ਤਾਨਾਸ਼ਾਹੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Autarchy (ਓਟਾਰਕੀ) ਤਾਨਾਸ਼ਾਹੀ: ਇਕ ਤਾਨਾਸ਼ਾਹੀ (dictatorship) ਰਾਜ ਜਿਸ ਵਿੱਚ ਕਿਸੇ ਕਿਸਮ ਦਾ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਂਦਾ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਤਾਨਾਸ਼ਾਹੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਨਾਸ਼ਾਹੀ [ਨਾਂਇ] ਅਜਿਹਾ ਸ਼ਾਸਨ ਜਿਸ ਵਿੱਚ ਪੂਰੇ ਅਧਿਕਾਰ ਇੱਕੋ ਵਿਅਕਤੀ ਕੋਲ ਹੋਣ, ਨਿਰੰਕੁਸ਼ ਸ਼ਾਸਨ, ਡਿਕਟੇਟਰਸ਼ਿਪ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਾਨਾਸ਼ਾਹੀ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਤਾਨਾਸ਼ਾਹੀ : ਤਾਨਾਸ਼ਾਹੀ ਕਿਸਮ ਦੀ ਸਰਕਾਰ ਕੋਈ ਨਵੀਂ ਨਹੀਂ ਹੈ। ਇਹ ਪਰਜਾਤੰਤਰੀ ਰੋਮ ਵਿੱਚ ਇੱਕ ਸ੍ਵੀਕ੍ਰਿਤ ਵਿਵਸਥਾ ਸੀ, ਜਿੱਥੇ ਸਰਕਾਰ ਦੀ ਅਧਿਕਾਰ-ਸ਼ਕਤੀ ਆਮ ਤੌਰ ’ਤੇ ਦੋ ਪ੍ਰਧਾਨਾਂ ਵਿੱਚ ਨਿਹਿਤ ਸੀ, ਜਿਨ੍ਹਾਂ ਨੂੰ ਕੌਂਸਲ ਕਿਹਾ ਜਾਂਦਾ ਸੀ। ਲੋੜ ਪੈਣ ‘ਤੇ ਰੋਮ ਵਾਸੀ ਕੌਂਸਲਾਂ ਉੱਤੇ ਕਿਸੇ ਵਿਅਕਤੀ ਨੂੰ ਨਿਯੁਕਤ ਕਰਕੇ ਉਸਨੂੰ ਸੰਕਟ ਦਾ ਸਾਮ੍ਹਣਾ ਕਰਨ ਲਈ ਸਰਬ-ਉੱਚ ਸ਼ਕਤੀਆਂ ਸੌਂਪ ਦਿਆ ਕਰਦੇ ਸਨ। ਉਸ ਵਿਅਕਤੀ ਨੂੰ ਤਾਨਾਸ਼ਾਹ ਕਿਹਾ ਜਾਂਦਾ ਸੀ। ਸੰਕਟ ਖ਼ਤਮ ਹੋ ਜਾਣ ‘ਤੇ ਉਸ ਵਿਅਕਤੀ ਤੋਂ ਸ਼ਕਤੀਆਂ ਵਾਪਸ ਲੈ ਲਈਆਂ ਜਾਂਦੀਆਂ ਸਨ। ਇਸ ਦਾ ਭਾਵ ਇਹ ਹੈ ਕਿ ਰੋਮਨ ਤਾਨਾਸ਼ਾਹੀ ਸਿਰਫ਼ ਸੰਕਟ-ਕਾਲ ਦਾ ਸਾਮ੍ਹਣਾ ਕਰਨ ਲਈ ਅਸਥਾਈ ਬੰਦੋਬਸਤ ਹੁੰਦਾ ਸੀ। ਤਾਨਾਸ਼ਾਹ ਦੀ ਕਨੂੰਨੀ ਵਿਧੀ ਨਾਲ ਚੋਣ ਕੀਤੀ ਜਾਂਦੀ ਸੀ।
