ਤੁੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁੜ. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ , ਥਾਣਾ ਸਰਹਾਲੀ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ ਦਸ ਮੀਲ ਉੱਤਰ ਪੱਛਮ ਹੈ. ਇਸ ਪਿੰਡ ਦੀ ਆਬਾਦੀ ਦੇ ਵਿੱਚ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ.

     ਇੱਕ ਵਾਰ ਅਜੇਹੀ ਔੜ ਲੱਗੀ ਕਿ ਵਰਖਾ ਦੀ ਬੂੰਦ ਨਾ ਡਿਗੀ. ਸਾਰੇ ਲੋਕ ਕੱਠੇ ਹੋਕੇ ਦਾਦੂ ਨਾਮਕ ਤਪੇ ਪਾਸ (ਜੋ ਖਡੂਰ ਵਿੱਚ ਹੀ ਵਸਦਾ ਸੀ) ਗਏ, ਅਤੇ ਵਰਖਾ ਲਈ ਬੇਨਤੀ ਕੀਤੀ. ਉਸ ਨੇ ਕਿਹਾ ਕਿ ਜਦ ਤਾਈਂ ਗੁਰੂ ਅੰਗਦ ਜੀ ਖਡੂਰ ਵਸਦੇ ਹਨ, ਤਦ ਤੀਕ ਵਰਖਾ ਨਹੀਂ ਪਵੇਗੀ. ਜੇ ਉਹ ਇੱਥੋਂ ਚਲੇ ਜਾਣ, ਤਾਂ ਵਰਖਾ ਹੋਵੇਗੀ. ਇਹ ਬਾਤ ਲੋਕਾਂ ਨੇ ਗੁਰੂ ਜੀ ਪਾਸ ਜਾ ਕਹੀ , ਤਾਂ ਰਾਤ ਨੂੰ ਸਤਿਗੁਰੂ ਇਕੱਲੇ ਹੀ ਖਡੂਰ ਸਾਹਿਬ ਤੋਂ ਚੱਲਕੇ ਇੱਥੇ ਆ ਗਏ. ਇਸ ਥਾਂ ਤੋਂ ਪਿੰਡ “ਛਾਪਰੀ” ਦੀ ਸੰਗਤਿ ਗੁਰੂ ਜੀ ਨੂੰ ਆਪਣੇ ਪਿੰਡ ਲੈ ਆਈ.  ਉੱਥੇ ਕੁਝ ਸਮਾਂ ਗੁਰੂ ਜੀ ਰਹੇ. ਫਿਰ ਭਰੋਵਾਲ ਪਿੰਡ ਹੁੰਦੇ ਹੋਏ ਖਡੂਰ ਵਾਸੀਆਂ ਦੀ ਪਸ਼ਚਾਤਾਪ ਸਹਿਤ ਕੀਤੀ ਹੋਈ ਅਰਜੋਈ ਮੰਨਕੇ ਮੁੜ ਖਡੂਰ ਸਾਹਿਬ ਚਰਨ ਪਾਏ.

