ਜੱਸਾ ਸਿੰਘ ਆਹਲੂਵਾਲੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੱਸਾ ਸਿੰਘ ਆਹਲੂਵਾਲੀਆ (1718-1783 ਈ.); ਆਹਲੂਵਾਲੀਆ ਮਿਸਲ ਦੇ ਸੰਸਥਾਪਕ ਸ. ਜੱਸਾ ਸਿੰਘ ਦਾ ਜਨਮ ਲਾਹੌਰ ਨਗਰ ਦੇ ਨੇੜੇ ਸਥਿਤ ਪਿੰਡ ‘ਆਹਲੂ’ ਵਿਚ ਸ. ਬਦਰ ਸਿੰਘ ਦੇ ਘਰ 3 ਮਈ 1718 ਈ. ਨੂੰ ਹੋਇਆ। ਜਦੋਂ ਅਜੇ ਇਹ ਪੰਜ ਸਾਲਾਂ ਦਾ ਸੀ , ਤਾਂ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਇਸ ਦੀ ਧਰਮਾਤਮਾ ਮਾਂ ਨੇ ਆਪਣੇ ਭਰਾ ਸ. ਭਾਗ ਸਿੰਘ ਦੀ ਮਦਦ ਨਾਲ ਬਾਲਕ ਜੱਸਾ ਸਿੰਘ ਨੂੰ ਦਿੱਲੀ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਪਹੁੰਚਾਇਆ। ਮਾਤਾ ਸੁੰਦਰੀ ਜੀ ਨੇ ਇਸ ਦਾ ਪਾਲਣ-ਪੋਸ਼ਣ ਆਪਣੇ ਪੁੱਤਰ ਵਾਂਗ ਕੀਤਾ। ਇਸ ਨੇ ਸ਼ਸਤ੍ਰ ਚਲਾਉਣ ਵਿਚ ਜਲਦੀ ਹੀ ਮਹਾਰਤ ਹਾਸਲ ਕਰ ਲਈ ਅਤੇ ਅਰਬੀ ਫ਼ਾਰਸੀ ਵੀ ਪੜ੍ਹ ਲਈ। ਸੱਤ ਸਾਲ ਦਿੱਲੀ ਰਹਿਣ ਦੌਰਾਨ ਇਹ ਮੁੱਖੀ ਸਿੱਖਾਂ ਦੇ ਸੰਪਰਕ ਵਿਚ ਆਇਆ। ਮਾਤਾ ਸੁੰਦਰੀ ਜੀ ਨੇ ਵਿਦਾਇਗੀ ਵੇਲੇ ਇਸ ਨੂੰ ਇਕ ਕ੍ਰਿਪਾਣ, ਇਕ ਗੁਰਜ , ਇਕ ਢਾਲ , ਇਕ ਕਮਾਨ ਅਤੇ ਤੀਰਾਂ ਦਾ ਭਰਿਆ ਹੋਇਆ ਭੱਥਾ , ਇਕ ਖ਼ਿਲਤ ਅਤੇ ਇਕ ਚਾਂਦੀ ਦੀ ਚੋਬ ਪ੍ਰਦਾਨ ਕੀਤੀ, ਇਹ ਸੋਚ ਕੇ ਕਿ ਇਸ ਨੇ ਭਵਿਸ਼ ਵਿਚ ਸੱਤਾਧਾਰੀ ਹੋਣਾ ਹੈ।

            ਪੰਜਾਬ ਵਿਚ ਪਹੁੰਚ ਕੇ ਇਹ ਨਵਾਬ ਕਪੂਰ ਸਿੰਘ ਦੇ ਜੱਥੇ ਵਿਚ ਸ਼ਾਮਲ ਹੋ ਗਿਆ। ਤੀਬਰ ਬੁੱਧੀ ਅਤੇ ਅਦਭੁਤ ਦਲੇਰੀ ਕਾਰਣ ਇਹ ਸ. ਕਪੂਰ ਸਿੰਘ ਦੇ ਬਹੁਤ ਨੇੜੇ ਹੋ ਗਿਆ। ਉਸ ਨੇ ਇਸ ਨੂੰ ਆਪਣੇ ਪੁੱਤਰ ਵਾਂਗ ਪਾਲਿਆ। ਸੰਨ 1748 ਈ. ਵਿਚ ਸ. ਕਪੂਰ ਸਿੰਘ ਨਾਲ ਰਲ ਕੇ ਇਨ੍ਹਾਂ ਦੀ ਸੈਨਾ ਨੇ ਅਹਿਮਦਸ਼ਾਹ ਦੁਰਾਨੀ ਦੇ ਲਸ਼ਕਰ ਉਤੇ ‘ਨੂਰ ਦੀ ਸਰਾਂ’ ਅਤੇ ‘ਵੈਰੋਵਾਲ’ ਦੇ ਨੇੜੇ ਗੁਰੀਲਾ ਹਮਲੇ ਕਰਕੇ ਬਹੁਤ ਤੰਗ ਕੀਤਾ ਅਤੇ ਅੰਮ੍ਰਿਤਸਰ ਦੇ ਮੁਗ਼ਲ ਹਾਕਮ ਸਲਾਬਤ ਖ਼ਾਨ ਨੂੰ ਹਰਾਇਆ। ਇਸੇ ਸਾਲ ਵਿਸਾਖੀ ਦੇ ਮੌਕੇ ’ਤੇ ਅੰਮ੍ਰਿਤਸਰ ਵਿਚ ਜੁੜੇ ਸਰਬੱਤ ਖ਼ਾਲਸਾ ਨੇ 65 ਜੱਥਿਆਂ ਨੂੰ ‘ਦਲ ਖ਼ਾਲਸਾ ’ ਵਿਚ ਸਮੋ ਕੇ ਅਗੋਂ ਉਸ ਨੂੰ ਯਾਰ੍ਹਾਂ ਮਿਸਲਾਂ (ਫੂਲਕੀਆਂ ਤੋਂ ਬਿਨਾ) ਵਿਚ ਵੰਡਿਆ ਅਤੇ ਸ. ਜੱਸਾ ਸਿੰਘ ਨੂੰ ਉਸ ਦਾ ਸੈਨਾ-ਨਾਇਕ ਥਾਪਿਆ। 