ਡੁਮੇਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੁਮੇਲੀ. ਰਿਆਸਤ ਕਪੂਰਥਲਾ ਵਿੱਚ ਇੱਕ ਗ੍ਰਾਮ. ਦੇਖੋ, ਥੰਭਸਾਹਿਬ ੫.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਡੁਮੇਲੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਡੁਮੇਲੀ (ਪਿੰਡ): ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ਦੇ ਫਗਵਾੜਾ ਨਗਰ ਤੋਂ 18 ਕਿ.ਮੀ. ਉੱਤਰ ਵਾਲੇ ਪਾਸੇ ਵਸਿਆ ਇਕ ਪੁਰਾਤਨ ਪਿੰਡ , ਜਿਥੇ ਗੁਰੂ ਹਰਿਗੋਬਿੰਦ ਸਾਹਿਬ ਸੰਨ 1638 ਈ. ਵਿਚ ਪਧਾਰੇ ਸਨ। ਸਥਾਨਕ ਰਵਾਇਤ ਅਨੁਸਾਰ ਗੁਰੂ ਜੀ ਨੇ ਇਥੇ ਇਕ ਲਕੜ ਦਾ ਪੰਜ ਫੁਟ ਉੱਚਾ ਚਤੁਰਭੁਜੀ ਥੰਮ ਗਡਿਆ ਸੀ ਜੋ ਹੁਣ ਵੀ ਅਦਬ ਨਾਲ ਸੰਭਾਲਿਆ ਹੋਇਆ ਹੈ। ਇਸ ਥੰਮ ਵਾਲੀ ਥਾਂ’ਤੇ ਜੋ ਗੁਰੂ-ਧਾਮ ਉਸਾਰਿਆ ਗਿਆ, ਉਹ ‘ਗੁਰਦੁਆਰਾ ਥੰਮ ਸਾਹਿਬ ਪਾਤਿਸ਼ਾਹੀ ਛੇਵੀਂ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ-ਦਿਨ ਉਤੇ ਇਥੇ ਵੱਡਾ ਧਾਰਮਿਕ ਮੇਲਾ ਲਗਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਡੁਮੇਲੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਡੁਮੇਲੀ : ਕਪੂਰਥਲਾ ਜ਼ਿਲ੍ਹੇ ਦੀ ਫਗਵਾੜਾ ਤਹਿਸੀਲ ਦਾ ਇਹ ਇਕ ਇਤਿਹਾਸਕ ਪਿੰਡ ਹੈ ਜੋ ਫਗਵਾੜਾ ਸ਼ਹਿਰ ਤੋਂ ਲਗਭਗ 15 ਕਿ. ਮੀ. ਦੂਰ, ਫਗਵਾੜਾ-ਹੁਸ਼ਿਆਰਪੁਰ ਸੜਕ ਉੱਤੇ ਸਥਿਤ ਹੈ।  