ਡੱਲੇਵਾਲੀਆ ਮਿਸਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਡੱਲੇਵਾਲੀਆ ਮਿਸਲ : ਇਹ ਸ. ਜੱਸਾ ਸਿੰਘ ਆਹਲੂਵਾਲੀਆ ਦੀ ਜਥੇਬੰਦੀ ਅਧੀਨ ਦੀ ਖਾਲਸਾ ਦੀਆਂ ਗਿਆਰਾਂ ਮਿਸਲਾਂ ਵਿਚੋਂ ਇਕ ਸੀ, ਜਿਸ ਦਾ ਬਾਨੀ ਸ. ਗੁਲਾਬ ਸਿੰਘ ਡੱਲੇਵਾਲੀ (ਜ਼ਿਲ੍ਹਾ ਜਲੰਧਰ ਨਜ਼ਦੀਕ ਸੁਲਤਾਨਪੁਰ) ਸੀ। ਸ. ਗੁਲਾਬ ਸਿੰਘ ਭਾਵੇਂ ਇਕ ਦੁਕਾਨਦਾਰ ਖੱਤਰੀ ਸ਼ਰਧਾ ਰਾਮ ਦੇ ਘਰ ਪੈਦਾ ਹੋਇਆ ਪਰ 1783 ਈ. ਵਿਚ ਇਸਨੇ ਸਿੱਖ ਧਰਮ ਅਪਣਾਇਆ ਤੇ ਆਪਣੇ ਆਪ ਨੂੰ ਕੌਮ ਖਾਤਰ ਸਮਰਪਿਤ ਕੀਤਾ। ਮਿਸਲਾਂ ਤੋਂ ਪਹਿਲਾਂ ਇਹ ਸਿੱਖਾਂ ਦੇ ਜਥਿਆਂ ਵਿਚ ਲਾਹੌਰ ਤੇ ਜਲੰਧਰ ਆਦਿ ਦੇ ਇਲਾਕਿਆਂ ਵਿਚ ਸੂਰਮਤਾਈ ਨਾਲ ਝੂਜਦਾ ਰਿਹਾ। ਕੁਝ ਚਿਰ ਪਿੱਛੋਂ ਥੋੜ੍ਹੇ ਜਿਹੇ ਸਰਦਾਰਾਂ ਦੀ ਸਹਾਇਤਾ ਨਾਲ ਇਸਨੇ ਆਪਣਾ ਵੱਖਰਾ ਜੱਥਾ ਬਣਾਇਆ।
ਸਰਦਾਰ ਗੁਲਾਬ ਸਿੰਘ ਸੋਹਣਾ ਜਵਾਨ, ਮਿੱਠ-ਬੋਲੜਾ ਅਤੇ ਦਲੇਰ ਮਨੁੱਖ ਸੀ। ਇਕ ਵਾਰੀ ਇਸ ਨੇ ਸਿਰਫ ਡੇਢ ਕੁ ਸੌ ਸਿੰਘਾਂ ਨਾਲ ਹੀ ਜਲੰਧਰ ਸ਼ਹਿਰ ਤੇ ਹਮਲਾ ਕਰ ਦਿੱਤਾ ਤੇ ਸੈਂਕੜੇ ਹੀ ਮੁਸਲਮਾਨ ਮੌਤ ਦੇ ਘਾਟ ਉਤਾਰੇ ਤੇ ਫਿਰ ਕਰਤਾਰਪੁਰ ਜਾ ਕੇ ਠਹਿਰੀ ਹੋਈ ਖਾਲਸਾ ਫ਼ੌਜ ਨਾਲ ਜਾ ਮਿਲਿਆ। ਇਸ ਤੇ ਸ. ਗੁਲਾਬ ਸਿੰਘ ਦੀ ਬੀਰਤਾ ਦੀ ਧਾਕ ਜੰਮ ਗਈ। ਇਸ ਦੀ ਬਹਾਦਰੀ ਦੀ ਵਡਿਆਈ ਤੇ ਚੜ੍ਹਦੀ ਕਲਾ ਨੂੰ ਦੇਖ ਕੇ ਗੁਲਾਬ ਸਿੰਘ ਦੇ ਕਈ ਸਬੰਧੀਆਂ-ਮਿੱਤਰਾਂ ਨੇ ਵੀ ਅੰਮ੍ਰਿਤ ਛਕਿਆ ਤੇ ਸਿੰਘ ਸਜ ਗਏ ਤੇ ਜੱਥਿਆਂ ਵਿਚ ਸ਼ਾਮਲ ਹੋ ਗਏ।
ਸੰਨ 1751 ਵਿਚ ਗੁਲਾਬ ਸਿੰਘ ਨੇ ਆਪਣੇ ਜੱਥੇ ਨੂੰ ਲੈ ਕੇ ਐਮਨਾਬਾਦ ਤੇ ਹੱਲਾ ਬੋਲਿਆ ਜਿਸ ਦੇ ਜਵਾਬ ਵਿਚ ਜਸਪਤ ਰਾਏ ਨੇ ਇਨ੍ਹਾਂ ਦਾ ਪਿੱਛਾ ਕੀਤਾ ਪਰ ਗੁਲਾਬ ਸਿੰਘ ਆਪਣੇ ਜੱਥੇ ਸਮੇਤ ਬਚ ਨਿਕਲਿਆ। ਇਸ ਤੋਂ ਦੋ ਵਰ੍ਹੇ ਬਾਅਦ ਰੋੜੀ ਸਾਹਿਬ ਦੇ ਮੇਲੇ ਤੇ ਇਕੱਠੇ ਹੋਏ ਸਿੰਘਾਂ ਨੂੰ ਜਸਪਤ ਰਾਏ ਨੇ ਤਿਤਰ-ਬਿਤਰ ਕਰਨ ਦੀ ਕੋਸ਼ਿਸ਼ ਅਤੇ ਗੁਰਦੁਆਰੇ ਦੀ ਬੇਅਦਬੀ ਕੀਤੀ ਤਾਂ ਸ. ਗੁਲਾਬ ਸਿੰਘ ਨੇ ਉਸਨੂੰ ਉਥੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਉਸ ਉਪਰੰਤ 