ਟਾਪੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਪੂ [ਨਾਂਪੁ] ਪਾਣੀ ਨਾਲ਼ ਪੂਰੀ ਤਰ੍ਹਾਂ ਘਿਰਿਆ ਧਰਤੀ ਦਾ ਟੁਕੜਾ, ਸਮੁੰਦਰ ਵਿੱਚ ਭੂ-ਖੰਡ, ਦੀਪ, ਜਜ਼ੀਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟਾਪੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਪੂ. ਸੰਗ੍ਯਾ—ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਦੇਸ਼. ਦ੍ਵੀਪ. ਜਜ਼ੀਰਹ. Island.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਟਾਪੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਟਾਪੂ : ਜ਼ਮੀਨ ਦਾ ਉਹ ਟੋਟਾ, ਜਿਹੜਾ ਚਾਰੋਂ ਪਾਸਿਉਂ ਪਾਣੀ ਨਾਲ ਘਿਰਿਆ ਹੋਵੇ ਅਤੇ ਦੁਨੀਆ ਦੇ ਸਭ ਤੋਂ ਛੋਟੇ ਮਹਾਂਦੀਪ ਨਾਲੋਂ ਰਕਬੇ ਵਿਚ ਛੋਟਾ ਹੋਵੇ, ਟਾਪੂ ਅਖਵਾਉਂਦਾ ਹੈ। ਇਹ ਟਾਪੂ ਛੋਟਾ ਵੀ ਹੋ ਸਕਦਾ ਹੈ ਅਤੇ ਵੱਡਾ ਵੀ। ਸਾਰੀ ਧਰਤੀ ਉੱਤੇ 10 ਵੱਡੇ ਟਾਪੂ ਹਨ। ਇਨ੍ਹਾਂ ਵਿਚੋਂ ਸੱਭ ਤੋਂ ਵੱਡਾ ਟਾਪੂ ਗ੍ਰੀਨਲੈਂਡ ਹੈ ਅਤੇ ਦੂਜਾ ਵੱਡਾ ਟਾਪੂ ਨਿਊ ਗਿਨੀ ਹੈ। ਕਈ ਵੇਰ ਇਹ ਟਾਪੂ ਕਾਫ਼ੀ ਗਿਣਤੀ ਵਿਚ ਹੁੰਦੇ ਹਨ ਅਤੇ ਇਕ ਦੂਜੇ ਦੇ ਨੇੜੇ ਨੇੜੇ ਹੁੰਦੇ ਹਨ ਤਾਂ ਇਨ੍ਹਾਂ ਨੂੰ ਟਾਪੂ ਸਮੂਹ ਜਾਂ ਦੀਪ ਸਮੂਹ ਆਖਦੇ ਹਨ। ਅਜਿਹੇ ਟਾਪੂਆਂ ਦੀ ਜਾਣੀ ਪਛਾਣੀ ਮਿਸਾਲ ਪੱਛਮੀ ਦੀਪ ਸਮੂਹ, ਜਾਪਾਨ ਅਤੇ ਫਿਲਪੀਨ ਵਿਚ ਵੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਕਈ ਟਾਪੂਆਂ ਦਾ ਵਿਸਤਾਰ ਸਮੁੰਦਰੀ ਸੈਲਫ ਦੇ ਸਾਮ੍ਹਣੇ ਸਾਮਾਂਤਰ ਇਕ ਪਟੀ ਦੀ ਸ਼ਕਲ ਵਿਚ ਹੁੰਦਾ ਹੈ ਇਨ੍ਹਾਂ ਨੂੰ ‘ਬੈਰੀਅਰ ਰੀਫ’ ਕਹਿੰਦੇ ਹਨ। ਇਸੇ ਤਰ੍ਹਾਂ ਕਈ ਟਾਪੂ ਅਰਧ ਚੰਦ ਆਕਾਰ ਲੜੀ ਵਿਚ ਫੈਲੇ ਹੁੰਦੇ ਹਨ। ਇਨ੍ਹਾਂ ਨੂੰ ‘ਆਈਲੈਂਡ ਆਰਕ’ ਕਿਹਾ ਜਾਂਦਾ ਹੈ। ਇੰਡੋਨੇਸ਼ੀਆ ਦੇ ਟਾਪੂ ਇਹੋ ਜਿਹੇ ਹੀ ਹਨ ਜਿਹੜੇ ਡੂੰਘੇ ਸਮੁੰਦਰ ਵਿਚ ਚਾਪ ਜਿਹੀ ਬਣਾਉਂਦੇ ਹਨ। ਵੱਡੇ ਟਾਪੂਆਂ ਤੋਂ ਇਲਾਵਾ ਛੋਟੇ ਟਾਪੂ ਵੀ ਵੇਖੇ ਜਾ ਸਕਦੇ ਹਨ। ਬਿਲਕੁਲ ਛੋਟੇ ਟਾਪੂਆਂ ਨੂੰ ‘ਆਈਲੈੱਟ’ ਕਹਿੰਦੇ ਹਨ।

