ਤਾਂਬਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਂਬਾ (ਨਾਂ,ਪੁ) ਭੋਂਏਂ ਵਿੱਚੋਂ ਨਿਕਲਣ ਵਾਲੀ ਇੱਕ ਧਾਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤਾਂਬਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Copper (ਕੋਪਅਰ) ਤਾਂਬਾ: ਮਨੁੱਖ ਦੁਆਰਾ ਸਭ ਤੋਂ ਪਹਿਲਾਂ ਵਰਤੀ ਜਾਣ ਵਾਲੀ ਧਾਤ ਜਿਸ ਨੂੰ ਗਹਿਣੇ ਅਤੇ ਬਰਤਨ ਬਣਾਉਣ ਵਾਸਤੇ ਵਰਤਿਆ ਜਾਂਦਾ ਸੀ। ਇਸ ਨੂੰ ਕਲੀ ਨਾਲ ਮਿਲਾ ਕੇ ਕਾਂਸੀ ਵੀ ਬਣਾਈ ਜਾਂਦੀ ਹੈ। ਇਸ ਦੇ ਭਰਪੂਰ ਉਪਯੋਗ ਕਾਲ ਨੂੰ ਤਾਂਬਾ ਯੁੱਗ (Bronze Age) ਕਹਿੰਦੇ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਤਾਂਬਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਂਬਾ [ਨਾਂਪੁ] ਲਾਲ ਜਿਹੇ ਰੰਗ ਦੀ ਇੱਕ ਧਾਤ , ਕਾੱਪਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਾਂਬਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਂਬਾ ਸੰ. ਤਾਮ੍ਰ. ਸੰਗ੍ਯਾ—ਇੱਕ ਧਾਤੁ, ਜਿਸ ਦੇ ਸੰਸਕ੍ਰਿਤ ਨਾਮ ਤਾਮ੍ਰਕ, ਤਪਨੇ, ਰਕਤ੍ਤਧਾਤੁ ਆਦਿ ਹਨ. Copper. “ਪਾਰਸ ਕੇ ਸੰਗਿ ਤਾਬਾ ਬਿਗਰਿਓ.” (ਭੈਰ ਕਬੀਰ) “ਕਿਨਹੀ ਬਨਜਿਆ ਕਾਸੀ ਤਾਂਬਾ.” (ਕੇਦਾ ਕਬੀਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਾਂਬਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤਾਂਬਾ (ਸੰ.। ਸੰਸਕ੍ਰਿਤ ਤਾਮ੍ਰ। ਪੰਜਾਬੀ ਤਾਮਾ, ਤਾਂਬਾ) ਤਾਂਬਾ ਇਕ ਧਾਤੂ ਹੈ, ਸੁਰਖੀ ਭਾ ਦੇ ਰੰਗ ਦਾ। ਪਿੱਤਲ ਇਸੇ ਤੋਂ ਬਣਦਾ ਹੈ ਜਿਸਤ ਦੇ ਮੇਲ ਨਾਲ। ਯਥਾ-‘ਪਾਰਸ ਕੈ ਸੰਗਿ ਤਾਂਬਾ ਬਿਗਰਿਓ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3643, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਤਾਂਬਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤਾਂਬਾ : ਇਹ ਇਕ ਧਾਤਵੀ ਤੱਤ ਹੈ ਜਿਸਦਾ ਪਰਮਾਣੂ ਨੰਬਰ 29 ਅਤੇ ਪਰਮਾਣੂ ਭਾਰ 63.54 ਹੈ। ਤਾਂਬਾ ਸਭ ਤੋਂ ਪਹਿਲਾਂ ਲੱਭੀਆਂ ਅਤੇ ਵਰਤੀਆਂ ਜਾਣ ਵਾਲੀਆਂ ਧਾਤਾਂ ਵਿਚੋਂ ਇਕ ਹੈ। ਰਸਾਇਣ ਵਿਗਿਆਨੀ ਇਸਨੂੰ ਉਤੱਮ ਧਾਤ ਮੰਨਦੇ ਹਨ ਕਿਉਂਕਿ ਇਹ ਧਾਤ ਨਾ ਤਾਂ ਖੁਰਦੀ ਹੈ ਅਤੇ ਨਾ ਹੀ ਇਸਦਾ ਆੱਕਸੀਕਰਣ ਹੁੰਦਾ ਹੈ।
ਇਸਦੀ ਬਿਜਲੀ ਅਤੇ ਗਰਮੀ ਚਾਲਕਤਾ, ਪਲਾਸਟਿਕਤਾ ਕਾਰਨ ਅਤੇ ਖੋਰ ਸਹਿ ਹੋਣ ਕਰਕੇ ਇਸਨੂੰ ਇੰਜਨੀਅਰਿੰਗ ਦੇ ਸਮਾਨ ਵਿਚ ਵਰਤਿਆ ਜਾਂਦਾ ਹੈ। ਤਾਂਬਾ ਇਕ ਬਹੁਤ ਹੀ ਜ਼ਿਆਦਾ ਉਪਯੋਗੀ ਧਾਤ ਹੈ। ਇਹ ਧਾਤ ਸਭ ਤੋਂ ਪਹਿਲਾਂ ਪਿਛਲੇਰੇ ਪੱਥਰ ਯੁੱਗ ਵਿਚ ਨੀਓਲੀਥਿਕ (Neolithic) ਮਨੁੱਖ ਦੁਆਰਾ ਖੋਜੀ ਅਤੇ ਵਰਤੀ ਗਈ ਸੀ ਭਾਵੇਂ ਇਸਦੀ ਖੋਜ ਦਾ ਅਸਲੀ ਸਮਾਂ ਪਤਾ ਨਹੀਂ ਪਰ ਇਸ ਦਾ 8000 ਈ. ਪੂ. ਦੇ ਲਗਭਗ ਦਾ ਸਮਾਂ ਮੰਨਿਆ ਜਾਂਦਾ ਹੈ।
ਨੀਓਲੀਥਿਕ ਮਨੁੱਖ ਨੇ ਪਹਿਲਾਂ ਇਸ ਧਾਤ ਨੂੰ ਪੱਥਰ ਦੀ ਥਾਂ ਤੇ ਵਰਤਿਆ ਅਤੇ ਬਾਅਦ ਵਿਚ ਇਸ ਤੋਂ ਹਥੌੜੇ, ਚਾਕੂ ਅਤੇ ਬਰਤਨ ਵੀ ਬਣਾਏ ਜਾਣ ਲੱਗ ਪਏ। ਇਸ ਵਸਤੂ ਦੀ ਕੁਟੀਣਯੋਗਤਾ ਕਰਕੇ ਇਯਨੂੰ ਕਿਸੇ ਵੀ ਆਕਾਰ ਵਿਚ ਬਦਲਿਆ ਜਾ ਸਕਦਾ ਹੈ। ਇਸ ਧਾਤ ਨੂੰ ਕੁੱਟ ਕੇ ਇਸਦੇ ਔਜ਼ਾਰ ਬਣਾਏ ਜਾਂਦੇ ਹਨ। ਇਸਦੇ ਸਦੀਵੀ ਗੁਣਾਂ ਅਤੇ ਚਮਕਦਾਰ ਰੰਗ ਕਾਰਨ ਇਹ ਧਾਤ ਬਹੁਤ ਮਹਿੰਗੀ ਹੁੰਦੀ ਹੈ।
