ਜੰਡ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੰਡ (ਨਾਂ,ਪੁ) ਰੋਹੀ ਵਿੱਚ ਉੱਗਣ ਵਾਲਾ ਜੰਗਲੀ ਰੁੱਖ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੰਡ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੰਡ [ਨਾਂਪੁ] ਇੱਕ ਦਰਖ਼ਤ ਦਾ ਨਾਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32675, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੰਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੰਡ. ਸੰਗ੍ਯਾ—ਇੱਕ ਜੰਗਲੀ ਬਿਰਛ, ਜਿਸ ਦੀਆਂ ਫਲੀਆਂ ਦਾ ਅਚਾਰ ਪੈਂਦਾ ਹੈ, ਅਤੇ ਪੱਕੀਆਂ ਹੋਈਆਂ ਮਿੱਠੀਆਂ ਹੁੰਦੀਆਂ ਹਨ. ਮਾਲਵੇ ਵਿੱਚ ਇਸ ਦੀਆਂ ਕੱਚੀਆਂ ਫਲੀਆਂ ਦਾ ਰਾਇਤਾ ਪੇਚਿਸ਼ (ਮਰੋੜੇ) ਲਈ ਬਹੁਤ ਗੁਣਕਾਰੀ ਮੰਨਿਆ ਗਿਆ ਹੈ. ਸੰ. ਸ਼ਮੀ. L. Prosopis Spicigera.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੰਡ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਜੰਡ : ਮਾਈਮੋਸੇਸੀ (Mimosaceace) ਕੁਲ ਨਾਲ ਸਬੰਧਤ ਦਰਮਿਆਨੇ ਕੱਦ ਦੇ ਇਸ ਰੁੱਖ ਦਾ ਵਿਗਿਆਨਕ ਨਾਂ ਪਰੋਸੋਪਿਸ ਸਾਈਨਰੇਰੀਆ (Prosopis Cineraria) ਹੈ। ਇਸ ਦੀਆਂ ਪੋਰੀਆਂ ਕੰਡੇਦਾਰ ਹੁੰਦੀਆਂ ਹਨ। ਪੱਤਾ ਸੰਯੁਕਤ ਹੁੰਦਾ ਹੈ ਜਿਸ ਦੇ 2 ਤੋਂ 3 ਜੋੜੇ ਖੰਭੜੇ ਹੁੰਦੇ ਹਨ। ਹਰੇਕ ਖੰਭੜੇ ਵਿਚ 6 ਤੋਂ 12 ਜੋੜੇ ਪੱਤੀਆਂ ਦੇ ਹੁੰਦੇ ਹਨ। ਫੁੱਲ, ਅਪ੍ਰੈਲ-ਮਈ ਵਿਚ ਪੈਂਦੇ ਹਨ ਅਤੇ ਫਲੀਆਂ (ਫ਼ਲ) ਜੂਨ ਵਿਚ ਤਿਆਰ ਹੁੰਦੀਆਂ ਹਨ। ਇਸ ਦੀ ਲੱਕੜ ਇਮਾਰਤ ਦੀ ਅੰਦਰਲੀ ਉਸਾਰੀ ਲਈ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਗੱਡੇ ਦੇ ਪਹੀਏ, ਔਜ਼ਾਰਾਂ ਦੇ ਮੁੱਠੇ, ਖੇਤੀਬਾੜੀ ਦੇ ਸੰਦ ਆਦਿ ਬਣਾਉਣ ਲਈ ਵੀ ਇਸ ਦੀ ਲੱਕੜ ਵਰਤੀ ਜਾਂਦੀ ਹੈ। ਪੱਤੇ ਖਾਦ ਅਤੇ ਚਾਰੇ ਵੱਜੋਂ ਵਰਤੇ ਜਾਂਦੇ ਹਨ ਅਤੇ ਫ਼ਲੀਆਂ ਸੁਕਾ ਕੇ ਜਾਂ ਉਬਾਲ ਕੇ ਖਾਧੀਆਂ ਜਾਂਦੀਆਂ ਹਨ। ਫ਼ਲੀਆਂ ਛਾਤੀ ਦੇ ਰੋਗ ਦੂਰ ਕਰਨ ਲਈ ਵੀ ਵਰਤੀਆਂ ਜਾਂਦੀਆਂ ਹਨ। ਪੱਤਿਆਂ ਦਾ ਧੂੰਆਂ ਅੱਖਾਂ ਦੀਆਂ ਬੀਮਾਰੀਆਂ ਦੂਰ ਕਰਨ ਲਈ ਲਾਹੇਵੰਦ ਹੈ।
ਇਸ ਰੁੱਖ ਦੇ ਨਾਲ ਕਈ ਤਰ੍ਹਾਂ ਦੇ ਲੋਕ-ਵਿਸ਼ਵਾਸ ਜੁੜੇ ਹੋਏ ਹਨ। ਪੀਰਾਂ ਦੀਆਂ ਦਰਗਾਹਾਂ ਤੇ ਜਦੋਂ ਲੋਕ ਦੀਵਾ ਬਾਲਣ ਆਉਂਦੇ ਹਨ ਤਾਂ ਕੋਈ ਪਾਟੀ ਪੁਰਾਣੀ ਲੀਰ ਜੰਡ ਤੇ ਬੰਨ੍ਹਦੇ ਹਨ। ਇਸ ਨੂੰ ਬੜਾ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ।
ਵਿਆਹ ਸਮੇਂ ਵੀ ਕਈ ਜਾਤਾਂ ਵਿਚ ਜੰਡ ਕੱਟਣ ਦੀ ਰੀਤ ਪ੍ਰਚਲਿਤ ਹੈ। ਲਾੜਾ ਬਰਾਤ ਚੜ੍ਹਨ ਤੋਂ ਪਹਿਲਾਂ ਕਿਸੇ ਜੰਡ ਦੁਆਲੇ ਸੱਤ ਪ੍ਰਕਰਮਾ ਕਰਦਾ ਹੈ ਤੇ ਹਰ ਵਾਰ ਜੰਡ ਉੱਤੇ ਕੁਹਾੜੀ ਨਾਲ ਜਾਂ ਤਲਵਾਰ ਨਾਲ ਇਕ ਟੱਕ ਲਾਉਂਦਾ ਹੈ। ਟੱਕ ਲਗਾਉਂਦਿਆਂ ਹੀ ਉਸ ਦੀ ਮਾਂ ਉਸ ਦੇ ਮੂੰਹ ਵਿਚ ਸ਼ੱਕਰ ਪਾਉਂਦੀ ਹੈ। ਕਈ ਥਾਈਂ ਲਾੜਾ ਜੰਡ ਦੀ ਇਕ ਟਹਿਣੀ ਆਪਣੀ ਤਲਵਾਰ ਨਾਲ ਕੱਟਦਾ ਹੈ ਅਤੇ ਉਸ ਦੀ ਮਾਂ ਸਾਰੇ ਬਰਾਤੀਆਂ ਵਿਚ ਸ਼ੱਕਰ ਵੰਡਦੀ ਹੈ। ਇਸ ਕਿਰਿਆ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੈ ਕਿ ਅਜਿਹਾ ਕਰਨ ਨਾਲ ਦੇਵਤੇ ਪ੍ਰਸੰਨ ਹੁੰਦੇ ਹਨ ਅਤੇ ਲਾੜੇ ਦੀ ਮਾੜੀਆਂ ਰੂਹਾਂ ਤੋਂ ਰੱਖਿਆ ਕਰਦੇ ਹਨ। ਪਖੋ ਕੇ ਰੰਧਾਵਿਆਂ ਵਿਚ ਲਾੜਾ ਜੰਡ ਵੱਢਣ ਵੇਲੇ ਆਪਣੇ ਨਾਲ ਕੜਾਹ ਤੇ ਪੂੜੀਆਂ ਲੈ ਜਾਂਦਾ ਹੈ ਅਤੇ ਜੰਡ ਵੱਢਣ ਉਪਰੰਤ ਸਾਰਿਆਂ ਨੂੰ ਕੜਾਹ ਪੂੜੀਆਂ ਵੰਡਦਾ ਹੈ। ਲਾਗੀਆਂ ਨੂੰ ਇਸ ਮੌਕੇ ਤੇ ਰੁਪਏ ਆਦਿ ਦਿੱਤੇ ਜਾਂਦੇ ਹਨ। ਕਈ ਹਿੰਦੂਆਂ ਵਿਚ ਬੱਚੇ ਦੇ ਮੁੰਡਣ ਸੰਸਕਾਰ ਵੇਲੇ ਵੀ ਜੰਡ ਕੱਟੀ ਜਾਂਦੀ ਹੈ। ਕਈ ਖੱਤਰੀਆਂ ਵਿਚ ਇਹ ਰਿਵਾਜ਼ ਹੈ ਕਿ ਪਹਿਲੇ ਦੋ ਸਾਲ ਬੱਚੇ ਨੂੰ ਆਪਣੇ ਘਰ ਦਾ ਕੱਪੜਾ ਨਹੀਂ ਪੁਆਉਂਦੇ। ਤੀਜੇ ਸਾਲ ਜਦੋਂ ਬੱਚੇ ਨੂੰ ਚੋਲਾ ਪੁਆਉਣ ਦੀ ਰਸਮ ਕੀਤੀ ਜਾਂਦੀ ਹੈ ਤਾਂ ਪਹਿਲਾਂ ਜੰਡ ਉੱਤੇ ਸੰਧੂਰ ਨਾਲ ਸਵਾਸਤਿਕ ਦਾ ਚਿੰਨ੍ਹ ਬਣਾਇਆ ਜਾਂਦਾ ਹੈ। ਫਿਰ ਜੰਡ ਦੀ ਪੂਜਾ ਕਰ ਕੇ ਉਸ ਦੁਆਲੇ ਨੌਂ ਵਾਰ ਪ੍ਰਕਰਮਾ ਕਰਦਿਆਂ ਸੂਤ ਲਪੇਟਿਆ ਜਾਂਦਾ ਹੈ। ਇਸ ਉਪਰੰਤ ਗੁੜ ਵੰਡ ਕੇ ਬੱਚੇ ਨੂੰ ਚੋਲਾ ਪੁਆ ਦਿੱਤਾ ਜਾਂਦਾ ਹੈ।
ਬੇਦੀਆਂ ਵਿਚ ਬੱਚਿਆਂ ਨਾਲ ਸਬੰਧਤ ਰੀਤਾਂ ਵਿਚ ਇਕ ‘ਜੰਡੀਆਂ ਦੀ ਰੀਤ’ ਵੀ ਹੈ। ਭਾਦੋਂ ਦੀ ਮੱਸਿਆ ਨੂੰ ਸਾਰੇ ਰਿਸ਼ਤੇਦਾਰ ਆਦਿ ਬੁਲਾਏ ਜਾਂਦੇ ਹਨ ਅਤੇ ਜੰਡ ਦੀ ਟਹਿਣੀ ਕੱਟੀ ਜਾਂਦੀ ਹੈ। ਇਸ ਤੋਂ ਬਾਅਦ ਸਭ ਨੂੰ ਖਾਣਾ ਖੁਆ ਕੇ ਮਠਿਆਈ ਦਿੱਤੀ ਜਾਂਦੀ ਹੈ।
ਜੰਡ ਵੱਢਣ ਸਬੰਧੀ ਕਈ ਗੀਤ ਪ੍ਰਚਲਿਤ ਹਨ :
1) ਨੀ ਲਾੜਾ ਜੰਡੀ ਵੱਢਦਾ,
ਕਿਹਾ ਫਬਦਾ।
ਨੀ ਲਾੜਾ ਲੱਖ ਸੌ ਵਰ੍ਹਿਆਂ ਜੀਵੇ,
ਘੋਲ ਪਤਾਸੇ ਪੀਵੇ,
ਕਿਹਾ ਚੰਗਾ ਲਗਦਾ, ਘੋੜੀ ਚੜ੍ਹਿਆ ਡਾਢਾ ਫਬਦਾ
ਨੀ ਕੋਈ ਮੁਲਖਈਆ ਲਗਦਾ ।
2) ਵੀਰਾ ! ਜੇ ਤੂੰ ਕੱਟੀ ਜੰਡੀ
ਤੇਰੀ ਮਾਂ ਨੇ ਸ਼ੱਕਰ ਵੰਡੀ
ਬੇਰੀ ਨਾਲ ਕੁੰਡੇ ਲਗੇ, ਕੁੰਡਿਆਂ ਨਾਲ ਜੰਜੀਰ,
ਨਿੱਕੇ ਵੱਡੇ ਹੱਥ ਜੋੜੋ, ਚਿਰ ਜੀਵਣ ਭੈਣਾਂ ਦੇ ਵੀਰ।
ਮਿਰਜ਼ਾ-ਸਾਹਿਬਾਂ ਦੀ ਪਿਆਰ ਕਥਾ ਵਿਚ ਜੰਡ ਦਾ ਖ਼ਾਸ ਰੋਲ ਹੈ। ਮਿਰਜ਼ੇ ਦਾ ਤਰਕਸ਼ ਸਾਹਿਬਾਂ ਜੰਡ ਉੱਤੇ ਟੰਗ ਦਿੰਦੀ ਹੈ ਤਾਂ ਕਿ ਉਹ ਉਸ ਦਾ ਪਿੱਛਾ ਕਰਦੇ ਇਸ ਦੇ ਭਰਾਵਾਂ ਨੂੰ ਨਾ ਮਾਰੇ :-
ਸਾਹਿਬਾਂ ! ਪਹਿਲਾ ਮੰਦਾ ਕਰ ਲਿਆ ਮੇਰਾ ਤਰਕਸ਼ ਟੰਗਿਆ ਜੰਡ।
ਦੂਜਾ ਮੰਦਾ ਕਰ ਲਿਆ ਮੇਰੀਆਂ ਕਾਨੀਆਂ ਦਿੱਤੀਆਂ ਭੰਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-11-58-58, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ; ਪ. ਇ. ਇੰ. ਪੰ; ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First