ਪਰ ਤਾਨਾਸ਼ਾਹੀ ਦਾ ਇਹ ਰੂਪ ਰੂਸ, ਇਟਲੀ ਅਤੇ ਜਰਮਨੀ ਆਦਿ ਦੇਸਾਂ ਦੀ ਆਧੁਨਿਕ ਤਾਨਾਸ਼ਾਹੀ ‘ਤੇ ਲਾਗੂ ਨਹੀਂ ਹੁੰਦਾ। ਉੱਥੇ ਕਨੂੰਨੀ ਵਿਧੀ ਨਾਲ ਤਾਨਾਸ਼ਾਹ ਦੀ ਚੋਣ ਨਹੀਂ ਕੀਤੀ ਜਾਂਦੀ ਸੀ ਬਲਕਿ ਅਚਾਨਕ ਰਾਜ ਪਲਟੇ ਕਰਕੇ ਉਹ ਸੱਤਾ ਵਿੱਚ ਆਉਂਦੇ ਸਨ। ਉਹਨਾਂ ਦੀ ਰਾਜਨੀਤਿਕ ਸ਼ਕਤੀ ਦਾ ਆਧਾਰ ਬਲ ਹੁੰਦਾ ਸੀ ਅਤੇ ਉਹ ਉਸ ਸਮੇਂ ਤੱਕ ਤਾਨਾਸ਼ਾਹ ਬਣੇ ਰਹਿੰਦੇ ਸਨ ਜਦ ਤੱਕ ਉਹ ਬਲ ਦੀ ਵਰਤੋਂ ਕਰਨ ਦੇ ਸਮਰੱਥ ਰਹਿੰਦੇ ਸਨ।
ਤਾਨਾਸ਼ਾਹ ਕਿਸੇ ਹੋਰ ਅਧਿਕਾਰ ਸ਼ਕਤੀ ਪ੍ਰਤਿ ਜਵਾਬਦੇਹ ਨਹੀਂ ਹੁੰਦਾ। ਰਾਜ ਦੀ ਸਮੁੱਚੀ ਅਧਿਕਾਰ ਸ਼ਕਤੀ ਇੱਕ ਵਿਅਕਤੀ ਜਾਂ ਦਲ ਵਿੱਚ ਨਿਹਿਤ ਹੁੰਦੀ ਹੈ। ਤਾਨਾਸ਼ਾਹ ਖ਼ੁਦ ਮੂਰਤੀਮਾਨ ਰਾਜ ਹੁੰਦਾ ਹੈ। ਉਹ ਰਾਜਨੀਤਿਕ ਵਿਰੋਧ ਨੂੰ ਪਸੰਦ ਨਹੀਂ ਕਰਦਾ ਅਤੇ ਨਿੱਜੀ ਸੁਤੰਤਰਤਾ ਦਾ ਵੈਰੀ ਹੁੰਦਾ ਹੈ। ਤਾਨਾਸ਼ਾਹ ਨੇ ਕਿਸੇ ਹੋਰ ਵਿਅਕਤੀ ਤੋਂ ਸਲਾਹ ਨਹੀਂ ਲੈਣੀ ਹੁੰਦੀ ਜਾਂ ਜਿਨ੍ਹਾਂ ਵਿਅਕਤੀਆਂ ਕੋਲੋਂ ਉਸਨੇ ਸਲਾਹ ਲੈਣੀ ਵੀ ਹੁੰਦੀ ਹੈ ਉਹ ਉਸਦੇ ਨਿੱਜੀ ਵਿਅਕਤੀ ਹੁੰਦੇ ਹਨ ਜਿਹੜੇ ਹਮੇਸ਼ਾਂ ਉਸਦੀ ਇੱਛਾ ਦੀ ਪੂਰਤੀ ਕਰਨ ਦੇ ਆਦੀ ਹੁੰਦੇ ਹਨ। ਫਲਸਰੂਪ ਉਹ ਤੁਰੰਤ ਨਿਰਨੇ ਕਰ ਸਕਦਾ ਹੈ ਅਤੇ ਇਸੇ ਕਰਕੇ ਹੀ ਸੰਕਟ ਦਾ ਯੋਗਤਾ ਪੂਰਵਕ ਸਾਮ੍ਹਣਾ ਕਰਨ ਵਿੱਚ ਸਮਰੱਥ ਹੁੰਦਾ ਹੈ। ਤਾਨਾਸ਼ਾਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਸ੍ਵੈ-ਇੱਛਾ ਨਾਲ ਕਰਦਾ ਹੈ ਅਤੇ ਉਸਦਾ ਹਰੇਕ ਆਦੇਸ਼ ਕਨੂੰਨ ਵਾਂਗ ਹੁੰਦਾ ਹੈ। ਤਾਨਾਸ਼ਾਹੀ ਵਿੱਚ ਵਿਭਿੰਨ ਦਲਾਂ ਦੀ ਹੋਂਦ ਨਹੀਂ ਹੁੰਦੀ ਬਲਕਿ ਤਾਨਾਸ਼ਾਹ ਦਾ ਆਪਣਾ ਦਲ ਹੀ ਹੋਂਦ ਵਿੱਚ ਰਹਿ ਸਕਦਾ ਹੈ। ਇਸ ਦਲ ਦਾ ਨੇਤਾ ਵੀ ਤਾਨਾਸ਼ਾਹ ਹੀ ਹੁੰਦਾ ਹੈ ਜੋ ਕਿ ਹਰ ਕਿਸਮ ਦੇ ਵਿਰੋਧੀਆਂ ਨੂੰ ਸਖ਼ਤੀ ਨਾਲ ਕੁਚਲ ਦਿੰਦਾ ਹੈ। ਤਾਨਾਸ਼ਾਹ ਕਿਸੇ ਵਿਰੋਧੀ ਨੂੰ ਸਹਿਨ ਨਹੀਂ ਕਰਦਾ। ਤਾਨਾਸ਼ਾਹ ਆਪਣੀ ਪਰਜਾ ਨੂੰ ਨਾਂ-ਮਾਤਰ ਹੀ ਅਧਿਕਾਰ ਪ੍ਰਦਾਨ ਕਰਦਾ ਹੈ ਪਰ ਉਹਨਾਂ ਕੋਲੋਂ ਕਰਤੱਵਾਂ ਦੀ ਪਾਲਣਾ ਦੀ ਵਧੇਰੇ ਆਸ ਰੱਖਦਾ ਹੈ। ਅਧਿਕਾਰਾਂ ਦੀ ਸੁਰੱਖਿਆ ਨਿਆਂਪਾਲਿਕਾ ਦੀ ਥਾਂ ਤਾਨਾਸ਼ਾਹ ਦੀ ਇੱਛਾ ਉੱਤੇ ਆਧਾਰਿਤ ਹੁੰਦੀ ਹੈ। ਵਿਅਕਤੀ ਤੋਂ ਕਰਤੱਵਾਂ ਦੀ ਪਾਲਣਾ ਜ਼ੋਰ-ਜ਼ਬਰਦਸਤੀ ਨਾਲ ਕਰਵਾਈ ਜਾਂਦੀ ਹੈ। ਆਪਣੀ ਸੱਤਾ ਨੂੰ ਕਾਇਮ ਰੱਖਣ ਦੇ ਲਈ ਤਾਨਾਸ਼ਾਹ ਹਮੇਸ਼ਾਂ ਅਜਿਹੇ ਹਾਲਾਤ ਪੈਦਾ ਕਰ ਦਿੰਦਾ ਹੈ, ਜਿਸ ਕਰਕੇ ਅਕਸਰ ਗੁਆਂਢੀ ਦੇਸਾਂ ਨਾਲ ਯੁੱਧ ਦਾ ਵਾਤਾਵਰਨ ਬਣਿਆ ਰਹੇ। ਉਹ ਅਜਿਹਾ ਇਸ ਲਈ ਕਰਦਾ ਹੈ ਤਾਂ ਕਿ ਲੋਕਾਂ ਦਾ ਧਿਆਨ ਸ਼ਾਸਨ ਦੀਆਂ ਬੁਰਾਈਆਂ ਤੋਂ ਹਟ ਕੇ ਯੁੱਧ ਵੱਲ ਲਗਾਇਆ ਜਾ ਸਕੇ। ਦੇਸ ਦੇ ਅੰਦਰ ਹਰੇਕ ਸਮੱਸਿਆ ਦਾ ਹੱਲ ਸ਼ਕਤੀ ਦੀ ਵਰਤੋਂ ਕਰਕੇ ਹੀ ਕੀਤਾ ਜਾਂਦਾ ਹੈ। ਤਾਨਾਸ਼ਾਹੀ ਸ਼ਾਸਨ ਪ੍ਰਨਾਲੀ ਵਿੱਚ ਵਿਅਕਤੀ ਨੂੰ ਉਦੇਸ਼ਾਂ ਦੀ ਪ੍ਰਾਪਤੀ ਦਾ ਸਾਧਨ ਮੰਨਿਆ ਜਾਂਦਾ ਹੈ। ਤਾਨਾਸ਼ਾਹ ਆਪਣੇ ਦੇਸ ਤੇ ਆਪਣੇ ਵੰਸ਼ ਦੀ ਪ੍ਰਮੁਖਤਾ ਉੱਤੇ ਵਧੇਰੇ ਵਿਸ਼ਵਾਸ ਕਰਦੇ ਹਨ ਅਤੇ ਦੂਜਿਆਂ ਨੂੰ ਹਰ ਪੱਖੋਂ ਘਟੀਆ ਸਮਝਦੇ ਹਨ। ਤਾਨਾਸ਼ਾਹ ਲਈ ਅੰਤਰਰਾਸ਼ਟਰੀ ਜਨਮਤ ਦੀ ਕੋਈ ਮਹੱਤਤਾ ਨਹੀਂ ਹੁੰਦੀ ਹੈ। ਆਪਣੇ ਉਦੇਸ਼ਾਂ ਦੀ ਪੂਰਤੀ ਲਈ ਉਹ ਅੰਤਰਰਾਸ਼ਟਰੀ ਕਨੂੰਨਾਂ, ਅੰਤਰਰਾਸ਼ਟਰੀ ਸੰਧੀਆਂ ਅਤੇ ਅੰਤਰਰਾਸ਼ਟਰੀ ਜਨਮਤ ਨੂੰ ਭੰਗ ਕਰਨ ਵਿੱਚ ਰੱਤੀ ਭਰ ਵੀ ਸੰਕੋਚ ਨਹੀਂ ਕਰਦੇ।
ਇਹ ਠੀਕ ਹੈ ਕਿ ਤਾਨਾਸ਼ਾਹ ਕੋਲ ਸਾਰੀਆਂ ਸ਼ਕਤੀਆਂ ਹੋਣ ਕਰਕੇ, ਸ਼ਾਸਨ ਵਿੱਚ ਸਥਿਰਤਾ ਦਾ ਆਉਣਾ ਸੁਭਾਵਿਕ ਹੈ। ਕਰਮਚਾਰੀ ਤੇ ਅਧਿਕਾਰੀ ਡਰ ਦੀ ਭਾਵਨਾ ਕਰਕੇ ਯੋਗਤਾ ਨਾਲ ਕੰਮ ਕਰਦੇ ਹਨ, ਜਿਸ ਨਾਲ ਸ਼ਾਸਨ ਕੁਸ਼ਲ ਬਣ ਜਾਂਦਾ ਹੈ। ਯੋਜਨਾਵਾਂ ਨੂੰ ਤੁਰੰਤ ਅਪਣਾਉਣ ਤੇ ਪੂਰਾ ਕਰਨ ਦੇ ਆਦੇਸ਼ ਦੇਣ ਨਾਲ ਆਰਥਿਕ ਵਿਕਾਸ ਵਧੇਰੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸੰਕਟਕਾਲ ਲਈ ਵੀ ਢੁੱਕਵੀਂ ਹੈ। ਚੋਣਾਂ ਦੀ ਅਣਹੋਂਦ ਕਰਕੇ ਘੱਟ ਖ਼ਰਚੀਲੀ ਹੁੰਦੀ ਹੈ। ਰਾਸ਼ਟਰੀ ਚਰਿੱਤਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਸ਼ਕਤੀਸ਼ਾਲੀ ਹੋਣ ਕਰਕੇ ਅੰਤਰਰਾਸ਼ਟਰੀ ਖੇਤਰ ਵਿੱਚ ਇੱਕ ਪਾਸੇ ਦੂਜੇ ਦੇਸ ਆਦਰ ਕਰਦੇ ਹਨ ਅਤੇ ਛੋਟੇ ਦੇਸ ਉਸ ਤੋਂ ਡਰਦੇ ਰਹਿੰਦੇ ਹਨ।