ਪ੍ਰਾਚੀਨ ਸਮੇਂ ਵਿਚ ਤਾਂਬੇ ਦਾ ਸਭ ਤੋਂ ਜ਼ਿਆਦਾ ਵਿਕਾਸ ਮਿਸਰ ਵਿਚ ਹੋਇਆ। 5000 ਈ. ਪੂ. ਵਿਚ ਕਬਰਾਂ ਵਿਚੋਂ ਮਿਲੇ ਮੁਰਦੇ ਦੇ ਨਾਲ ਰੱਖੇ ਗਏ ਹਥਿਆਰ ਅਤੇ ਔਜ਼ਾਰ ਵੀ ਤਾਂਬੇ ਦੇ ਹੀ ਸਨ। 3800 ਈ. ਪੂ. ਵਿਚ ਸਨੇਫ਼ਰ ਰਾਜੇ ਨੇ ਸਿਨਾਈ ਪੈਨਿਨਸੁਲਾ ਦੀਆਂ ਖਾਣਾਂ ਵਿਚ ਹੁੰਦੇ ਕੰਮ ਸਬੰਧੀ ਪੱਕੇ ਪ੍ਰਮਾਣ ਲੱਭੇ। ਇਸੇ ਹੀ ਸਮੇਂ ਵਿਚ ਕਾਂਸੀ ਦੀ ਵਰਤੋਂ ਦਾ ਆਰੰਭ ਹੋਇਆ। ਇਸ ਧਾਤ ਦੀ ਉਤਪਤੀ 3700 ਈ. ਪੂ. ਦੇ ਮੰਨੀ ਗਈ ਹੈ ਅਤੇ ਇਹ ਤਾਂਬੇ ਅਤੇ ਕਲੱਈ ਦਾ ਮਿਸ਼ਰਣ ਹੈ। 3000 ਈ. ਪੂ. ਦੇ ਲਗਭਗ ਸਾਈਪਰਸ ਦੇ ਟਾਪੂ ਵਿਚ ਤਾਂਬਾ ਬਹੁਤ ਜ਼ਿਆਦਾ ਮਾਤਰਾ ਵਿਚ ਮਿਲਿਆ।
ਰੋਮ ਵਿਚ ਇਸ ਧਾਤ ਦੀਆਂ ਸਾਰੀਆਂ ਲੋੜਾਂ ਇਸੇ ਟਾਪੂ ਤੋਂ ਮਿਲਣ ਵਾਲੇ ਤਾਂਬੇ ਤੋਂ ਪੂਰੀਆਂ ਹੋਈਆਂ। ਇਸ ਧਾਤ ਨੂੰ ਆਇਸ ਸਾਈਪਰਸ (ਸਾਈਪਰਸ ਦੀ ਕੱਚੀ ਧਾਤ) ਕਿਹਾ ਜਾਣ ਲੱਗ ਪਿਆ। ਇਸ ਨਾਂ ਨੂੰ ਛੋਟਾ ਕਰਕੇ ਸਾਈਪਰੀਅਮ ਕਿਹਾ ਜਾਣ ਲਗ ਪਿਆ ਅਤੇ ਬਾਅਦ ਵਿਚ ਵਿਗੜਕੇ ਇਹ ਕਿਊਪਰਮ ਬਣ ਗਿਆ। ਇਸੇ ਨਾਂ ਤੋਂ ਹੀ ਤਾਂਬੇ ਦਾ ਅੰਗਰੇਜ਼ੀ ਅਤੇ ਰਸਾਇਣਿਕ ਨਾਂ ਕਾਪਰ ਪਿਆ। ਏਸ਼ੀਆਂ ਵਿਚ ਤਾਂਬੇ ਅਤੇ ਕਾਂਸੀ ਦੀ ਵਰਤੋਂ ਕਦੋਂ ਕੀਤੀ ਗਈ? ਇਸ ਬਾਰੇ ਕੁਝ ਪਤਾ ਨਹੀਂ। ਚੀਨ ਵਿਚ ਇਸ ਦਾ ਉਪਯੋਗ 2500 ਈ. ਪੂ. ਵਿਚ ਕੀਤਾ ਗਿਆ। ਅਮਰੀਕਾ ਵਿਚ ਤਾਂਬੇ ਦੀ ਹੋਂਦ 100-200 ਈ. ਦੇ ਵਿਚਕਾਰ ਹੋਈ। ਜਦੋਂ ਮਨੁੱਖ ਨੇ ਆਪਣੇ ਹਥਿਆਰ ਲੋਹੇ ਅਤੇ ਸਟੀਲ ਦੇ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਤਾਂਬਾ ਹੋਰ ਮੰਤਵ ਲਈ ਵਰਤਿਆ ਜਾਣ ਲਗ ਪਿਆ। ਤਾਂਬਾ ਇਕ ਜ਼ਿਆਦਾ ਚਲਣਵਾਲੀ, ਖ਼ੂਬਸੂਰਤ ਧਾਤ ਹੈ ਇਸ ਕਰਕੇ ਇਹ ਘਰੇਲੂ ਬਰਤਨਾਂ ਲਈ ਵਰਤੀ ਜਾਂਦੀ ਹੈ। ਇਸ ਦੇ ਖੋਰ ਸਹਿ ਹੋਣ ਕਰਕੇ ਇਹ ਪਾਣੀ ਵਾਲੀਆਂ ਪਾਈਪਾਂ ਲਈ ਵੀ ਵਰਤਿਆ ਜਾਂਦਾ ਹੈ।
ਪ੍ਰਾਪਤੀ ਸਥਾਨ – ਪ੍ਰਕਿਰਤੀ ਵਿਚ ਤਾਂਬਾ ਵਿਸਤ੍ਰਿਤ ਅਤੇ ਕਈ ਅਜੀਬ ਥਾਵਾਂ ਤੇ ਮਿਲਦਾ ਹੈ। ਇਹ ਬਹੁਤ ਸਾਰੀਆਂ ਚਟਾਨਾਂ, ਕਈ ਕਿਸਮ ਦੀਆਂ ਮਿੱਟੀਆਂ, ਮਹਾਂਸਾਗਰੀ ਚੀਕਣੀ ਮਿੱਟੀ, ਦਰਿਆਈ ਗਾਦ, ਸਮੁੰਦਰੀ ਨਦੀਨਾਂ ਦੀ ਸੁਆਹ ਅਤੇ ਹੋਰ ਬਹੁਤ ਸਾਰੇ ਪੌਦਿਆਂ ਵਿਚ, ਮਨੁੱਖੀ ਜਿਗਰ ਵਿਚ, ਬਹੁਤ ਸਾਰੇ ਮੌਲਸਕਾ ਅਤੇ ਆਰਥ੍ਰੋਪੋਡ ਪ੍ਰਾਣੀਆਂ ਜਿਵੇਂ ਕਿ ਘੋਗੇ ਅਤੇ ਮਕੱੜੀਆਂ ਆਦਿ ਵਿਚ ਮਿਲਦਾ ਹੈ। ਤਾਂਬੇ ਦੀ ਹੋਂਦ ਸੂਰਜੀ ਰੌਸ਼ਨੀ ਅਤੇ ਬਹੁਤ ਸਾਰੇ ਸਮੁੰਦਰੀ ਕੋਰਲ ਪ੍ਰਾਣੀਆਂ ਵਿਚ ਵੀ ਮੰਨੀ ਗਈ ਹੈ।
ਕੱਚੀਆਂ ਧਾਤਾਂ – ਤਾਂਬੇ ਦੀਆਂ ਕੱਚੀਆਂ ਧਾਤਾਂ ਨੂੰ 3 ਗਰੁਪਾਂ ਵਿਚ ਵੰਡਿਆ ਜਾਂਦਾ ਹੈ।
1. ਕੁਦਰਤੀ ਤਾਂਬਾ 2. ਸਲਫ਼ਾਈਡ-ਕੱਚੀਆਂ ਧਾਤਾਂ 3. ਆੱਕਸਾਈਡ-ਕੱਚੀਆਂ ਧਾਤਾਂ
ਭਾਵੇਂ ਤਾਂਬੇ ਦੀਆਂ ਕੱਚੀਆਂ ਧਾਤਾਂ ਤੇ ਵਪਾਰਕ ਭੰਡਾਰ ਸਾਰੇ ਮਹਾਂਦੀਪਾਂ ਵਿਚ ਮਿਲਦੇ ਹਨ ਪਰ ਸੰਸਾਰ ਦੇ ਕੁਲ ਤਾਂਬੇ ਦਾ 90 ਪ੍ਰਤੀਸ਼ਤ ਹਿੱਸਾ ਚਾਰ ਮੁੱਖ ਖੇਤਰਾਂ ਵਿਚ ਮਿਲਦਾ ਹੈ। ਇਨ੍ਹਾਂ ਖੇਤਰਾਂ ਵਿਚ 1. ਸੰਯੁਕਤ ਰਾਜ ਅਮਰੀਕਾ ਦੇ ਚਟਾਨੀ ਪਹਾੜ ਅਤੇ ਗ੍ਰੇਟ ਬੇਸਿਨ 2. ਚਿੱਲੀ ਅਤੇ ਪੇਰੂ ਵਿਚ ਐਡੀਜ਼ ਪਹਾੜਾਂ ਦੀ ਪੱਛਮੀ ਢਲਾਣ 3. ਅਫ਼ਰੀਕਾ ਦੀ ਕੇਂਦਰੀ ਪਠਾਰ ਵਾਲਾ ਭਾਗ ਅਤੇ ਉੱਤਰੀ ਰੋਡੇਸ਼ੀਆ 4. ਸੈਂਟਰਲ ਕੈਨੇਡਾ ਦੇ ਖੇਤਰ ਸ਼ਾਮਲ ਹਨ। ਤਾਂਬੇ ਦੀ ਕੱਚੀ ਧਾਤ ਦਾ ਸਭ ਤੋਂ ਵੱਡਾ ਭੰਡਾਰ ਚਿੱਲੀ ਵਿਚ ਹੈ। ਇਸ ਤੋਂ ਇਲਾਵਾ ਅਲਾਸਕਾ, ਚੀਨ, ਆਸਟਰੇਲੀਆ, ਯੂਰਪ, ਉੱਤਰੀ ਅਤੇ ਦੱਖਣੀ ਅਮਰੀਕਾ ਅਤੇ ਅਫ਼ਰੀਕਾ ਵਿਚ ਵੀ ਤਾਂਬਾ ਕੁਝ ਮਾਤਰਾ ਵਿਚ ਮਿਲਦਾ ਹੈ।