1756 ਈ. ਦੌਰਾਨ ਗੁਲਾਬ ਸਿੰਘ ਤੇ ਇਸ ਦੇ ਧਰਮ-ਭਾਈ ਸ. ਕਰੋੜਾ ਸਿੰਘ ਦੀ ਅਗਵਾਈ ਵਿਚ ਜੱਥੇ ਨੇ ਹਰਦਵਾਰ ਵੱਲ ਰੁਖ ਕੀਤਾ ਤੇ ਗੰਗਾ। ਪਾਂਡਿਆਂ ਨੂੰ ਸੋਧਿਆ ਤੇ ਕਈ ਮੁਸਲਮਾਨ ਨਵਾਬਾਂ ਦੇ ਦੰਦ ਖੱਟੇ ਕੀਤੇ। ਇਸ ਤਰ੍ਹਾਂ ਜੱਥਾ ਮੀਰਪੁਰ ਆਦਿ ਬਾਈ ਹੁੰਦਾ ਹੋਇਆ ਸਹਾਰਨਪੁਰ ਪਹੁੰਚਿਆ ਅਤੇ ਇਨ੍ਹਾਂ ਸਾਰਿਆਂ ਨੇ ਸਿੰਘਾਂ ਦੀ ਬਹਾਦਰੀ ਦੀ ਝਾਲ ਨਾ ਝਲਦਿਆਂ ਹੋਇਆਂ ਨਜ਼ਰਾਨੇ ਦੇ ਕੇ ਅਧੀਨਤਾ ਪਰਵਾਨ ਕੀਤੀ। ਸ. ਗੁਲਾਬ ਸਿੰਘ ਆਪਣੇ ਜੱਥੇ ਸਮੇਤ ਵਾਪਸ ਪਰਤ ਆਇਆ। ਇਸੇ ਤਰ੍ਹਾਂ 1758 ਈ. (1815 ਬਿ.) ਵਿਚ ਅਹਿਮਦ ਸ਼ਾਹ ਅਬਦਾਲੀ ਦੀ ਵਾਪਸੀ ਸਮੇਂ ਹਿੰਦੂ ਲੜਕੀਆਂ ਨੂੰ ਤੇ ਲੁਟੀ ਹੋਈ ਧੰਨ-ਦੌਲਤ ਵਾਪਸ ਲੈਣ ਲਈ ਦਰਿਆ ਰਾਵੀ ਉਪਰ ਸਿੰਘਾਂ ਦੀ ਉਸ ਨਾਲ ਹੋਈ ਜੰਗ ਵਿਚ ਵੀ ਸ. ਗੁਲਾਬ ਸਿੰਘ ਡੱਲੇਵਾਲੀਆ ਸ਼ਾਮਲ ਸੀ। ਇਸ ਪਿੱਛੋਂ ਜਿਹਲਮ ਦੇ ਕੋਲ ਰੋਹਤਾਸ ਤੋਂ ਲਾਹੌਰ ਵੱਲ ਆ ਰਿਹਾ ਸ਼ਾਹੀ ਖਜ਼ਾਨੇ ਦਾ ਪੰਜ ਲੱਖ ਰੁਪਿਆ ਖੋਹਣ ਦਾ ਕੰਮ ਵੀ ਗੁਲਾਬ ਸਿੰਘ ਤੇ ਕਰੋੜਾ ਸਿੰਘ ਦੀ ਅਗਵਾਈ ਵਿਚ ਹੋਇਆ ਜਿਸ ਨੂੰ ਖਾਲਸਾ ਦਲਾਂ ਵਿਚ ਰਸਦ ਪਾਣੀ ਆਦਿ ਲੋੜਾਂ ਲਈ ਵੰਡ ਕੇ ਵਰਤਿਆ ਗਿਆ। ਵੰਡ-ਛਕਣ, ਚੜ੍ਹਦੀ ਕਲਾ 'ਚ ਰਹਿਣ ਆਦਿ ਸਦਕਾ ਸਰਦਾਰ ਗੁਲਾਬ ਸਿੰਘ ਦੇ ਜੱਥੇ ਵਿਚ ਛੇ ਹਜ਼ਾਰ ਸਵਾਰ ਸ਼ਾਮਲ ਹੋ ਗਏ। ਸੰਨ 1759 (ਸੰਮਤ 1816) ਨੂੰ ਆਲੂ ਕਲਾਨੌਰ ਦੀ ਜੰਗ ਵਿਚ ਸ. ਗੁਲਾਬ ਸਿੰਘ ਬਹਾਦਰੀ ਨਾਲ ਸ਼ਹੀਦ ਹੋਇਆ। ਦੂਜੇ ਪਾਸੇ ਇਸ ਦੇ ਦੋਵੇਂ ਪੁੱਤਰ ਜੈਪਾਲ ਸਿੰਘ ਤੇ ਹਰਦਿਆਲ ਸਿੰਘ ਵੀ ਬਸੌਲੀ ਵਿਖੇ ਲੜਦੇ ਹੋਏ ਸ਼ਹੀਦ ਹੋ ਗਏ ਸਨ। ਇਸ ਲਈ ਸ. ਗੁਲਾਬ ਸਿੰਘ ਤੋਂ ਪਿਛੋਂ ਡੱਲੇਵਾਲੀਆ ਮਿਸਲ ਦਾ ਆਗੂ ਇਸ ਦਾ ਮੁਸਾਹਬ ਗੁਰਦਿਆਲ ਸਿੰਘ ਥਾਪਿਆ ਗਿਆ। ਇਕ ਸਾਲ ਪਿੱਛੋਂ ਦੁਆਬੇ ਦੀ ਲੜਾਈ ਵਿਚ ਗੁਰਦਿਆਲ ਸਿੰਘ ਸ਼ਹੀਦ ਹੋ ਗਿਆ ਤੇ ਤੋੜਵਾਲੀ ਦਾ ਜੰਮ-ਪਲ ਜੱਟ ਸ. ਤਾਰਾ ਸਿੰਘ ਕੰਗ ਜੱਥੇ, ਦੀ ਅਗਵਾਈ ਕਰਨ ਲੱਗਾ। (ਜ. ਐਸ. ਛਾਬੜਾ ਅਨੁਸਾਰ ਤਾਰਾ ਸਿੰਘ ਪਿੰਡ ਡੱਲੇਵਾਲ ਦਾ ਵਾਸੀ ਸੀ)।
