ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜੰਗਨਾਮਾ ਸਿੰਘਾਂ ਅਤੇ ਫਰੰਗੀਆਂ (ਕਾਵਿ): ਇਹ ਕਵੀ ਸ਼ਾਹ ਮੁਹੰਮਦ ਦੀ ਰਚਨਾ ਹੈ ਜਿਸ ਦੀ ਸਾਹਿਤਿਕ ਮਹਾਨਤਾ ਕਾਰਣ ਸ਼ਾਹ ਮੁਹੰਮਦ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਮਾਣ ਦਾ ਅਧਿਕਾਰੀ ਹੈ, ਪਰ ਖੇਦ ਹੈ ਕਿ ਇਸ ਦੇ ਜੀਵਨ , ਜਨਮ- ਤਿਥੀ, ਜਨਮ-ਸਥਾਨ ਬਾਰੇ ਕੋਈ ਅਧਿਕਾਰੀ ਜਾਣਕਾਰੀ ਉਪਲਬਧ ਨਹੀਂ ਹੈ। ਮੌਲਾ ਬਖ਼ਸ਼ ਕੁਸ਼ਤਾ ਨੇ ਆਪਣੀ ਪੁਸਤਕ ‘ਪੰਜਾਬ ਦੇ ਹੀਰੇ ’ ਵਿਚ ਕਵੀ ਦਾ ਜਨਮ 1780-82 ਈ. ਵਿਚ ਮੰਨਿਆ ਹੈ, ਪਰ ਆਪਣੀ ਇਕ ਹੋਰ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਵਿਚ ਸੰਨ 1789 ਈ. ਲਿਖਿਆ ਹੈ। ਆਮ ਤੌਰ ’ਤੇ ਕਵੀ ਦਾ ਜਨਮ ਸੰਨ 1780- 1782 ਈ. ਦੇ ਵਿਚਾਲੇ ਮੰਨਿਆ ਜਾਂਦਾ ਹੈ।
ਕਵੀ ਸ਼ਾਹ ਮੁਹੰਮਦ ਦਾ ਜਨਮ ਕਿਹੜੀ ਥਾਂ’ਤੇ ਹੋਇਆ ? ਇਸ ਦਾ ਸੰਕੇਤ ਉਸ ਦੀ ਰਚਨਾ ਦੀ ਅੰਦਲੀ ਗਵਾਹੀ ਤੋਂ ਮਿਲਦਾ ਹੈ :
ਇਕ ਰੋਜ਼ ਵਡਾਲੇ ਦੇ ਵਿਚ ਬੈਠੇ,
ਚਲੀ ਆਣ ਫਿਰੰਗੀ ਦੀ ਬਾਤ ਆਈ।
ਸਾਨੂੰ ਆਖਿਆ ਹੀਰੇ ਤੇ ਨੂਰ ਖਾਂ ਨੇ
ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ।3।