ਧਾਤਕਰਮ (Metallurgy) – ਤਾਂਬੇ ਦੇ ਉਤਪਾਦਨ ਲਈ ਕਈ ਢੰਗ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਢੰਗਾਂ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਸਭ ਤੋਂ ਪਹਿਲਾਂ ਕੱਚੀ ਧਾਤ ਨੂੰ ਗਾੜ੍ਹਾ ਜਾ ਸੰਘਣਾ ਕੀਤਾ ਜਾਂਦਾ ਹੈ। ਇਸ ਨਾਲ 20-40% ਤਾਂਬੇ ਵਾਲਾ ਗਾੜ੍ਹਾ ਪਦਾਰਥ ਪ੍ਰਾਪਤ ਹੋ ਜਾਂਦਾ ਹੈ। ਇਸ ਗਾੜ੍ਹੇ ਪਦਾਰਥ ਨੂੰ ਫਿਰ ਭੁੰਨਿਆ ਜਾਂਦਾ ਹੈ ਤਾਂ ਜੋ ਇਸ ਵਿਚਲੇ ਸਲਫ਼ਰ ਤੱਤ ਨੂੰ ਘਟਾਇਆ ਜਾ ਸਕੇ। ਇਸ ਨੂੰ ਭੁੰਨਣ (Roasting) ਕਿਰਿਆ ਕਹਿੰਦੇ ਹਨ। ਇਸ ਤੋਂ ਅਗਲੀ ਕਿਰਿਆ ਨੂੰ ਗਲਣ ਕਿਰਿਆ (Smelting) ਕਹਿੰਦੇ ਹਨ। ਇਸ ਕਿਰਿਆ ਤੋਂ ਪਹਿਲਾਂ ਭੁੰਨੇ ਹੋਏ ਪਦਾਰਥ ਵਿਚ ਕੱਚਾ ਪਦਾਰਥ ਮਿਲਾ ਦਿੰਦੇ ਹਨ ਤਾਂ ਜੋ ਸਲਫ਼ਰ ਦੀ ਕੁਝ ਮਾਤਰਾ ਪ੍ਰਾਪਤ ਕੀਤੀ ਜਾ ਸਕੇ। ਗਲਣ ਕਿਰਿਆ ਝੋਕਾਂ ਭੱਠੀਆਂ ਵਿਚ ਕੀਤੀ ਜਾਂਦੀ ਹੈ ਪਰੰਤੂ ਅੱਜਕੱਲ੍ਹ ਇਸ ਦੀ ਥਾਂ ਪਰਾਵਰਤਨੀ ਗਲਣ ਕਿਰਿਆ (Reverberatory Smelting) ਢੰਗ ਵਰਤਿਆ ਜਾਂਦਾ ਹੈ। ਪਰਾਵਰਤਨੀ ਭੱਠੀ ਵਿਚ ਕੁਝ ਕੁਦਰਤੀ ਗੈਸ, ਤੇਲ ਜਾਂ ਕੋਲੇ ਦਾ ਚੂਰਾ ਜਿਹੜੀ ਚੀਜ਼ ਵੀ ਸਸਤੀ ਹੋਵੇ ਵਰਤੀ ਜਾ ਸਕਦੀ ਹੈ। ਇਸ ਦੌਰਾਨ ਹੋਣ ਵਾਲੀ ਕਿਰਿਆ ਵਿਚ ਕਾਪਰ ਆੱਕਸਾਈਡ ਅਤੇ ਆਇਰਨ ਸਲਫ਼ਾਈਡ ਮਿਲਕੇ ਕਾੱਪਰ ਸਲਫ਼ਾਈਡ ਅਤੇ ਆਇਰਨ ਆੱਕਸਾਈਡ ਬਣਾਉਂਦੇ ਹਨ। ਵਾਧੂ ਆਇਰਨ ਸਲਫ਼ਾਈਡ ਅਤੇ ਕਾੱਪਰ ਸਲਫ਼ਾਈਡ ਮਿਲਕੇ ਇਕ ਪਿਘਾਲਿਆ ਹੋਇਆ ਤਰਲ ਬਣਦਾ ਹੈ ਜਿਸ ਨੂੰ ਕਾੱਪਰ ਮੈਟ (Copper Matte) ਆਖਦੇ ਹਨ। ਇਸ ਕਿਰਿਆ ਵਿਚ ਬਣਿਆ ਆਇਰਨ ਆੱਕਸਾਈਡ ਗਾਲਕ (Flux) ਵਜੋਂ ਪਾਏ ਪਦਾਰਥ ਸਮੇਤ, ਕੱਚੀ ਧਾਤ ਵਿਚਲੇ ਸਿਲੀਕਾ ਨਾਲ ਮਿਲਕੇ ਧਾਤ ਮੈਲ ਜਾਂ ਸਲੈਗ (Slag) ਬਣਾਉਂਦਾ ਹੈ।
ਉਪਰੋਕਤ ਬਣੇ ਮੈਟ ਨੂੰ ਪਰਿਵਰਤਨ ਯੰਤਰ (Converter) ਵਿਚ ਪਾਇਆ ਜਾਂਦਾ ਹੈ। ਇਸ ਯੰਤਰ ਵਿਚ ਪਿਘਲੇ ਹੋਏ ਮੈਟ ਵਿਚੋਂ ਹਵਾ ਲੰਘਾਈ ਜਾਂਦੀ ਹੈ ਤਾਂ ਜੋ ਲੋਹੇ ਦਾ ਆੱਕਸੀਕਰਨ ਹੋ ਕੇ ਫੈਰਸ ਆਕੱਸਾਈਡ (FeO) ਬਣ ਜਾਵੇ ਜਿਹੜਾ ਕਿ ਸਿਲੀਕਾਮਈ ਗਾਲਕ (Siliccous Flux) ਪਾਉਣ ਨਾਲ ਧਾਤ ਮੈਲ ਵਜੋਂ ਵੱਖ ਕਰ ਦਿੱਤਾ ਜਾਂਦਾ ਹੈ। ਮੈਟ ਵਿਚਲੀ ਸਲਫ਼ਰ ਦਾ ਆਕੱਸੀਕਰਨ ਹੋ ਕੇ ਸਲਫ਼ਰ ਡਾਇਆੱਕਸਾਈਡ ਬਣ ਜਾਂਦੀ ਹੈ ਅਤੇ ਇਹ ਗੈਸਾਂ ਦੇ ਨਾਲ ਹੀ ਬਾਹਰ ਨਿਕਲ ਜਾਂਦੀ ਹੈ। ਤਾਂਬੇ ਨੂੰ ਢਾਲ ਲਿਆ ਜਾਂਦਾ ਹੈ ਅਤੇ ਉਸ ਦੀ ਸਤ੍ਹਾ ਖੁਰਦਰੀ ਅਤੇ ਫਫੋਲੇਦਾਰ ਜਾਪਦੀ ਹੈ ਇਸ ਕਰਕੇ ਇਸਨੂੰ ਫਫੋਲੇਦਾਰ ਤਾਂਬਾ (blister copper) ਆਖਦੇ ਹਨ।
ਫਫੋਲੇਦਾਰ ਤਾਂਬੇ ਦੀ ਫਿਰ ਇਕ ਭੱਠੀ ਵਿਚ ਕੁਝ ਸੁਧਾਈ ਕੀਤੀ ਜਾਂਦੀ ਹੈ। ਇਸਨੂੰ ਜਾਂ ਤਾ ਪਿਘਲੀ ਹੋਈ ਹਾਲਤ ਵਿਚ ਭੱਠੀ ਵਿਚ ਪਾ ਦਿੱਤਾ ਜਾਂਦਾ ਹੈ ਜਾਂ ਇਸਨੂੰ ਟਿਕੀਆਂ (cakes) ਵਿਚ ਢਾਲ ਕੇ ਭੱਠੀ ਵਿਚ ਪਾਉਣ ਉਪਰੰਤ ਦੁਬਾਰਾ ਪਿਘਲਾਉਂਦੇ ਹਨ। ਭੱਠੀ ਵਿਚ ਪਿਘਲੇ ਹੋਏ ਤਾਂਬੇ ਦੀ ਸਤ੍ਹਾ ਦੇ ਹੇਠਲੇ ਪਾਸਿਉਂ ਥੋੜ੍ਹੀ ਜਿਹੀ ਮਾਤਰਾ ਵਿਚ ਹਵਾ ਦਾਖ਼ਲ ਕੀਤੀ ਜਾਂਦੀ ਹੈ ਜਿਸ ਨਾਲ ਆੱਕਸੀਕਰਨ ਸੁਧਾਈ (oxidation refining) ਹੁੰਦੀ ਹੈ। ਗਾਲਕ ਥੋੜ੍ਹੀ ਮਾਤਰਾ ਵਿਚ ਜਾਂ ਬਿਲਕੁਲ ਨਹੀਂ ਲੋਂੜੀਂਦਾ। ਇਥੇ ਅਸ਼ੁੱਧੀਆਂ ਦਾ ਆਕੱਸੀਕਰਨ ਹੋ ਜਾਂਦਾ ਹੈ ਅਤੇ ਉਹ ਸਲੈਗ ਵਜੋਂ ਵੱਖ ਹੋ ਜਾਂਦੀਆਂ ਹਨ ਜਾਂ ਗੈਸਾਂ ਦੇ ਰੂਪ ਵਿਚ ਬਾਹਰ ਨਿਕਲ ਜਾਂਦੀਆਂ ਹਨ। ਤਾਂਬੇ ਨੂੰ ਐਨੋਡਾਂ ਵਿਚ ਢਾਲ ਲਿਆ ਜਾਂਦਾ ਹੈ। ਐਨੋਡਾਂ ਨੂੰ ਇਲੈੱਕਟ੍ਰੋਲਿਟੀ ਟੈਂਕਾ ਵਿਚ ਲਟਕਾ ਦਿੱਤਾ ਜਾਂਦਾ ਹੈ। ਇਨ੍ਹਾਂ ਦੇ ਵਿਚ ਫਿਰ ਕੈਥੋਡ ਰੱਖੇ ਜਾਂਦੇ ਹਨ। ਇਲੈਕਟ੍ਰੋਲਾਈਟ, ਕਾੱਪਰ ਸਲਫ਼ੇਟ ਅਤੇ ਮੁਕਤ-ਗੰਧਕ ਦੇ ਤੇਜ਼ਾਬ (free sulfuric acid) ਦਾ ਹੁੰਦਾ ਹੈ। ਇਸ ਵਿਚ ਕੁਝ ਘੁਲਣਸ਼ੀਲ ਅਸ਼ੁੱਧੀਆਂ ਵੀ ਹੁੰਦੀਆਂ ਹਨ। ਘੁਲਣਸ਼ੀਲ ਅਸ਼ੁੱਧੀਆਂ ਟੈਂਕ ਦੇ ਥੱਲੇ ਤੇ ਬੈਠ ਜਾਂਦੀਆਂ ਹਨ। ਇਨ੍ਹਾਂ ਵਿਚ ਸੋਨਾ, ਚਾਂਦੀ, ਸਿਲੀਨੀਅਮ ਅਤੇ ਟੈਲਿਊਰੀਅਮ ਹੁੰਦਾ ਹੈ। ਕਈ ਅਸ਼ੁੱਧੀਆਂ ਅਘੁਲਣਸ਼ੀਲ ਯੋਗਿਕ ਬਣਾ ਦਿੰਦੀਆਂ ਹਨ। ਇਸ ਤਰ੍ਹਾਂ ਤਾਂਬਾ ਸਾਰੀਆਂ ਅਸ਼ੁੱਧੀਆਂ ਤੋਂ ਮੁਕਤ ਹੋ ਜਾਂਦਾ ਹੈ।
