਤੀ’।ਕੁੱਚਜੀ ਕੱਤਣ ਵਾਲੀ ਦਾ ਇਹ ਕਹਿ ਕੇ ਉਪਹਾਸ ਕੀਤਾ ਜਾਂਦਾ ਹੈ ਕਿ ‘‘ਅੰਨੋ ਕਰਾਂ ਕੁਅੰਨ, ਕਪਾਹੋਂ ਬੱਤੀਆਂ।’’ ਤ੍ਰਿੰਞਣ ਬਾਰੇ ਸੈਂਕੜੇ ਗੀਤ ਪ੍ਰਸਿੱਧ ਹਨ, ਜਿਵੇਂ – – – –
ਮੇਰਾ ਚਰਖਾ ਤ੍ਰਿੰਞਣਾਂ ਦਾ ਸਰਦਾਰ ਨੀ ਮਾਏ
ਕਿਨ੍ਹਾਂ ਤਾਂ ਘੜਿਆ ਸੀ ਚਰਖਾ ਮੇਰਾ – – –
ਚਾਚੀ ਨੇ ਸੀਤੀਆਂ ਗੁੱਡੀਆਂ,
ਸੁਨਾਰੇ ਨੇ ਘੜਿਆ ਸੀ ਮੇਰਾ ਹਾਰ,
ਤ੍ਰਖਾਣਾਂ ਨੇ ਘੜਿਆ ਸੀ ਚਰਖਾ ਮੇਰਾ ਤ੍ਰਿੰਞਣਾਂ ਦਾ ਸਰਦਾਰ
– – – – – – – – – – – – – – –
– – – – – – – – – – – – – – –
– – – – – – – – – – – – – – –
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-07-01-07-14, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ-ਕਰਨਜੀਤ ਸਿੰਘ; ਪੰਜਾਬ ਦੇ ਲੋਕ ਗੀਤ-ਰੰਧਾਵਾ; ਪੰ.–ਰੰਧਾਵਾ।
ਵਿਚਾਰ / ਸੁਝਾਅ
Please Login First