ਸ. ਤਾਰਾ ਸਿੰਘ ਬੱਕਰੀਆਂ ਚਾਰਨ ਦਾ ਕੰਮ ਕਰਦਾ ਹੁੰਦਾ ਸੀ। ਸਿੱਖਾਂ ਦੀ ਬਹਾਦਰੀ ਤੇ ਨਿਸ਼ਕਾਮ ਭਗਤੀ ਭਾਵ ਤੇ ਸੇਵਾ ਨੂੰ ਵੇਖਦਿਆਂ ਇਸ ਨੇ ਅੰਮ੍ਰਿਤ ਛੱਕਿਆ ਤੇ ਸਿੰਘ ਸੱਜ ਕੇ ਸ. ਗੁਲਾਬ ਸਿੰਘ ਡੱਲੇਵਾਲੇ ਨਾਲ ਲੜਾਈਆਂ ਵਿਚ ਰਹਿਣ ਲੱਗਾ। ਕਸੂਰ ਦੀ ਲੜਾਈ ਵਿਚ ਸ. ਹਰੀ ਸਿੰਘ ਭੰਗੀ ਨਾਲ ਇਸ ਨੇ ਆਪਣੀ ਸਿਆਣਪ ਤੇ ਬਹਾਦਰੀ ਦੇ ਸਬੂਤ ਪੇਸ਼ ਕੀਤੇ। ਇਸ ਪਿੱਛੋਂ ਅਦੀਨਾ ਬੇਗ ਦੇ ਦੀਵਾਨ ਬਿਸ਼ੰਬਰ ਦਿਆਲ ਨੂੰ ਲੜਾਈ ਦੌਰਾਨ ਮੌਤ ਦੇ ਘਾਟ ਉਤਾਰਿਆ ਤੇ ਇਸ ਦੇ ਇਲਾਕੇ ਉਪਰ ਕਬਜ਼ਾ ਕੀਤਾ ਤੇ ਇਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਗੁਰੂ ਘਰ ਦੀ ਸੇਵਾ ਲਈ ਪ੍ਰਰਿਆ ਤੇ ਸਿੰਘ ਸਜਾਇਆ। ਇਸ ਦੇ ਉੱਚੇ ਤੇ ਸੁੱਚੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਚੌਧਰੀ ਗੌਹਰ ਦਾਸ ਸਾਕਨ ਕਿੰਗ ਨੇ ਵੀ ਅੰਮ੍ਰਿਤ ਪਾਨ ਕੀਤਾ ਜਿਸ ਦੇ ਨਤੀਜੇ ਵਜੋਂ ਇਸ ਦਾ ਸਾਰਾ ਪਿੰਡ ਹੀ ਸਿੰਘ ਸੱਜ ਗਿਆ ਤੇ ਡੱਲੇਵਾਲੀਆ ਜੱਥੇ ਵਿਚ ਦਸ ਹਜ਼ਾਰ ਸਿੰਘ ਹੋ ਗਏ।
ਸੰਨ 1763 (1820 ਬਿ.) ਨੂੰ ਸਰਹਿੰਦ ਦੇ ਹਮਲੇ ਸਮੇਂ ਵੀ ਸਿੱਖਾਂ ਨਾਲ ਸ਼ਾਮਲ ਹੋਇਆ। ਇਸ ਦੌਰਾਨ ਸਰਹਿੰਦ ਦਾ ਹਾਕਮ ਜ਼ੈਨ ਖ਼ਾਂ ਮਾਰਿਆ ਗਿਆ ਤੇ ਫਿਰ ਸ. ਤਾਰਾ ਸਿੰਘ ਨੇ ਆਪਣੇ ਜੱਥੇ ਨਾਲ ਧਰਮ ਕੋਟ, ਘੁੰਗਰਾਣਾ, ਬੱਦੋਵਾਲ ਆਦਿ ਤੇ ਕਬਜ਼ਾ ਕੀਤਾ। ਗਹੂੰ (ਗਹੋ) ਨੂੰ ਮੁਕਾਮ ਨਿਸ਼ਚਿਤ ਕੀਤਾ। ਹੁਣ ਇਸ ਜੱਥੇ ਦੇ ਕਬਜ਼ੇ ਵਿਚ 8 ਲੱਖ ਦੀ ਆਮਦਨ ਦਾ ਇਲਾਕਾ ਸੀ ਅਤੇ ਸ. ਤਾਰਾ ਸਿੰਘ ਆਪਣੇ ਸਿੱਖੀ ਜੀਵਨ, ਵਿਵੇਕ ਬੁੱਧੀ ਅਤੇ ਪਿਆਰ ਭਰਿਆ ਵਤੀਰਾ ਹੋਣ ਕਰਕੇ ਜਿੱਥੇ ਜਾਂਦਾ ਸਤਿਕਾਰਿਆ ਤੇ ਪਿਆਰਿਆ ਜਾਂਦਾ।
ਇਕ ਵਾਰੀ ਕਿਲਾ ਦੱਖਣੀ (ਬੱਦੋਵਾਲ) ਦੇ ਸੰਸਾਰ ਚੰਦ ਨੇ ਸ. ਤਾਰਾ ਸਿੰਘ ਨਾਲ ਕੋਈ 20 ਦਿਨ ਲੜਾਈ ਜਾਰੀ ਰੱਖੀ ਪਰ ਉਸ ਦਾ ਇਹ ਵਿਉਂਤਬੱਧ ਤੇ ਅਚਾਨਕ ਹਮਲਾ ਵੀ ਨਾਕਾਮਯਾਬ ਰਿਹਾ ਤੇ ਸੰਸਾਰ ਚੰਦ ਨੂੰ ਆਪਣੀ ਫ਼ੌਜ ਕਿਲੇ ਤੋਂ ਵਾਪਸ ਮੋੜਨੀ ਪਈ। ਸ. ਤਾਰਾ ਸਿੰਘ ਦੇ ਅਧੀਨ ਸਭ ਲੋਕ ਖੁਸ਼ ਸਨ ਤੇ ਜਦੋਂ ਵੀ ਉਸ ਉਪਰ ਕੋਈ ਭੀੜ ਬਣਦੀ ਤਾਂ ਆਮ ਜਨਤਾ ਵੀ ਇਕ-ਮੁੱਠ ਹੋ ਕੇ ਮਦਦ ਲਈ ਲੱਕ ਬੰਨ੍ਹ ਲੈਂਦੀ।