ਕੈਥੋਡਾ ਨੂੰ ਆਮ ਤੌਰ ਤੇ ਦੁਬਾਰਾ ਪਿਘਲਾ ਕੇ ਤਾਰਾਂ (Wire bars), ਟਿੱਕੀਆਂ (cakes) ਸੀਖਾਂ (billets) ਜਾਂ ਡਲੀਆਂ (ingots) ਵਿਚ ਢਾਲ ਲੈਂਦੇ ਹਨ। ਕਈ ਕੈਥੋਡ ਪਿਘਲਾਉਣ ਤੋਂ ਬਿਨਾਂ ਉਸੇ ਤਰ੍ਹਾਂ ਹੀ ਬਜ਼ਾਰ ਵਿਚ ਮਿਲਦੇ ਹਨ ਪਰੰਤੂ ਹੋਰ ਚੀਜ਼ਾਂ ਬਣਾਉਣ ਲਈ ਕਈ ਵਖੋ ਵੱਖਰੀ ਤਰ੍ਹਾਂ ਦੇ ਆਕਾਰਾਂ ਜਿਵੇਂ ਕਿ ਸਲਾਖ਼ਾਂ, ਤਾਰਾਂ, ਚੱਦਰਾਂ ਅਤੇ ਟਿਊਬਾਂ ਆਦਿ ਦੇ ਰੂਪ ਵਿਚ ਵਿਕਦੇ ਹਨ। ਇਨ੍ਹਾਂ ਨੂੰ ਦੁਬਾਰਾ ਪਿਘਲਾਉਣ ਦਾ ਕੰਮ ਵੱਡੀਆਂ ਵੱਡੀਆਂ ਪਰਾਵਰਤਨੀ ਭੱਠੀਆਂ (Reverberatory furnaces), ਆਰਕ ਭੱਠੀਆਂ (arc furnaces) ਜਾਂ ਪ੍ਰੇਰਣ ਭੱਠੀਆਂ (induction Furnaces) ਵਿਚ ਕੀਤਾ ਜਾਂਦਾ ਹੈ।
ਆੱਕਸੀਜਨ ਰਹਿਤ ਤਾਂਬੇ ਦੀ ਢਲਾਈ ਬੜੇ ਵੱਡੇ ਪੈਮਾਨੇ ਤੇ ਕੀਤੀ ਜਾਂਦੀ ਹੈ ਅਤੇ ਪਿਘਲੇ ਹੋਏ ਤਾਂਬੇ ਨੂੰ ਹਵਾ ਤੋਂ ਬਚਾ ਕੇ ਰੱਖਿਆ ਜਾਂਦਾ ਹੈ। ਤਾਂਬੇ ਦੀਆਂ ਬਹੁਤ ਸਾਰੀਆਂ ਕੱਚੀਆਂ ਧਾਤਾਂ ਵਿਚ ਸੋਨਾ ਅਤੇ ਚਾਂਦੀ ਹੁੰਦਾ ਹੈ। ਇਸਨੂੰ ਵੱਖ ਕਰਨਾ ਵੀ ਬਹੁਤ ਜ਼ਰੂਰੀ ਹੈ। ਜਦੋਂ ਕੱਚੀ ਧਾਤ ਨੂੰ ਢਾਲਿਆ ਜਾਂਦਾ ਹੈ ਤਾਂ ਸੋਨਾ ਅਤੇ ਚਾਂਦੀ ਕਾੱਪਰ ਮੈਟ ਵਿਚ ਘੁਲ ਜਾਂਦੇ ਹਨ ਇਸ ਪਿਛੋਂ ਇਲੈੱਟ੍ਰੋਲਿਟੀ ਸੋਧਣ ਟੈਂਕਾਂ (electroytic refining tanks) ਵਿਚ ਸੁਧਾਈ ਕੀਤੀ ਜਾਂਦੀ ਹੈ।
ਬਹੁਤ ਸਾਰਾ ਤਾਂਬਾ ਜਲ-ਧਾਤ ਕਰਮ (hydro metallurgy) ਦੁਆਰਾ ਤਿਆਰ ਕੀਤਾ ਜਾਂਦਾ ਹੈ। ਇਸ ਵਿਚ ਕੱਚੀ ਧਾਤ ਨੂੰ ਘੋਲਕ ਵਿਚ ਪਾਇਆ ਜਾਂਦਾ ਹੈ ਜਿਸ ਨਾਲ ਤਾਂਬਾ ਘੋਲ ਵਿਚ ਘੁਲ ਜਾਂਦਾ ਹੈ ਤੇ ਬਾਕੀ ਅਣਚਾਹਿਆ ਪਦਾਰਥ ਜਿਉਂ ਦਾ ਤਿਉਂ ਰਹਿ ਜਾਂਦਾ ਹੈ। ਤਾਂਬੇ ਨੂੰ ਘੋਲ ਤੋਂ ਵੱਖ ਵੱਖ ਵਿਧੀਆਂ ਰਾਹੀਂ ਵੱਖ ਕਰ ਲਿਆ ਜਾਂਦਾ ਹੈ।
ਤਾਂਬੇ ਦੇ ਗੁਣ ਅਤੇ ਵਰਤੋਂ
ਬਿਜਲੱਈ ਚਾਲਕਤਾ – ਆਇਤਨ ਦੇ ਆਧਾਰ ਤੇ ਚਾਂਦੀ ਨੂੰ ਛੱਡਕੇ ਤਾਂਬੇ ਦੀ ਬਿਜਲੱਈ ਚਾਲਕਤਾ ਸਾਰੀਆਂ ਧਾਤਾਂ ਨਾਲੋਂ ਜ਼ਿਆਦਾ ਹੈ। ਤਾਂਬੇ ਦੀ ਬਿਜਲ-ਚਾਲਕਤਾ (High electric conductivity) ਹੋਣ ਕਰਕੇ ਇਹ ਆਧੁਨਿਕ ਬਿਜਲੀ ਉਦਯੋਗ ਦਾ ਨੀਂਹ ਪੱਥਰ ਹੈ। ਤਾਂਬੇ ਵਿਚ ਮਿਲਾਵਟ ਹੋਣ ਕਰਕੇ ਇਸ ਦੀ ਚਾਲਕਤਾ ਤੇ ਅਸਰ ਪੈਂਦਾ ਹੈ। ਇਸਨੂੰ ਦੂਰ ਕਰਨ ਦੀ ਸਭ ਤੋਂ ਵਧੀਆ ਵਿਧੀ ਬਿਜਲ-ਅਪਘਟਨ ਸੁਧਾਈ ਹੈ।
ਤਾਪ-ਚਾਲਕਤਾ – ਚਾਂਦੀ ਤੋਂ ਬਿਨਾ ਬਾਕੀ ਸਾਰੀਆਂ ਧਾਤਾਂ ਨਾਲੋਂ ਤਾਂਬੇ ਦੀ ਚਾਲਕਤਾ ਸਭ ਤੋਂ ਜ਼ਿਆਦਾ ਹੈ। ਇਹ ਮੋਟਰ ਗੱਡੀਆਂ, ਫਰਿਜਾਂ ਅਤੇ ਵਾਯੂ-ਅਨੂਕੂਲਿਤ ਪ੍ਰਣਾਲੀ ਵਿਚ ਤਾਪ ਦੇ ਖੈ ਲਈ ਵਰਤਿਆ ਜਾਂਦਾ ਹੈ। ਤਾਂਬੇ ਦੇ ਇਸ ਗੁਣ ਨੂੰ ਵਾਸ਼ਪਣ ਯੰਤਰ ਬਣਾਉਣ, ਤਾਪਨ ਕੁੰਡਲੀਆਂ ਬਣਾਉਣ ਅਤੇ ਕਸ਼ੀਦਣ ਯੰਤਰ ਵਿਚ ਵਰਤਿਆ ਜਾਂਦਾ ਹੈ।
ਯੰਤਰਿਕ ਗੁਣ – ਤਾਂਬਾ ਖਿਚੀਣਯੋਗ ਅਤੇ ਕੁਟੀਣਯੋਗ ਧਾਤ ਹੈ ਇਸ ਕਰਕੇ ਇਸਨੂੰ ਤਾਰਾਂ ਅਤੇ ਚਾਦਰਾਂ ਵਿਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਇਸਦਾ ਇਕ ਮਹੱਤਵਪੂਰਨ ਗੁਣ ਇਸ ਦੀ ਕਰੜਾਈ ਹੈ ਅਤੇ ਇਹ ਛੇਤੀ ਤਿੜਕਦਾ ਵੀ ਨਹੀਂ ਹੈ।
