ਜੱਟ ਸਿੱਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੱਟ ਸਿੱਖ: ਸਿੱਖ ਧਰਮ ਵਿਚ ਪ੍ਰਧਾਨਤਾ ਜੱਟ ਸਿੱਖਾਂ ਦੀ ਹੈ। ਇਨ੍ਹਾਂ ਦੀ ਅਧਿਕ ਵਸੋਂ ਪਿੰਡਾਂ ਵਿਚ ਹੈ। ਜੱਟ ਸਿਰਫ਼ ਸਿੱਖ ਹੀ ਨਹੀਂ ਹੁੰਦੇ , ਸਗੋਂ ਇਹ ਸਾਰੇ ਭਾਰਤ ਦੀ ਇਕ ਮਹੱਤਵਪੂਰਣ ਜਾਤਿ ਹੈ। ਇਹ ਹਿੰਦੂ ਵੀ ਹਨ ਅਤੇ ਮੁਸਲਮਾਨ ਵੀ। ਇਹ ਭਾਰਤ ਤੋਂ ਇਲਾਵਾ ਪਾਕਿਸਤਾਨ ਵਿਚ ਵੀ ਹਨ।

            ਜੱਟਾਂ ਦੇ ਮੂਲ ਬਾਰੇ ਵਿਦਵਾਨ ਅਤੇ ਇਤਿਹਾਸ- ਕਾਰ ਇਕ ਮਤ ਨਹੀਂ ਹਨ। ਮੇਜਰ ਟੋਡ ਅਤੇ ਜਨਰਲ ਕੰਨਿਘਮ ਵਰਗੇ ਖੋਜੀ ਇਨ੍ਹਾਂ ਨੂੰ ਇੰਡੋਸਿਥੀਅਨ ਵਰਗ ਦੇ ਲੋਕਾਂ ਵਿਚੋਂ ਮੰਨਦੇ ਹਨ। ਉਨ੍ਹਾਂ ਅਨੁਸਾਰ ਇਹ ਲੋਕ ਈਸਾ ਤੋਂ ਲਗਭਗ ਇਕ ਸੌ ਸਾਲ ਪਹਿਲਾਂ ਮੰਡ ਕਬੀਲੇ ਨਾਲ ਸਿੰਧ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ ਅਤੇ ਉਸ ਤੋਂ ਬਾਦ ਸਾਰੇ ਭਾਰਤ ਵਿਚ ਪਸਰਦੇ ਗਏ। ਇਨ੍ਹਾਂ ਦਾ ਪਿਛੋਕੜ ਰਾਜਪੂਤਾਂ ਨਾਲ ਜਾ ਜੁੜਦਾ ਹੈ। ਕਈ ਇਨ੍ਹਾਂ ਨੂੰ ਰਾਜਪੂਤਾਂ ਵਿਚੋਂ ਨਿਕਲਿਆ ਮੰਨਦੇ ਹਨ। ਜੈਸਲਮੇਰ, ਮਾਰਵਾੜ ਨਾਲ ਕਈ ਜੱਟ ਜਾਤੀਆਂ ਦਾ ਸੰਬੰਧ ਹੈ। ਉਥੋਂ ਹੀ ਇਹ ਉਠ ਕੇ ਪੰਜਾਬ ਵਿਚ ਆਏ ਅਤੇ ਖੇਤੀ ਬਾੜੀ ਦੇ ਕੰਮ ਵਿਚ ਰੁਝ ਗਏ। ਇਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਦਬ ਜਿਹੀ ਗਈ ਕਿਉਂਕਿ ਇਨ੍ਹਾਂ ਨੂੰ ਸ਼ਕਤੀ-ਪ੍ਰਦਰਸ਼ਨ ਦਾ ਅਵਸਰ ਹੀ ਨ ਮਿਲਿਆ। ਖ਼ਾਲਸੇ ਦੀ ਸਿਰਜਨਾ ਨਾਲ ਇਨ੍ਹਾਂ ਦੇ ਦਬੇ ਹੋਏ ਗੁਣਾਂ ਨੂੰ ਉਭਰਨ ਦਾ ਮੌਕਾ ਮਿਲਿਆ। ਬੰਦਾ ਬਹਾਦਰ ਤੋਂ ਬਾਦ ਦਲ ਖ਼ਾਲਸਾ ਅਤੇ ਸਿੱਖ ਮਿਸਲਾਂ ਦੇ ਦੌਰ ਵਿਚ ਇਨ੍ਹਾਂ ਨੇ ਵਡੀ ਗਿਣਤੀ ਵਿਚ ਅੰਮ੍ਰਿਤ ਪਾਨ ਕਰ ਕੇ ਜੋ ਸੂਰਬੀਰਤਾ ਦਾ ਪਰਿਚਯ ਦਿੱਤਾ, ਉਹ ਇਤਿਹਾਸ ਪ੍ਰਸਿੱਧ ਹੈ। ਜੱਟ ਜਮਾਂਦਰੂ ਸਿਪਾਹੀ ਹੈ, ਪਰ ਖੇਤੀ ਦੇ ਕਿੱਤੇ ਵਿਚ ਵੀ ਉਸ ਦਾ ਕੋਈ ਮੁਕਾਬਲਾ ਨਹੀਂ।

