ਤੈਮੂਰ ਸ਼ਾਹ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੈਮੂਰ ਸ਼ਾਹ (1746-1793 ਈ.): ਪ੍ਰਸਿੱਧ ਅਫ਼ਗ਼ਾਨ ਹਮਲਾਵਰ ਅਹਿਮਦ ਸ਼ਾਹ ਦੁਰਾਨੀ ਦੇ ਘਰ ਦਸੰਬਰ 1746 ਈ. ਵਿਚ ਈਰਾਨ ਦੇ ਮਸ਼ਹਦ ਨਗਰ ਵਿਚ ਪੈਦਾ ਹੋਏ ਤੈਮੂਰ ਸ਼ਾਹ ਨੇ ਬਚਪਨ ਵਿਚ ਹੀ ਸ਼ਸਤ੍ਰਾਂ ਦੀ ਸਿਖਲਾਈ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਜਨਵਰੀ 1757 ਈ. ਵਿਚ ਦੁਰਾਨੀ ਨੇ ਹਿੰਦੁਸਤਾਨ ਉਤੇ ਚੌਥਾ ਹਮਲਾ ਕੀਤਾ, ਤਾਂ ਇਸ ਨੂੰ ਵੀ ਨਾਲ ਲੈ ਆਇਆ। ਉਦੋਂ ਇਸ ਦੀ ਉਮਰ ਦਸ ਸਾਲ ਦੀ ਸੀ। ਉਸੇ ਸਾਲ ਦਿੱਲੀ ਜਿਤ ਕੇ ਦੁਰਾਨੀ ਨੇ ਇਸ ਦਾ ਵਿਆਹ ਮੁਗ਼ਲ ਬਾਦਸ਼ਾਹ ਆਲਮਗੀਰ ਦੂਜੇ ਦੀ ਲੜਕੀ ਨਾਲ ਕੀਤਾ। ਦਿੱਲੀ ਤੋਂ ਆਪਣੇ ਦੇਸ਼ ਵਲ ਪਰਤਦਿਆਂ ਇਸ ਤੋਂ ਲੁਟ ਦੇ ਸਾਮਾਨ ਨੂੰ ਬਾਬਾ ਆਲਾ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਨੇ ਪਹਿਲਾਂ ਸਨੌਰ ਅਤੇ ਫਿਰ ਮਲੇਰਕੋਟਲਾ ਵਿਖੇ ਲੁਟ ਲਿਆ।

            ਮਈ 1757 ਈ. ਵਿਚ ਦੁਰਾਨੀ ਨੇ ਇਸ ਨੂੰ ਪੰਜਾਬ ਦਾ ਹਾਕਮ ਬਣਾ ਦਿੱਤਾ ਅਤੇ ਜਹਾਨ ਖ਼ਾਨ ਨੂੰ ਇਸ ਦਾ ਸਰਪ੍ਰਸਤ ਅਤੇ ਮੁੱਖ ਜਰਨੈਲ ਨਿਯੁਕਤ ਕੀਤਾ। ਦੁਰਾਨੀ ਦੇ ਦੇਸ਼ ਪਰਤਣ ਤੋਂ ਬਾਦ ਇਨ੍ਹਾਂ ਦੋਹਾਂ ਨੇ ਸਿੱਖਾਂ ਨਾਲ ਨਿਪਟਣ ਦਾ ਮਨ ਬਣਾਇਆ। ਪਹਿਲਾਂ ਅੰਮ੍ਰਿਤਸਰ ਸਥਿਤ ਰਾਮ ਰਉਣੀ (ਕੱਚੀ ਗੜ੍ਹੀ) ਉਤੇ ਹਮਲਾ ਕਰਕੇ ਉਸ ਨੂੰ ਮਲੀਆਮੇਟ ਕੀਤਾ, ਹਰਿਮੰਦਿਰ ਸਾਹਿਬ ਨੂੰ ਗੰਦ- ਮੰਦ ਨਾਲ ਅਪਵਿੱਤਰ ਕੀਤਾ ਅਤੇ ਪਾਵਨ ਸਰੋਵਰ ਨੂੰ ਮਿਟੀ ਨਾਲ ਪੁਰਵਾਇਆ। ਇਨ੍ਹਾਂ ਕੁਕਰਮਾਂ ਕਰਕੇ ਸਿੱਖ- ਸਮਾਜ ਬਹੁਤ ਕ੍ਰਿੋਧਵਾਨ ਹੋ ਗਿਆ ਅਤੇ ਲਾਹੌਰ ਦੇ ਇਰਦ- ਗਿਰਦ ਦੇ ਇਲਾਕੇ ਵਿਚ ਖ਼ੂਬ ਉਪਦਰ ਮਚਾ ਦਿੱਤਾ। ਇਸ ਦੀਆਂ ਸਿੱਖ ਸੈਨਾਨੀਆਂ ਨਾਲ ਕਈ ਝੜਪਾਂ ਹੋਈਆਂ, ਪਰ ਇਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਲਾਹੌਰ ਦੇ ਕਿਲ੍ਹੇ ਵਿਚ ਸ਼ਰਣ ਲੈਣੀ ਪਈ। ਅਪ੍ਰੈਲ, 1758 ਈ. ਵਿਚ ਸਿੱਖਾਂ ਨੇ ਮਰਹਟਿਆਂ ਅਤੇ ਅਦੀਨਾ ਬੇਗ ਨਾਲ ਮਿਲ ਕੇ ਇਸ ਨੂੰ ਪੰਜਾਬੋਂ ਭਜਾ ਦਿੱਤਾ।

            ਅਹਿਮਦ ਸ਼ਾਹ ਦੁਰਾਨੀ ਦੇ ਮਰਨ ਉਪਰੰਤ ਇਹ ਸੰਨ 1773 ਈ. ਵਿਚ ਅਫ਼ਗ਼ਾਨਿਸਤਾਨ ਦਾ ਬਾਦਸ਼ਾਹ ਬਣਿਆ ਅਤੇ ਸਿੱਖਾਂ ਨਾਲ ਨਿਪਟਣ ਲਈ ਇਸ ਨੇ ਕੰਧਾਰ ਤੋਂ ਕਾਬੁਲ ਵਿਚ ਆਪਣੀ ਰਾਜਧਾਨੀ ਬਦਲ ਲਈ ਤਾਂ ਜੋ ਖ਼ੈਬਰ ਦੱਰੇ ਰਾਹੀਂ ਜਲਦੀ ਹਿੰਦੁਸਤਾਨ ਉਤੇ ਹਮਲਾ ਕਰ ਸਕੇ। ਇਸ ਨੇ ਪੰਜਾਬ ਉਤੇ ਅਨੇਕ ਹਮਲੇ ਕਰਨ ਦੇ ਯਤਨ ਕੀਤੇ ਤਾਂ ਜੋ ਆਪਣਾ ਖੋਹਿਆ ਹੋਇਆ ਇਲਾਕਾ ਫਿਰ ਪ੍ਰਾਪਤ ਕਰ ਸਕੇ, ਪਰ ਉਦੋਂ ਤਕ ਸਿੱਖ ਸਰਦਾਰ ਸਾਰੇ ਪੰਜਾਬ ਉਤੇ ਛਾ ਚੁਕੇ ਸਨ। ਫਲਸਰੂਪ ਇਸ ਦੇ ਪੰਜਾਬ ਉਤੇ ਕਬਜ਼ਾ ਕਰਨ ਦੇ ਸਾਰੇ ਮਨਸੂਬੇ ਅਸਫਲ ਹੀ ਰਹੇ। ਬਸ ਕਸ਼ਮੀਰ ਅਤੇ ਮੁਲਤਾਨ ਵਿਚ ਕੁਝ ਸਫਲਤਾ ਪ੍ਰਾਪਤ ਕਰ ਸਕਿਆ। ਆਖ਼ਿਰ ਇਸ ਨੇ ਪੰਜਾਬ ਉਤੇ ਅਧਿਕਾਰ ਜਮਾਉਣ ਅਤੇ ਸਿੱਖਾਂ ਨੂੰ ਪਰਾਜਿਤ ਕਰਨ ਦਾ ਖ਼ਿਆਲ ਛਡਣ ਲਈ ਮਜਬੂਰ ਹੋਣਾ ਪਿਆ। 18 ਮਈ 1793 ਈ. ਨੂੰ ਇਸ ਦਾ ਕਾਬੁਲ ਵਿਚ ਦੇਹਾਂਤ ਹੋ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.