ਸੰਸਾਰ ਦੇ ਵੱਡੇ ਟਾਪੂਆਂ ਦਾ ਰਕਬਾ ਇਸ ਪ੍ਰਕਾਰ ਹੈ :

ਨਾਮ

ਖੇਤਰਫਲ ਵ. ਕਿ. ਮੀ.

ਗ੍ਰੀਨਲੈਂਡ

2,175,600

ਨਿਊ ਗਿਨੀ

820,700

ਬੋਰਨੀਓ

763,300

ਮੈਡਾਗਾਸਕਰ

590,000

ਬੈਫ਼ਿਨ

476,000

ਸਮਾਟਰਾ

473,700

ਹਾਂਸ਼ੂ

230,200

ਬਰਤਾਨੀਆ

229,400

ਐਲਜੀਨੀਅਰ

212,600

ਵਿਕਟੋਰੀਆ

212,100

          ਟਾਪੂਆਂ ਦੀ ਪਹਿਲੀ ਪਛਾਣ ਤਾਂ ਉਨ੍ਹਾਂ ਦੇ ਵੱਡੇ ਛੋਟੇ ਜਾਂ ਕਿਸ ਜਗ੍ਹਾ ਉੱਤੇ ਕਿਸ ਤਰ੍ਹਾਂ ਫੈਲੇ ਹੋਏ ਹਨ, ਤਾਂ ਹੋ ਜਾਂਦੀ ਹੈ ਬਾਕੀ ਪਛਾਣ ਜਾਂ ਵੰਡ ਇਨ੍ਹਾਂ ਹੇਠਲੀਆਂ ਚਟਾਨਾਂ ਤੋਂ ਕੀਤੀ ਜਾ ਸਕਦੀ ਹੈ। ਮੁੱਖ ਤੌਰ ਤੇ ਟਾਪੂਆਂ ਦੀਆਂ ਦੋ ਹੀ ਕਿਸਮਾਂ ਹਨ ਮਹਾਂਦੀਪੀ ਅਤੇ ਸਮੁੰਦਰੀ।

          1. ਮਹਾਂਦੀਪੀ (Continental)––ਇਹ ਟਾਪੂ ਮਹਾਂਦੀਪ ਦੇ ਨਾਲ ਲੱਗਦੇ ਹੁੰਦੇ ਹਨ ਅਤੇ ਕਿਸੇ ਨਾ ਕਿਸੇ ਵੇਲੇ ਉਸ ਮਹਾਂਦੀਪ ਦਾ ਹਿੱਸਾ ਹੀ ਰਹੇ ਹੁੰਦੇ ਹਨ। ਇਸ ਕਰਕੇ ਇਨ੍ਹਾਂ ਨੂੰ ਮਹਾਂਦੀਪੀ ਟਾਪੂ ਕਹਿੰਦੇ ਹਨ। ਇਨ੍ਹਾਂ ਦੀਆਂ ਚਟਾਨਾਂ ਨੇੜੇ ਦੇ ਮਹਾਂਦੀਪ ਦੀਆਂ ਹੇਠਲੀਆਂ ਚਟਾਨਾਂ ਹੀ ਹੁੰਦੀਆਂ ਹਨ। ਇਸ ਲਈ ਇਹ ਕਹਿਣਾ ਉਚਿਤ ਹੋਵੇਗਾ ਕਿ ਇਹ ਕਿਸੇ ਸਮੇਂ ਇਕੋ ਵੱਡੇ ਨੇੜੇ ਦੇ ਮਹਾਂਦੀਪ ਦਾ ਹੀ ਹਿੱਸਾ ਰਹੇ ਹੋਣਗੇ ਤੇ ਜ਼ਮੀਨਦੋਜ ਕ੍ਰਿਆਵਾਂ ਨੇ ਇਨ੍ਹਾਂ ਨੂੰ ਆਪਣੇ ਨਾਲ ਲਗਵੇਂ ਮਹਾਂਦੀਪ ਜਾਂ ਮੁੱਖ ਧਰਤੀ ਨਾਲੋਂ ਨਿਖੇੜ ਦਿੱਤਾ ਹੋਵੇਗਾ। ਭਾਵੇਂ ਇਹ ਮਹਾਂਦੀਪ ਨਾਲੋਂ ਵੱਖ ਤਾਂ ਹਨ ਪਰ ਇਹ ਮਹਾਂਦੀਪ ਤੋਂ ਸਿਰਫ਼ ਇਕ ਜਲਡਮਰੂ ਜਾਂ ਛੋਟੀ ਤੰਗ ਖਾੜੀ ਰਾਹੀਂ ਹੀ ਵੱਖ ਹੋਏ ਹਨ। ਸੰਸਾਰ ਦੇ ਸਾਰੇ ਵੱਡੇ ਟਾਪੂਆਂ ਦਾ ਜਨਮ ਜ਼ਮੀਨਦੋਜ਼ ਕ੍ਰਿਆਵਾਂ ਨਾਲ ਮਹਾਂਦੀਪ ਨਾਲੋਂ ਟੁਟਣ ਤੋਂ ਹੋਇਆ ਹੈ। ਵੱਡਾ ਟਾਪੂ ਗ੍ਰੀਨਲੈਂਡ ਉੱਤਰੀ ਅਮਰੀਕਾ ਦਾ ਹੀ ਹਿੱਸਾ ਹੈ ਤੇ ਇਸ ਨੂੰ ਤੰਗ ਖਾੜੀ ਮੁਖ ਧਰਤੀ ਤੋਂ ਵੱਖ ਕਰ ਦਿੰਦੀ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਨੇੜੇ ਦਾ ਨਿਊ ਗਿਨੀ ਟਾਪੂ ਟਾਰੈਸ ਜਲ ਡਮਰੂ ਦੀ ਹੋਂਦ ਕਰਕੇ ਵਖਰਾ ਬਣ ਜਾਂਦਾ ਹੈ। ਮਹਾਂਦੀਪੀ ਸੈਲਫ਼ ਦਾ ਕੁਝ ਹਿੱਸਾ ਪਾਣੀ ਹੇਠ ਡੁਬਿਆ ਹੁੰਦਾ ਹੈ ਪਰ ਜਦੋਂ ਸਮੁੰਦਰੀ ਪਾਣੀ ਦਾ ਤਲ ਹੋਰ ਵਧ ਜਾਂਦਾ ਹੈ ਤਾਂ ਕਈ ਹੋਰ ਸਾਹਿਲੀ ਹਿੱਸੇ ਵੀ ਪਾਣੀ ਹੇਠਾਂ ਡੁਬ ਜਾਂਦੇ ਹਨ ਇਸ ਤਰ੍ਹਾਂ ਉਪਰ ਉਠੇ ਹਿੱਸੇ ਟਾਪੂ ਬਣ ਜਾਂਦੇ ਹਨ। ਇਹ ਮਹਾਂਦੀਪੀ ਸੈਲਫ਼ ਉੱਤੇ ਪਾਣੀ ਦੀ ਗਹਿਰਾਈ ਬੜੀ ਘੱਟ ਰਹਿੰਦੀ ਹੈ। ਜਿਥੇ ਸਮੁੰਦਰੀ ਲਹਿਰਾਂ ਸਮੁੰਦਰ ਵਿਚੋਂ ਮਿੱਟੀ ਅਤੇ ਰਸਾਇਣ ਵਗੈਰਾ ਲਿਆ ਕੇ ਇਕੱਠੇ ਕਰ ਦਿੰਦੀਆਂ ਹਨ ਹੌਲੀ ਹੌਲੀ ਨਿਖੇਪ ਇਕੱਠੇ ਹੁੰਦੇ ਹੁੰਦੇ ਕਠੋਰ ਪੱਧਰੀ ਧਰਤੀ ਦਾ ਰੂਪ ਧਾਰ ਲੈਂਦੇ ਹਨ। ਇਹੋ ਜਿਹੇ ਟਾਪੂ ਮਹਾਂਦੀਪੀ ਸੈਲਫ਼ ਦੇ ਉੱਤੇ ਨਿਖੇਪਾਂ ਤੋਂ ਹੋਂਦ ਵਿਚ ਆ ਜਾਂਦੇ ਹਨ। ਡੈਲਟਾਈ ਖੇਤਰ ਵਿਚ ਵੀ ਨਦੀ ਨਾਲ ਲਿਆਂਦੀ ਮਿੱਟੀ ਇਕੱਠੀ ਹੁੰਦੀ ਰਹਿੰਦੀ ਹੈ ਤੇ ਹੌਲੀ ਹੌਲੀ ਟਾਪੂ ਬਣ ਜਾਂਦੀ ਹੈ। ਇਹੋ ਜਿਹੇ ਟਾਪੂ ਮੈਨਗ੍ਰੋਵ ਟਾਪੂ ਹੁੰਦੇ ਹਨ। ਕਈ ਵਾਰੀ ਜੇ ਪਾਣੀ ਸੁਕ ਜਾਵੇ ਤਾਂ ਇਹ ਮਹਾਂਦੀਪ ਨਾਲ ਹੀ ਮਿਲ ਜਾਂਦੇ ਹਨ। ਹਵਾ ਅਤੇ ਗਲੇਸ਼ੀਅਰਾਂ ਦੇ ਨਾਲ ਆਈ ਮਿੱਟੀ ਦੇ ਨਿਖੇਪਾਂ ਨਾਲ ਵੀ ਟਾਪੂ ਹੋਂਦ ਵਿਚ ਆ ਜਾਂਦੇ ਹਨ।