ਸ. ਤਾਰਾ ਸਿੰਘ ਦੇ ਅੱਗੇ ਤਿੰਨ ਲੜਕੇ-ਗੁਜਰ ਸਿੰਘ, ਦਸੌੱਧਾ ਸਿੰਘ ਤੇ ਝੰਡਾ ਸਿੰਘ ਸਨ। ਇਨ੍ਹਾਂ ਨੂੰ ਘੁੰਗਰਾਣਾ, ਧਰਮਕੋਟ, ਕਿਲਾ ਦੱਖਣੀ (ਬੱਦੋਵਾਲ) ਸਤਲੁਜ ਦੇ ਖੱਬੇ ਪਾਸੇ ਦਾ ਇਲਾਕਾ ਅਤੇ ਦੁਆਬਾ ਬਿਸਤ ਜਲੰਧਰ, ਨਕੋਦਰ ਆਦਿ ਇਲਾਕੇ ਤਰਤੀਬ ਵਾਰ ਵੰਡ ਦਿੱਤੇ। ਇਹ ਤਿੰਨੇ ਤੀਹ-ਤੀਹ ਹਜ਼ਾਰ ਦੀ ਆਮਦਨ ਵਾਲੇ ਇਲਾਕੇ ਸਨ। ਬਾਕੀ ਦਾ ਲਗਭਗ 5 ਲੱਖ ਦੀ ਆਮਦਨੀ ਦਾ ਰਕਬਾ ਆਪਣੇ ਕੋਲ ਰੱਖਿਆ ਜਿਸ ਨੂੰ 1807 ਈ. ਵਿਚ ਰਾਹੋਂ ਵਿਖੇ ਇਸ ਦੀ ਚੜ੍ਹਾਈ ਕਰਨ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ। ਸ. ਤਾਰਾ ਸਿੰਘ ਦੀ ਘਰ ਵਾਲੀ ਸਰਦਾਰਨੀ ਰਤਨ ਕੌਰ ਨੇ ਅਫ਼ਸੋਸ ਲਈ ਆਏ ਮਹਾਰਾਜਾ ਰਣਜੀਤ ਸਿੰਘ ਦੀ ਪੰਜ ਘੋੜੇ, ਛੇ ਲੱਖ ਰੁਪਿਆ ਤੇ ਇਕ ਹਾਥੀ ਦੀ ਜ਼ੰਜੀਰ ਭੇਂਂਟ ਕਰਕੇ ਵਡਿਆਈ ਕੀਤੀ ਪਰ ਕਿਲੇ ਅੰਦਰ ਦਾਖ਼ਲ ਹੋਣ ਦੀ ਆਗਿਆ ਨਾ ਦਿੱਤੀ । ਇਸ ਤੇ ਮਹਾਰਾਜੇ ਨੇ ਕਿਲੇ ਉੱਪਰ ਹਮਲਾ ਕੀਤਾ। ਇਧਰ ਸ. ਤਾਰਾ ਸਿੰਘ ਦੀ ਸਿੰਘਣੀ ਵੀ ਬਹਾਦਰੀ ਨਾਲ ਮੁਕਾਬਲਾ ਕਰਨ ਲੱਗੀ ਤੇ ਕੁਝ ਘੰਟੇ ਡਟਵੀਂ ਲੜਾਈ ਹੋਈ। ਅੰਤ ਨੂੰ ਮਹਾ. ਰਣਜੀਤ ਸਿੰਘ ਦੀ ਫ਼ੌਜ ਦੇ ਪੈਰ ਉਖੜ ਗਏ ਪਰ ਦੂਜੇ ਪਾਸਿਓਂ ਕਿਲੇ ਦੇ ਨੌਕਰਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ ਜਿਸ ਨਾਲ ਮਹਾਰਾਜਾ ਜਿੱਤ ਗਿਆ। ਇਸ ਪਿੱਛੋਂ ਇਸ ਇਲਾਕੇ ਦੇ ਮਾਲਕ ਸ. ਝੰਡਾ ਸਿੰਘ ਕੋਲ ਮਾਲ੍ਹਪੁਰ, ਨਕੋਦਰ ਬਲੋਕੀ ਆਦਿ ਰਹਿਣ ਦਿੱਤੇ ਤੇ ਦੋ ਪਿੰਡ ਸਰਦਾਰਨੀ ਰਤਨ ਕੌਰ ਨੂੰ ਗੁਜ਼ਾਰੇ ਲਈ ਸੰਭਾਲ ਦਿੱਤੇ। ਗੁਜਰ ਸਿੰਘ ਤੇ ਦਸੌਂਧਾ ਸਿੰਘ ਕੋਲੋਂ ਵੀ ਘੁੰਗਰਾਨਾ ਤੇ ਬੱਦੇਵਾਲ ਦਾ ਇਲਾਕਾ ਲੈ ਕੇ ਸ. ਗੁਰਦਿੱਤ ਸਿੰਘ ਡੱਲੇਵਾਲ ਨੂੰ ਉਸ ਦੇ ਨਾ ਚਾਹੁੰਦਿਆਂ ਵੀ ਸੌਂਪ ਦਿੱਤਾ। ਇਸ ਤੇ ਦਸੌਂਧਾ ਸਿੰਘ ਆਪਣੇ ਸਹੁਰੇ ਚਲਾ ਗਿਆ ਤੇ ਉਥੇ ਹੀ ਇਸ ਨੇ ਆਪਣੀ ਪ੍ਰਾਣ ਛੱਡੇ। ਇਸ ਦੀ ਸੰਤਾਨ ਨਹੀਂ ਸੀ। ਹੁਣ ਗੁੱਜਰ ਸਿੰਘ ਤੇ ਝੰਡਾ ਸਿੰਘ ਨੂੰ ਉਦਾਸੀ ਸਾਧਾਂ ਵਾਲੇ ਬੱਲੂ ਦੇ (ਜਿਹੜੇ ਸ. ਤਾਰਾ ਸਿੰਘ ਵਲੋਂ ਸੌਂਪੇ ਗਏ ਸਨ) ਅੱਧੇ ਪਿੰਡ ਦੇ ਦਿੱਤੇ ਗਏ। ਸਰਦਾਰਨੀ ਰਤਨ ਕੌਰ ਦੀ ਪੈਨਸ਼ਨ ਬੰਨ੍ਹ ਦਿੱਤੀ ਜਿਹੜੀ ਇਹ ਆਪਣੀ ਜ਼ਿੰਦਗੀ ਭਰ ( 1906 ਈ. ਤੱਕ) ਲੈਂਦੀ ਰਹੀ। ਇਸ ਪਿੱਛੋਂ ਕੁਝ ਪੈਨਸ਼ਨ ਝੰਡਾ ਸਿੰਘ ਦੇ ਲੜਕੇ ਨਾਰਲ ਸਿੰਘ ਨੂੰ ਮਿਲਦੀ ਰਹੀ ਜਦ ਕਿ ਨਾਰਲ ਸਿੰਘ ਤੇ ਬਖਤਾਵਰ ਸਿੰਘ ਕੋਲ ਬਲੋਕੀ ਪਿੰਡ ਤੇ ਸਕਰਪੁਰ ਦਾ 280 ਰੁਪਏ ਸਾਲਾਨਾ ਦੀ ਜਾਗੀਰ ਦਾ ਜ਼ਿਮੀਦਾਰਾ ਵੀ ਸੀ। ਨਾਰਲ ਸਿੰਘ ਨੇ ਅੰਗ੍ਰੇਜ਼ੀ ਫ਼ੌਜ ਸੂਬੇਦਾਰੀ ਪੈਨਸ਼ਨ ਵੀ ਹਾਸਲ ਕੀਤੀ। ਇਸ ਦਾ ਪੁੱਤਰ ਅਮਰ ਸਿੰਘ ਇਸ ਪਿੱਛੋਂ ਜਗੀਰ ਬਲੋਕੀ ਜਲੰਧਰ ਵਿਖੇ 40 ਘੁਮਾਂ ਜ਼ਮੀਨ ਤੇ 685 ਰੁਪਏ ਜਗੀਰ ਦਾ ਮਾਲਕ ਬਣਿਆ। ਜ਼ਿਲ੍ਹਾ ਅੰਬਾਲਾ ਵਿਚ ਮੁਸਤਫ਼ਾਬਾਦ ਦੇ ਸਰਦਾਰ, ਕਰਨਾਲ ਜ਼ਿਲ੍ਹੇ ਵਿਚ ਬਡਬਲ ਦੇ ਸਰਦਾਰ ਤੇ ਜਲੰਧਰ ਜ਼ਿਲ੍ਹੇ ਦੇ ਕੰਗ ਰਈਸ ਡੱਲੇਵਾਲੀਆ ਮਿਸਲ ਵਿਚੋਂ ਹੀ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-30-11-26-11, ਹਵਾਲੇ/ਟਿੱਪਣੀਆਂ: ਹ. ਪੁ. –ਸਿੱਖ ਮਿਸਲਾਂ 112; ਹਿ. ਸਿ. ਹ. –ਗੁਪਤਾ : ਤਵਾ . ਗੁ. ਖਾ. 2 : 250; ਮ. ਕੋ. 558; ਹਿੰ. ਪੰ. ਕੋ. 2 : 25
ਡੱਲੇਵਾਲੀਆ ਮਿਸਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਡੱਲੇਵਾਲੀਆ ਮਿਸਲ : ਸਿੱਖ ਰਾਜ ਦੇ ਸੰਗਠਨ ਤੋਂ ਪਹਿਲਾਂ 12 ਮਿਸਲਾਂ ਵਿਚੋਂ ਇਹ ਕਾਫ਼ੀ ਪ੍ਰਸਿੱਧ ਮਿਸਲ ਸੀ ਜਿਸ ਦਾ ਬਾਨੀ ਡੱਲੇਵਾਲ ਪਿੰਡ ਦਾ ਗੁਲਾਬਾ ਖੱਤਰੀ ਸੀ । ਗੁਲਾਬਾ ਅੰਮ੍ਰਿਤ ਛਕ ਕੇ 1726 ਈ. ਵਿਚ ਦਲ ਖ਼ਾਲਸਾ ਨਾਲ ਮਿਲਿਆ । ਉਹ ਲਾਹੌਰ , ਕਸੂਰ ਅਤੇ ਜਲੰਧਰ ਦੀਆਂ ਮੁਹਿੰਮਾਂ ਵਿਚ ਸਿੱਖ ਜੋਧਿਆਂ ਨਾਲ ਸ਼ਾਮਲ ਸੀ । ਗੁਲਾਬ ਸਿੰਘ ਦੇ ਦੋ ਭਰਾਵਾਂ, ਦਿਆਲ ਸਿੰਘ (ਹਰਦਿਆਲ ਸਿੰਘ) ਅਤੇ ਗੁਰਦਿਆਲ ਸਿੰਘ ਅਤੇ ਦੋ ਪੁੱਤਰਾਂ ਜੈਪਾਲ ਸਿੰਘ ਅਤੇ ਹਰਦਿਆਲ ਸਿੰਘ ਨੇ 1746 ਈ. ਵਿਚ ਛੋਟੇ ਘਲੂਘਾਰੇ ਵਿਚ ਹਿੱਸਾ ਲਿਆ । ਕਰੋੜ ਸਿੰਘੀਆ ਨਾਲ ਮਿਲ ਕੇ ਉਸ ਨੇ ਸਹਾਰਨਪੁਰ ਅਤੇ ਜੁਆਲਾਪੁਰ ਨੂੰ ਵੀ ਲੁਟਿਆ । ਗੁਲਾਬ ਸਿੰਘ 1759 ਈ. ਵਿਚ ਕਲਾਨੌਰ ਦੀ ਲੜਾਈ ਵਿਚ ਅੰਬੋ ਖ਼ਾਂ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ । ਉਸ ਦੇ ਦੋਵੇਂ ਪੁੱਤਰ ਉਸ ਤੋਂ ਪਹਿਲਾਂ ਹੀ ਬਸੌਲੀ ਦੀ ਲੜਾਈ ਵਿਚ ਮਾਰੇ ਗਏ ਸਨ । ਗੁਲਾਬ ਸਿੰਘ ਦਾ ਭਰਾ ਗੁਰਦਿਆਲ ਸਿੰਘ ਮਿਸਲ ਦੀ ਸਰਦਾਰੀ ਸੰਭਾਲਣ ਦੇ ਇਕ ਸਾਲ ਬਾਅਦ ਹੀ ਮਰ ਗਿਆ। ਮਿਸਲ ਦੀ ਸਰਦਾਰੀ ਤਾਰਾ ਸਿੰਘ ਘੇਬਾ ਨੂੰ ਮਿਲ ਗਈ ਜੋ ਕੰਗ ਜਾਤ ਦਾ ਜੱਟ ਅਤੇ ਤੋੜਾ ਵਾਲੀ ਪਿੰਡ ਦਾ ਸੀ । ਤਾਰਾ ਸਿੰਘ ਦਾ ਜਨਮ 1707-08 ਈ. ਵਿਚ ਹੋਇਆ ਮੰਨਿਆ ਜਾਂਦਾ ਹੈ । ਰਵਾਇਤ ਅਨੁਸਾਰ ਪਸ਼ੂ ਚਾਰਨ ਗਿਆ ਤਾਰਾ ਸਿੰਘ ਅਚਾਨਕ ਕਈ ਵਾਰ ਜੰਗਲ ਵਿਚ ਅਲੋਪ ਹੋ ਜਾਂਦਾ ਸੀ ਜਿਸ ਤੋਂ ਉਸ ਦਾ ਨਾਂ ਘੇਬਾ ਪੈ ਗਿਆ । ਤਾਰਾ ਸਿੰਘ ਲਾਚਾਰੀ ਦੀ ਹਾਲਤ ਵਿਚ ਅੰਮ੍ਰਿਤ ਛਕ ਕੇ ਗੁਲਾਬ ਸਿੰਘ ਦੇ ਨਾਲ ਜਾ ਸ਼ਾਮਿਲ ਹੋਇਆ । ਤਾਰਾ ਸਿੰਘ ਨਾਲ ਉਸ ਦੇ ਕਈ ਮਿੱਤਰ ਅਤੇ ਰਿਸ਼ਤੇਦਾਰ ਵੀ ਸ਼ਾਮਲ ਹੋ ਗਏ ।
ਤਾਰਾ ਸਿੰਘ ਆਪਣੇ ਸਾਥੀਆਂ ਅਤੇ ਘੋੜਿਆਂ ਦੀ ਗਿਣਤੀ ਵਧਾਉਂਦਾ ਗਿਆ । ਉਸ ਨੇ ਅੰਮ੍ਰਿਤਸਰ ਆ ਕੇ ਆਹਲੂਵਾਲੀਆ ਅਤੇ ਸਿੰਘਪੁਰੀਆ ਨੂੰ ਆਪਣੀਆਂ ਸੇਵਾਵਾਂ ਭੇਟ ਕੀਤੀਆਂ । ਕੁਝ ਸਮੇਂ ਬਾਅਦ ਸਿੰਘਪੁਰੀਆ ਤਾਰਾ ਸਿੰਘ ਨੇ ਰਾਹੋਂ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਆਪਣਾ ਸਦਰ-ਮੁਕਾਮ ਬਣਾ ਲਿਆ । ਛੇਤੀ ਬਾਅਦ ਉਸ ਨੇ ਫਿਲੌਰ ਅਤੇ ਇਸ ਦੇ ਇਰਦ ਗਿਰਦ ਦੇ ਇਲਾਕੇ ਆਪਣੇ ਅਧੀਨ ਕਰ ਲਏ । ਤਾਰਾ ਸਿੰਘ ਨੇ ਨਕੋਦਰ ਤੇ ਵੀ ਕਬਜ਼ਾ ਕਰ ਲਿਆ । ਥੋੜ੍ਹੇ ਸਮੇਂ ਬਾਅਦ ਕੋਟ ਬਾਦਲ ਖ਼ਾਂ ਅਤੇ ਮੈਹਤਪੁਰ ਵੀ ਉਸ ਦੇ ਅਧੀਨ ਹੋ ਗਏ ।
ਤਾਰਾ ਸਿੰਘ ਦੀਆਂ ਤਿੰਨ ਸ਼ਾਦੀਆਂ ਹੋਈਆਂ ਜਿਨ੍ਹਾਂ ਵਿਚੋਂ ਨਾਮਾਵਰ, ਦਸੌਂਧਾ ਸਿੰਘ ਅਤੇ ਝੰਡਾ ਸਿੰਘ ਪੈਦਾ ਹੋਏ । ਮਈ, 1763 ਵਿਚ ਉਸ ਨੇ ਕਸੂਰ ਦੀ ਲੁੱਟ ਵਿਚ ਲਗਭਗ ਚਾਰ ਲੱਖ ਦੀ ਨਕਦੀ ਅਤੇ ਜ਼ੇਵਰ ਲੁਟੇ। ਜਨਵਰੀ, 1764 ਵਿਚ ਸਰਹਿੰਦ ਦੀ ਜਿੱਤ ਤੋਂ ਬਾਅਦ ਤਾਰਾ ਸਿੰਘ ਨੂੰ ਮੋਗਾ ਤਹਿਸੀਲ ਵਿਚ ਰਾਮੂਵਾਲਾ ਅਤੇ ਮਾੜੀ ਪ੍ਰਾਪਤ ਹੋਏ ਜਿਥੇ ਉਸ ਨੇ ਕਿਲੇ ਬਣਵਾਏ ।
