ਜੱਸਾ ਸਿੰਘ ਰਾਮਗੜ੍ਹੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੱਸਾ ਸਿੰਘ ਰਾਮਗੜ੍ਹੀਆ (1723-1803 ਈ.): ਰਾਮਗੜ੍ਹੀਆ ਮਿਸਲ ਦੇ ਬਾਨੀ ਅਤੇ 18ਵੀਂ ਸਦੀ ਵਿਚ ਹੋਏ ਬਹਾਦਰ ਸਿੱਖ ਯੋਧਾ ਸ. ਜੱਸਾ ਸਿੰਘ ਦਾ ਜਨਮ 5 ਮਈ 1723 ਈ. ਨੂੰ ਲਾਹੌਰ ਜ਼ਿਲ੍ਹੇ ਦੇ ਇਛੋਗਿਲ (ਈਚੋਗਿਲ) ਪਿੰਡ ਵਿਚ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ। ਇਸ ਦੇ ਦਾਦਾ ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਲਈ ਸੀ ਅਤੇ ਬੰਦਾ ਬਹਾਦਰ ਦੀਆਂ ਮੁਗ਼ਲਾਂ ਨਾਲ ਹੋਈਆਂ ਲੜਾਈਆਂ ਵਿਚ ਹਿੱਸਾ ਲਿਆ ਸੀ। ਸੰਨ 1739 ਈ. ਵਿਚ ਹੋਏ ਨਾਦਰ ਸ਼ਾਹ ਦੇ ਹਮਲੇ ਵੇਲੇ ਇਸ ਦਾ ਪਿਤਾ ਲੜਾਈ ਵਿਚ ਮਾਰਿਆ ਗਿਆ। ਉਸ ਤੋਂ ਬਾਦ ਇਹ ਨੰਦ ਸਿੰਘ ਸੰਘਣੀਆ ਦੇ ਜੱਥੇ ਵਿਚ ਸ਼ਾਮਲ ਹੋ ਗਿਆ ਅਤੇ ਯੁੱਧ-ਕਰਮ ਵਿਚ ਪ੍ਰਬੀਨਤਾ ਹਾਸਲ ਕੀਤੀ।

            ਭਾਈ ਕਾਨ੍ਹ ਸਿੰਘ ਅਨੁਸਾਰ ਆਪਣੀ ਕੁੜੀ ਨੂੰ ਮਾਰਨ ਦੇ ਦੋਸ਼ ਵਿਚ ਇਸ ਨੂੰ ਪੰਥ ਤੋਂ ਛੇਕਿਆ ਗਿਆ। ਸੰਨ 1745 ਈ. ਵਿਚ ਇਸ ਦੇ ਜਲੰਧਰ-ਦੁਆਬ ਦੇ ਫ਼ੌਜਦਾਰ ਅਦੀਨਾ ਬੇਗ ਪਾਸ ਨੌਕਰੀ ਕਰ ਲੈਣ ’ਤੇ ਪੰਥ ਵਿਚ ਇਸ ਪ੍ਰਤਿ ਅਨਾਦਰ ਦੀ ਭਾਵਨਾ ਪਸਰ ਗਈ। ਅਕਤੂਬਰ 1748 ਈ. ਵਿਚ ਜਦੋਂ ਦੀਵਾਲੀ ਦੇ ਮੌਕੇ ’ਤੇ ਅੰਮ੍ਰਿਤਸਰ ਵਿਚ ਸਰਬੱਤ ਖ਼ਾਲਸਾ ਜੁੜਿਆ, ਤਾਂ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਨੇ ਸਿੱਖਾਂ ਨੂੰ ਖਦੇੜਨ ਲਈ ਅੰਮ੍ਰਿਤਸਰ ਉਤੇ ਹਮਲਾ ਕਰ ਦਿੱਤਾ। ਬਹੁਤੇ ਸਿੱਖ ਨੇੜਲੇ ਜੰਗਲ ਵਲ ਖਿਸਕ ਗਏ, ਪਰ ਲਗਭਗ 500 ਸਿੱਖਾਂ ਨੇ ਨਵੀਂ ਬਣੀ ਰਾਮ ਰੌਣੀ ਨਾਂ ਦੀ ਕੱਚੀ ਗੜ੍ਹੀ ਵਿਚ ਸ਼ਰਣ ਲੈ ਲਈ। ਮੁਗ਼ਲ ਸੈਨਾ ਨੇ ਚਾਰ ਮਹੀਨੇ ਘੇਰਾ ਪਾਈ ਰਖਿਆ ਜਿਸ ਵਿਚ ਲਗਭਗ ਦੋ ਸੌ ਸਿੰਘ ਸ਼ਹੀਦ ਹੋ ਗਏ। ਬਾਕੀ ਬਚੇ ਅੰਦਰਲਿਆਂ ਸਿੰਘਾਂ ਨੇ ਸ. ਜੱਸਾ ਸਿੰਘ ਨੂੰ ਮਦਦ ਲਈ ਕਿਹਾ। ਜੱਸਾ ਸਿੰਘ ਨੇ ਅਦੀਨਾ ਬੇਗ ਦੀ ਨੌਕਰੀ ਛਡ ਕੇ ਦੀਵਾਨ ਕੌੜਾ ਮੱਲ ਰਾਹੀਂ ਗੜ੍ਹੀ ਦਾ ਘੇਰਾ ਹਟਵਾਇਆ ਅਤੇ ਪੰਥ ਤੋਂ ਮਾਫ਼ੀ ਮੰਗੀ। ਨਵੰਬਰ, 1753 ਈ. ਵਿਚ ਮੀਰ ਮੰਨੂ ਦੀ ਮ੍ਰਿਤੂ ਤੋਂ ਬਾਦ ਪੰਜਾਬ ਵਿਚ ਅਰਾਜਕਤਾ ਪਸਰ ਗਈ। ਸਿੱਖਾਂ ਨੇ ਆਪਣੀ ਸ਼ਕਤੀ ਸੰਗਠਿਤ ਕਰਨੀ ਸ਼ੁਰੂ ਕਰ ਦਿੱਤੀ। ‘ਰਾਮ ਰੌਣੀ ’ ਗੜ੍ਹੀ ਨੂੰ ਫਿਰ ਤੋਂ ਉਸਾਰਨ ਦਾ ਕੰਮ ਜੱਸਾ ਸਿੰਘ ਨੂੰ ਸੌਂਪਿਆ ਗਿਆ। ਇਸ ਨੇ ਗੜ੍ਹੀ ਦਾ ਨਿਰਮਾਣ ਕਰਾ ਕੇ ਉਸ ਦਾ ਨਾਂ ‘ਰਾਮਗੜ੍ਹ ’ ਰਖਿਆ। ਉਸ ਦਿਨ ਤੋਂ ਇਸ ਨੂੰ ‘ਰਾਮਗੜ੍ਹੀਆ’ ਕਿਹਾ ਜਾਣ ਲਗਾ

            ਅਪ੍ਰੈਲ 1758 ਈ. ਵਿਚ ਅਦੀਨਾ ਬੇਗ ਲਾਹੌਰ ਦਾ ਸੂਬੇਦਾਰ ਬਣਿਆ। ਉਸ ਨੇ ਮੀਰ ਅਜ਼ੀਜ਼ ਬਖ਼ਸ਼ੀ ਨੂੰ ਬਹੁਤ ਸਾਰੀ ਫ਼ੌਜ ਦੇ ਕੇ ਲਾਹੌਰ ਦੇ ਨੇੜੇ-ਤੇੜੇ ਦੇ ਜੰਗਲਾਂ ਨੂੰ ਸਾਫ਼ ਕਰਾਉਣਾ ਸ਼ੁਰੂ ਕੀਤਾ। ਜੱਸਾ ਸਿੰਘ ਨੇ ਜੈ ਸਿੰਘ ਕਨ੍ਹੀਆ ਅਤੇ ਕਈ ਹੋਰ ਸਰਦਾਰਾਂ ਸਮੇਤ ਰਾਮਗੜ੍ਹ ਵਿਚ ਸ਼ਰਣ ਲਈ, ਪਰ ਉਥੋਂ ਵੀ ਖਿਸਕਣਾ ਪਿਆ। ਸਤੰਬਰ 1758 ਈ. ਵਿਚ ਅਦੀਨਾ ਬੇਗ ਦੀ ਮ੍ਰਿਤੂ ਤੋਂ ਬਾਦ ਇਸ ਨੇ ਜੈ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵਿਚਾਲੇ ਵਾਲੇ ਖੇਤਰ ਉਤੇ ਅਧਿਕਾਰ ਜਮਾ ਲਿਆ। ਹੋਰਾਂ ਮਿਸਲਦਾਰਾਂ ਨਾਲ ਮਿਲ ਕੇ ਇਸ ਨੇ ਅਹਿਮਦਸ਼ਾਹ ਦੁਰਾਨੀ ਨਾਲ ਹੋਈਆਂ ਕਈ ਲੜਾਈਆਂ ਵਿਚ ਹਿੱਸਾ ਲਿਆ। ਸੰਨ 1770 ਈ. ਵਿਚ ਇਸ ਨੇ ਕਾਂਗੜੇ ਦੀਆ ਪਹਾੜੀ ਰਿਆਸਤਾਂ ਤੋਂ ਖ਼ਿਰਾਜ ਵਸੂਲ ਕਰਨਾ ਸ਼ੁਰੂ ਕੀਤਾ ਅਤੇ ਹੁਸ਼ਿਆਰਪੁਰ ਵਲ ਦੇ ਕਈ ਇਲਾਕਿਆਂ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ। ਨਵੇਂ ਨਵੇਂ ਇਲਾਕੇ ਜਿਤਣ ਦੀ ਹੋੜ ਵਿਚ ਇਸ ਦਾ ਜੱਸਾ ਸਿੰਘ ਆਹਲੂਵਾਲੀਆ ਨਾਲ ਵੈਰ ਪੈ ਗਿਆ। ਫਲਸਰੂਪ ਇਸ ਨੂੰ ਹਿਸਾਰ ਵਲ ਭਜਣਾ ਪਿਆ। ਉਥੇ ਇਸ ਨੇ ਹਿਸਾਰ ਦੇ ਮੁਸਲਮਾਨ ਹਾਕਮ ਤੋਂ ਬ੍ਰਾਹਮਣ ਲੜਕੀਆਂ ਨੂੰ ਮੁਕਤ ਕਰਾ ਕੇ ਬਹੁਤ ਜਸ ਖਟਿਆ। ਹੌਲੀ ਹੌਲੀ ਇਸ ਨੇ ਕਾਫ਼ੀ ਸੈਨਿਕ ਇਕੱਠੇ ਕਰ ਲਏ ਅਤੇ ਹੋਰ ਮਿਸਲਾਂ ਦੇ ਸਰਦਾਰਾਂ ਨਾਲ ਮਿਲ ਕੇ ਦਿੱਲੀ ਅਤੇ ਜਮਨਾ ਪਾਰ ਦੇ ਇਲਾਕਿਆਂ ਉਤੇ ਜਿਤਾਂ ਪ੍ਰਾਪਤ ਕੀਤੀਆਂ।

            ਅਕਤੂਬਰ 1783 ਈ. ਵਿਚ ਜੱਸਾ ਸਿੰਘ ਆਹਲੂਵਾਲੀਆ ਦੇ ਦੇਹਾਂਤ ਤੋਂ ਬਾਦ ਦਲ ਖ਼ਾਲਸਾ ਵਿਚ ਤ੍ਰੇੜਾਂ ਪੈ ਗਈਆਂ। ਜੈ ਸਿੰਘ ਕਨ੍ਹੀਆ ਅਤੇ ਮਹਾਂ ਸਿੰਘ ਸੁਕਰਚਕੀਆ ਆਪਸ ਵਿਚ ਲੜ ਪਏ। ਮਹਾਂ ਸਿੰਘ ਨੇ ਜੱਸਾ ਸਿੰਘ ਨੂੰ ਪੰਜਾਬ ਵਾਪਸ ਬੁਲਾ ਲਿਆ। ਦੋਹਾਂ ਨੇ ਮਿਲ ਕੇ ਸੰਨ 1787 ਈ. ਵਿਚ ਜੈ ਸਿੰਘ ਕਨ੍ਹੀਆ ਦੇ ਬਟਾਲਾ ਵਿਚਲੇ ਕਿਲ੍ਹੇ ਉਤੇ ਹਮਲਾ ਕੀਤਾ। ਜੈ ਸਿੰਘ ਹਾਰ ਗਿਆ ਅਤੇ ਉਸ ਦਾ ਪੁੱਤਰ ਗੁਰਬਖ਼ਸ਼ ਸਿੰਘ ਮਾਰਿਆ ਗਿਆ। ਇਸ ਤਰ੍ਹਾ ਜੱਸਾ ਸਿੰਘ ਨੇ ਖੋਹੇ ਹੋਏ ਆਪਣੇ ਸਾਰਿਆਂ ਇਲਾਕਿਆਂ ਉਤੇ ਫਿਰ ਤੋਂ ਅਧਿਕਾਰ ਕਰ ਲਿਆ। ਬਾਰੀ ਅਤੇ ਜਲੰਧਰ ਦੁਆਬਾਂ ਦੇ ਬਹੁਤੇ ਇਲਾਕੇ ਇਸ ਦੇ ਅਧੀਨ ਹੋ ਗਏ। ਇਸ ਨੇ ਕਾਂਗੜਾ, ਨੂਰਪੁਰ, ਮੰਡੀ ਅਤੇ ਚੰਬੇ ਦੀਆਂ ਰਿਆਸਤਾਂ ਤੋਂ ਵੀ ਖ਼ਿਰਾਜ ਵਸੂਲ ਕਰਨਾ ਸ਼ੁਰੂ ਕੀਤਾ। ਸਮੁੱਚੇ ਤੌਰ ’ਤੇ ਇਹ ਇਕ ਨਿਰਭੈ ਯੋਧਾ ਹੀ ਨਹੀਂ ਸੀ, ਸਗੋਂ ਬਹੁਤ ਧਰਮਾਤਮਾ ਅਤੇ ਨੇਕ-ਦਿਲ ਇਨਸਾਨ ਸੀ। ਗ਼ਰੀਬਾਂ ਦੀ ਬਹੁਤ ਮਦਦ ਕਰਦਾ ਸੀ। ਗੁਰਬਾਣੀ ਦੇ ਪਾਠ ਵਿਚ ਇਸ ਦੀ ਬਹੁਤ ਰੁਚੀ ਸੀ। ਇਸ ਦਾ ਦੇਹਾਂਤ 80 ਵਰ੍ਹਿਆਂ ਦੀ ਉਮਰ ਵਿਚ 20 ਅਪ੍ਰੈਲ 1803 ਈ. ਨੂੰ ਸ੍ਰੀ ਹਰਿਗੋਬਿੰਦਪੁਰ ਵਿਚ ਹੋਇਆ। ਸੰਨ 1965 ਈ. ਵਿਚ ਇਸ ਦੇ ਸਿੰਘਪੁਰਾ (ਜ਼ਿਲ੍ਹਾ ਹੁਸ਼ਿਆਰਪੁਰ) ਸਥਿਤ ਕਿਲ੍ਹੇ ਦੀ ਨਿਸ਼ਾਨਦੇਹੀ ਕਰਕੇ ਸਮਾਰਕ ਤਿਆਰ ਕੀਤਾ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜੱਸਾ ਸਿੰਘ ਰਾਮਗੜ੍ਹੀਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੱਸਾ ਸਿੰਘ, ਰਾਮਗੜ੍ਹੀਆ : ਵੇਖੋ ਰਾਮਗੜ੍ਹੀਆ, ਜੱਸਾ ਸਿੰਘ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.