7 ਅਕਤੂਬਰ 1753 ਈ. ਨੂੰ ਨਵਾਬ ਕਪੂਰ ਸਿੰਘ ਦੇ ਦੇਹਾਂਤ ਤੋਂ ਬਾਦ ਇਹ ਸਿੱਖ ਕੌਮ ਦਾ ਸ਼ਿਰੋਮਣੀ ਸਰਦਾਰ (ਬਾਦਸ਼ਾਹ) ਬਣਿਆ ਅਤੇ ਲਗਭਗ ਇਕ ਮਹੀਨੇ ਬਾਦ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਦੇ ਮਰਨ ਉਪਰੰਤ ਇਸ ਨੇ ਮੱਧ ਪੰਜਾਬ ਵਿਚ ਆਪਣਾ ਦਬਦਬਾ ਵਧਾਇਆ ਅਤੇ ਪ੍ਰਜਾ ਤੋਂ ‘ਰਾਖੀ ਪ੍ਰਣਾਲੀ ’ ਅਨੁਸਾਰ ਲਗਾਨ ਅਤੇ ਨਜ਼ਰਾਨਾ ਵਸੂਲ ਕਰਨਾ ਸ਼ੁਰੂ ਕੀਤਾ। ਸੰਨ 1757 ਈ. ਵਿਚ ਇਸ ਨੇ ਅਹਿਮਦ ਸ਼ਾਹ ਦੁਰਾਨੀ ਦੁਆਰਾ ਲਾਹੌਰ ਦੇ ਸੂਬੇਦਾਰ ਵਜੋਂ ਸਥਾਪਿਤ ਆਪਣੇ ਪੁੱਤਰ ਤੈਮੂਰ ਸ਼ਾਹ ਦੀ ਫ਼ੌਜ ਉਤੇ ਪਿਛਲੇ ਪਾਸਿਓਂ ਹਮਲਾ ਕੀਤਾ ਅਤੇ ਕਰਤਾਰਪੁਰ ਤੋਂ ਲੁਟ ਕੇ ਲਿਆ ਰਹੇ ਸਾਰੇ ਸਾਮਾਨ ਨੂੰ ਖੋਹ ਲਿਆ।

            ਦੁਰਾਨੀ ਵਲੋਂ ਕੀਤੇ ਹਿੰਦੁਸਤਾਨ ਉਤੇ ਪੰਜਵੇਂ ਹਮਲੇ ਵੇਲੇ ਜਦੋਂ ਉਹ ਮਰਹਟਿਆਂ ਨੂੰ ਪਰਾਜਿਤ ਕਰਕੇ ਅੰਮ੍ਰਿਤਸਰ ਕੋਲੋਂ ਲਿੰਘ ਰਿਹਾ ਸੀ, ਤਾਂ ਮਾਰਚ 1761 ਈ. ਵਿਚ ਇਸ ਨੇ ਉਸ ਦੀ ਫ਼ੌਜ ਉਤੇ ਅਚਾਨਕ ਹਮਲਾ ਕਰਕੇ ਪਕੜ ਕੇ ਲੈ ਜਾਈਆਂ ਜਾ ਰਹੀਆਂ 2200 ਇਸਤਰੀਆਂ ਨੂੰ ਮੁਕਤ ਕਰਾ ਕੇ ਘਰੋਂ ਘਰ ਪਹੁੰਚਾਇਆ। ਸਤੰਬਰ 1761 ਈ. ਵਿਚ ਇਸ ਨੇ ਸੁਕਰਚਕੀਆ, ਕਨ੍ਹੀਆ ਅਤੇ ਭੰਗੀ ਮਿਸਲਾਂ ਦੀਆਂ ਫ਼ੌਜਾਂ ਨੂੰ ਲੈ ਕੇ ਲਾਹੌਰ ਦੇ ਅਫ਼ਗ਼ਾਨ ਸੂਬੇਦਾਰ ਖ਼੍ਵਾਜਾ ਉਬੇਦ ਖ਼ਾਨ ਨੂੰ ਗੁਜਰਾਂਵਾਲੇ ਦੇ ਨੇੜੇ ਲਕ ਤੋੜਵੀਂ ਹਾਰ ਦਿੱਤੀ ਅਤੇ ਲਾਹੌਰ ਤਕ ਉਸ ਦਾ ਪਿਛਾ ਕਰਕੇ ਕਿਲ੍ਹੇ ਉਤੇ ਕਬਜ਼ਾ ਕਰ ਲਿਆ। ਇਸ ਤੋਂ ਬਾਦ ਇਸ ਨੂੰ ‘ਸੁਲਤਾਨੁਲ ਕੌਮ’ ਘੋਸ਼ਿਤ ਕਰਕੇ ਖ਼ਾਲਸੇ ਦਾ ਸਿੱਕਾ ਚਲਾਇਆ ਗਿਆ। ਜਦੋਂ ਦੁਰਾਨੀ ਨੂੰ ਇਸ ਦਾ ਸਮਾਚਾਰ ਮਿਲਿਆ ਤਾਂ ਉਸ ਨੇ ਸੰਨ 1762 ਈ. ਵਿਚ ਇਕ ਵੱਡੇ ਲਸ਼ਕਰ ਨਾਲ ਹਿੰਦੁਸਤਾਨ ਉਪਰ ਹਮਲਾ ਕੀਤਾ। ਉਦੋਂ ਦਲ ਖ਼ਾਲਸਾ ਦੇ ਸਰਦਾਰ ਆਪਣੀ ਸੈਨਾ ਅਤੇ ਪਰਿਵਾਰਾਂ ਸਹਿਤ ਮਲੇਰਕੋਟਲੇ ਦੇ ਨੇੜੇ ‘ਕੁਪ-ਰਹੀੜਾ ’ ਪਾਸ ਠਹਿਰੇ ਹੋਏ ਸਨ। ਦੁਰਾਨੀ ਨੇ ਇਕ ਵੱਡੀ ਫ਼ੌਜ ਸਹਿਤ ਲਾਹੌਰੋਂ 36 ਘੰਟਿਆਂ ਵਿਚ 250 ਕਿ.