            ਪੰਜਾਬ ਦੇ ਜੱਟ ਜੁਝਾਰੂ, ਦਲੇਰ , ਆਕੜਖਾਂਹ, ਇਜ਼ਤ ਲਈ ਮਰ ਮਿਟਣ ਵਾਲੇ , ਮੂੰਹ-ਫਟ ਅਤੇ ਸ਼ੋਖ ਸੁਭਾ ਵਾਲੇ ਹਨ। ਕਹੀ ਹੋਈ ਗੱਲ ਉਤੇ ਮਰ ਮਿਟਣਾ ਜੱਟ ਦਾ ਧਰਮ ਹੈ। ‘ਜੱਟ’ ਅਸਲ ਅਰਥਾਂ ਵਿਚ ‘ਮਰਦ ’ ਹੈ ਅਤੇ ਉਸ ਦੀ ਮਰਦਾਨਗੀ ਉਸ ਨੂੰ ਹੋਰਨਾਂ ਫ਼ਿਰਕਿਆਂ ਤੇ ਧਰਮਾਂ ਵਾਲਿਆਂ ਤੋਂ ਨਿਖੇੜਦੀ ਹੈ। ਔਰਤ, ਜ਼ਮੀਨ ਅਤੇ ਪਾਣੀ ਨੂੰ ਹਥਿਆਉਣ ਜਾਂ ਰਾਖੀ ਕਰਨ ਲਈ ਕੀਤੀ ਗਈ ਹਿੰਸਾ ਨੂੰ ਉਹ ਜਾਇਜ਼ ਸਮਝਦੇ ਹਨ। ਜੱਟ ਫ਼ੌਜ ਅਤੇ ਪੁਲਿਸ ਵਿਚ ਸੇਵਾ ਕਰਨਾ ਚੰਗਾ ਸਮਝਦੇ ਹਨ। ਇਸੇ ਕਰਕੇ ਜੱਟ ਨੂੰ ਦੇਸ਼ ਦਾ ਰਾਖਾ , ਅੰਨਦਾਤਾ ਅਤੇ ਅਣਖੀਲਾ ਸ਼ਬਦਾਂ ਨਾਲ ਵਿਸ਼ਿਸ਼ਟ ਕੀਤਾ ਜਾਂਦਾ ਹੈ। ਚੰਗੀ ਖ਼ੁਰਾਕ ਕਰਕੇ ਇਹ ਆਕਾਰ ਪ੍ਰਕਾਰ ਦੇ ਤਕੜੇ ਹੁੰਦੇ ਹਨ। ਸ਼ਰਾਬ ਦੀ ਵਰਤੋਂ ਕਰਨੋ ਸੰਕੋਚ ਨਹੀਂ ਕਰਦੇ , ਸਗੋਂ ਨਿਸੰਗ ਪੀਂਦੇ ਹਨ। ਅੱਯਾਸ਼ੀ ਵਲ ਇਕਦਮ ਝੁਕ ਜਾਂਦੇ ਹਨ। ਦਲ ਖ਼ਾਲਸਾ ਦੇ ਯੁਗ ਵਿਚ ਇਹ ਬਹੁਤ ਅਧਿਕ ਧਰਮੀ ਸਨ , ਪਰ ਜਿਉਂ ਹੀ ਸਰਦਾਰੀਆਂ ਮਿਲੀਆਂ, ਅੱਯਾਸ਼ੀ ਵਲ ਵਧਦੇ ਗਏ ਅਤੇ ਆਪਣੇ ਆਚਰਣ ਤੋਂ ਇਤਨੇ ਉਖੜੇ ਕਿ ਰਾਜ ਹੀ ਗੰਵਾ ਬੈਠੇ। ਪਰ ਜਦੋਂ ਕੌਮ ਉਤੇ ਸੰਕਟ ਬਣਦਾ ਹੈ, ਤਾਂ ਕਿਸੇ ਪ੍ਰਕਾਰ ਦੀ ਕੁਰਬਾਨੀ ਦੇਣੋ ਸੰਕੋਚ ਨਹੀਂ ਕਰਦੇ। ਅਕਾਲੀਆਂ ਦੇ ਮੋਰਚੇ ਇਨ੍ਹਾਂ ਦੇ ਸਿਰ ’ਤੇ ਹੀ ਜਿਤੇ ਜਾਂਦੇ ਹਨ। ਅਜ-ਕਲ ਪੰਜਾਬ ਰਾਜ-ਪ੍ਰਬੰਧ ਵਿਚ ਇਨ੍ਹਾਂ ਦੀ ਸਰਦਾਰੀ ਹੈ। ਦੇਸ਼- ਵੰਡ ਤੋਂ ਪਹਿਲਾਂ ਮਾਝੇ ਦੇ ਜੱਟ ਸਿੱਖਾਂ ਦੀ ਚੜ੍ਹਤ ਹੁੰਦੀ ਸੀ , ਪਰ ਹੁਣ ਮਾਲਵੇ ਦੇ ਜੱਟ ਅਧਿਕ ਪ੍ਰਬਲ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.