     ਪਹਿਲਾਂ ਇੱਥੇ ਸਾਧਾਰਨ ਅਸਥਾਨ ਸੀ. ੨੦-੨੨ ਸਾਲ ਤੋਂ ਭਾਈ ਨੱਥਾ ਸਿੰਘ ਜੀ ਪੁਜਾਰੀ ਦੀ ਪ੍ਰੇਰਣਾ ਨਾਲ ਬਹੁਤ ਸੁੰਦਰ ਦਰਬਾਰ ਬਣ ਗਿਆ ਹੈ. ਨਿੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਦਸ ਵਿੱਘੇ ਜ਼ਮੀਨ ਸਰਦਾਰ ਜਗਤ ਸਿੰਘ ਨੰਬਰਦਾਰ ਅਤੇ ਸਰਦਾਰ ਮੰਗਲ ਸਿੰਘ ਚੰਦਨ ਸਿੰਘ ਨੇ ਦਿੱਤੀ ਹੋਈ ਹੈ। ੨ ਤ੍ਰੁਟਿ. ਘਾਟਾ. ਕਮੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੁੜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੁੜ (ਪਿੰਡ): ਅੰਮ੍ਰਿਤਸਰ ਜ਼ਿਲ੍ਹੇ ਦੇ ਖਡੂਰ ਸਾਹਿਬ ਨਗਰ ਤੋਂ 9 ਕਿ.ਮੀ. ਦੱਖਣ-ਪੱਛਮ ਵਲ ਵਸਿਆ ਇਕ ਪਿੰਡ , ਜਿਸ ਵਿਚ ‘ਗੁਰਦੁਆਰਾ ਦੂਸਰੀ ਪਾਤਿਸ਼ਾਹੀ’ ਬਣਿਆ ਹੋਇਆ ਹੈ। ਸਥਾਨਕ ਰਵਾਇਤ ਅਨੁਸਾਰ ਇਕ ਵਾਰ ਬਾਰਸ਼ ਨ ਹੋਣ ਕਾਰਣ ਸੋਕਾ ਪੈ ਗਿਆ। ਪਿੰਡ ਵਾਸੀ ਦਾਦੂ ਨਾਂ ਦੇ ਇਕ ਤਪੇ ਪਾਸ ਉਪਾ ਪੁਛਣ ਲਈ ਗਏ ਜੋ ਖਡੂਰ ਸਾਹਿਬ ਵਿਚ ਹੀ ਰਹਿੰਦਾ ਸੀ। ਉਸ ਨੇ ਈਰਖਾਵਸ ਲੋਕਾਂ ਨੂੰ ਕਿਹਾ ਕਿ ਜਦ ਤਕ ਗੁਰੂ ਅੰਗਦ ਇਸ ਪਿੰਡ ਵਿਚ ਰਹਿੰਦਾ ਹੈ, ਤਦ ਤਕ ਬਰਖਾ ਨਹੀਂ ਹੋ ਸਕਦੀ। ਲੋਕਾਂ ਨੇ ਇਹ ਗੱਲ ਗੁਰੂ ਜੀ ਨੂੰ ਜਾ ਕਹੀ। ਗੁਰੁ ਜੀ ਉਥੋਂ ਰਾਤੋਂ-ਰਾਤ ਚਲ ਕੇ ‘ਤੁੜ’ ਪਿੰਡ ਵਾਲੀ ਥਾਂ’ਤੇ ਆ ਕੇ ਬੈਠ ਗਏ। ਇਥੋਂ ‘ਖ਼ਾਨ ਛਾਪਰੀ ’ ਪਿੰਡ ਦੇ ਲੋਕ ਗੁਰੂ ਜੀ ਨੂੰ ਆਪਣੇ ਪਿੰਡ ਲੈ ਗਏ। ਉਥੇ ਕੁਝ ਸਮਾਂ ਰਹਿ ਕੇ ਗੁਰੂ ਜੀ ਭਰੋਵਾਲ ਪਹੁੰਚ ਗਏ। ਖਡੂਰ ਸਾਹਿਬ ਦੇ ਨਿਵਾਸੀਆਂ ਨੇ ਆਪਣੀ ਭੁਲ ਨੂੰ ਮਹਿਸੂਸ ਕੀਤਾ ਅਤੇ ਬੇਨਤੀ ਕਰਕੇ ਗੁਰੂ ਜੀ ਨੂੰ ਖਡੂਰ ਸਾਹਿਬ ਤੋਂ ਵਾਪਸ ਲੈ ਆਏ।

            ਤੁੜ ਪਿੰਡ ਵਿਚ ਪਹਿਲਾ ਇਕ ਸਾਧਾਰਣ ਜਿਹਾ ਸਮਾਰਕ ਸੀ। ਵੀਹਵੀਂ ਸਦੀ ਦੇ ਆਰੰਭ ਵਿਚ ਭਾਈ ਨੱਥਾ ਸਿੰਘ ਨੇ ਇਥੇ ਗੁਰਦੁਆਰਾ ਬਣਵਾਇਆ। ਇਸੇ ਸਦੀ ਦੇ ਸੱਤਵੇਂ ਦਹਾਕੇ ਵਿਚ ਇਥੋਂ ਦੀ ਸੰਗਤ ਨੇ ਕਾਰ-ਸੇਵਾ ਰਾਹੀਂ ਨਵੀਂ ਇਮਾਰਤ ਉਸਾਰ ਲਈ ਹੈ। ਇਸ ਗੁਰੂ-ਧਾਮ ਦੀ ਵਿਵਸਥਾ ਵੀ ਸਥਾਨਕ ਸੰਗਤ ਹੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਤੁੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੁੜ : ਪੰਜਾਬ (ਭਾਰਤ) ਰਾਜ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਦੇ ਥਾਣਾ ਸਰਹਾਲੀ ਵਿਚ ਇਕ ਪਿੰਡ ਹੈ ਜਿਹੜਾ ਤਰਨਤਾਰਨ ਸ਼ਹਿਰ ਤੋਂ 13 ਕਿ. ਮੀ. ਦੂਰ ਸਥਿਤ ਹੈ। ਇਹ ਪਿੰਡ ਇਕ ਧਾਰਮਕ ਸਥਾਨ ਹੋਣ ਕਾਰਨ ਮਸ਼ਹੂਰ ਹੈ। ਪਿੰਡ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਕ ਗੁਰਦੁਆਰਾ ਸੁਸ਼ੋਭਿਤ ਹੈ।

ਇਕ ਵਾਰ ਅਜਿਹੀ ਔੜ ਲੱਗੀ ਕਿ ਕਾਫੀ ਦੇਰ ਤੱਕ ਵਰਖਾ ਨਾ ਹੋਈ। ਲੋਕ ਇਕੱਠੇ ਹੋ ਕੇ ਦਾਦੂ ਨਾਂ ਦੇ ਤਪੇ ਕੋਲ ਗਏ, ਜੋ ਖਡੂਰ ਸਾਹਿਬ ਰਹਿੰਦਾ ਹੁੰਦਾ ਸੀ। ਲੋਕਾਂ ਨੇ ਤਪੇ ਕੋਲ ਵਰਖਾ ਲਈ ਬੇਨਤੀ ਕੀਤੀ। ਉਸਨੇ ਅਗੋਂ ਕਿਹਾ ਕਿ ਜਦੋਂ ਤੱਕ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿਚ ਵੱਸਦੇ ਹਨ ਉਦੋਂ ਤੱਕ ਵਰਖਾ ਨਹੀਂ ਹੋਵੇਗੀ। ਜੇ ਉਹ ਇਥੋਂ ਚਲੇ ਜਾਣ ਤਾਂ ਵਰਖਾ ਹੋਵੇਗੀ। ਇਹ ਗੱਲ ਲੋਕਾਂ ਨੇ ਗੁਰੂ ਜੀ ਨੂੰ ਜਾ ਦੱਸੀ। ਇਹ ਗੱਲ ਸੁਣ ਕੇ ਗੁਰੂ ਜੀ ਰਾਤ ਨੂੰ ਇਕੱਲੇ ਹੀ ਖਡੂਰ ਸਾਹਿਬ ਤੋਂ ਚਲ ਕੇ ਤੁੜ ਪਿੰਡ ਆ ਬਿਰਾਜਮਾਨ ਹੋਏ। ਇਸ ਪਿੰਡ ਤੋਂ ਛਪਾਰੀ ਪਿੰਡ ਦੇ ਲੋਕ ਗੁਰੂ ਜੀ ਨੂੰ ਆਪਣੇ ਨਾਲ ਲੈ ਗਏ। ਗੁਰੂ ਜੀ ਥੋੜ੍ਹੀ ਦੇਰ ਉਥੇ ਰਹੇ, ਇਸ ਤੋਂ ਬਾਅਦ ਭਰੋਵਾਲ ਪਿੰਡ ਚਲੇ ਗਏ। ਉਦੋਂ ਤੀਕ ਖਡੂਰ ਸਾਹਿਬ ਦੇ ਲੋਕਾਂ ਨੂੰ ਸਹੀ ਗਿਆਨ ਹੋ ਗਿਆ ਤੇ ਉਨ੍ਹਾਂ ਨੇ ਜਾ ਕੇ ਗੁੂਰ ਸਾਹਿਬ ਤੋਂ ਖਿਮਾ ਮੰਗੀ। ਇਸ ਤੇ ਉਹ ਉਨ੍ਹਾਂ ਦੀ ਬੇਨਤੀ ਤੇ ਮੁੜ ਖਡੂਰ ਸਾਹਿਬ ਪਰਤ ਆਏ।

ਅੱਜਕੱਲ੍ਹ ਪਿੰਡ ਵਿਚ ਇਕ ਮੁੱਢਲਾ ਸਿਹਤ ਕੇਂਦਰ, ਸਕੂਲ ਅਤੇ ਡਾਕਘਰ ਹੈ।

ਆਬਾਦੀ –2,332 (1981)