ਤਾਰਾ ਸਿੰਘ ਨੇ ਗੰਗਾ ਦੁਆਬ, ਰੋਹੇਲਖੰਡ ਅਤੇ ਦਿੱਲੀ ਉੱਤੇ ਧਾਵਿਆਂ ਸਮੇਂ ਵਧ ਚੜ੍ਹ ਕੇ ਹਿੱਸਾ ਲਿਆ । ਅਪ੍ਰੈਲ, 1775 ਵਿਚ ਜਮਨਾ ਪਾਰ ਕਰਕੇ ਉਨ੍ਹਾਂ ਨੇ ਕੁੰਜਪੁਰਾ, ਲਖਨੌਤੀ, ਦਿਉਬੰਦ, ਗੌਂਸਗੜ੍ਹ ਆਦਿ ਥਾਵਾਂ ਤੋਂ ਕਰ ਵਸੂਲ ਕੀਤਾ । ਮਾਰਚ, 1783 ਨੂੰ ਤਾਰਾ ਸਿੰਘ ਦੂਜੇ ਸਰਦਾਰਾਂ ਨਾਲ ਦਿੱਲੀ ਵਿਚ ਦਾਖਲ ਹੋਇਆ । ਉਹ ਲਾਲ ਕਿਲੇ ਵਿਚੋਂ ਦੋ ਤੋਪਾਂ ਰਾਹੋਂ ਲੈ ਆਇਆ । ਉਸ ਨੇ ਦਿੱਲੀ ਗੁਰਦੁਆਰੇ ਬਣਾਉਣ ਵਿਚ ਬਘੇਲ ਸਿੰਘ ਦੀ ਵੀ ਸਹਾਇਤਾ ਕੀਤੀ ।
ਤਾਰਾ ਸਿੰਘ ਨੇ ਪਟਿਆਲੇ ਦੇ ਰਾਜ ਘਰਾਣੇ ਨਾਲ ਚੰਗੇ ਸਬੰਧ ਰੱਖੇ । ਉਸ ਨੇ 1765 ਈ. ਵਿਚ ਕੰਵਰ ਹਿੰਮਤ ਸਿੰਘ ਦੀ ਬਗ਼ਾਵਤ ਦਬਾਉਣ ਵਿਚ ਰਾਜਾ ਅਮਰ ਸਿੰਘ ਦੀ ਸਹਾਇਤਾ ਕੀਤੀ ਸੀ । ਸੰਨ 1777 ਵਿਚ ਕੰਵਰ ਹਿੰਮਤ ਸਿੰਘ ਦੀ ਲੜਕੀ ਚੰਦ ਕੌਰ ਦਾ ਵਿਆਹ ਤਾਰਾ ਸਿੰਘ ਦੇ ਪੁੱਤਰ ਦਸੌਂਦਾ ਸਿੰਘ ਨਾਲ ਹੋਇਆ । ਸੰਨ 1778 ਵਿਚ ਤਾਰਾ ਸਿੰਘ ਨੇ ਹਰੀ ਸਿੰਘ ਸਿਆਲਬਾ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੇ ਹਮਲੇ ਨੂੰ ਪਛਾੜਣ ਲਈ ਰਾਜਾ ਅਮਰ ਸਿੰਘ ਦੀ ਮਦਦ ਕੀਤੀ । ਸੰਨ 1779 ਈ. ਵਿਚ ਦਿੱਲੀ ਦੇ ਮੰਤਰੀ ਅਬਦਲ ਅਹਦ ਵਿਰੁੱਧ ਤਾਰਾ ਸਿੰਘ ਨੇ ਰਾਜਾ ਅਮਰ ਸਿੰਘ ਦੀ ਮਦਦ ਕੀਤੀ । ਤਾਰਾ ਸਿੰਘ 15,000 ਸੈਨਿਕ ਲੈ ਕੇ ਪਟਿਆਲੇ ਪੁੱਜਾ । ਸੰਨ 1789 ਵਿਚ ਮਹਾਦਜੀ ਸਿੰਧੀਆ ਵਲੋਂ ਭੇਜੀ ਗਈ ਫ਼ੌਜ ਜੋ ਪਟਿਆਲੇ ਉੱਤੇ ਹਮਲਾ ਕਰਨ ਲਈ ਆਈ ਸੀ, ਵੀ ਤਾਰਾ ਸਿੰਘ ਦੀ ਮਦਦ ਨਾਲ ਵਾਪਸ ਭਜਾ ਦਿੱਤੀ ਗਈ । ਤਾਰਾ ਸਿੰਘ ਨੇ ਬਠਿੰਡੇ ਦੇ ਭੱਟੀਆਂ ਵਿਰੁੱਧ ਵੀ ਪਟਿਆਲੇ ਦੀ ਮਦਦ ਕੀਤੀ ਸੀ। ਸੰਨ 1799 ਵਿਚ ਤਾਰਾ ਸਿੰਘ ਨੇ ਜਾਰਜ ਟਾਮਸ ਵਿਰੁੱਧ ਫੂਲਕੀਆਂ ਹਾਕਮਾਂ ਦੀ ਮਦਦ ਕੀਤੀ ।
ਤਾਰਾ ਸਿੰਘ ਘੇਬਾ ਇਕ ਖ਼ੁਦਾਤਰਸ ਮਨੁੱਖ ਸੀ ਅਤੇ ਆਪਣੀ ਪਰਜਾ ਦੀ ਭਲਾਈ ਸਦਾ ਉਸ ਦੇ ਮਨ ਵਿਚ ਟਿਕੀ ਰਹਿੰਦੀ ਸੀ । ਉਹ ਬੜਾ ਸਾਦਾ ਲਿਬਾਸ ਪਹਿਨਦਾ ਸੀ । ਉਹ ਇਕ ਪੱਕਾ ਸਿੱਖ ਸੀ ਅਤੇ ਲੋੜਵੰਦਾਂ ਦੀ ਖੁਲ੍ਹ-ਦਿਲੀ ਨਾਲ ਸਹਾਇਤਾ ਕਰਦਾ ਸੀ । ਕਈ ਪੀਰਾਂ-ਫ਼ਕੀਰਾਂ ਨੂੰ ਉਸ ਨੇ ਜਾਗੀਰਾਂ ਲਾ ਛਡੀਆਂ ਸਨ । ਉਹ ਲੜਾਈ ਵਿਚ ਦਲੇਰ ਤੇ ਰਹਿਮਦਿਲ ਦਾਨੀ ਸੀ ।