ਦਿੱਲੀ ਦੇ ਨੇੜੇ ਬਲਭਗੜ੍ਹ ਤਹਿਸੀਲ ਦੇ ਪਿੰਡ ਨਿੱਜਰੋਲੀਆਂ ਤੋਂ ਨਿੱਜਰ ਜੱਟਾਂ ਨੇ ਇਸ ਥਾਂ ਪਿੰਡ ਦਾ ਮੁੱਢ ਬੰਨ੍ਹਿਆ । ਦੋ ਪ੍ਰਾਚੀਨ ਸਭਿਆਤਾਵਾਂ-ਮਹਿੰਜਦਾਰੋ ਅਤੇ ਹੜੱਪਾ ਦੇ ਮੇਲ ਕਾਰਨ ਇਸ ਥਾਂ ਦਾ ਨਾਂ ਦੋ-ਮੇਲ ਅਥਵਾ ਦੁਮੇਲੇ ਪੈ ਗਿਆ ਅਤੇ ਵਿਗੜ ਕੇ ਇਹ ਨਾਂ ਡੁਮੇਲੀ ਬਣ ਗਿਆ । ਇਸ ਪਿੰਡ ਦੀ ਥਾਂ ਤਿੰਨ ਪੁਰਾਤਨ ਥੇਹਾਂ ਮਿਲੀਆਂ ਹਨ ਜੋ  ਪੱਥਰ-ਯੁੱਗ ਨਾਲ ਸਬੰਧਤ ਹਨ । ਇਸ ਪਿੰਡ ਦੇ ਨਾਂ ਬਾਰੇ ਇਹ ਵੀ ਪ੍ਰਚਲਿਤ ਹੈ ਕਿ ਇਥੇ ਦੋ ਦਰਿਆ ਸਤਲੁਜ  ਅਤੇ ਬਿਆਸ ਮਿਲਦੇ ਸਨ ਜਿਸ ਕਾਰਨ ਇਸਨੂੰ ਦੋ-ਮੇਲ ਜਾਂ ਡੁਮੇਲੀ ਕਹਿਣ ਲੱਗੇ । ਹੁਣ ਵੀ ਇਨ੍ਹਾਂ ਤਿੰਨਾਂ ਥੇਹਾਂ ਦੇ ਪੱਛਮ ਵੱਲ ਤਿੰਨ ਨਦੀਆਂ ਸਫੈ਼ਦ ਬੇਈ , ਚੋ ਅਤੇ ਰੌ ਇਕੱਠੀਆਂ ਵਗਦੀਆਂ ਹਨ ਅਤੇ ਤ੍ਰਿਵੇਣੀ ਬਣਾ ਕੇ ਸਤਲੁਜ ਵਿਚ ਜਾ ਡਿਗਦੀਆਂ ਹਨ ।  ਨਿੱਜਰ ਜੱਟਾਂ ਨੇ ਇਸ ਜੰਗਲੀ ਇਲਾਕੇ ਨੂੰ ਆਬਾਦ ਕੀਤਾ । ਪੰਪ ਅਤੇ ਟਿਊਬਵੈੱਲ ਲਗਾਉਣ ਸਮੇਂ ਪੁਟਾਈ ਦੌਰਾਨ ਬੇੜੀਆਂ ਅਤੇ ਚੱਪੂ ਲੱਭੇ । ਖੁਦਾਈ ਵਿੱਚ ਹਾਥੀ, ਗੈਂਡੇ, ਬਾਰਾਂਸਿੰਗੇ ਆਦਿ ਜਾਨਵਰਾਂ ਦੀਆਂ ਹੱਡੀਆਂ ਮਿਲਦੀਆਂ ਹਨ ।

ਤਿੰਨਾਂ ਥੇਹਾਂ ਸਬੰਧੀ ਇਤਿਹਾਸਕਾਰ ਇਸ ਪ੍ਰਕਾਰ ਜਾਣਕਾਰੀ ਦਿੰਦੇ ਹਨ : -

1. ਡੁਮੇਲੀ-ਪਲਾਹੀ ਵਾਲਾ ਥੇਹ - ਪੱਥਰ ਯੁੱਗ ਦਾ ਇਹ ਥੇਹ ਡੁਮੇਲੀ ਤੋਂ ਇਕ ਕਿ. ਮੀ. ਪੱਛਮ ਵੱਲ ਵਾਕਿਆ ਹੈ। ਇਸ ਦਾ ਘੇਰਾ ਦੋ ਹਜ਼ਾਰ ਫੁੱਟ ਦੇ ਨੇੜੇ ਹੈ ਅਤੇ ਧਰਤੀ ਤੋਂ 7 ਫੁੱਟ ਉੱਚੀ ਥਾਂ ਤੇ ਹੈ । ਇਸ ਥੇਹ ਦੇ ਦੋ ਪਾਸੇ ਨਦੀਆਂ ਹਨ।

ਇਥੇ ਮਿਲੀਆਂ ਚੀਜ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਜਿਸ ਸਮੇਂ ਪੰਜਾਬ ਉਪਰ ਰਾਜਾ ਜਲੰਧਰ ਦਾ ਰਾਜ ਸੀ , ਉਸ ਸਮੇਂ ਪਹਾੜੀ ਰਾਜੇ ਮਾਲੀਏ ਲੈ ਕੇ ਡੁਮੇਲੀ ਪਿੰਡ ਦੀ ਥੇਹ ਵਿੱਚੋਂ ਦੀ ਲੰਘਦੇ ਸਨ । ਇਥੋਂ ਦੀ ਵਸੋਂ ਬਹੁਤ ਸੰਘਣੀ ਸਮਝੀ ਜਾਂਦੀ ਹੈ ਅਤੇ ਇਹ ਵੀ ਅਨੁਮਾਨ ਲਾਇਆ ਜਾਂਦਾ ਹੈ ਕਿ ਇੱਥੇ ਠਹਿਰਨ ਦਾ ਕਾਰਨ ਪਾਣੀ-ਖੁਰਾਕ ਅਤੇ ਜਾਨਵਰਾਂ ਦਾ ਚਾਰਾ ਸੀ । ਇਥੋਂ ਮਿਲੀਆਂ ਲੱਭਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਤਜਾਰਤ ਦਾ ਕੇਂਦਰ ਸੀ । ਪੁਰਾਤੱਤਵ ਖੋਜੀਆਂ ਅਨੁਸਾਰ ਇੱਥੇ ਮਿਲੀਆਂ ਚੀਜ਼ਾਂ ਪੱਥਰ-ਯੁੱਗ ਦੇ ਸਮੇਂ ਤੋ ਹਰਸ਼ਵਰਧਨ ਦੇ ਸਮੇਂ ਤੱਕ ਦੀ ਇਤਿਹਾਸਕ ਲੜੀ ਨੂੰ ਜੋੜਦੀਆਂ ਹਨ।

2. ਡੁਮੇਲੀ ਪਿੰਡ ਦਾ ਥੇਹ - ਇਸ ਥੇਹ ਉਪਰ ਪਿੰਡ ਵਸਿਆ ਹੋਇਆ ਹੈ। ਇਸ ਦਾ ਘੇਰਾ ਇੱਕ ਹਜ਼ਾਰ ਦੇ ਨੇੜੇ ਹੈ । ਇਥੇ ਮਿਲੇ ਮਿੱਟੀ ਦੇ ਭਾਂਡੇ, ਦੀਵੇ, ਚੌਮੁਖੀਏ ਦੀਵੇ, ਬੁੱਧੀਆਂ, ਘੜੇ, ਹੱਡੀਆਂ, ਇਨਸਾਨ ਤੇ ਪਸ਼ੂਆਂ ਦੇ ਪਿੰਜਰ ਆਦਿ ਇਥੋਂ ਦੀ ਸਭਿਅਤਾ ਨੂੰ ਮਹਿੰਜਦਾਰੋ ਦੇ ਸਮੇਂ ਨਾਲ ਜੋੜਦੇ ਹਨ । ਇਸ ਥੇਹ ਵਿਚ ਅਜੇ ਵੀ ਇਕ ਖੂਹੀ ਹੈ ਜੋ ਰਾਜਾ ਅਸ਼ੋਕ ਦੇ ਸਮੇਂ ਨਾਲ ਸਬੰਧਤ ਹੈ । ਇਸ ਖੂਹੀ ਦੀਆਂ ਇੱਟਾਂ ਪੁਰਾਤੱਤਵੀ ਪ੍ਰਯੋਗਸ਼ਾਲਾ ਦਿੱਲੀ ਵਿਚ ਰੱਖੀਆਂ ਹੋਈਆਂ ਹਨ। ਕਿਲੇ ਵਾਲੀ ਥਾਂ ਤੋਂ ਸਤਿਯੁਗੀ ਇੱਟਾਂ ਮਿਲੀਆਂ ਹਨ।

3. ਜਾਗੋਆਣੇ ਵਾਲਾ ਥੇਹ -  ਇਹ ਡੁਮੇਲੀ ਦੇ ਥੇਹ ਤੋਂ ਲਗਭਗ ਇਕ ਕਿ. ਮੀ. ਪੱਛਮ-ਉੱਤਰ ਵੱਲ ਹੈ ਅਤੇ ਸਮਰਾਟ ਅਸ਼ੋਕ ਦੇ ਸਮੇਂ ਨਾਲ ਸਬੰਧਤ ਹੈ । ਇਹ 500 ਫੁੱਟ ਦੇ ਘੇਰੇ ਵਿਚ ਹੈ । ਇਸ ਥਾਂ ਮਹਾਰਾਜਾ ਕਨਿਸ਼ਕ ਦੇ ਸਮੇਂ ਦਾ ਖੂਹ ਹੈ।