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-21-04-43-10, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 599; ਡਿਸਟ੍ਰਿਕਟ ਸੈਂਸਜ਼ ਹੈਂਡ ਬੁਕ-ਅੰਮ੍ਰਿਤਸਰ-ਡਿਸਟ੍ਰਿਕਟ

ਤੁੜ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਤੁੜ : ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੀ ਤਰਨਤਾਰਨ ਤਹਿਸੀਲ ਵਿਚ ਤਰਨਤਾਰਨ ਤੋਂ 13 ਕਿ. ਮੀ. ਦੀ ਦੂਰੀ ਉੱਤੇ ਸਥਿਤ ਹੈ। ਇਥੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਸੁਸ਼ੋਭਿਤ ਹੈ।

ਪ੍ਰਚੱਲਿਤ ਸਾਖੀ ਅਨੁਸਾਰ ਇਕ ਵਾਰ ਅਜਿਹੀ ਔੜ ਲੱਗੀ ਕਿ ਮੀਂਹ ਦੀ ਕਣੀ ਵੀ ਨਾ ਡਿੱਗੀ। ਚਾਰ ਚੁਫ਼ੇਰੇ ਹਾਹਾਕਾਰ ਮਚ ਗਈ। ਸਾਰੇ ਲੋਕ ਇਕੱਠੇ ਹੋ ਕੇ ਖਡੂਰ ਵਿਖੇ ਰਹਿ ਰਹੇ ਤਪੇ ਪਾਸ ਆਏ ਅਤੇ ਵਰਖਾ ਲਈ ਬੇਨਤੀ ਕੀਤੀ । ਉਸ ਨੇ ਈਰਖਾ ਵਸ ਲੋਕਾਂ ਨੂੰ ਕਿਹਾ , “ਜਦ ਤਕ ਗੁਰੂ ਅੰਗਦ ਦੇਵ ਇਥੇ ਵਸਦੇ ਹਨ ਤਦ ਤਕ ਵਰਖਾ ਨਹੀਂ ਪਵੇਗੀ। ਜੇਕਰ ਉਹ ਇਥੋਂ ਚਲੇ ਜਾਣ ਤਾਂ ਵਰਖਾ ਹੋ ਜਾਵੇਗੀ " ਇਹ ਗੱਲ ਲੋਕਾਂ ਨੇ ਜਾ ਕੇ ਗੁਰੂ ਜੀ ਨੂੰ ਦੱਸੀ। ਗੁਰੂ ਜੀ ਰਾਤ ਸਮੇਂ ਖਡੂਰ ਤੋਂ ਇਕੱਲੇ ਹੀ ਚੱਲ ਕੇ ਇਥੇ ਆ ਬਿਰਾਜੇ। ਇਸ ਥਾਂ ਤੋਂ ਪਿੰਡ ਛਾਪਰੀ ਦੀ ਸੰਗਤ ਗੁਰੂ ਜੀ ਨੂੰ ਆਪਣੇ ਪਿੰਡ ਲੈ ਗਈ। ਇਥੇ ਕੁਝ ਸਮਾਂ ਠਹਿਰਣ ਉਪਰੰਤ ਗੁਰੂ ਜੀ ਖਡੂਰ ਵਾਸੀਆਂ ਦੀ ਪਸ਼ਚਾਤਾਪ ਭਰੀ ਅਰਜ਼ੋਈ ਨੂੰ ਮੰਨ ਕੇ ਪਿੰਡ ਤਰੋਵਾਲ ਹੁੰਦੇ ਹੋਏ ਮੁੜ ਖਡੂਰ ਸਾਹਿਬ ਪਧਾਰੇ ।

ਪਿੰਡ ਤੁੜ ਵਿਖੇ ਬਣੇ ਇਸ ਗੁਰਦੁਆਰੇ ਦੇ ਨਾਂ ਪਿੰਡ ਦੇ ਕੁਝ ਲੋਕਾਂ ਵੱਲੋਂ ਦਾਨ ਕੀਤੀ ਜ਼ਮੀਨ ਵੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-12-14-59, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਡਿ. ਮੈ. ਹੈ. ਬੁ. –ਅੰਮ੍ਰਿਤਸਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.