ਢੁਕਾਅ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਢੁਕਾਅ: ਢੁਕਾਅ ਦੇ ਕੋਸ਼ਗਤ ਅਰਥ ਵਿਆਹ ਸਮੇਂ ਵਰ ਦੇ ਆਪਣੇ ਕੋੜਮੇ (ਮਾਪੇ, ਅੰਗ-ਸਾਕ) ਅਤੇ ਜਨੇਤ ਸਮੇਤ ਕੰਨਿਆ ਦੇ ਵਸੇਬੇ ਵਾਲੀ ਥਾਂ, ਪਿੰਡ, ਜੂਹ ਜਾਂ ਗ੍ਰਹਿ ਨੇੜੇ ਢੁੱਕਣ (ਪੁੱਜਣ) ਤੋਂ ਲਏ ਜਾਂਦੇ ਹਨ।
ਮਨੂ ਆਦਿ ਰਿਸ਼ੀਆਂ ਨੇ ਵਿਆਹ ਦੇ ਅੱਠ ਰੂਪ ਸਵੀਕਾਰੇ ਹਨ, ਜਿਨ੍ਹਾਂ ਵਿੱਚੋਂ ਇੱਕ ਬ੍ਰਾਹਮ ਰੂਪ ਹੈ ਜਿਸ ਵਿੱਚ ਵਰ ਨੂੰ ਉਸ ਦੇ ਮਾਪਿਆਂ ਅਤੇ ਅੰਗਾਂ ਸਾਕਾਂ ਸਮੇਤ ਘਰ ਬੁਲਾ ਕੇ ਭੂਸ਼ਣ ਵਸਤਰ ਸਹਿਤ ਕੰਨਿਆ ਦੇਣੀ ਲਿਖੀ ਗਈ ਹੈ। ਢੁਕਾਅ ਦੀ ਰਸਮ ਵਿਆਹ ਦੇ ਇਸ ਬ੍ਰਾਹਮ ਰੂਪ ਨਾਲ ਹੀ ਸੰਬੰਧਿਤ ਹੈ ਜਿਸ ਵਿੱਚ ਵਰ ਨੇ ਵਿਆਹੁਣ ਲਈ ਜਨੇਤ ਸਮੇਤ ਕੰਨਿਆ ਦੇ ਗ੍ਰਹਿ ਨੇੜੇ ਢੁੱਕਣਾ ਹੁੰਦਾ ਹੈ।
ਜਨੇਤ ਦੇ ਊਠਾਂ, ਘੋੜਿਆਂ, ਗੱਡਿਆਂ ਆਦਿ `ਤੇ ਆਉਣ ਸਮੇਂ, ਢੁਕਾਅ ਤੋਂ ਪਹਿਲਾਂ ਜਨੇਤ ਦਾ ਕਿਸੇ ਧਰਮਸ਼ਾਲਾ, ਜੰਞ ਘਰ, ਜਾਂ ਕਿਸੇ ਸਾਂਝੀ ਖੁੱਲ੍ਹੀ ਥਾਂ `ਤੇ ਉਤਾਰਾ ਕੀਤਾ ਜਾਂਦਾ ਸੀ, ਤਾਂ ਜੋ ਕੰਨਿਆ ਵਾਲੀ ਧਿਰ ਵੱਲੋਂ ਜਨੇਤ ਨਾਲ ਆਏ ਪਸ਼ੂਆਂ, ਲਾਗੀਆਂ ਅਤੇ ਜਨੇਤੀਆਂ ਦੀ ਮੁਢਲੀ ਆਉ-ਭਗਤ ਕੀਤੀ ਜਾ ਸਕੇ। ਅਜਿਹੇ ਸਮੇਂ ਜਨੇਤ ਦੇ ਢੁਕਾਅ ਤੋਂ ਪਹਿਲਾਂ ਸਫ਼ਰ ਕਾਰਨ ਮੈਲੇ ਹੋਏ ਲੀੜੇ ਕੱਪੜੇ ਬਦਲਣ ਅਤੇ ਮੂੰਹ-ਹੱਥ ਧੋ ਕੇ ਤਿਆਰ ਹੋਣ ਦਾ ਵੀ ਚਲਨ ਸੀ। ਇਹ ਉਤਾਰਾ ਅਜਿਹੀ ਥਾਂ ਕੀਤਾ ਜਾਂਦਾ ਸੀ ਜਿੱਥੋਂ ਜਨੇਤ ਨੇ ਵਿਧੀਵਤ ਰੂਪ ਵਿੱਚ, ਢੋਲ-ਢਮੱਕੇ, ਆਤਸ਼ਬਾਜ਼ੀ ਚਲਾਉਂਦੇ ਜਾਂ ਨੱਚ-ਟੱਪ ਕੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ, ਕੰਨਿਆ ਦੇ ਗ੍ਰਹਿ ਨੇੜੇ ਓਸ ਥਾਂ `ਤੇ ਪੁੱਜਣਾ ਹੁੰਦਾ ਹੈ ਜਿੱਥੇ ਕੰਨਿਆ ਅਤੇ ਵਰ ਵਾਲੀਆਂ ਧਿਰਾਂ ਨੇ ਆਂਢੀਆਂ-ਗੁਆਂਢੀਆਂ ਅਤੇ ਸਕੇ-ਸੰਬੰਧੀਆਂ ਦੇ ਇਕੱਠ ਸਾਮ੍ਹਣੇ, ਆਪਸ ਵਿੱਚ ਗਲੇ ਮਿਲ ਕੇ ਨਵੀਂ ਸਾਕਾਦਾਰੀ ਦੀ ਸ਼ੁਰੂਆਤ ਕਰਨੀ ਹੁੰਦੀ ਹੈ। ਢੁਕਾਅ ਦੀ ਇਸ ਰਸਮ ਨੂੰ ਮਿਲਣੀ ਕਿਹਾ ਜਾਂਦਾ ਹੈ।
ਢੁਕਾਅ-ਰੀਤ ਦਾ ਸਭ ਤੋਂ ਮਹੱਤਵਪੂਰਨ ਪਹਿਲੂ, ਜਨੇਤ ਦਾ ਉਤਾਰੇ ਤੋਂ ਲੈ ਕੇ ਮਿਲਣੀ ਵਾਲੀ ਥਾਂ ਤੇ ਜਾਣ ਵਾਲੇ ਵਕਫ਼ੇ ਨਾਲ ਸੰਬੰਧਿਤ ਹੈ। ਜਨੇਤ ਨੇ ਸਿਹਰੇ ਨਾਲ ਚਿਹਰਾ ਕੱਜੀ ਲਾੜੇ ਨੂੰ ਸਰਬਾਲ੍ਹੇ (ਸਿਰ ਦਾ ਵਾਲੀ ਸਹਾਇਕ) ਸਮੇਤ ਘੋੜੀ ਤੇ ਬਿਠਾ ਕੇ ਸ਼ਾਨਾ ਮੱਤੇ ਰੂਪ ਵਿੱਚ ਸੱਭਿਅਕ ਢੰਗ ਨਾਲ ਕੰਨਿਆ ਦੇ ਗ੍ਰਹਿ ਨੇੜੇ ਢੁੱਕਣਾ ਹੁੰਦਾ ਹੈ। ਇਸ ਸਮੇਂ ਲਾੜੇ ਦੇ ਮਾਪਿਆਂ ਅਤੇ ਜਨੇਤ ਨੇ ਮੁਢਲੇ ਪ੍ਰਭਾਵ ਅਤੇ ਵਖਾਲੇ ਵਜੋਂ, ਵਾਜੇ-ਗਾਜੇ, ਢੋਲ- ਢਮੱਕੇ, ਆਤਸ਼ਬਾਜ਼ੀ, ਨਚਾਰਾਂ, ਖ਼ੁਦ ਨੱਚ-ਟੱਪ ਕੇ ਜਾਂ ਰਫ਼ਲਾਂ ਆਦਿ ਦੇ ਅਸਮਾਨੀ ਫ਼ਾਇਰ ਕਰ ਕੇ ਆਪਣੀ ਪ੍ਰਭੁੱਤਾ ਅਤੇ ਸ਼ਾਨ ਦਾ ਰੱਜੇ-ਪੁੱਜੇ ਟੱਬਰ ਦੇ ਰੂਪ ਵਿੱਚ ਪ੍ਰਦਰਸ਼ਨ ਕਰਨ ਦਾ ਚਲਨ ਹੈ। ਜਨੇਤ ਦੇ ਰਾਤ ਰਹਿਣ ਦੇ ਸਮਿਆਂ, ਜਾਂ ਰਾਤ ਨੂੰ ਫੇਰੇ ਹੋਣ ਵਾਲੇ ਵਿਆਹਾਂ ਵਿੱਚ ਜਨੇਤ ਤ੍ਰਿਕਾਲਾਂ ਪਈਆਂ ਤੋਂ ਢੁੱਕਦੀ ਹੈ, ਅਜਿਹੀ ਸੂਰਤ ਵਿੱਚ ਕਿਸੇ ਸਮੇਂ ਮਸ਼ਾਲਾਂ, ਗੈਸਾਂ ਆਦਿ ਦੇ ਚਾਨਣ ਵਿੱਚ ਜਨੇਤ ਦਾ ਢੁਕਾਅ ਕੀਤਾ ਜਾਂਦਾ ਸੀ ਜਦ ਕਿ ਅਜੋਕੇ ਸਮੇਂ ਇਹਨਾਂ ਦੀ ਥਾਂ ਬਿਜਲੀ ਦੇ ਬਲਬਾਂ ਨੇ ਲੈ ਲਈ ਹੈ ਅਤੇ ਤ੍ਰਿਕਾਲਾਂ ਦਾ ਸਮਾਂ ਬਦਲ ਕੇ ਦਿਨ ਦੇ ਪਹਿਲੇ ਪਹਿਰ ਦਾ ਹੋ ਗਿਆ ਹੈ। ਆਵਾਜਾਈ ਦੇ ਸਾਧਨ ਬਦਲ ਜਾਣ ਕਾਰਨ ਜਨੇਤ ਵੀ ਮੋਟਰਕਾਰਾਂ ਆਦਿ `ਤੇ ਆਉਣ ਲੱਗ ਪਈ ਹੈ, ਪਰ ਇਸ ਦੇ ਬਾਵਜੂਦ ਢੁਕਾਅ ਸਮੇਂ ਲਾੜੇ ਨੂੰ ਸਰਬਾਲ੍ਹੇ ਸਮੇਤ ਘੋੜੀ ਤੇ ਬਿਠਾਉਣ ਦੀ ਰੀਤ ਕਾਇਮ ਹੈ।
ਕਿਸੇ ਜਨੇਤ ਦਾ ਉਤਾਰੇ ਵਾਲੀ ਥਾਂ ਤੋਂ ਚੱਲ ਕੇ ਮਿਲਣੀ ਵਾਲੀ ਥਾਂ ਤੇ ਪੁੱਜਣ ਵਾਲੇ ਵਕਫ਼ੇ ਵਿਚਾਲੇ ਕੀਤਾ ਪ੍ਰਦਰਸ਼ਨ ਹੀ ਲਾੜੇ (ਵਰ ਪੱਖ) ਦੇ ਪਰਿਵਾਰ ਦੀ ਆਰਥਿਕ ਸੰਪੰਨਤਾ, ਸਮਾਜਿਕ ਰੁਤਬੇ ਅਤੇ ਕੰਨਿਆ ਪੱਖ ਦੇ ਪਰਿਵਾਰ ਟਾਕਰੇ ਚੜ੍ਹਤ ਅਤੇ ਅਮੀਰੀ ਨੂੰ ਨਿਸ਼ਚਿਤ ਕਰਦਾ ਹੈ। ਜਨੇਤੀਆਂ ਦਾ ਪਹਿਰਾਵਾ, ਸਲੀਕਾ, ਆਏ ਬੰਦਿਆਂ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਸ਼ਮੂਲੀਅਤ ਅਤੇ ਹਾਥੀ, ਘੋੜੇ, ਊਠ ਗੱਡੇ, ਕਾਰਾਂ, ਮੋਟਰਾਂ ਆਦਿ ਦੀ ਗਿਣਤੀ ਵੀ ਢੁਕਾਅ ਰੀਤ ਦੇ ਮਿਆਰ ਨੂੰ ਪੁਸ਼ਟ ਕਰਦੀ ਹੈ।
ਪਹਿਲੇ ਸਮਿਆਂ ਵਿੱਚ ਛਤ੍ਰੀ ਵੰਸ਼ਾਂ ਵਿੱਚ ਢੁਕਾਅ ਸਮੇਂ ਮਿਲਣੀ ਤੋਂ ਪਹਿਲਾਂ ਵਰ ਦੀ ਬੀਰਤਾ ਘੋੜ ਸੁਆਰੀ ਵਿੱਚ ਪ੍ਰਬੀਨਤਾ ਅਤੇ ਨਿਸ਼ਾਨੇਬਾਜ਼ੀ ਦੀ ਪਰਖ ਲਈ ਤਲਵਾਰ ਨਾਲ ਜੰਡੀ ਵੱਢਣ, ਤੀਰ ਨਾਲ ਤੋਰਨ ਫੁੰਡਣ ਜਾਂ ਨੇੜੇ ਮੁੱਢੀ ਪੁੱਟਣ ਦੀ ਰਸਮ ਦੁਆਰਾ ਕੀਤੀ ਜਾਂਦੀ ਸੀ। ਅਜੋਕੇ ਸਮੇਂ ਭਾਵੇਂ ਇਹ ਚਲਨ ਅਲੋਪ ਹੋ ਗਿਆ ਹੈ ਅਤੇ ਲਾੜੇ ਲਈ ਘੋੜੀ `ਤੇ ਬੈਠ ਕੇ ਕੇਵਲ ਤਲਵਾਰ ਫੜਨ ਦੀ ਰਸਮ ਹੀ ਵੇਖਣ ਨੂੰ ਮਿਲਦੀ ਹੈ ਪਰ ਫਿਰ ਵੀ ਕੰਨਿਆ ਪੱਖ ਦੇ ਆਂਢੀ-ਗੁਆਂਢੀ, ਸਾਕ ਸੰਬੰਧੀ ਅਤੇ ਨਜ਼ਦੀਕੀ ਬੜੀ ਦਿਲਚਸਪੀ ਨਾਲ ਜਨੇਤ ਦੇ ਢੁਕਾਅ ਨੂੰ ਵੇਖਣ ਲਈ ਇਕੱਤਰ ਹੁੰਦੇ ਹਨ।