ਉਕਤ ਟੂਕ ਵਿਚਲੇ ‘ਵਡਾਲੇ’ ਸ਼ਬਦ ਦੇ ਹੋਰ ਪਾਠਾਂਤਰ ਹਨ— ਵਟਾਲੇ, ਬਡਾਲੇ। ਇਸ ਟੂਕ ਦੇ ਆਧਾਰ’ਤੇ ਅਨੁਮਾਨ ਵਜੋਂ ਸ਼ਾਹ ਮੁਹੰਮਦ ਨੂੰ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਦਾ ਵਸਨੀਕ ਮੰਨਿਆ ਜਾਣ ਲਗਿਆ। ਪਰ ਮੌਲਾ ਬਖ਼ਸ਼ ਕੁਸ਼ਤਾ ਨੇ ‘ਪੰਜਾਬ ਦੇ ਹੀਰੇ’ ਨਾਂ ਦੀ ਪੁਸਤਕ ਵਿਚ ‘ਵਡਾਲਾ’ ਨੂੰ ‘ਵਡਾਲਾ ਵੀਰਮ’ ਲਿਖ ਕੇ ਇਸ ਨੂੰ ਤਹਿਸੀਲ ਅੰਮ੍ਰਿਤਸਰ ਦਾ ਇਕ ਪਿੰਡ ਸਿਧ ਕੀਤਾ ਹੈ। ਅਧਿਕਾਂਸ਼ ਪਰਵਰਤੀ ਇਤਿਹਾਸਕਾਰਾਂ ਨੇ ਵਡਾਲਾ ਵੀਰਮ ਨੂੰ ਹੀ ਕਵੀ ਦਾ ਜਨਮ ਸਥਾਨ ਮੰਨਿਆ ਹੈ।
ਕੁਸ਼ਤਾ ਨੇ ਇਹ ਵੀ ਦਸਿਆ ਹੈ ਕਿ ਸ਼ਾਹ ਮੁਹੰਮਦ ਕੁਰੈਸ਼ੀ ਖ਼ਾਨਦਾਨ ਵਿਚੋਂ ਸੀ। ਇਸ ਦੇ ਦੋ ਪੁੱਤਰ ਸਨ— ਮੁਹੰਮਦ ਬਖ਼ਸ਼ ਅਤੇ ਹਾਸ਼ਮ ਸ਼ਾਹ ਮੁਖ਼ਲਸ। ਕਵੀ ਦੀ ਮ੍ਰਿਤੂ ਕੁਸ਼ਤਾ ਨੇ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਵਿਚ ਸੰਨ 1862 ਈ. ਵਿਚ ਮੰਨੀ ਹੈ। ਇਸ ਤਰ੍ਹਾਂ ਉਹ ਲਗਭਗ 80 ਵਰ੍ਹੇ ਜੀਵਿਆ ਸੀ ਅਤੇ ਉਸ ਨੇ ਜੰਗਨਾਮੇ ਦੀ ਰਚਨਾ ਆਪਣੀ ਪਿਛਲੀ ਉਮਰ ਵਿਚ ਕੀਤੀ ਹੋਵੇਗੀ (ਨਿਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ)।
ਸ਼ਾਹ ਮੁਹੰਮਦ ਪੂਰੀ ਨਿਸੰਗਤਾ ਨਾਲ ਗੱਲ ਕਹਿ ਸਕਣ ਵਾਲਾ ਦ੍ਰਿੜ੍ਹ ਅਤੇ ਨਿਝਕ ਕਵੀ ਸੀ ਅਤੇ ਸਾਹਿਤਿਕ ਪਰੰਪਰਾਵਾਂ ਤੋਂ ਵੀ ਜਾਣੂ ਸੀ। ਕਵਿਤਾ ਵਿਚ ਮੁਹਾਵਰੇਬਾਜ਼ੀ ਦਾ ਰੰਗ ਭਰਨ ਵਾਲਾ, ਸਾਧਾਰਣ ਪੰਕਤੀਆਂ ਨੂੰ ਸੁਭਾਸ਼ਿਤਾਂ ਦੀ ਪੱਧਰ ਤਕ ਪਹੁੰਚਾਣ ਵਾਲਾ, ਪਾਤਰ-ਪ੍ਰਸੰਗ ਅਨੁਕੂਲ ਸਮਰਥ ਭਾਸ਼ਾ ਵਰਤਣ ਵਾਲਾ ਅਤੇ ਕਾਵਿ-ਸਤਿ ਦੀ ਪਾਲਨਾ ਕਰਨ ਵਾਲਾ ਸ਼ਾਹ ਮੁਹੰਮਦ ਇਕ ਅਨੁਭਵਸ਼ੀਲ ਕਵੀ ਸੀ। ਉਹ ਧਰਮ-ਨਿਰਪੇਖ ਭਾਵਨਾ ਨਾਲ ਲਿਖਣ ਵਾਲਾ ਅਤੇ ਹੋਣੀ ਵਿਚ ਵਿਸ਼ਵਾਸ ਰਖਣ ਵਾਲਾ ਸੀ।