          ਸਮੁੰਦਰੀ ਟਾਪੂ––ਜਿਹੜੇ ਟਾਪੂ ਤੱਟ ਤੋਂ ਪਰ੍ਹਾਂ ਦੂਰ ਡੂੰਘੇ ਸਮੁੰਦਰ ਵਿਚ ਪਾਣੀ ਵਿਚ ਘਿਰੇ ਹੁੰਦੇ ਹਨ, ਸਮੁੰਦਰੀ ਟਾਪੂ ਹੁੰਦੇ ਹਨ। ਅਜਿਹੇ ਟਾਪੂਆਂ ਦੀ ਮਹਾਂਦੀਪ ਨਾਲ ਕੋਈ ਵੀ ਸਾਂਝ ਨਹੀਂ ਹੋ ਸਕਦੀ। ਇਨ੍ਹਾਂ ਦੀਆਂ ਚਟਾਨਾਂ ਪਾਣੀ ਹੇਠ ਡੁੱਬੀਆਂ ਪਰਬਤ ਲੜੀਆਂ ਵਾਲੀਆਂ ਹੁੰਦੀਆਂ ਹਨ। ਇਹੋ ਜਿਹੇ ਟਾਪੂ ਹੇਠੋਂ ਚਟਾਨਾਂ ਵਿਚੋਂ ਲਾਵੇ ਦੇ ਲਗਭਗ ਵਿਸਫ਼ੋਟ ਨਾਲ ਢੇਰਾਂ ਦੇ ਢੇਰ ਇਕਠਾ ਹੋ ਜਾਣ ਤੇ ਫਿਰ ਸਮੁੰਦਰੋਂ ਬਾਹਰ ਉਪਰ ਉਠਣ ਤੇ ਫੈਲਣ ਨਾਲ ਬਣ ਜਾਂਦੇ ਹਨ। ਇਥੋਂ ਤੱਕ ਕਿ ਲਾਵੇ ਦੇ ਟਾਪੂਆਂ ਉੱਤੇ ਲਾਵਾ ਕਈ ਕਈ ਹਜ਼ਾਰ ਫੁਟ ਸਮੁੰਦਰ ਤਲ ਤੋਂ ਹੋਰ ਉਤਾਂਹ ਪਹਾੜਾਂ ਦੇ ਰੂਪ ਵਿਚ ਦਿਸਣ ਲੱਗ ਜਾਂਦਾ ਹੈ। ਸੰਸਾਰ ਵਿਚ ‘ਹਵਾਈ’ ਟਾਪੂ ਇਹੋ ਜਿਹੀ ਮਿਸਾਲ ਹਨ। ਕਈ ਵਾਰੀ ਜਵਾਲਾਮੁਖੀ ਟਾਪੂਆਂ ਦਾ ਕੁਝ ਹਿੱਸਾ ਪਾਣੀ ਹੇਠਾਂ ਡੁਬ ਜਾਂਦਾ ਹੈ ਜਾਂ ਇਹ ਟਾਪੂ ਘਿਸ ਕੇ ਛੋਟੇ ਹੋ ਜਾਂਦੇ ਹਨ ਤਾਂ ਇਹ ਸਿਰਫ਼ ਵਲਗਣਾਂ ਦੇ ਰੂਪ ਵਿਚ ਹੀ ਰਹਿ ਜਾਂਦੇ ਹਨ। ਇਹੋ ਜਿਹੀਆਂ ਵਲਗਣਾਂ ਨੂੰ Atolls ਕਹਿੰਦੇ ਹਨ।

