ਤੁਲਾ-ਦਾਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤੁਲਾ-ਦਾਨ: ਪੌਰਾਣਿਕ ਯੁਗ ਤੋਂ ਆਰੰਭ ਹੋਈ ਦਾਨ ਦੀ ਇਕ ਕਿਸਮ ਜੋ ਆਮ ਤੌਰ ’ਤੇ ਹਿੰਦੂਆਂ ਵਿਚ ਪ੍ਰਚਲਿਤ ਹੈ। ਇਸ ਵਿਧੀ ਅਨੁਸਾਰ ਜਿਸ ਵਿਅਕਤੀ ਨੇ ਦਾਨ ਕਰਨਾ ਹੁੰਦਾ ਹੈ, ਉਹ ਆਪਣੇ ਭਾਰ ਜਿੰਨੀ ਸਾਮਗ੍ਰੀ ਤੋਲ ਕੇ ਗ਼ਰੀਬਾਂ ਜਾਂ ਲੋੜਵੰਦਾਂ ਵਿਚ ਵੰਡਦਾ ਹੈ। ਇਸ ਨਾਲ ਗ੍ਰਹਿਆਂ ਦਾ ਪ੍ਰਭਾਵ ਖ਼ਤਮ ਹੁੰਦਾ ਹੈ। ਗ੍ਰਹਿਆਂ ਅਨੁਸਾਰ ਦਾਨ ਕੀਤੀ ਜਾਣ ਵਾਲੀ ਸਾਮਗ੍ਰੀ ਵੀ ਬਦਲਦੀ ਜਾਂਦੀ ਹੈ। ਹੀਰੇ-ਪੰਨੇ, ਸੋਨਾ-ਚਾਂਦੀ, ਧਾਤਾਂ, ਸਿੱਕੇ, ਖਾਧ-ਵਸਤੂਆਂ ਆਦਿ ਕੁਝ ਵੀ ਦਾਨ ਕੀਤਾ ਜਾ ਸਕਦਾ ਹੈ। ਕਈ ਵਾਰ ਨਿਰਸੰਤਾਨ ਲੋਕਾਂ ਵਲੋਂ ਸੰਤਾਨ ਹੋਣ ਉਤੇ ਤੁਲਾ-ਦਾਨ ਕਰਨ ਦੀ ਸੁਖਣਾ ਸੁਖੀ ਜਾਂਦੀ ਹੈ। ਮੁਗ਼ਲ ਬਾਦਸ਼ਾਹ (ਜਹਾਂਗੀਰ, ਸ਼ਾਹਜਹਾਂ ਅਤੇ ਔਰੰਗਜ਼ੇਬ) ਵੀ ਤੁਲਾ-ਦਾਨ ਕਰਨ ਵਿਚ ਵਿਸ਼ਵਾਸ ਰਖਦੇ ਦਸੇ ਗਏ ਹਨ।
ਇਹ ਰਸਮ ਪੰਜਾਬ ਵਿਚ ਵੀ ਪ੍ਰਚਲਿਤ ਸੀ। ਕਵੀ ਸ਼ਾਹ ਮੁਹੰਮਦ ਅਨੁਸਾਰ ਮਹਾਰਾਜਾ ਸ਼ੇਰ ਸਿੰਘ ਦਾ ਲੜਕਾ ਕੰਵਰ ਪ੍ਰਤਾਪ ਸਿੰਘ ਜਦੋਂ ਲਹਿਣਾ ਸਿੰਘ ਸੰਧਾਵਾਲੀਏ ਹੱਥੋਂ ਮਾਰਿਆ ਗਿਆ, ਉਦੋਂ ਉਹ ਜਵਾਲਾ ਸਿੰਘ ਦੇ ਬਾਗ਼ ਵਿਚ ਤੁਲਾ-ਦਾਨ ਕਰਵਾ ਰਿਹਾ ਸੀ— ਲਹਿਣਾ ਸਿੰਘ ਜੋ ਬਾਗ਼ ਦੀ ਤਰਫ਼ ਆਇਆ, ਅੱਗੇ ਕੌਰ ਜੋ ਹੋਮ ਕਰਾਂਵਦਾ ਸੀ।... ਸ਼ਾਹ ਮੁਹੰਮਦਾ ਓਸ ਨਾ ਇਕ ਮੰਨੀ, ਤੇਗ ਮਾਰ ਕੇ ਸੀਸ ਉਡਾਂਵਦਾ ਸੀ। ਉਂਜ ਸਿੱਖ ਧਰਮ ਵਿਚ ਇਸ ਪ੍ਰਕਾਰ ਦੇ ਦਾਨ ਕਰਨੇ ਵਰਜਿਤ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First