ਇਸ ਰਚਨਾ ਦੇ ਲਿਖੇ ਜਾਣ ਬਾਰੇ ਠੀਕ ਤਿਥੀ ਦਿੱਤੀ ਨਹੀਂ ਮਿਲਦੀ। ਕਾਂਗੜੇ ਉਤੇ ਕਬਜ਼ਾ ਕਰਨ (ਸ਼ਾਹ ਮੁਹੰਮਦਾ ਕਾਂਗੜਾ ਮਾਰ ਲੀਤਾ) ਦੀ ਘਟਨਾ 18 ਮਈ 1846 ਈ. ਦੀ ਹੋਣ ਕਾਰਣ ਇਸ ਦੀ ਰਚਨਾ ਇਸ ਤੋਂ ਬਾਦ ਹੋਈ ਮੰਨੀ ਜਾ ਸਕਦੀ ਹੈ, ਪਰ ਇਸ ਵਿਚ ਸੰਨ 1846 ਈ. ਦੇ ਅੰਤ ਵਿਚ ਵਾਪਰੀਆਂ ਘਟਨਾਵਾਂ ਦਾ ਉਲੇਖ ਨਹੀਂ ਹੈ, ਇਸ ਲਈ ਇਹ ਸੰਨ 1846 ਈ. ਦੀ ਸਮਾਪਤੀ ਤੋਂ ਪਹਿਲਾਂ ਲਿਖੀ ਜਾ ਚੁਕੀ ਹੋਵੇਗੀ। ਸ਼ਾਹ ਮੁਹੰਮਦ ਨੇ ਲਾਹੌਰ ਦਰਬਾਰ ਦੀ ਬਰਬਾਦੀ ਦਾ ਵਰਣਨ ਜਿਸ ਹਾਰਦਿਕ ਪੀੜ ਨਾਲ ਕੀਤਾ ਹੈ, ਅਜਿਹਾ ਹੋਰ ਕੋਈ ਸਮਕਾਲੀ ਕਵੀ ਨਹੀਂ ਕਰ ਸਕਿਆ। ਇਸ ਦਾ ਕਾਰਣ ਸ਼ਾਹ ਮੁਹੰਮਦ ਦੀ ਵਿਸ਼ੇ ਨਾਲ ਇਕ-ਸੁਰਤਾ ਅਤੇ ਸੰਵੇਦਨਸ਼ੀਲਤਾ ਹੈ।
ਇਹ ‘ਜੰਗਨਾਮਾ ’ ਇਤਿਹਾਸਿਕ ਘਟਨਾਵਾਂ’ਤੇ ਆਧਾਰਿਤ ਇਕ ਮਹੱਤਵਪੂਰਣ ਰਚਨਾ ਹੈ। ਇਸ ਵਿਚ ਦਿੱਤੀ ਇਤਿਹਾਸਿਕ ਸੂਚਨਾ ਭਾਵੇਂ ਸੰਖਿਪਤ ਹੈ, ਪਰ ਉਹ ਵਾਸਤਵਿਕਤਾ ਦੀ ਕਸੌਟੀ ਉਤੇ ਪੂਰੀ ਉਤਰਦੀ ਹੈ। ਇਸ ਦਾ ਸੰਬੰਧ ਇਕ ਅਜਿਹੇ ਸਾਕੇ ਨਾਲ ਹੈ ਜਿਸ ਦੇ ਫਲਸਰੂਪ ਪੰਜਾਬ ਦੀ ਸੁਤੰਤਰਤਾ ਖੁਸਦੀ ਹੈ। ਬੜੀ ਘਾਲਣਾ ਅਤੇ ਕੁਰਬਾਨੀ ਨਾਲ ਸਥਾਪਿਤ ਕੀਤੀ ਗਈ ਪੰਜਾਬ ਦੀ ਬਾਦਸ਼ਾਹੀ ਨੂੰ ਵਿਦੇਸ਼ੀ ਹੁਕਮਰਾਨ ਲਤਾੜਦੇ ਹਨ, ਇਥੋਂ ਦੀ ਅਣਖ ਅਤੇ ਗੌਰਵ ਨੂੰ ਖ਼ਤਮ ਕਰਦੇ ਹਨ ਅਤੇ ਇਥੋਂ ਦੇ ਸ਼ਾਂਤ ਤੇ ਧਰਮ-ਨਿਰਪੇਖ ਵਾਤਾਵਰਣ ਨੂੰ ਦੂਸ਼ਿਤ ਕਰਦੇ ਹਨ :