ਜਦੋਂ ਤਾਰਾ ਸਿਘ ਬਜ਼ੁਰਗ ਹੋ ਰਿਹਾ ਸੀ ਤਾਂ ਰਣਜੀਤ ਸਿੰਘ ਇਕ ਵੱਡਾ ਰਾਜ ਸਥਾਪਿਤ ਕਰਨ ਵਿਚ ਰੁੱਝਾ ਹੋਇਆ ਸੀ । ਸੰਨ 1807 ਵਿਚ ਰਣਜੀਤ ਸਿੰਘ ਦੀ ਮਾਲਵੇ ਦੀ ਮੁਹਿੰਮ ਵਿਚ ਤਾਰਾ ਸਿੰਘ ਵੀ ਸ਼ਾਮਿਲ ਸੀ । ਉਸ ਨੇ ਨਾਰਾਇਣਗੜ੍ਹ ਦੀ ਲੜਾਈ ਵਿਚ ਹਿੱਸਾ ਲਿਆ । ਨਾਰਾਇਣਗੜ੍ਹ ਜਿੱਤ ਕੇ ਆਹਲੂਵਾਲੀਆ ਨੂੰ ਦੇ ਦਿੱਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਤਾਰਾ ਸਿੰਘ ਦੀ ਮੌਤ ਨਾਰਾਇਣਗੜ੍ਹ ਦੇ ਸਥਾਨ ਤੇ ਹੀ ਹੋ ਗਈ ਸੀ। ਉਸ ਦੇ ਆਦਮੀ ਉਸ ਦੀ ਲਾਸ਼ ਨੂੰ ਚੁਪ ਚਾਪ ਰਾਹੋਂ ਲੈ ਆਏ। ਮਹਾਰਾਜਾ ਰਣਜੀਤ ਸਿੰਘ ਉਸ ਦਾ ਅਫ਼ਸੋਸ ਕਰਨ ਲਈ ਰਾਹੋਂ ਗਿਆ । ਕਿਲੇ ਦੇ ਅੰਦਰ ਦਾਖ਼ਲ ਹੋਇਆ ਤਾਂ ਉਸ ਨੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ । ਤਾਰਾ ਸਿੰਘ ਦੇ ਪਰਿਵਾਰ ਨੂੰ ਉਨ੍ਹਾਂ ਦੀ ਸਾਰੀ ਨਕਦੀ ਤੇ ਗਹਿਣਿਆਂ ਤੋਂ ਖਾਲੀ ਕਰ ਦਿੱਤਾ। ਦੱਖਣ ਦਾ ਇਲਾਕਾ ਦਸੌਂਦਾ ਸਿੰਘ ਪਾਸ ਅਤੇ ਨਕੋਦਰ ਅਤੇ ਮੈਹਤਪੁਰ ਝੰਡਾ ਸਿੰਘ ਪਾਸ ਰਹਿਣ ਦਿੱਤੇ ਗਏ । ਦਸੌਂਦਾ ਸਿੰਘ ਦੀ ਮੌਤ ਪਿਛੋਂ ਉਸ ਦੀ ਵਿਧਵਾ ਨੂੰ ਕੁਝ ਪਿੰਡ ਦੇ ਦਿੱਤੇ ਗਏ । ਕੁਝ ਦੇਰ ਬਾਅਦ ਝੰਡਾ ਸਿੰਘ ਪਾਸੋਂ ਨਕੋਦਰ ਅਤੇ ਮੈਹਤਪੁਰ ਰਣਜੀਤ ਸਿੰਘ ਨੇ ਲੈ ਲਏ ਅਤੇ ਉਸ ਨੂੰ ਗੁਜ਼ਾਰੇ ਲਈ ਚਾਰ ਪਿੰਡ ਦੇ ਦਿੱਤੇ ਗਏ ।
ਡੱਲੇਵਾਲੀਆ ਮਿਸਲ ਪਾਸ ਦਰਿਆ ਸਤਲੁਜ ਦੇ ਦੋਵੇਂ ਪਾਸੇ ਕਾਫ਼ੀ ਇਲਾਕੇ ਸਨ । ਉਸ ਦੇ ਇਲਾਕਿਆਂ ਵਿਚ ਕੰਗ, ਲੋਹੀਆ, ਰਾਸਾਪੁਰ, ਕੋਟਸ਼ਪ, ਕਿਲਾ ਮੋਹਰ ਸਿੰਘ , ਕਿਲਾ ਦਿਆਲ ਸਿੰਘ, ਪਾਸਲਾ, ਕੋਟ ਬਾਵਲ ਖ਼ਾਂ, ਨਕੋਦਰ , ਕਿਲਾ ਮੈਹਤਪੁਰ, ਫਿਲੌਰ, ਨਵਾਂ ਸ਼ਹਿਰ , ਰਾਹੋਂ ਆਦਿ ਸ਼ਾਮਲ ਸਨ ।
ਲੇਖਕ : ਡਾ. ਭਗਤ ਸਿੰਘ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2982, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-04-51-55, ਹਵਾਲੇ/ਟਿੱਪਣੀਆਂ: ਹ. ਪੁ. –ਸਿ. ਮਿ –ਸੀਤਲ. ਹਿ ਪੰ. –ਲਤੀਫ਼ 321
ਵਿਚਾਰ / ਸੁਝਾਅ
Please Login First