ਮੀ. ਸਫ਼ਰ ਕੀਤਾ ਅਤੇ ਸਿੱਖਾਂ ਦੀ ਵਹੀਰ ਉਤੇ ਟੁੱਟ ਪਿਆ। ਸ. ਜੱਸਾ ਸਿੰਘ ਦੀ ਅਗਵਾਈ ਵਿਚ ਸਿੱਖ ਲੜਦੇ ਵੀ ਜਾ ਰਹੇ ਸਨ ਅਤੇ ਆਪਣੀ ਵਹੀਰ ਨੂੰ ਬਰਨਾਲੇ ਵਾਲੇ ਪਾਸੇ ਤੋਰੀ ਵੀ ਜਾ ਰਹੇ ਸਨ। ਦੁਰਾਨੀ ਦੇ ਇਸ ਹਮਲੇ ਵਿਚ 20,000 ਤੋਂ ਅਧਿਕ ਸਿੱਖ ਸੈਨਿਕ, ਇਸਤਰੀਆਂ, ਬਜ਼ੁਰਗ ਅਤੇ ਬੱਚੇ ਮਾਰੇ ਗਏ ਸਨ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ ‘ਵੱਡਾ ਘੱਲੂਘਾਰਾ ’ ਕਿਹਾ ਜਾਂਦਾ ਹੈ। ਇਸ ਲੜਾਈ ਵਿਚ ਸ. ਜੱਸਾ ਸਿੰਘ ਨੇ ਆਪਣੇ ਸ਼ਰੀਰ ਉਪਰ 22 ਜ਼ਖ਼ਮ ਖਾਏ ਸਨ। ਦੁਰਾਨੀ ਨੇ ਪਰਤ ਕੇ ਅੰਮ੍ਰਿਤਸਰ ਉਤੇ ਹਮਲਾ ਕੀਤਾ ਅਤੇ ਹਰਿਮੰਦਿਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉਡਾਇਆ। ਸ. ਜੱਸਾ ਸਿੰਘ ਨੇ ਬੜੀ ਸਿਆਣਪ ਨਾਲ ਦਲ ਖ਼ਾਲਸਾ ਨੂੰ ਪੁਨਰ ਗਠਿਤ ਕੀਤਾ ਅਤੇ ਦੋ ਸਾਲ ਬਾਦ 14 ਜਨਵਰੀ 1764 ਈ. ਨੂੰ ਸਰਹਿੰਦ ਉਤੇ ਹਮਲਾ ਕਰਕੇ ਅਫ਼ਗ਼ਾਨ ਫ਼ੌਜਦਾਰ ਜ਼ੈਨ ਖ਼ਾਨ ਨੂੰ ਮਾਰ ਦਿੱਤਾ ਅਤੇ ਨਗਰ ਨੂੰ ਨਸ਼ਟ ਕਰ ਦਿੱਤਾ।

            ਇਸ ਤੋਂ ਬਾਦ ਦਲ ਖ਼ਾਲਸਾ ਨੇ ਜਮਨਾ ਪਾਰ ਦੇ ਇਲਾਕਿਆਂ ਉਤੇ ਹਮਲੇ ਕੀਤੇ ਅਤੇ ਦਿੱਲੀ ਤਕ ਪਹੁੰਚੇ। 17 ਅਪ੍ਰੈਲ 1765 ਈ. ਵਿਚ ਜਦੋਂ ਦੁਰਾਨੀ ਫਿਰ ਹਿੰਦੁਸਤਾਨ ਉਤੇ ਚੜ੍ਹ ਆਇਆ, ਤਾਂ ਉਸ ਦਾ ਦਮਖ਼ਮ ਛੀਣ ਹੋ ਚੁਕਿਆ ਸੀ। ਉਸ ਨੇ ਸਿੱਖਾਂ ਨਾਲ ਸ਼ਾਂਤੀ ਕਾਇਮ ਕਰਨ ਦਾ ਯਤਨ ਕੀਤਾ ਪਰ ਸ. ਜੱਸਾ ਸਿੰਘ ਨੇ ਠੁਕਰਾ ਦਿੱਤਾ। ਇਸ ਨੇ ਦੁਆਬੇ ਵਿਚ ਬਹੁਤ ਸਾਰਾ ਇਲਾਕਾ ਜਿਤ ਕੇ ਸੰਨ 1774 ਈ. ਵਿਚ ਕਪੂਰਥਲੇ ਵਿਚ ਆਪਣੀ ਰਿਆਸਤ ਦੀ ਰਾਜਧਾਨੀ ਕਾਇਮ ਕੀਤੀ। ਜਦੋਂ ਸੰਨ 1779 ਈ. ਵਿਚ ਦਿੱਲੀ ਦੇ ਵਜ਼ੀਰ ਅਬਦੁਲ ਅਹਿਦ ਖ਼ਾਨ ਨੇ ਪਟਿਆਲਾ-ਪਤਿ ਰਾਜਾ ਅਮਰ ਸਿੰਘ ਉਤੇ ਹਮਲਾ ਕੀਤਾ ਤਾਂ ਜੱਸਾ ਸਿੰਘ ਆਪਣੇ ਦਲਬਲ ਸਹਿਤ ਰਾਜੇ ਦੀ ਮਦਦ ਨੂੰ ਪਹੁੰਚਿਆ ਅਤੇ ਮੁਗ਼ਲ ਫ਼ੌਜ ਨੂੰ ਭਜਾ ਕੇ ਉਨ੍ਹਾਂ ਤੋਂ 7 ਲੱਖ ਰੁਪਏ ਹਰਜਾਨੇ ਵਜੋਂ ਲਏ। ਇਸ ਨੇ ਪੰਜਾਬ ਵਿਚ ਅਫ਼ਗ਼ਾਨ ਅਤੇ ਮੁਗ਼ਲ ਸ਼ਕਤੀ ਨੂੰ ਵੰਗਾਰ ਦੇ ਸਿੱਖਾਂ ਦੀ ਸੁਤੰਤਰ ਹੋਂਦ ਕਾਇਮ ਕੀਤੀ। ਇਸ ਤਰ੍ਹਾਂ 18ਵੀਂ ਸਦੀ ਵਿਚ ਬੰਦਾ ਬਹਾਦਰ ਤੋਂ ਬਾਦ ਇਸ ਨੇ ਸਿੱਖ-ਸ਼ਕਤੀ ਦਾ ਸੁੰਦਰ ਪ੍ਰਦਰਸ਼ਨ ਕੀਤਾ।