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉਤੇ ਅਫ਼ਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।3।
ਇਸ ਰਚਨਾ ਵਿਚ ਪੰਜਾਬ ਦੇ ਲਗਭਗ ਸੱਤ ਵਰ੍ਹਿਆਂ ਦੀ ਦਰਦਨਾਕ ਇਤਿਹਾਸਿਕ ਗਤਿਵਿਧੀ ਦਾ ਚਿਤ੍ਰਣ ਕੀਤਾ ਗਿਆ ਹੈ, ਜਿਸ ਦਾ ਵਿਸਤਾਰ ਖੇਤਰ ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤੂ ਤੋਂ ਲੈ ਕੇ ਸਭਰਾਵਾਂ ਦੀ ਲੜਾਈ ਉਪਰੰਤ ਲਾਹੌਰ ਉਤੇ ਅੰਗ੍ਰੇਜ਼ਾਂ ਦੇ ਕਬਜ਼ੇ ਤਕ ਵਿਆਪਤ ਹੈ। ਇਸ ਇਤਿਹਾਸਿਕ ਦਸਤਾਵੇਜ਼ ਦੇ ਮੁੱਖ ਰੂਪ ਵਿਚ ਦੋ ਪੱਖ ਹਨ। ਇਕ ਹੈ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਦੀ ਖ਼ਾਨਾਜੰਗੀ ਬਾਰੇ ਅਤੇ ਦੂਜਾ ਹੈ ਲੜਾਈਆਂ ਦੇ ਕ੍ਰਮ , ਪਲਟਨਾਂ ਅਤੇ ਫ਼ੌਜ ਦੇ ਅਧਿਕਾਰੀਆਂ ਅਤੇ ਗ਼ਦਾਰਾਂ ਬਾਰੇ। ਇਹ ਸੂਚਨਾ ਕਾਫ਼ੀ ਵਾਸਤਵਿਕ ਹੈ ਸਿਵਾਏ ਕੁਝ ਕੁ ਉਕਾਈਆਂ ਦੇ, ਪਰ ਸ਼ਾਹ ਮੁਹੰਮਦ ਦੁਆਰਾ ਯੁੱਧ ਦੇ ਪ੍ਰਸੰਗਾਂ ਨੂੰ ਚਿਤ੍ਰਣ ਵਾਲੇ ਪੱਖ ਤੋਂ ਉਸ ਦਾ ਵਿਵਰਣ ਕਾਵਿਕ ਹੋ ਗਿਆ ਹੈ।