ਤਾਂਬਾ ਕਾਫ਼ੀ ਜ਼ਿਆਦਾ ਤਾਪਮਾਨ ਤੇ ਵੀ ਪਲਾਸਟਿਕ ਗੁਣਾਂ ਵਾਲਾ ਹੈ। ਇਸ ਦੀ ਕੋਈ ਕ੍ਰਾਂਤਿਕ ਸੀਮਾ ਨਹੀਂ ਹੁੰਦੀ ਜਿਸ ਵਿਚ ਇਸ ਦੀ ਪਲਾਸਟਿਕਤਾ ਬਹੁਤ ਘਟਦੀ ਹੋਵੇ। ਇਹ ਇਕ ਵਣਜੀ ਵਿਧੀ ਹੈ ਕਿ ਤਾਂਬੇ ਨੂੰ 1200-1650° ਫਾ. ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ। ਤਾਂਬੇ ਦਾ ਅਨੀਲੀਕਰਣ 450° ਤੋਂ 1500° ਫਾ. ਤਾਪਮਾਨ ਦੇ ਵਿਚਕਾਰ ਕੀਤਾ ਜਾਂਦਾ ਹੈ। ਤਾਂਬੇ ਦਾ ਕੋਮਲੀਕਰਣ ਦਰਜਾ ਘੱਟ ਹੈ (390° ਤੋਂ 440° ਫਾ.)। ਜਦੋਂ ਇਸ ਦੇ ਕੋਮਲੀਕਰਣ ਲਈ ਜ਼ਿਆਦਾ ਤਾਪਮਾਨ ਚਾਹੀਦਾ ਹੋਵੇ ਤਾਂ ਇਸ ਵਿਚ ਥੋੜ੍ਹੀ ਜਿਹੀ ਮਾਤਰਾ ਚਾਂਦੀ ਦੀ ਮਿਲਾ ਦਿੱਤੀ ਜਾਂਦੀ ਹੈ। ਚਾਂਦੀ ਤੋਂ ਬਿਨਾਂ ਟੈਲੂਰੀਅਮ, ਐਂਟੀਮਨੀ ਅਤੇ ਕੈਡਮੀਅਮ ਵੀ ਵਰਤਿਆ ਜਾ ਸਕਦਾ ਹੈ।
ਭੌਤਿਕ ਗੁਣ – ਆਮ ਤੌਰ ਤੇ ਤਾਂਬੇ ਦੀ ਘਣਤਾ 8.90 ਹੁੰਦੀ ਹੈ। ਢਲਿਆ-ਤਾਂਬਾ 8.35-8.55 ਤੱਕ ਘਣਤਾ ਵਾਲਾ ਹੁੰਦਾ ਹੈ। ਆਕਸੀਕ੍ਰਿਤ ਤਾਂਬੇ ਦੀ ਘਣਤਾ 8.96 ਹੁੰਦੀ ਹੈ ਤਾਂਬੇ ਦਾ ਪਿਘਲਣ ਦਰਜਾ 1981° ਫਾ. ਹੁੰਦਾ ਹੈ ਅਤੇ ਇਸ ਦਾ ਉਬਾਲ ਦਰਜਾ 4703° ਫਾ. ਹੈ। ਸੰਯੋਜਨ ਦਾ ਗੁਪਤ-ਤਾਪ 48.9 ਕੈਲੋਰੀ ਪ੍ਰਤੀ ਗ੍ਰਾਮ ਹੈ ਅਤੇ ਵਾਸ਼ਪੀਕਰਨ ਦਾ ਗੁਪਤ ਤਾਪ 1150 ਕੈਲੋਰੀ ਪ੍ਰਤੀ ਗ੍ਰਾਮ ਹੁੰਦਾ ਹੈ।
ਰਸਾਇਣਕ ਗੁਣ – ਤਾਂਬੇ ਦਾ ਬਿਜਲ-ਅਪਘਟਨੀ ਘੋਲ ਪੁਟੈਂਸ਼ਲ ਹਾਈਡ੍ਰੋਜਨ ਦੇ ਮੁਕਾਬਲੇ 0.344 ਵੋਲਟ ਹੈ। ਇਸ ਕਰਕੇ ਤਾਂਬਾ ਵਾਤਾਵਰਣਿਕ ਖੋਰ (corrosion) ਅਤੇ ਰਸਾਇਣਕ ਖੋਰ ਨੂੰ ਸਹਿ ਸਕਦਾ ਹੈ।
ਇਹ ਹਾਈਡ੍ਰੋਜਨ ਲਈ ਕੈਥੋਡਿਗ (cathodic) ਹੈ ਇਸ ਲਈ ਇਹ ਹਵਾ ਦੀ ਅਣਹੋਂਦ ਵਿਚ ਹਾਈਡ੍ਰੋਜਨ ਦੇ ਕਿਸੇ ਵੀ ਤੇਜ਼ਾਬ ਵਿਚ ਅਘੁਲਣਸ਼ੀਲ ਹੁੰਦਾ ਹੈ। ਖੋਰ ਸਹਿ ਹੋਣਾ ਤਾਂਬੇ ਦਾ ਕੁਦਰਤੀ ਗੁਣ ਹੈ ਐਲਾਇ ਬਣਾਉਣ ਦਾ ਮੰਤਵ ਧਾਤ ਨੂੰ ਕਠੋਰ ਅਤੇ ਮਜ਼ਬੂਤ ਕਰਨਾ ਹੁੰਦਾ ਹੈ।
ਤਾਂਬੇ ਦੇ ਐਲਾਇ – ਸਾਰੇ ਅਣਫ਼ੈਕਸ (non ferrous) ਐਲਾਇ ਨਾਲੋਂ ਤਾਂਬੇ ਦੇ ਐਲਾਇ ਜ਼ਿਆਦਾ ਲਾਭਦਾਇਕ ਹਨ। ਤਾਂਬੇ ਦੇ ਜਿਸਤ, ਟਿਨ, ਨਿਕਲ, ਐਲੂਮੀਨੀਅਮ, ਸਿੱਕਾ, ਮੈਂਗਨੀਜ਼ ਅਤੇ ਹੋਰ ਤੱਤਾਂ ਨਾਲ ਮਿਲਕੇ ਐਲਾਇ ਬਣਦੇ ਹਨ। ਕਈ ਐਲਾਇ ਕੇਵਲ ਦੋ-ਅੰਗੀ ਹੁੰਦੇ ਹਨ ਜਿਸ ਵਿਚ ਤਾਂਬੇ ਨਾਲ ਕੇਵਲ ਇਕ ਹੀ ਧਾਤ ਮਿਲੀ ਹੁੰਦੀ ਹੈ। ਕਈ ਵਾਰ ਕਿਸੇ ਧਾਤ ਵਿਚ ਕੋਈ ਖਾਸ ਕਿਸਮ ਦੇ ਗੁਣ ਪੈਦਾ ਕਰਨ ਲਈ ਦੋ ਜਾਂ ਜ਼ਿਆਦਾ ਧਾਤਾਂ ਵੀ ਮਿਲਾਈਆਂ ਜਾਂਦੀਆਂ ਹਨ। ਕੁਝ ਮਹੱਤਵਪੂਰਨ ਐਲਾਇ ਹਨ ਜਿਨ੍ਹਾਂ ਵਿਚ ਤਾਂਬੇ ਦਾ ਮੁੱਖ ਅੰਸ਼ ਹੁੰਦਾ ਹੈ। ਇਹ ਹਨ ਪਿੱਤਲ (ਤਾਂਬਾ ਜਿਸਤ), ਕਾਂਸੀ (ਤਾਂਬਾ-ਕਲੱਈ) ਅਤੇ ਨਿਕਲ ਸਿਲਵਰ (ਤਾਂਬਾ, ਜਿਸਤ, ਨਿਕਲ)। ਇਨ੍ਹਾਂ ਤੋਂ ਛੁਟ ਹੋਰ ਵੀ ਬਹੁਤ ਸਾਰੇ ਐਲਾਇ ਹਨ ਜਿਨ੍ਹਾਂ ਦੀ ਉਦਯੋਗਿਕ ਵਰਤੋਂ ਜ਼ਿਆਦਾ ਹੈ ਇਨ੍ਹਾਂ ਵਿਚੋਂ ਤਾਂਬੇ ਅਤੇ ਨਿਕਲ ਦੇ ਐਲਾਇ ਮਹੱਤਵਪੂਰਨ ਹਨ। 20 ਵੀਂ ਸਦੀ ਵਿਚ ਇਨ੍ਹਾਂ ਦਾ ਉਤਪਾਦਨ ਬਹੁਤ ਵੱਧ ਗਿਆ ਹੈ। ਤਾਂਬਾ ਅਤੇ ਨਿਕਲ ਠੋਸ ਅਵੱਸਥਾ ਵਿਚ ਵੀ ਇਕ ਦੂਜੇ ਨਾਲ ਮਿਸ਼ਰਣ ਯੋਗ ਹਨ। 2% ਤੋਂ 45% ਤੱਕ ਨਿਕਲ ਤਾਂਬੇ ਵਿਚ ਪਾਉਣ ਨਾਲ ਕਈ ਕਿਸਮ ਦੇ ਐਲਾਇ ਪ੍ਰਾਪਤ ਕੀਤੇ ਜਾ ਸਕਦੇ ਹਨ ਜਿਹੜੇ ਤਾਂਬੇ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਉੱਚ-ਤਾਪਮਾਨ ਤੇ ਜ਼ਿਆਦਾ ਆੱਕਸੀਕਰਨ ਪ੍ਰਤਿਰੋਧੀ ਹੁੰਦੇ ਹਨ। ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ 30% ਨਿਕਲ ਵਾਲਾ ਐਲਾਇ ਹੈ। 20% ਨਿਕਲ ਅਤੇ ਤਾਂਬੇ ਨਾਲ ਬਣਨ ਵਾਲਾ ਐਲਾਇ ਉਦਯੋਗਿਕ ਮਿਸ਼ਰਿਤ ਧਾਤਾਂ ਵਿਚੋਂ ਸਭ ਤੋਂ ਜ਼ਿਆਦਾ ਖਿਚੀਣਯੋਗ ਹੈ। 800° ਸੈੱਟੀਗਰੇਡ ਤੋਂ ਜ਼ਿਆਦਾ ਤਾਪਮਾਨ ਉੱਤੇ ਇਹ ਬੜੀ ਛੇਤੀ ਘੜਿਆ ਅਤੇ ਮੋੜਿਆ ਜਾ ਸਕਦਾ ਹੈ। ਇਸ ਉੱਤੇ ਬੜੀ ਵਧੀਆ ਪਾਲਿਸ਼ ਹੁੰਦੀ ਹੈ ਅਤੇ ਇਹ ਪਾਲਿਸ਼ ਵਾਤਾਵਰਣ ਦੇ ਪ੍ਰਭਾਵ ਨਾਲ ਮੱਧਮ ਵੀ ਨਹੀਂ ਪੈਂਦਾ। ਇਸ ਲਈ ਇਸ ਨੂੰ ਸਵੈਚਾਲਿਤ ਮੋਟਰ ਗੱਡੀਆਂ ਵਿਚ ਕਈ ਥਾਂ ਵਰਤਿਆ ਜਾਂਦਾ ਹੈ। ਇਸ ਤੋਂ ਬਿਨਾਂ ਗੋਲੀਆਂ (bullets) ਦੇ ਖੋਲ ਵੀ ਬਣਾਏ ਜਾਂਦੇ ਹਨ। ਟਿਊਬਾਂ ਦੇ ਰੂਪ ਵਿਚ ਇਸ ਦੀ ਵਰਤੋਂ ਭਾਫ਼ ਕੰਡੈਂਸਰਾਂ ਵਿਚ ਵੀ ਕੀਤੀ ਜਾਂਦੀ ਹੈ। 25% ਅਤੇ 30% ਨਿਕਲ ਵਾਲੇ ਐਲਾਇ ਤੋਂ ਇਲਾਵਾ 40% ਅਤੇ 45% ਨਿਕਲ ਵਾਲਾ ਇਕ ਹੋਰ ਐਲਾਇ ਹੈ ਜਿਸਨੂੰ ਕਾੱਨਸਟੈਨੱਟਲ (constantan) ਵੀ ਆਖਿਆ ਜਾਂਦਾ ਹੈ। ਇਸ ਐਲਾਇ ਦੀ ਬਿਜਲੱਈ ਪ੍ਰਤਿਰੋਧਕਤਾ ਬਹੁਤ ਜ਼ਿਆਦਾ ਹੁੰਦੀ ਹੈ।
ਮੋਨਲ ਧਾਤ (Monal Metal) ਤਾਂਬੇ ਦਾ ਇਕ ਪ੍ਰਕ੍ਰਿਤਕ ਐਲਾਇ ਹੈ ਜਿਸ ਵਿਚ 65%-75% ਨਿਕਲ ਹੁੰਦਾ ਹੈ। ਇਸ ਵਿਚ ਹੋਰ ਅਸ਼ੁਧੀਆਂ ਦੇ ਨਾਲ ਨਾਲ ਥੋੜ੍ਹੀ ਮਾਤਰਾ ਵਿਚ ਲੋਹਾ ਅਤੇ ਮੈਂਗਨੀਜ਼ ਵੀ ਹੁੰਦੀ ਹੈ। ਇਹ ਸਾਧਾਰਣ ਅਤੇ ਉੱਚ ਤਾਪਮਾਨ ਉੱਤੇ ਵੀ ਬਹੁਤ ਹੀ ਜ਼ਿਆਦਾ ਮਜ਼ਬੂਤ ਐਲਾਇ ਹੈ। ਇਸਨੂੰ ਇੰਜੀਨੀਅਰਿੰਗ ਅਤੇ ਸਜਾਵਟੀ ਮੰਤਵਾਂ ਲਈ ਵਰਤਿਆ ਜਾਂਦਾ ਹੈ। ਤਾਂਬਾ, ਐਲੂਮਿਨੀਅਮ ਨਾਲ ਵੀ ਕਈ ਤਰ੍ਹਾਂ ਦੇ ਐਲਾਇ ਬਣਾਉਂਦਾ ਹੈ ਜਿਨ੍ਹਾਂ ਨੂੰ ‘ਐਲੂਮਿਨੀਅਮ ਕਾਂਸੀ’ ਆਖਦੇ ਹਨ। ਇਨ੍ਹਾਂ ਨੂੰ ਦੋ ਮੁੱਖ ਗਰੁਪਾਂ ਵਿਚ ਵੰਡਿਆ ਜਾ ਸਕਦਾ ਹੈ। ਇਕ ਗਰੁਪ ਵਿਚ 7.5% ਐਲੂਮਿਨੀਅਮ ਹੁੰਦਾ ਹੈ ਇਹ ਬਹੁਤ ਜ਼ਿਆਦਾ ਖਿਚੀਣਯੋਗ ਹੁੰਦੇ ਹਨ। ਦੂਜੇ ਗਰੁਪ ਵਿਚ 8% ਤੋਂ 11% ਤਕ ਐਲੂਮਿਨੀਅਮ ਹੁੰਦਾ ਹੈ। ਢਲੀ ਹੋਈ ਸਥਿਤੀ ਵਿਚ ਇਸ ਦੀ ਤਣਾਉ ਸਮੱਰਥਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਐਲਾਇ ਕਈ ਉਦਯੋਗਿਕ ਕੰਮਾਂ ਲਈ ਵਰਤੇ ਜਾਂਦੇ ਹਨ। ਕਈ ਥਾਵਾਂ ਤੇ ਇਹ ਐਲਾਇ ਪਿੱਤਲ ਦੀ ਥਾਂ ਵੀ ਵਰਤੇ ਜਾਂਦੇ ਹਨ ਕਿਉਂਕਿ ਇਹ ਪਿੱਤਲ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਵਾਤਾਵਰਣਿਕ ਖੋਰ ਸਹਿ ਹੁੰਦੇ ਹਨ। 8% ਤੋਂ 11% ਐਲੂਮੀਨੀਅਮ ਵਾਲੇ ਐਲਾਇ ਵਿਚ ਆਮ ਤੌਰ ਤੇ 1% ਤੋਂ 3% ਲੋਹਾ ਵੀ ਹੁੰਦਾ ਹੈ ਅਤੇ ਇਹ ਸੰਚਿਆਂ ਦੀ ਢਲਾਈ (die casting) ਲਈ ਵਰਤੇ ਜਾਂਦੇ ਹਨ। ਤਾਂਬੇ ਦੇ ਐਲਾਇ ਨੂੰ ਸੰਚੇ ਬਣਾਉਣ ਲਈ ਵਰਤਿਆ ਜਾਂਦਾ ਹੈ। ਸਿਲੀਕਾੱਨ ਕਾਂਸੀ ਵਿਚ ਆਮ ਤੌਰ ਤੇ 96% ਤਾਂਬਾ ਹੁੰਦਾ ਹੈ। ਬਾਕੀ ਹਿੱਸੇ ਵਿਚ ਇਕੱਲਾ ਸਿਲੀਕਾੱਨ ਵੀ ਹੋ ਸਕਦਾ ਹੈ ਜਾਂ ਕਈ ਵਾਰ ਥੋੜ੍ਹੀ ਜਿਹੀ ਮਾਤਰਾ ਮੈਗਨੀਜ਼, ਕੱਲਈ, ਲੋਹੇ ਜਾਂ ਜਿਸਤ ਦੀ ਵੀ ਹੁੰਦੀ ਹੈ। ਪਹਿਲਾਂ ਪਹਿਲ ਇਹ ਐਲਾਇ ਬਹੁਤ ਸਾਰੇ ਤਰਲਾਂ ਪ੍ਰਤਿ ਖੋਰ ਪ੍ਰਤਿਰੋਧੀ ਹੋਣ ਕਰਕੇ ਰਸਾਇਣਕ ਉਦਯੋਗਾਂ ਵਿਚ ਵਰਤੇ ਜਾਂਦੇ ਸਨ ਪਰੰਤੂ ਬਾਅਦ ਵਿਚ ਇਨ੍ਹਾਂ ਦੀ ਮਜ਼ਬੂਤੀ ਸਖ਼ਤਾਈ ਅਤੇ ਢਾਲਵੇਂ ਗੁਣਾਂ ਕਰਕੇ ਇਹ ਹੋਰ ਵੀ ਬਹੁਤ ਸਾਰੇ ਕੰਮਾਂ ਲਈ ਵਰਤੇ ਜਾਣ ਲਗ ਪਏ ਹਨ।
ਤਾਂਬੇ ਦਾ ਇਕ ਹੋਰ ਐਲਾਇ ਬੈਰੀਲੀਅਮ ਤਾਂਬਾ ਹੈ। ਇਸ ਵਿਚ ਤਾਂਬੇ ਦੇ ਨਾਲ 2% ਮਾਤਰਾ ਬੈਰੀਲੀਅਮ ਦੀ ਵੀ ਹੁੰਦੀ ਹੈ। ਕਈ ਵਾਰ ਥੋੜ੍ਹਾ ਜਿਹਾ ਨਿਕਲ ਜਾਂ ਕੋਬਾਲਟ ਵੀ ਪਾ ਦਿੱਤਾ ਜਾਂਦਾ ਹੈ। ਬੈਰੀਲੀਅਮ ਤਾਂਬੇ ਨੂੰ ਜਦੋਂ 800° ਸੈਂ. ਤੱਕ ਗਰਮ ਕਰਕੇ ਠੰਢੇ ਪਾਣੀ ਵਿਚ ਡੋਬਣ ਉਪਰੰਤ ਦੁਬਾਰਾ 275° ਸੈਂ ਤਕ ਗਰਮ ਕੀਤਾ ਜਾਂਦਾ ਹੈ ਤਾਂ ਉਸ ਦੀ ਤਣਾਉ ਸਮਰਥਾ ਬਹੁਤ ਵੱਧ ਜਾਂਦੀ ਹੈ। ਜਿਸ ਦਾ ਮੁਕਾਬਲਾ ਸਟੀਲ ਨਾਲ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਕਈ ਕਿਸਮ ਦੀ ਮੈਂਗਨੀਜ਼ ਕਾਂਸੀ ਵੀ ਬਣਾਈ ਜਾਂਦੀ ਹੈ। ਇਨ੍ਹਾਂ ਵਿਚੋਂ ਇਕ ਕਿਸਮ ਅਸਲ ਵਿਚ ਪਿੱਤਲ ਹੀ ਹੈ ਜਿਸ ਵਿਚ ਮੈਂਗਨੀਜ਼ ਦੀ ਬਹੁਤ ਥੋੜ੍ਹੀ ਮਾਤਰਾ (0.5% ਤੋਂ ਵੀ ਘੱਟ) ਹੁੰਦੀ ਹੈ। ਇਕ ਹੋਰ ਕਿਸਮ ਵਿਚ 2% ਤੋਂ 5% ਤਕ ਮੈਂਗਨੀਜ਼, 2% ਤੋਂ 4% ਤਕ ਲੋਹਾ ਅਤੇ 3% ਤੋਂ 7.5% ਐਲੂਮਿਨੀਅਮ ਹੁੰਦਾ ਹੈ। ਇਹ ਐਲਾਇ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ। ਫ਼ਾਸਫ਼ਰ ਬ੍ਰਾੱਨਜ਼ (Phospher bronze) ਅਸਲ ਵਿਚ ਇਕ ਤਾਂਬਾ-ਕਲੱਈ ਕਾਂਸੀ ਹੈ ਜਿਸ ਵਿਚ ਥੋੜ੍ਹਾ ਜਿਹਾ ਫ਼ਾੱਸਫੋਰਸ ਵਿਆਕਸੀਕਾਰਕ ਵਜੋਂ ਮਿਲਾਇਆ ਜਾਂਦਾ ਹੈ।
ਤਾਂਬੇ ਦੇ ਹੋਰ ਵੀ ਬਹੁਤ ਸਾਰੇ ਐਲਾਇ ਹਨ ਜਿਨ੍ਹਾਂ ਨੇ ਆਧੁਨਿਕ ਉਦਯੋਗਿਕ ਕੰਮਾਂ ਵਿਚ ਆਪਣਾ ਯੋਗਦਾਨ ਪਾਇਆ ਹੈ।
ਰਸਾਇਣਕ ਯੋਗਿਕ (Chemical Compound) – ਤਾਂਬਾ ਦੋ ਤਰ੍ਹਾਂ ਦੇ ਯੋਗਿਕ ਬਣਾਉਂਦਾ ਹੈ ਜਿਨ੍ਹਾਂ ਵਿਚ ਇਸ ਦੀ ਆੱਕਸੀਕਰਨ ਸਥਿਤੀ +1 (ਕਿਊਪ੍ਰਸ) ਅਤੇ +2 (ਕਿਊਪ੍ਰਿਕ) ਹੁੰਦੀ ਹੈ। ਕਿਊਪ੍ਰਸ ਆਇਨ ਪਾਣੀ ਦੇ ਘੋਲ ਵਿਚ ਅਸਥਾਈ ਹੁੰਦਾ ਹੈ ਇਸ ਦੇ ਲੂਣਾਂ ਦਾ ਅਪਘਟਨ ਹੋ ਕੇ ਧਾਤ ਅਤੇ ਕਿਊਪ੍ਰਿਕ ਲੂਣ ਬਣਦੇ ਹਨ।
2cu+ ---→ cu + cu++
ਆੱਕਸਾਈਡ (oxides) – ਤਾਂਬਾ ਦੋ ਤਰ੍ਹਾਂ ਦੇ ਆਕੱਸਾਈਡ ਬਣਾਉਂਦਾ ਹੈ, ਕਿਊਪ੍ਰਸ ਆੱਕਸਾਈਡ (Cu2 O) ਅਤੇ ਕਿਊਪ੍ਰਿਕ ਆੱਕਸਾਈਡ (CuO) ਕਿਊਪ੍ਰਸ ਆੱਕਸਾਈਡ ਇਕ ਲਾਲ ਰਵੇਦਾਰ ਪਦਾਰਥ ਹੈ। ਇਹ ਬਿਜਲ-ਅਪਘਟਨੀ ਢੰਗ ਜਾਂ ਭੱਠੀ ਰਾਹੀਂ ਬਣਾਇਆ ਜਾਂਦਾ ਹੈ। ਇਸਨੂੰ ਛੇਤੀ ਹੀ ਹਾਈਡ੍ਰੋਜਨ, ਕਾਰਬਨ-ਮਾੱਨੋਆੱਕਸਾਈਡ, ਚਾਰਕੋਲ ਜਾਂ ਲੋਹੇ ਦੁਆਰਾ ਧਾਤਵੀਂ ਤਾਂਬੇ ਵਿਚ ਲਘੁਕ੍ਰਿਤ ਕੀਤਾ ਜਾ ਸਕਦਾ ਹੈ। ਇਹ ਸ਼ੀਸ਼ੇ ਨੂੰ ਲਾਲ ਰੰਗ ਪ੍ਰਦਾਨ ਕਰਦਾ ਹੈ ਤਾਂਬੇ ਦੇ ਕਈ ਲੂਣਾਂ ਜਿਵੇਂ ਕਿ ਕਾਰਬੋਨੇਟ, ਹਾਈਡ੍ਰਾਕੱਸਾਈਡ, ਨਾਈਟ੍ਰੇਟ ਜਾਂ ਕਿਊਪ੍ਰਸ ਆੱਕਸਾਈਡ ਨੂੰ ਜਲਾਉਣ ਨਾਲ ਕਿਊਪ੍ਰਿਕ ਆੱਕਸਾਈਡ, ਇਕ ਕਾਲੇ ਰੰਗ ਦਾ ਪਾਊਡਰ ਬਣਾਇਆ ਜਾ ਸਕਦਾ ਹੈ। ਇਹ ਯੋਗਿਕ ਕਾਰਬਨੀ ਯੋਗਿਕਾਂ ਦਾ ਆੱਕਸੀਕਰਨ ਕਰ ਦਿੰਦਾ ਹੈ ਅਤੇ ਪ੍ਰਯੋਗਸ਼ਾਲਾ ਅਤੇ ਉਦਯੋਗਾਂ ਵਿਚ ਬਹੁਤ ਵਰਤਿਆ ਜਾਂਦਾ ਹੈ। ਇਹ ਸੀਸ਼ੇ ਨੂੰ ਹਰਾ ਰੰਗ ਪ੍ਰਦਾਨ ਕਰਦਾ ਹੈ।
ਹੈਲਾਈਡ (Halides) – ਕਿਊਪ੍ਰਸ ਕਲੋਰਾਈਡ ਬਣਾਉਣ ਲਈ ਧਾਤਵੀ ਤਾਂਬਾ, ਕਿਊਪ੍ਰਸ ਆੱਕਸਾਈਡ ਅਤੇ ਲੂਣ ਦੇ ਤੇਜ਼ਾਬ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਧਾਤਵੀ ਤਾਂਬੇ ਅਤੇ ਕਿਊਪ੍ਰਿਕ ਕਲੋਰਾਈਡ ਦੀ ਲੂਣ ਦੇ ਤੇਜ਼ਾਬ ਨਾਲ ਕਿਰਿਆ ਉਪਰੰਤ ਵੀ ਕਿਊਪ੍ਰਸ ਕਲੋਰਾਈਡ ਬਣਦਾ ਹੈ। ਕਿਊਪ੍ਰਸ ਕਲੋਰਾਈਡ ਅਤੇ ਹਾਈਡ੍ਰੋਕੋਲੋਰਿਕ ਐਸਿਡ ਦਾ ਘੋਲ ਬੜੀ ਛੇਤੀ ਕਾਰਬਨ ਮਾੱਨੋਆੱਕਸਾਈਡ ਅਤੇ ਐਸਿਟਿਲੀਨ (accetylene) ਨੂੰ ਸੋਖ ਲੈਂਦਾ ਹੈ ਅਤੇ ਗੈਸ ਵਿਸ਼ਲੇਸ਼ਣ (gas analysis) ਵਿਚ ਇਸੇ ਕੰਮ ਲਈ ਵਰਤਿਆ ਜਾਂਦਾ ਹੈ ਕਿਊਪ੍ਰਿਕ ਕਲੋਰਾਈਡ (Cucl2) ਕਿਊਪ੍ਰਿਕ ਆੱਕਸਾਈਡ ਨੂੰ ਲੂਣ ਦੇ ਤੇਜ਼ਾਬ ਵਿਚ ਘੋਲਣ ਉਪਰੰਤ ਬਣਾਇਆ ਜਾ ਸਕਦਾ ਹੈ। ਇਹ ਪਦਾਰਥ ਵਰਣਕ (Pigments) ਬਣਾਉਣ ਲਈ ਵਰਤੋਂ ਵਿਚ ਆਉਂਦਾ ਹੈ। ਤਾਂਬੇ ਅਤੇ ਆਇਓਡੀਨ ਦੇ ਸਿੱਧੇ ਸੰਯੋਜਨ ਨਾਲ ਕਿਊਪ੍ਰਸ ਆਇਉਡਾਈਡ (Cul) ਬਣਦਾ ਹੈ। ਕਿਊਪ੍ਰਿਕ ਆਇਉਡਾਈਡ (cul2) ਕੇਵਲ ਅਮੋਨੀਅਮ ਲੂਣਾਂ ਦੇ ਸੰਯੋਗ ਵਿਚ ਜਾਂ ਜਟਿਲ ਕਾਰਬਨੀ ਯੋਗਿਕਾਂ (Complex organic compounds) ਵਿਚ ਹੀ ਮੌਜ਼ੂਦ ਰਹਿੰਦਾ ਹੈ।