ਇਨ੍ਹਾਂ ਥੇਹਾਂ ਵਿਚੋਂ ਪੱਥਰ ਦੇ ਬਣੇ ਕੁਹਾੜੇ, ਛੈਣੀਆਂ ਆਦਿ ਹਥਿਆਰ ਮਿਲੇ ਹਨ ਜੋ ਇਹ ਪ੍ਰਮਾਣ ਦਿੰਦੇ ਹਨ ਕਿ ਮਹਿੰਜਦਾਰੋ ਅਤੇ ਹੜੱਪਾ ਤੋਂ ਪਹਿਲਾਂ ਵੀ ਇੱਥੇ ਕੋਈ ਸੱਭਿਅਤਾ ਮੌਜੂਦ ਸੀ । ਪੱਥਰ ਦੇ ਹਥਿਆਰਾਂ ਤੋਂ ਇਲਾਵਾ ਮਿੱਟੀ ਦੇ ਬੀਕਰ ਤੇ ਤਾਰਾ-ਕੋਟਾ ਬਰਤਨ ਮਿਲੇ ਹਨ ਜਿਨ੍ਹਾਂ ਉੱਤੇ ਮੀਨਾਕਾਰੀ ਕੀਤੀ ਹੋਈ ਹੈ । ਇਸੇ ਮਿੱਟੀ ਦਾ ਬਣਿਆ ਸ਼ਿਵ ਜੀ ਦਾ ਬੈਲ, ਸ਼ਾਲਿੰਗ ਸਟੋਨਜ਼ ਆਦਿ ਵੀ ਮਿਲੇ ਹਨ । ਇਹ ਹਥਿਆਰ ਤਿੱਖੀਆਂ ਨੁੱਕਰਾਂ ਵਾਲੇ ਗੋਪੀਏ ਵਾਂਗ ਲੋਹੇ ਦੀਆਂ ਸੰਗਲੀਆਂ ਨਾਲ ਜੁੜੇ ਮਿਲੇ ਹਨ ।  ਹਥਿਆਰਾਂ ਲਈ ਤਾਂਬਾ, ਲੋਹਾ, ਕੈਂਰ ਆਦਿ ਧਾਤਾਂ ਵੀ ਵਰਤੀਆਂ ਜਾਂਦੀਆਂ ਸਨ । ਹਰ ਪ੍ਰਕਾਰ ਦੇ ਅਨਾਜ ਨੂੰ ਪੀਹਣ ਲਈ ਪੱਥਰ ਦੀਆਂ ਚੱਕੀਆਂ ਵੀ ਮਿਲੀਆਂ ਹਨ । ਪੱਥਰ ਦੇ ਬਣੇ ਇਕ ਠਾਕੁਰ ਜੀ ਵੀ ਮਿਲੇ ਹਨ ਜੋ  ਅਨੋਖੇ ਪੱਥਰ ਨਾਲ ਬਣਾਏ ਗਏ ਹਨ ਤੇ ਦਰਸ਼ਨਯੋਗ ਹਨ । ਕੁਝ ਲੱਭਤਾਂ ਇਥੋਂ ਦੀ ਸਭਿਅਤਾ ਨੂੰ ਮਿਸਰ ਅਤੇ ਮੈਸੋਪੋਟਾਮੀਆ ਦੀ ਸਭਿਅਤਾ ਨਾਲ ਜੋੜਦੀਆਂ ਹਨ।

ਇਸ ਪਿੰਡ ਵਿਚ ਡਾਕਖਾਨਾ, ਪ੍ਰਾਇਮਰੀ ਹੈਲਥ ਸੈਂਟਰ, ਡਿਸਪੈਂਸਰੀ ਅਤੇ ਹਾਈ ਸਕੂਲ ਸਥਾਪਤ ਹਨ। ਇਥੇ ਗੁਰਦੁਆਰਾ ਥੰਮ ਸਾਹਿਬ ਵੀ ਬਹੁਤ ਪ੍ਰਸਿੱਧ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-10-35-25, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਟ੍ਰਿ–24ਜੂਨ, 1984; ਡਿ. ਸੈਂ. ਹੈਂ ਬੁ. –ਕਪੂਰਥਲਾ 86.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.