ਇਸ ਜੰਗਨਾਮੇ ਦੀ ਮੂਲ ਭਾਵਨਾ ਦੇਸ਼ ਪਿਆਰ ’ਤੇ ਆਧਾਰਿਤ ਹੈ। ਸ਼ਾਹ ਮੁਹੰਮਦ ਪੰਜਾਬੀ ਦਾ ਅਜਿਹਾ ਪਹਿਲਾ ਕਵੀ ਹੈ ਜਿਸ ਨੇ ਯਥਾਰਥ ਦੀ ਭੂਮੀ ਉਤੇ ਟਿਕ ਕੇ ਦੇਸ਼ ਪਿਆਰ ਦੀ ਅਤੇ ਉਤਸਾਹ ਵਰਧਕ ਸ੍ਰੇਸ਼ਠ ਕਵਿਤਾ ਦੀ ਰਚਨਾ ਕੀਤੀ ਹੈ। ਉਹ ਕਿਸੇ ਵਿਸ਼ੇਸ਼ ਜਾਤੀ, ਫ਼ਿਰਕੇ ਜਾਂ ਧਰਮ ਦਾ ਕਵੀ ਨਹੀਂ, ਉਹ ਸਹੀ ਭਾਂਤ ਦਾ ਇਕ ਦੇਸ਼- ਭਗਤ ਕਵੀ ਹੈ। ਉਸ ਨੇ ਧਾਰਮਿਕਤਾ ਦੀ ਵਲਗਣ ਤੋਂ ਬਹੁਤ ਉੱਚਾ ਉਠ ਕੇ ਕੌਮੀ ਜਜ਼ਬੇ ਅਧੀਨ ਆਪਣੇ ਦੇਸ਼ ਦੀਆਂ ਉਚੀਆਂ ਅਟਾਲਿਕਾਵਾਂ ਦੇ ਡਿਗਦੇ ਕਲਸਾਂ ਨੂੰ ਸਾਰੇ ਦੇਸ਼ ਦੀ ਮਰਯਾਦਾ ਦੇ ਨਸ਼ਟ ਹੋਣ ਦਾ ਪ੍ਰਤੀਕ ਤਸਵਰ ਕੀਤਾ ਹੈ। ਉਸ ਨੇ ਪਹਿਲੀ ਵਾਰ ਪੰਜਾਬ ਉਤੇ ਕਬਜ਼ਾ ਕਰਨ ਦੀ ਅੰਗ੍ਰੇਜ਼ਾਂ ਦੀ ਕੂਟਨੀਤੀ ਉਤੋਂ ਪਰਦਾ ਹਟਾਇਆ ਹੈ ਅਤੇ ਉਸ ਦੀ ਭੂਗੋਲਿਕ ਵਿਸਤਾਰ ਦੀ ਰੁਚੀ ਨੂੰ ਉਘਾੜਿਆ ਹੈ।
ਅੰਗ੍ਰੇਜ਼ ਸਰਕਾਰ ਤੋਂ ਲਾਹੌਰ ਦੀ ਬਾਦਸ਼ਾਹੀ ਅਸਹਿ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ-ਕਾਲ ਵਿਚ ਉਹ ਆਪਣੇ ਕਿਸੇ ਮਨਸੂਬੇ ਵਿਚ ਕਾਮਯਾਬ ਨ ਹੋ ਸਕੀ, ਪਰ ਮਹਾਰਾਜਾ ਸਾਹਿਬ ਤੋਂ ਬਾਦ ਉਨ੍ਹਾਂ ਨੇ ਆਪਣੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਝ ਵਰ੍ਹਿਆਂ ਵਿਚ ਹੀ ਲਾਹੌਰ ਦਰਬਾਰ ਦੀ ਖ਼ਾਨਾਜੰਗੀ ਰਾਹੀਂ ਪੰਜਾਬ ਦੇ ਸੁਦ੍ਰਿੜ੍ਹ ਰਾਜ ਦੀਆਂ ਨੀਹਾਂ ਨੂੰ ਝੰਝੋੜ ਦਿੱਤਾ ਅਤੇ ਆਪਣੇ ਗੁਪਤ ਸਾਧਨਾਂ ਰਾਹੀਂ ਲਾਹੌਰ ਦਰਬਾਰ ਦੀ ਅਰਾਜਕਤਾ ਨੂੰ ਖ਼ਤਮ ਕਰਨ ਲਈ ਰਾਣੀ ਜਿੰਦਾਂ ਨੂੰ ਅੰਗ੍ਰੇਜ਼ ਸਰਕਾਰ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਪ੍ਰੇਰਿਆ। ਅੰਤ ਵਿਚ ਦੋਹਾਂ ਰਾਜਾਂ ਦੀਆਂ ਫ਼ੌਜਾਂ ਵਿਚ ਯੁੱਧ ਹੋਇਆ। ਨਤੀਜਾ ਉਹੀ ਨਿਕਲਿਆ ਜਿਸ ਲਈ ਅੰਗ੍ਰੇਜ਼ਾਂ ਨੇ ਪ੍ਰਪੰਚ ਰਚਿਆ ਸੀ। ਇਸ ਸੰਬੰਧ ਵਿਚ ਕੂਟਨੀਤਗਤਾ ਤੋਂ ਸੁੰਨੀ ਰਾਣੀ ਜਿੰਦਾਂ ਦੀ ਭਰਾ ਦੇ ਕਤਲ ਦੇ ਬਦਲੇ ਦੀ ਅੱਗ ਵਲ ਵੀ ਸੰਕੇਤ ਮਿਲਦਾ ਹੈ। ਫ਼ੌਜ ਦੀ ਬੁਰਛਾਗਰਦੀ ਵੀ ਕਵੀ ਨੂੰ ਦੁਖ ਪਹੁੰਚਾਉਂਦੀ ਹੈ। ਕਵੀ ਸੈਨਿਕਾਂ ਦੀ ਮਾਨਸਿਕਤਾ ਨੂੰ ਉਘਾੜਨ ਵਿਚ ਬਹੁਤ ਸਫਲ ਹੋਇਆ ਹੈ :
ਪਿਛੇ ਇਕ ਸਰਕਾਰ ਦੇ ਖੇਡ ਚਲੀ,
ਪਈ ਨਿਤ ਹੁੰਦੀ ਮਾਰੋ ਮਾਰ ਮੀਆਂ।
ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,
ਸਭੋ ਕਤਲ ਹੋਏ ਵਾਰੋ ਵਾਰ ਮੀਆਂ।
ਸਿਰ ਫ਼ੌਜ ਦੇ ਰਿਹਾ ਨ ਕੋਈ ਕੁੰਡਾ,
ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,
ਭੂਤ ਮੰਡਲੀ ਹੋਈ ਤਿਆਰ ਮੀਆਂ।41।
ਸ਼ਾਹ ਮੁਹੰਮਦ ਦੁਆਰਾ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਅਤੇ ਸਰਬ ਸਾਂਝੀਵਾਲਤਾ ਦੀ ਭਾਵਨਾ ਨੂੰ ਸ਼ਰਧਾਂਜਲੀ ਅਰਪਣ ਕਰਨਾ ਵੀ ਉਸ ਦੇ ਦੇਸ਼ ਪਿਆਰ ਦਾ ਇਕ ਪੱਖ ਪੇਸ਼ ਕਰਦੀ ਹੈ ਕਿਉਂਕਿ ਉਸ ਅੰਦਰ ਆਪਣੇ ਦੇਸ਼ ਦੇ ਰਾਜੇ ਪ੍ਰਤਿ ਸਨੇਹ ਅਥਵਾ ਮਮਤਾ ਦੀ ਭਾਵਨਾ ਬਹੁਤ ਪ੍ਰਬਲ ਹੈ। ਇਸ ਦੇ ਨਾਲ ਹੀ ਯੁੱਧ ਵਿਚ ਸਿੱਖ ਫ਼ੌਜੀਆਂ ਦੀ ਬਹਾਦਰੀ ਦਾ ਵੀ ਉਸ ਨੇ ਬੜੇ ਭਾਵਨਾਮਈ ਢੰਗ ਨਾਲ ਚਿਤ੍ਰਣ ਕੀਤਾ ਹੈ। ਉਨ੍ਹਾਂ ਨੇ ਅੰਗ੍ਰੇਜ਼ ਸੈਨਾ ਦੇ ਜੋ ਛੱਕੇ ਛੁੜਾਏ, ਉਨ੍ਹਾਂ ਦੀ ਜੋ ਤਬਾਹੀ ਹੋਈ, ਉਸ ਦਾ ਬੜਾ ਸਜੀਵ ਚਿਤ੍ਰਣ ਕਵੀ ਨੇ ਕੀਤਾ ਹੈ। ਇਹ ਤਾਰੀਫ਼ ਸੱਚੀ ਹੈ ਕਿਉਂਕਿ ਪਿੱਠ ਪਿਛੇ ਕੀਤੀ ਗਈ ਹੈ ਅਤੇ ਬੇਲਾਗ ਢੰਗ ਨੂੰ ਅਪਣਾਇਆ ਗਿਆ ਹੈ। ਪਰ ਇਸ ਦੇ ਨਾਲ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਸਿੱਖ ਫ਼ੌਜਾਂ ਦੀ ਬੇਮੁਹਾਰਤਾ, ਅਧਿਕ ਤਨਖ਼ਾਹ ਪ੍ਰਾਪਤ ਕਰਨ ਦਾ ਲਾਲਚ ਅਤੇ ਹੋਰ ਅਨੇਕ ਕੋਝੇ ਪੱਖਾਂ ਉਤੇ ਵਿਅੰਗ ਕਸਣੋ ਵੀ ਕਵੀ ਨੇ ਸੰਕੋਚ ਨਹੀਂ ਕੀਤਾ, ਜਿਨ੍ਹਾਂ ਕਰਕੇ ਦੇਸ਼ ਦੀ ਆਜ਼ਾਦੀ ਖੁਸੀ ਸੀ ਅਤੇ ਦੇਸ਼ ਵਿਚ ਗ਼ੈਰ ਕੌਮ ਦਾਖ਼ਲ ਹੋਈ ਸੀ। ਇਨ੍ਹਾਂ ਵਿਅੰਗ ਉਕਤੀਆਂ ਦੀ ਚੋਭ ਬਹੁਤ ਤੀਬਰ ਹੈ, ਜਿਵੇਂ :
ਘਰੋਂ ਗਏ ਫਿਰੰਗੀ ਦੇ ਮਾਰਨੇ ਨੂੰ,
ਬੇੜੇ ਤੋਪਾਂ ਦੇ ਸਭ ਖੁਹਾਇ ਆਏ।...
ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,
ਤੁਸੀਂ ਚੰਗੀਆਂ ਪੂਰੀਆਂ ਪਾਇ ਆਏ।79।
ਅਸਲ ਵਿਚ, ਸ਼ਾਹ ਮੁਹੰਮਦ ਸਾਡੀ ਉਸ ਵੇਲੇ ਦੀ ਪੰਜਾਬੀਅਤ ਦਾ ਸਾਖੀ ਹੈ ਅਤੇ ਆਣ ਵਾਲੀ ਪੰਜਾਬੀਅਤ ਦੇ ਸਰੂਪ ਦਾ ਦ੍ਰਸ਼ਟਾ ਹੈ। ਉਸ ਦੇ ਬੇਲਾਗ ਅਤੇ ਤਟਸਥ ਵਰਣਨ ਨੂੰ ਵੇਖ ਕੇ ਹੀ ਰਾਏ ਬਣਦੀ ਹੈ ਕਿ ਦੇਸ਼ ਭਗਤੀ ਅਥਵਾ ਦੇਸ਼ ਪਿਆਰ ਉਸ ਦੇ ਜੰਗਨਾਮੇ ਦੀ ਮੂਲ ਭਾਵਨਾ ਹੈ।