            ਯੁੱਧ-ਵੀਰ ਤੋਂ ਇਲਾਵਾ ਇਹ ਧਰਮ-ਵੀਰ ਵੀ ਸੀ। ਇਸ ਹੱਥੋਂ ਅੰਮ੍ਰਿਤ ਪਾਨ ਕਰਨਾ ਗੌਰਵਮਈ ਸਮਝਿਆ ਜਾਂਦਾ ਸੀ। ਪਟਿਆਲੇ ਦੇ ਰਾਜਾ ਅਮਰ ਸਿੰਘ ਨੇ ਸ. ਜੱਸਾ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਇਸ ਦਾ ਦੇਹਾਂਤ 20 ਅਕਤੂਬਰ 1783 ਈ. ਨੂੰ ਅੰਮ੍ਰਿਤਸਰ ਵਿਚ ਹੋਇਆ। ਕੌਮ ਦੀ ਉੱਨਤੀ ਲਈ ਇਸ ਵਲੋਂ ਕੀਤੀਆਂ ਖ਼ਿਦਮਤਾਂ ਨੂੰ ਸਾਹਮਣੇ ਰਖਦੇ ਹੋਇਆਂ ਉਸ ਸਮੇਂ ਦੇ ਪੰਥਕ ਆਗੂਆਂ ਨੇ ਇਸ ਦੀ ਸਮਾਧਗੁਰਦੁਆਰਾ ਬਾਬਾ ਅਟਲ’ ਦੇ ਇਹਾਤੇ ਵਿਚ ਬਣਾਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜੱਸਾ ਸਿੰਘ ਆਹਲੂਵਾਲੀਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੱਸਾ ਸਿੰਘ, ਆਹਲੂਵਾਲੀਆ : ਵੇਖੋ ਆਹਲੂਵਾਲੀਆ, ਜੱਸਾ ਸਿੰਘ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜੱਸਾ ਸਿੰਘ ਆਹਲੂਵਾਲੀਆ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਜੱਸਾ ਸਿੰਘ ਆਹਲੂਵਾਲੀਆ (1718-1783 ਈ.) : ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਅਠਾਰਵੀਂ ਸਦੀ ਦੇ ਪਿਛਲੇ ਅੱਧ ਦੇ ਸਿੱਖ ਇਤਿਹਾਸ ਦੇ ਸਿਰਕੱਢ ਨੇਤਾ ਸਨ। ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਜਥੇਬੰਦ ਕਰਕੇ ਦਲ ਖ਼ਾਲਸਾ ਨਾਂ ਦੀ ਜਥੇਬੰਦੀ ਰਾਹੀਂ ਅਜਿਹਾ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਸੀ, ਜਿਸ ਨੇ ਆਪਣੇ ਸਮੇਂ ਦੀਆਂ ਤਿੰਨ ਸਿਰਮੌਰ ਤਾਕਤਾਂ ਨੂੰ ਹਰਾ ਕੇ ਪੰਜਾਬ ਦੀ ਧਰਤੀ ਉੱਪਰ ਖ਼ਾਲਸਾ ਰਾਜ ਸਥਾਪਿਤ ਕਰ ਲਿਆ ਸੀ। ਬੰਦਾ ਸਿੰਘ ਬਹਾਦਰ ਦੇ ਪਿੱਛੋਂ ਆਪ ਪਹਿਲੇ ਸਿੱਖ ਨੇਤਾ ਸਨ, ਜਿਸ ਨੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਸੀ। ਪੰਜਾਬ ਦੇ ਵਿੱਚ ਜਿਹੜੀਆਂ ਤਿੰਨ ਸਿਰਮੌਰ ਤਾਕਤਾਂ ਨੂੰ ਹਰਾਇਆ ਸੀ ਉਹ ਸਨ : ਮੁਗ਼ਲ ਹਕੂਮਤ, ਅਫ਼ਗਾਨ ਹਮਲਾਵਰ ਅਤੇ ਮਰਹੱਟੇ, ਇਹਨਾਂ ਹੀ ਮਹਾਨ ਪ੍ਰਾਪਤੀਆਂ ਕਰਕੇ ਆਪ ਨੂੰ ਸਿੱਖ ਇਤਿਹਾਸ ਵਿੱਚ ‘ਮੁਲਤਾਨ-ਉਲ-ਕੌਮ’ ਅਰਥਾਤ ‘ਕੌਮ ਦਾ ਸੁਲਤਾਨ’ ਕਹਿ ਕੇ ਯਾਦ ਕੀਤਾ ਜਾਂਦਾ ਹੈ।

ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਨਮ ਦੇ ਤੌਰ ਤੇ ਕਲਾਲ ਕਬੀਲੇ ਵਿੱਚੋਂ ਸਨ। ਕਲਾਲਾਂ ਦਾ ਮੁੱਖ ਕੰਮ ਸ਼ਰਾਬ ਕੱਢਣ ਦਾ ਹੁੰਦਾ ਸੀ। ਬ੍ਰਾਹਮਣਵਾਦੀ ਸਮਾਜ ਵਿੱਚ ਕਲਾਲ ਕਬੀਲੇ ਨੂੰ ਵੀ ਸ਼ੂਦਰਾਂ ਅਤੇ ਵੈਸ਼ਾਂ ਦੇ ਵਿੱਚ ਹੀ ਮੰਨਿਆ ਜਾਂਦਾ ਸੀ। ਪਰ ਸਿੱਖ ਧਰਮ ਨੇ ਸਭ ਜਾਤੀ ਵੰਡਾਂ ਖ਼ਤਮ ਕਰਕੇ ਜਾਤ-ਰਹਿਤ ਅਤੇ ਜਮਾਤ-ਰਹਿਤ ਸਮਾਜ ਸਿਰਜਿਆ ਸੀ। ਇਹੀ ਕਾਰਨ ਸੀ ਕਿ ਬ੍ਰਾਹਮਣਵਾਦ ਵੱਲੋਂ ਸ਼ੂਦਰ ਸਮਝ ਕੇ ਛੁਟਾਇਆ ਹੋਇਆ ਕਲਾਲ ਕਬੀਲਾ ਸਿੱਖ ਸਮਾਜ ਵਿੱਚ ਬਰਾਬਰ ਦਾ ਭਾਈਵਾਲ ਬਣ ਗਿਆ ਸੀ। ਸਰਦਾਰ ਜੱਸਾ ਸਿੰਘ ਸਿੱਖ ਕੌਮ ਦਾ ਸੁਲਤਾਨ ਮੰਨਿਆ ਜਾਂਦਾ ਸੀ। ਇਹੀ ਇੱਕੋ ਤੱਥ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਸਿੱਖ ਸਮਾਜ ਨੇ ਦਬੀਆਂ-ਕੁਚਲੀਆਂ ਜਾਤਾਂ ਵਿੱਚ ਜਨਮੇ ਵਿਅਕਤੀਆਂ ਨੂੰ ਬਰਾਬਰੀ ਦੇ ਮੌਕੇ ਦੇ ਕੇ ਸਿਰਮੌਰ ਪਦਵੀਆਂ ਤੇ ਪਹੁੰਚਾ ਦਿੱਤਾ ਸੀ।

ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਦਾਦਾ ਦਾ ਨਾਂ ਸਰਦਾਰ ਦੇਵਾ ਸਿੰਘ ਸੀ। ਸ੍ਰ. ਦੇਵਾ ਸਿੰਘ ਦਾ ਪੁੱਤਰ ਸਰਦਾਰ ਬਦਰ ਸਿੰਘ ਸੀ, ਜੋ ਆਪਣੇ ਦੋ ਹੋਰ ਭਰਾਵਾਂ ਤੋਂ ਛੋਟਾ ਸੀ। ਸ੍ਰ. ਬਦਰ ਸਿੰਘ ਦੀ ਸ਼ਾਦੀ ਪਿੰਡ ਹੱਲੋ-ਸਾਧੋ ਦੇ ਸਰਦਾਰ ਬਾਘ ਸਿੰਘ ਦੀ ਭੈਣ ਨਾਲ ਹੋਈ ਸੀ। ਇਹ ਬੀਬੀ ਧਾਰਮਿਕ ਵਿਚਾਰਾਂ ਵਿੱਚ ਨਿਪੁੰਨ ਅਤੇ ਉੱਚੇ-ਸੁੱਚੇ ਜੀਵਨ ਵਾਲੀ ਸੀ। ਇਸੇ ਬੀਬੀ ਦੀ ਪਵਿੱਤਰ ਕੁੱਖ ਵਿੱਚੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ ਜਨਮ ਵਿਸਾਖ ਸੁਦੀ 15, ਪੂਰਨਮਾਸ਼ੀ, ਸੰਮਤ 1775 ਬਿ. ਮੁਤਾਬਕ 3 ਮਈ, 1718 ਈ. ਨੂੰ ਹੋਇਆ। ਇਹ ਸਮਾਂ ਸਿੱਖਾਂ ਲਈ ਬਹੁਤ ਹੀ ਸੰਕਟ ਵਾਲਾ ਅਤੇ ਚੁਨੌਤੀਆਂ ਭਰਪੂਰ ਸੀ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (1716) ਤੋਂ ਤੁਰੰਤ ਪਿੱਛੋਂ ਹਕੂਮਤ ਵੱਲੋਂ ਸਿੱਖਾਂ ਨੂੰ ਦੇਖਦਿਆਂ ਸਾਰ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਸਨ। ਅਜਿਹੇ ਹੁਕਮਾਂ ਦੇ ਹਾਲਤਾਂ ਵਿੱਚ ਹੀ ਸਰਦਾਰ ਜੱਸਾ ਸਿੰਘ ਦਾ ਜਨਮ ਹੋਇਆ ਸੀ। ਇੱਕ ਤਾਂ ਅਜਿਹੇ ਸੰਕਟ ਵਾਲੀ ਸਥਿਤੀ, ਦੂਸਰੀ ਮੁਸੀਬਤ ਇਹ ਆ ਪਈ ਸੀ ਕਿ ਸ੍ਰ. ਜੱਸਾ ਸਿੰਘ ਦੇ ਜਨਮ ਤੋਂ ਸਿਰਫ਼ ਚਾਰ ਸਾਲਾਂ ਪਿੱਛੋਂ ਹੀ ਉਹਨਾਂ ਦੇ ਪਿਤਾ ਸ੍ਰ. ਬਦਰ ਸਿੰਘ ਅਕਾਲ ਚਲਾਣਾ ਕਰ ਗਏ ਸਨ।