ਢੁਕਾਅ ਰੀਤ ਦਾ ਸਮੁੱਚਾ ਵਰਤਾਰਾ ਅਸਿੱਧੇ ਰੂਪ ਵਿੱਚ ਕਿਸੇ ਧਾੜਵੀ ਰਜਵਾੜੇ ਦਾ ਹੀ ਜੇਤੂ ਰੂਪ ਪੇਸ਼ ਕਰਦਾ ਹੈ। ਜਨੇਤ ਦਾ ਵਾਜੇ ਵਜਾਉਂਦੇ, ਆਤਸ਼ਬਾਜ਼ੀ ਚਲਾਉਂਦੇ, ਜਾਂ ਰਫ਼ਲਾਂ ਦਾ ਫ਼ਾਇਰ ਕਰਦੇ ਗਲੀਆਂ ਬਜ਼ਾਰਾਂ ਵਿੱਚੋਂ ਜੇਤੂ ਸ਼ਾਨ ਨਾਲ ਲੰਘਣਾ ਅਤੇ ਕੰਨਿਆ ਵਾਲੀ ਧਿਰ ਵੱਲੋਂ ਆਜਜ਼ੀ ਦੇ ਰੂਪ ਵਿੱਚ ਜਨੇਤ ਦਾ ਅਭਿਨੰਦਨ ਕਰਦੇ ਹੋਏ, ਸਿਰੋਪਾ, ਧਨ, ਵਸਤਰ ਅਤੇ ਕੰਨਿਆ ਦੇ ਕੇ ਸੰਬੰਧ ਜੋੜਨ ਦੀ ਪਹਿਲ ਕਰਦੇ ਹੋਏ ਆਪਣੇ-ਆਪ ਨੂੰ ਨੀਵਾਂ ਸਮਝਣ ਦੀ ਰੀਤ ਢੁਕਾਅ ਦਾ ਸਿੱਧਾ ਸੰਬੰਧ ਵਰ ਵਾਲੀ ਧਿਰ ਦੀ ਰਜਵਾੜਾ ਸ਼ਾਹੀ ਚੜ੍ਹਤ ਨਾਲ ਹੀ ਜੋੜਦੀ ਹੈ।
ਜਨੇਤ ਦੇ ਧਾੜਵੀ ਬਿਰਤੀ ਵਾਲੀ ਹੋਣ ਦੀ ਪੁਸ਼ਟੀ, ਗੁਰੂ ਨਾਨਕ ਨੇ ਬਾਬਰ ਦੀ ਜਾਬਰ ਫ਼ੌਜ ਨੂੰ ਪਾਪ ਦੀ ਜੰਞ ਕਹਿ ਕੇ ਕੀਤੀ ਹੈ :
ਪਾਪ ਦੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ॥
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਢੁਕਾਅ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢੁਕਾਅ (ਨਾਂ,ਪੁ) ਲਾੜੇ ਸਮੇਤ ਜੰਞ ਦਾ ਲਾੜੀ ਵਾਲੀ ਧਿਰ ਦੇ ਘਰ ਨੇੜੇ ਪੁੱਜਣ ਤੇ ਸ਼ਗਨਾਂ ਨਾਲ ਕੀਤਾ ਸੁਆਗਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਢੁਕਾਅ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢੁਕਾਅ [ਨਾਂਪੁ] ਜੰਞ ਦਾ ਕੁੜੀ ਵਾਲਿ਼ਆਂ ਦੇ ਘਰ ਪੁੱਜਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First