          ਕੀ ਇਨ੍ਹਾਂ ਟਾਪੂਆਂ ਉੱਤੇ ਆਪਣੀ ਵੱਖਰੀ ਕਿਸਮ ਦੀ ਬਨਸਪਤੀ ਜਾਂ ਜੀਵ-ਜੰਤੂ ਪਾਏ ਜਾ ਸਕਦੇ ਹਨ? ਇਸ ਦਾ ਜਵਾਬ ਵੀ ਨਾਂਹ ਵਿਚ ਹੀ ਹੈ। ਇਨ੍ਹਾਂ ਉੱਤੇ ਸਿਰਫ਼ ਮਹਾਂਦੀਪਾਂ ਵੱਲੋਂ ਹੀ ਆਏ ਪ੍ਰਵਾਸੀ ਪੰਛੀ ਜਾਂ ਇਹੋ ਜਿਹੇ ਜੀਵ ਜੰਤੂ ਜਿਹੜੇ ਸਮੁੰਦਰ ਨੂੰ ਪਾਰ ਕਰਕੇ ਟਾਪੂ ਉੱਤੇ ਪਹੁੰਚ ਸਕਦੇ ਹੋਣ, ਵੇਖੇ ਜਾ ਸਕਦੇ ਹਨ। ਟਾਪੂ ਇਕ ਤਰ੍ਹਾਂ ਨਾਲ ਆਮ ਉੱਨਤੀ ਲਈ ਰੁਕਾਵਟ ਹੀ ਹੁੰਦੇ ਹਨ। ਕਿਉਂਕਿ ਇਨ੍ਹਾਂ ਦਾ ਆਪਣਾ ਨਿਸ਼ਚਿਤ ਜਿਹਾ ਖੇਤਰ ਹੁੰਦਾ ਹੈ ਤੇ ਵਿਸ਼ਾਲ ਸਮੁੰਦਰੋਂ ਪਾਰ ਕਿਸੇ ਦੂਜੀ ਥਾਂ ਤੇ ਜਾਣਾ ਹੁੰਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-27-11-01-36, ਹਵਾਲੇ/ਟਿੱਪਣੀਆਂ: ਹ. ਪੁ.––ਐਨ. ਬ੍ਰਿ. ਮਾ. 6 : 412; ਐਨ. ਅਮੈ. 15 : 509

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.