ਪਰ ਵੇਖਣ ਵਿੱਚ ਆਇਆ ਹੈ ਕਿ ਤਾਨਾਸ਼ਾਹ ਆਪਣੇ-ਆਪ ਨੂੰ ਸਥਿਰ ਰੱਖਣ ਦੇ ਲਈ ਸ਼ਕਤੀ ਦੀ ਦੁਰਵਰਤੋਂ ਕਰਦਾ ਹੈ। ਉਹ ਸ਼ਕਤੀ ਦੀ ਵਰਤੋਂ ਆਮ ਲੋਕਾਂ ਦੀ ਭਲਾਈ ਦੀ ਥਾਂ ਆਪਣੇ ਜਾਂ ਆਪਣੇ ਸਮਰਥਕਾਂ ਦੇ ਹਿਤਾਂ ਲਈ ਕਰਦਾ ਹੈ। ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ ਬਣ ਜਾਂਦਾ ਹੈ। ਅਨੁਸ਼ਾਸਨ, ਬਲੀਦਾਨ, ਆਗਿਆਪਣ ਤੇ ਜ਼ਿਆਦਾ ਜੋਰ ਦਿੱਤੇ ਜਾਣ ਕਰਕੇ ਨਿੱਜੀ ਸੁਤੰਤਰਤਾਵਾਂ ਤੇ ਅਧਿਕਾਰ ਸੁਰੱਖਿਅਤ ਨਹੀਂ ਰਹਿੰਦੇ, ਇਸ ਕਰਕੇ ਵਿਅਕਤੀ ਦੀ ਕੋਈ ਮਹੱਤਤਾ ਨਹੀਂ ਹੁੰਦੀ। ਕਿਉਂਕਿ ਤਾਨਾਸ਼ਾਹ ਕਿਸੇ ਨਿਸ਼ਚਿਤ ਵਿਧੀ ਅਨੁਸਾਰ ਨਿਯੁਕਤ ਨਹੀਂ ਕੀਤਾ ਜਾਂਦਾ ਜਿਸ ਕਰਕੇ ਉੱਤਰ-ਅਧਿਕਾਰੀ ਚੁਣਨ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਸਮੱਸਿਆ ਕਰਕੇ ਹੀ ਕਈ ਵੇਰਾਂ ਗ੍ਰਹਿ-ਯੁੱਧ ਹੋਣ ਦਾ ਡਰ ਬਣਿਆ ਰਹਿੰਦਾ ਹੈ। ਤਾਨਾਸ਼ਾਹੀ ਲੋਕਤੰਤਰੀ ਭਾਵਨਾਵਾਂ ਦੇ ਵਿਰੁੱਧ ਹੁੰਦੀ ਹੈ।
ਤਾਨਾਸ਼ਾਹੀ ਰਾਜ ਕੋਈ ਚੰਗਾ ਰਾਜ ਨਹੀਂ ਮੰਨਿਆ ਜਾਂਦਾ ਕਿਉਂਕਿ ਇਸ ਪ੍ਰਨਾਲੀ ਵਿੱਚ ਵਿਅਕਤੀਆਂ ਦੀ ਸ਼ਖ਼ਸੀਅਤ ਦਾ ਵਿਕਾਸ ਸੰਭਵ ਨਹੀਂ ਹੁੰਦਾ। ਦੋਨੋਂ ਮਹਾਂਯੁੱਧ ਤਾਨਾਸ਼ਾਹੀ ਸ਼ਾਸਨ ਵਿਵਸਥਾ ਦਾ ਹੀ ਸਿੱਟਾ ਸਨ। ਤਾਨਾਸ਼ਾਹੀ ਸਰਕਾਰ ਭਵਿਖ ਵਿੱਚ ਵੀ ਮਨੁੱਖਤਾ ਦੀ ਸੁਰੱਖਿਆ ਦੇ ਲਈ ਖ਼ਤਰਾ ਹੀ ਹੈ। ਮੌਜੂਦਾ ਲੋਕਤੰਤਰੀ ਯੁੱਗ ਵਿੱਚ ਤਾਨਾਸ਼ਾਹੀ ਸ਼ਾਸਨ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ ਹੈ।
ਲੇਖਕ : ਵਰਿੰਦਰ ਸਿੰਘ ਮਿੱਤਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-24-03-47-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First