ਕਿਉਂਕਿ ਜੱਸਾ ਸਿੰਘ ਦੀ ਮਾਤਾ ਜੀ ਗੁਰੂ ਘਰ ਦੀ ਸੇਵਾ ਵਿੱਚ ਹਰ ਸਮੇਂ ਲੀਨ ਰਹਿੰਦੇ ਸਨ ਇਸ ਕਰਕੇ ਉਹ ਵਿਧਵਾ ਹੋਣ ਪਿੱਛੋਂ ਆਪਣੇ ਛੋਟੇ ਜਿਹੇ ਪੁੱਤਰ ਨੂੰ ਨਾਲ ਲੈ ਕੇ ਸਿੱਖ ਔਰਤਾਂ ਦੇ ਇੱਕ ਜਥੇ ਵਿੱਚ ਰਲ ਕੇ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਹਜ਼ੂਰੀ ਵਿੱਚ ਚੱਲੀ ਗਈ ਸੀ। ਮਾਤਾ ਸੁੰਦਰੀ ਜੀ ਦੀ ਰਹਾਇਸ਼ ਸਿੱਖ ਵਿਧਵਾ ਇਸਤਰੀਆਂ ਦੀ ਸ਼ਰਨਗਾਹ ਸੀ। ਜੱਸਾ ਸਿੰਘ, ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ, ਮਾਤਾ ਸੁੰਦਰੀ ਜੀ ਦੇ ਸੰਪਰਕ ਵਿੱਚ ਆ ਗਿਆ ਸੀ। ਮਾਤਾ ਜੀ ਨੇ ਇਸ ਬਾਲਕ ਦੀ ਪਾਲਣਾ-ਪੋਸਣਾ ਵਿੱਚ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋ ਸਕਦੀ ਸੀ, ਕੀਤੀ। ਇਸ ਨਾਲ ਜੱਸਾ ਸਿੰਘ ਦਿੱਲੀ ਵਿਖੇ ਰਹਿੰਦਾ ਹੋਇਆ ਹਰ ਇੱਕ ਮੁਖੀ ਸਿੱਖ ਦੇ ਸੰਪਰਕ ਵਿੱਚ ਵੀ ਆਇਆ ਸੀ ਅਤੇ ਦਿੱਲੀ ਦੀਆਂ ਹੋਰ ਪ੍ਰਮੁਖ ਸ਼ਖ਼ਸੀਅਤਾਂ ਦੇ ਸੰਪਰਕ ਵਿੱਚ ਵੀ ਆ ਗਿਆ ਸੀ।

1729 ਈ. ਵਿੱਚ ਜੱਸਾ ਸਿੰਘ ਨੂੰ ਉਸ ਦਾ ਮਾਮਾ ਸਰਦਾਰ ਬਾਘ ਸਿੰਘ ਹੱਲੋ ਵਾਲੀਆ ਦਿੱਲੀ ਤੋਂ ਆਪਣੇ ਨਾਲ ਪੰਜਾਬ ਵਿੱਚ ਲੈ ਆਇਆ ਸੀ। ਇਹ ਸਰਦਾਰ ਸਿੱਖ ਜਥਿਆਂ ਵਿੱਚੋਂ ਇੱਕ ਸਿਰਕੱਢ ਸਰਦਾਰ ਮੰਨਿਆ ਜਾਂਦਾ ਸੀ। ਜਦੋਂ ਨਵਾਬ ਕਪੂਰ ਸਿੰਘ ਨੇ ਖ਼ਾਲਸੇ ਦੀ ਅਗਵਾਈ ਸੰਭਾਲੀ ਸੀ ਤਾਂ ਉਹਨਾਂ ਨੇ ਜੱਸਾ ਸਿੰਘ ਨੂੰ ਆਪਣੇ ਨਾਲ ਹੀ ਰੱਖਿਆ ਸੀ। ਅਸਲ ਵਿੱਚ ਜੱਸਾ ਸਿੰਘ ਨਵਾਬ ਸਾਹਿਬ ਦਾ ਏਨਾ ਵਿਸ਼ਵਾਸਪਾਤਰ ਬਣ ਗਿਆ ਸੀ ਕਿ ਉਸ ਨੂੰ ਨਵਾਬ ਸਾਹਿਬ ਦਾ ਮੁਤਬੰਨਾ ਪੁੱਤਰ ਹੀ ਸਮਝਿਆ ਜਾਣ ਲੱਗ ਪਿਆ ਸੀ। ਜੱਸਾ ਸਿੰਘ ਨੂੰ ਦਿੱਲੀ ਵਿੱਚ ਕਾਫ਼ੀ ਸਮਾਂ ਰਹਿਣ ਕਰਕੇ ਹਿੰਦੁਸਤਾਨੀ ਬੋਲਣੀ ਕਾਫ਼ੀ ਅੱਛੀ ਤਰ੍ਹਾਂ ਆ ਗਈ ਸੀ। ਨਵਾਬ ਕਪੂਰ ਸਿੰਘ ਦਾ ਵਿਸ਼ੇਸ਼ ਸਹਾਇਕ ਹੋਣ ਕਰਕੇ ਹਰ ਹਿਸਾਬ-ਕਿਤਾਬ ਵਿੱਚ ਜੱਸਾ ਸਿੰਘ ਦਾ ਮੁੱਖ ਯੋਗਦਾਨ ਹੁੰਦਾ ਸੀ। ਗੱਲਬਾਤ ਵਿੱਚ ਜੱਸਾ ਸਿੰਘ ਅਕਸਰ ‘ਹਮ ਕੋ, ਤੁਮ ਕੋ’ ਜਾਂ ‘ਆਤਾ ਹੈ ਜਾਤਾ ਹੈ’ ਕਹਿ ਦਿਆ ਕਰਦਾ ਸੀ। ਸਿੰਘਾਂ ਨੇ ਇਸ ਕਰਕੇ ਜੱਸਾ ਸਿੰਘ ਦਾ ਨਾਂ ‘ਹਮ ਕੋ-ਤੁਮ ਕੋ’ ਹੀ ਰੱਖ ਲਿਆ ਸੀ। ਇੱਕ ਦਿਨ ਇਸ ਨੇ ਨਵਾਬ ਸਾਹਿਬ ਕੋਲ ਸ਼ਿਕਾਇਤ ਕੀਤੀ ਕਿ ਸਿੰਘ ਉਸ ਨੂੰ ਹਿੰਦੁਸਤਾਨੀ ਬੋਲਣ ਕਰਕੇ ਚਿੜਾਉਂਦੇ ਹਨ। ਨਵਾਬ ਸਾਹਿਬ ਨੇ ਬੜੇ ਸਹਿਜ ਨਾਲ ਸਮਝਾਉਂਦਿਆਂ ਕਿਹਾ ਕਿ ਇਹਨਾਂ ਦਾ ਕੋਈ ਵੀ ਗੁੱਸਾ ਨਾ ਕਰ। ਇਹਨਾਂ ਨੇ ਮੈਨੂੰ ਨਵਾਬੀ ਬਖ਼ਸ਼ ਦਿੱਤੀ ਹੈ। ਹੋ ਸਕਦਾ ਹੈ ਕਿ ਤੈਨੂੰ ਬਾਦਸ਼ਾਹ ਬਣਾ ਦੇਣ। ਇਸ ਗੱਲ ਨੂੰ ਜੱਸਾ ਸਿੰਘ ਨੇ ਵੀ ਦਿਲ ਵਿੱਚ ਬਿਠਾ ਲਿਆ ਸੀ ਅਤੇ ਬਾਕੀ ਸਿੰਘਾਂ ਨੇ ਵੀ।