ਇਸ ਜੰਗਨਾਮੇ ਦੀ ਭਾਸ਼ਾ ਬੜੀ ਸਮ੍ਰਿਧ, ਸ਼ੁੱਧ ਅਤੇ ਸਸ਼ਕਤ ਹੈ। ਇਸ ਕਰਕੇ ਕਵੀ ਦਾ ਭਾਵ-ਪ੍ਰਕਾਸ਼ਨ ਸੁੰਦਰ ਅਤੇ ਪ੍ਰਭਾਵਸ਼ਾਲੀ ਬਣ ਗਿਆ ਹੈ। ਇਸ ਨੇ ਲੋੜ ਅਨੁਸਾਰ ਅਰਬੀ-ਫ਼ਾਰਸੀ ਦੀ ਸ਼ਬਦਾਵਲੀ ਤੋਂ ਇਲਾਵਾ ਅੰਗ੍ਰੇਜ਼ਾਂ ਦੀ ਭਾਸ਼ਾ ਦੇ ਕਈ ਸ਼ਬਦ ਵੀ ਵਰਤ ਲਏ ਹਨ। ਉਸ ਦਾ ਮੁਹਾਵਰਾ ਪੁਖ਼ਤਾ ਹੈ। ਇਸੇ ਲਈ ਉਸ ਦੀਆਂ ਕਈ ਉਕਤੀਆਂ ਸਤਿ-ਕਥਨਾਂ ਦਾ ਰੂਪ ਧਾਰਣ ਕਰ ਗਈਆਂ ਹਨ। ਪਾਤਰ , ਪ੍ਰਸੰਗ ਅਤੇ ਭਾਵ ਅਨੁਕੂਲਤਾ ਕਵੀ ਦੀ ਭਾਸ਼ਾ ਦਾ ਮੀਰੀ ਗੁਣ ਹੈ। ਸ਼ਾਹ ਮੁਹੰਮਦ ਵਿਅੰਗ ਕਸਣ ਵੇਲੇ ਵੀ ਕਮਾਲ ਕਰਦਾ ਹੈ। ਸਿੱਖ ਫ਼ੌਜਾਂ ਦੀ ਲਾਲਚੀ ਮਾਨਸਕਿਤਾ ਨੂੰ ਉਸ ਨੇ ਬੜੀ ਚੋਭ ਨਾਲ ਦਰਸਾਇਆ ਹੈ। ਸਿੱਖ ਸੈਨਿਕਾਂ ਦੀ ਬਹਾਦਰੀ ਨੂੰ ਚਿਤ੍ਰਣ ਵੇਲੇ ਵੀ ਉਸ ਨੇ ਬਹੁਤ ਸੁੰਦਰ ਬਿੰਬ-ਵਿਧਾਨ ਅਤੇ ਉਪਮਾਨ-ਸੰਯੋਜਨ ਕੀਤਾ ਹੈ—(1) ਕੂੰਜਾਂ ਨਜ਼ਰ ਆਈਆਂ ਬਾਜਾਂ ਭੁਖਿਆਂ ਨੂੰ, ਚੋਟਾਂ ਕੈਸੀਆਂ ਵੇਖ ਚਲਾਂਵਦੇ ਨੀਂ। (2) ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁਟੇ। ਕਵੀ ਨੇ ਬੈਂਤ ਦੀ ਵਰਤੋਂ ਕਰਕੇ ਵੀਰ-ਰਸ ਵਾਲੀ ਰਚਨਾ ਨੂੰ ਲਲਿਤ ਛੰਦ ਦੁਆਰਾ ਚਿਤਰਿਆ ਹੈ, ਪਰ ਪ੍ਰਭਾਵਸ਼ਾਲਤਾ ਵਿਚ ਕਿਤੇ ਫ਼ਰਕ ਨਹੀਂ ਪੈਣ ਦਿੱਤਾ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਵਿਕੀਪੀਡੀਆ ਵਾਂਗ ਇਕ ਆਪਸ਼ਨ pdf ਡਾਉਨਲੋਡ ਕਰਨ ਲਈ ਹੋਵੇ।
Gurmukh gill,
( 2018/09/11 07:0732)
Please Login First