ਸਲਫ਼ਾਈਡ ਅਤੇ ਸਲਫ਼ੇਟ – ਕਿਊਪ੍ਰਸ ਸਲਫ਼ਾਈਡ (Cu2S) ਪ੍ਰਕਿਰਤੀ ਵਿਚ ਖਣਿਜੀ ਕੈਲਕੋਸਾਈਟ ਦੇ ਰੂਪ ਵਿਚ ਮਿਲਦਾ ਹੈ। ਇਹ ਯੋਗਿਕ ਤਾਂਬੇ ਅਤੇ ਸਲਫ਼ਰ ਨੂੰ ਉੱਚ ਤਾਪਮਾਨ ਉੱਤੇ ਸੰਯੋਜਨ ਕਰਨ ਨਾਲ ਬਣਾਇਆ ਜਾ ਸਕਦਾ ਹੈ। ਕਿਊਪ੍ਰਿਕ ਸਲਫ਼ਾਈਡ (CuS) ਪ੍ਰਕਿਰਤੀ ਵਿਚ ਖਣਿਜੀ ਕੋਵੇਲਾਈਟ (covellite) ਦੇ ਰੂਪ ਵਿਚ ਮਿਲਦਾ ਹੈ ਅਤੇ ਪ੍ਰਯੋਗਸ਼ਾਲਾ ਵਿਚ ਇਹ ਤਾਂਬੇ ਦੇ ਲੂਣ ਦੇ ਘੋਲ ਦੀ ਹਾਈਡ੍ਰੋਜਨ ਸਲਫ਼ਾਈਡ ਨਾਲ ਕਿਰਿਆ ਉਪਰੰਤ ਬਣਾਇਆ ਜਾ ਸਕਦਾ ਹੈ। ਇਹ ਦੋਵੇਂ ਯੋਗਿਕ ਅਕਾਰਬਨੀ ਤੇਜ਼ਾਬਾਂ ਵਿਚ ਅਘੁਲਣਸ਼ੀਲ ਹਨ।
ਕਿਊਪ੍ਰਿਕ ਸਲਫ਼ੇਟ (CuSo4) ਜਿਸਨੂੰ ਆਮ ਤੌਰ ਤੇ ਨੀਲਾ ਥੋਥਾ ਆਖਦੇ ਹਨ, ਤਾਂਬੇ ਦਾ ਇਕ ਬਹੁਤ ਹੀ ਮਹੱਤਵਪੂਰਨ ਲੂਣ ਹੈ। ਇਹ ਕਾੱਪਰ ਆੱਕਸਾਈਡ ਨੂੰ ਗੰਧਕ ਦੇ ਤੇਜ਼ਾਬ ਨਾਲ ਮਿਲਾਕੇ ਬਣਾਇਆ ਜਾਂਦਾ ਹੈ। ਇਹ ਪਾਣੀ ਵਿਚ ਬਹੁਤ ਛੇਤੀ ਘੁਲ ਜਾਂਦਾ ਹੈ ।ਪਰ ਅਲਕੋਹਲ ਵਿਚ ਅਘੁਲਣਸ਼ੀਲ ਹੈ। ਇਸਦਾ ਜਲਹੀਣ ਲੂਣ (anhydrous salt) ਨਮੀ ਸੋਖਕ (hygroscopic) ਹੁੁੰਦਾ ਹੈ ਅਤੇ ਇਹ ਜਲ-ਸੋਖਣ ਕਾਰਕ (desicating agent) ਵਜੋਂ ਵਰਤਿਆ ਜਾਂਦਾ ਹੈ। ਤਾਂਬੇ ਦੀ ਬਿਜਲ-ਅਪਘਟਨੀ ਸੋਧ (electrolytic refining) ਵਿਚ ਕਾੱਪਰ ਸਲਫ਼ੇਟ ਇਕ ਮਹੱਤਵਪੂਰਨ ਲੂਣ ਹੁੰਦਾ ਹੈ ਅਤੇ ਇਹ ਕਈ ਕਿਸਮ ਦੇ ਵਰਣਕ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।
ਕਾਰਬੋਨੇਟ (Carbonates) – ਤਾਂਬੇ ਦੇ ਕਿਸੇ ਲੂਣ ਦੇ ਘੋਲ ਵਿਚ ਕੋਈ ਖਾਰਾ ਕਾਰਬੋਨੇਟ ਪਾਉਣ ਨਾਲ ਖਾਰੇ ਕਾੱਪਰ ਕਾਰਬੋਨੇਟ ਬਣਦੇ ਹਨ। ਇਨ੍ਹਾਂ ਯੋਗਿਕਾਂ ਦਾ ਰੰਗ ਗੂੜ੍ਹਾ ਨੀਲਾ ਜਾਂ ਹਰਾ ਹੁੰਦਾ ਹੈ ਅਤੇ ਇਹ ਵਰਣਕ ਬਣਾਉਣ ਲਈ ਵਰਤੇ ਜਾਂਦੇ ਹਨ। ਪ੍ਰਕਿਰਤੀ ਵਿਚ ਇਹ ਐਗੂਰਾਈਟ (agurite) ਅਤੇ ਮੈਲੇਕਾਈਟ (Malachite) ਖਾਣਿਜਾਂ ਦੇ ਰੂਪ ਵਿਚ ਮਿਲਦੇ ਹਨ।
ਕੁਝ ਹੋਰ ਯੋਗਿਕ – ਤਾਂਬਾ ਆਰਸਨਿਕ ਨਾਲ ਕਈ ਤਰ੍ਹਾਂ ਦੇ ਲੂਣ ਬਣਾਉਂਦਾ ਹੈ ਇਹ ਸਾਰੇ ਗੂੜ੍ਹੇ ਰੰਗ ਦੇ ਅਤੇ ਜ਼ਹਿਰਲੇ ਹੁੰਦੇ ਹਨ। ਇਸ ਲਈ ਇਹ ਯੋਗਿਕ ਕੀਟਾਣੂਨਾਸ਼ਕ ਦਵਾਈਆਂ ਵਿਚ ਵਰਤੇ ਜਾਂਦੇ ਹਨ। ਧਾਤਵੀ ਤਾਂਬੇ ਨੂ ਸ਼ੋਰੇ ਦੇ ਤੇਜ਼ਾਬ ਵਿਚ ਘੋਲਣ ਨਾਲ ਕਿਊਪ੍ਰਿਕ ਨਾਈਟ੍ਰੇਟ Cu (No3)2 ਬਣਦਾ ਹੈ।
ਕਾੱਪਰ ਸਿਲੀਕੇਟ ਪ੍ਰਕਿਰਤਕ ਰੂਪ ਵਿਚ ਮਿਲਦੇ ਹਨ ਅਤੇ ਇਹ ਕਈ ਖਣਿਜਾਂ ਨੂੰ ਨੀਲਾ ਰੰਗ ਪ੍ਰਦਾਨ ਕਰਦੇ ਹਨ।
ਪਛਾਣ (Detection) – ਤਾਂਬੇ ਦੇ ਲੂਣਾਂ ਦੇ ਘੋਲ, ਅਮੋਨੀਆ ਨਾਲ ਕਿਰਿਆ ਕਰਕੇ ਗੂੜ੍ਹਾ ਨੀਲਾ ਰੰਗ ਦਿੰਦੇ ਹਨ। ਬੁਨਸਨ ਬਰਨਰ ਦੀ ਲਾਟ ਤੇ ਇਹ ਗੂੜ੍ਹਾ ਹਰਾ ਰੰਗ ਦਿੰਦੇ ਹਨ ਅਤੇ ਇਨ੍ਹਾਂ ਦੇ ਪਤਲੇ ਘੋਲ ਪੋਟਾਸ਼ੀਅਮ ਫੈਰੋਸਾਇਆਨਾੱਈਡ ਨਾਲ ਭੂਰਾ ਰੰਗ ਦਿੰਦੇ ਹਨ। ਸਪੈਕਟ੍ਰੋਗਾਫ਼ ਦੀ ਮਦਦ ਨਾਲ ਇਸ ਧਾਤ ਦੀ ਥੋੜ੍ਹੀ ਜਿਹੀ ਮਾਤਰਾ ਦਾ ਵੀ ਪਤਾ ਲਾਇਆ ਜਾ ਸਕਦਾ ਹੈ।
ਡਾਕਟਰੀ ਵਰਤੋਂ (Medical uses) – ਤਾਂਬੇ ਦੇ ਸਾਰੇ ਲੂਣ ਬਹੁਤ ਜ਼ਹਿਰੀਲੇ ਹੁੰਦੇ ਹਨ ਇਨ੍ਹਾਂ ਦੀ ਬਹੁਤ ਥੋੜ੍ਹੀ ਜਿਹੀ ਮਾਤਰਾ ਵੀ ਮਿਊਕਸ ਝਿੱਲੀਆਂ ਉੱਤੇ ਇਕ ਦਮ ਅਸਰ ਕਰਦੀ ਹੈ ਇਸੇ ਲਈ ਇਸ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਕੇਵਲ ਚਮੜੀ ਉੱਤੇ ਲਾਉਣ ਵਾਲੀਆਂ ਰੋਗਾਣੂਨਾਸ਼ਕ ਦਵਾਈਆਂ ਵਿਚ ਹੀ ਇਸ ਦੀ ਕੁਝ ਵਰਤੋਂ ਕੀਤੀ ਜਾਂਦੀ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-14-12-25-10, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਬ੍ਰਿ. 6 : 414; ਐਨ. ਐਮ. 7 : 651
ਵਿਚਾਰ / ਸੁਝਾਅ
Please Login First