ਨਵਾਬ ਕਪੂਰ ਸਿੰਘ ਨੇ ਤਰੁਣਾ ਦਲ ਨੂੰ ਪੰਜ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਨਾਦਰ ਸ਼ਾਹ ਨੂੰ ਲੁੱਟ ਲੈਣ ਬਾਅਦ ਤਰੁਣਾ ਦਲ ਦੀ ਗਿਣਤੀ ਬਹੁਤ ਵੱਧ ਗਈ ਸੀ। ਇਹ ਗਿਣਤੀ ਏਨੀ ਵੱਧ ਗਈ ਸੀ ਕਿ ਪੰਜ ਜਥਿਆਂ ਤੋਂ ਵੱਧ ਕੇ ਗਿਣਤੀ ਪੰਝੀ ਜਥਿਆਂ ਤੱਕ ਪਹੁੰਚ ਗਈ ਸੀ। ਇਹਨਾਂ ਵਿੱਚ ਇੱਕ ਜਥਾ ਜੱਸਾ ਸਿੰਘ ਦਾ ਵੀ ਸੀ। ਇਸ ਸਮੇਂ ਜੱਸਾ ਸਿੰਘ ਅਕਸਰ ਆਹਲੂ ਪਿੰਡ ਵਿੱਚ ਰਿਹਾ ਕਰਦਾ ਸੀ। ਤਰੁਣਾ ਦਲ ਵਿੱਚ ਦੋ ਜੱਸਾ ਸਿੰਘ ਸਨ। ਇਹਨਾਂ ਦੀ ਪਛਾਣ ਕਰਨ ਲਈ ਇੱਕ ਜੱਸਾ ਸਿੰਘ ਨੂੰ ਆਹਲੂਵਾਲੀਆ ਕਹਿਣਾ ਸ਼ੁਰੂ ਕਰ ਦਿੱਤਾ ਸੀ। ਇਸ ਕਰਕੇ ਇਹ ਆਹਲੂਵਾਲੀਆ ਸਰਦਾਰ ਦੇ ਤੌਰ ’ਤੇ ਮਸ਼ਹੂਰ ਹੋਇਆ। ਦੂਸਰਾ ਜੱਸਾ ਸਿੰਘ ਤਰਖਾਣ ਸੀ। ਉਸ ਨੂੰ ਰਾਮਗੜੀਆ ਤਖ਼ੱਲਸ ਨਾਲ ਬੁਲਾਇਆ ਜਾਂਦਾ ਸੀ। ਜਦੋਂ 1746 ਵਿੱਚ ਤਰੁਣਾ ਦਲ ਦੀ ਵਧੀ ਹੋਈ ਗਿਣਤੀ ਨੂੰ ਮੁੜ ਤੋਂ ਸੰਗਠਿਤ ਕੀਤਾ ਗਿਆ ਸੀ ਤਾਂ ਇਹਨਾਂ ਵਿੱਚ ਇੱਕ ਜਥਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਵੀ ਸੀ। ਨਵਾਬ ਕਪੂਰ ਸਿੰਘ ਸਾਰੇ ਜਥਿਆਂ ਦੇ ਸੁਪਰੀਮ ਕਮਾਂਡਰ ਸਨ।

1747 ਦੇ ਅਖੀਰ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਵਿੱਚ ਆਉਣ ਕਾਰਨ ਖ਼ਾਲਸੇ ਲਈ ਲੜਾਈ ਦਾ ਇੱਕ ਮੁਹਾਜ਼ ਹੋਰ ਖੁੱਲ੍ਹ ਗਿਆ ਸੀ। ਨਵਾਬ ਸਾਹਿਬ ਬਜ਼ੁਰਗ ਹੋ ਗਏ ਸਨ। ਦੋ ਮੁਹਾਜ਼ਾਂ ਤੇ ਇੱਕੋ ਸਮੇਂ ਲੜਾਈ ਕਰਨ ਲਈ ਨਵਾਬ ਸਾਹਿਬ ਦੀ ਬਜ਼ੁਰਗ ਅਵਸਥਾ ਇਜਾਜ਼ਤ ਨਹੀਂ ਦਿੰਦੀ ਸੀ। ਇਸ ਲਈ ਉਹਨਾਂ ਨੇ 1748 ਦੀ ਵਿਸਾਖੀ ਦੇ ਦਿਹਾੜੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਰਬੱਤ ਖ਼ਾਲਸਾ ਸਮਾਗਮ ਬੁਲਾਇਆ। ਇਸ ਵਿੱਚ ਸਮੁੱਚੀ ਪੰਥਕ ਸ਼ਕਤੀ ਨੂੰ ਦਲ ਖ਼ਾਲਸਾ ਦੇ ਨਾਂ ਹੇਠ ਸੰਗਠਿਤ ਕਰਨ ਦਾ ਗੁਰਮਤਾ ਕੀਤਾ ਗਿਆ। ਇਸ ਅਨੁਸਾਰ ਦਲ ਖ਼ਾਲਸਾ ਦੇ ਗਿਆਰਾਂ ਜਥੇ ਬਣਾਏ ਗਏ। ਗਿਆਰਾਂ ਜਥਿਆਂ ਦੇ ਭਾਵੇਂ ਆਪਣੇ-ਆਪਣੇ ਜਥੇਦਾਰ ਸਨ ਅਤੇ ਇਸ ਸ੍ਵੈ-ਪ੍ਰਬੰਧ ਲਈ ਸੁਤੰਤਰ ਵੀ ਸਨ ਪਰ ਸਾਰਿਆਂ ਦਾ ਸੁਪਰੀਮ ਕਮਾਂਡਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੀ। ਨਵਾਬ ਸਾਹਿਬ ਸੁਪਰੀਮ ਕਮਾਂਡਰ ਦੇ ਅਹੁਦੇ ਤੋਂ ਫ਼ਾਰਗ ਹੋ ਗਏ ਸਨ। ਇੱਥੋਂ ਹੀ ਸਰਦਾਰ ਆਹਲੂਵਾਲੀਆ ਦਾ ਅਸਲ ਯੋਗਦਾਨ ਸ਼ੁਰੂ ਹੁੰਦਾ ਹੈ।

ਸਰਦਾਰ ਜੱਸਾ ਸਿੰਘ ਦੀ ਅਗਵਾਈ ਵਿੱਚ ਖ਼ਾਲਸੇ ਨੇ ਇੱਕੋ ਸਮੇਂ ਪਹਿਲਾਂ ਦੋ ਮੁਹਾਜ਼ਾਂ (ਮੁਗ਼ਲ ਸਰਦਾਰ ਅਤੇ ਅਫ਼ਗਾਨੀ ਹਮਲਾਵਰ) ਤੇ ਲੜਾਈ ਲੜੀ। ਪਿੱਛੋਂ ਇਹੀ ਲੜਾਈ ਤਿੰਨ ਮੁਹਾਜ਼ਾਂ ਤੇ ਲੜੀ ਗਈ ਸੀ। ਤੀਜਾ ਮੁਹਾਜ਼ ਮਰਹੱਟਿਆਂ ਦਾ ਸੀ। ਇਹ ਸਰਦਾਰ ਆਹਲੂਵਾਲੀਆ ਦੀ ਦੂਰ-ਅੰਦੇਸ਼ੀ ਹੀ ਸੀ ਕਿ ਉਹ ਪੰਥ ਨੂੰ ਇੱਕ ਅਤਿ ਸੰਕਟਮਈ ਸਮੇਂ ਵਿੱਚੋਂ ਵਿਜਈ ਰੂਪ ਵਿੱਚ ਉਭਾਰ ਕੇ ਲੈ ਕੇ ਗਏ। ਜਦੋਂ 1765 ਵਿੱਚ ਅਬਦਾਲੀ ਅਤੇ ਉਸ ਦੇ ਜਰਨੈਲਾਂ ਨੂੰ ਲਾਹੌਰ ਅਤੇ ਪੰਜਾਬ ਵਿੱਚੋਂ ਕੱਢ ਕੇ ਲਾਹੌਰ ਵਿੱਚ ਖ਼ਾਲਸੇ ਦਾ ਰਾਜ ਸਥਾਪਿਤ ਕਰ ਲਿਆ ਗਿਆ ਸੀ ਤਾਂ ਸਮੁੱਚੇ ਪੰਥ ਨੇ ਸਰਦਾਰ ਆਹਲੂਵਾਲੀਏ ਨੂੰ ਸੁਲਤਾਨ ਉਲ-ਕੌਮ ਦੀ ਉਪਾਧੀ ਦਿੱਤੀ। ਖ਼ਾਲਸੇ ਦੇ ਨਾਂ ਦਾ ਸਿੱਕਾ ਜਾਰੀ ਕੀਤਾ ਗਿਆ ਸੀ। ਹਰ ਜਥੇ ਨੂੰ ਜਿਸ-ਜਿਸ ਨੂੰ ਇਸ ਸਮੇਂ ਮਿਸਲ ਦੇ ਨਾਂ ਨਾਲ ਪੁਕਾਰਿਆ ਜਾਣਾ ਸ਼ੁਰੂ ਹੋ ਗਿਆ ਸੀ ਆਪਣੇ-ਆਪਣੇ ਇਲਾਕੇ ਦਾ ਹਾਕਮ ਨਿਯਤ ਕਰ ਦਿੱਤਾ ਗਿਆ ਸੀ। ਆਹਲੂਵਾਲੀਆ ਸਰਦਾਰ ਆਪਣੇ ਇਲਾਕੇ ਕਪੂਰਥਲੇ ਵਿੱਚ ਹੁਕਮਰਾਨ ਬਣ ਗਿਆ ਸੀ। ਲਾਹੌਰ ਦਾ ਇਲਾਕਾ ਭੰਗੀ ਮਿਸਲ ਦੇ ਸਰਦਾਰਾਂ ਨੂੰ ਸੰਭਾਲ ਦਿੱਤਾ ਗਿਆ ਸੀ।

ਇਸ ਤਰ੍ਹਾਂ ਸਰਦਾਰ ਆਹਲੂਵਾਲੀਆ ਬੰਦਾ ਸਿੰਘ ਬਹਾਦਰ ਤੋਂ ਪਿੱਛੋਂ ਪਹਿਲੇ ਸਿੱਖ ਨੇਤਾ ਸਨ ਜਿਨ੍ਹਾਂ ਦੀ ਅਗਵਾਈ ਹੇਠ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਗਈ ਸੀ। ਪੰਥ ਦੀਆਂ ਬਾਰਾਂ ਮਿਸਲਾਂ ਸਰਦਾਰ ਆਹਲੂਵਾਲੀਏ ਦੀਆਂ ਰਿਣੀ ਸਨ। ਅਖੀਰ 20 ਅਕਤੂਬਰ, 1783 ਨੂੰ ਸਰਦਾਰ ਸਾਹਿਬ 65 ਸਾਲ ਦੀ ਉਮਰ ਭੋਗ ਕੇ ਚੜ੍ਹਾਈ ਕਰ ਗਏ ਸਨ।


ਲੇਖਕ : ਸੁਖਦਿਆਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 3840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-27-11-23-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.