ਜੋੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੋੜਾ (ਨਾਂ,ਪੁ) ਗੱਡੇ ਦੇ ਤਲ (ਛੱਤ) ਹੇਠਾਂ ਮਥੋਬੜ ਤੋਂ ਫੱਲ੍ਹੜ ਤੱਕ ਅੱਪੜਨ ਵਾਲੀਆਂ ਦੋ ਮੁੱਖ ਲੱਕੜਾਂ; ਦੋ ਜਣੇ; ਇੱਕੋ ਜਿਹੀਆਂ ਦੋ ਚੀਜ਼ਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੋੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੋੜਾ [ਨਾਂਪੁ] ਦੋ ਜਣੇ, ਮਰਦ-ਤੀਵੀਂ, ਪਤੀ-ਪਤਨੀ, ਮੁੰਡਾ-ਕੁੜੀ; ਦੁਸ਼ਾਲਾ , ਪੋਸ਼ਕਾ, ਦੋ ਜੁੱਤੀਆਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੋੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੋੜਾ. ਸੰਗ੍ਯਾ—ਜੂਤਾ. ਜੁੱਤਾ। ੨ ਪੋਸ਼ਾਕ. ਦੋਸ਼ਾਲਾ. “ਸਚ ਭਜਨ ਜੋੜੇ.” (ਗਉ ਵਾਰ ੨ ਮ: ੫) ੩ ਦੋ ਪਦਾਰਥ। ੪ ਨਰ ਅਤੇ ਮਾਦਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੋੜਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜੋੜਾ : ਰਿਆਸਤ––ਮੱਧ ਭਾਰਤ ਵਿਚ ਅੰਗਰੇਜ਼ੀ ਰਾਜ ਕਾਲ ਵੇਲੇ ਮਾਲਵਾ ਏਜੰਸੀ ਦੀ ਇਕ ਸਾਬਕਾ ਰਿਆਸਤ ਸੀ। ਇਸ ਵੇਲੇ ਇਹ ਭਾਰਤ ਦੇ ਮੱਧ ਪ੍ਰਦੇਸ਼ ਨਾਂ ਦੇ ਰਾਜ ਦਾ ਹਿੱਸਾ ਹੈ। ਰਿਆਸਤ ਦਾ ਕੁੱਲ ਰਕਬਾ 1,454 ਵ. ਕਿ. ਮੀ. (568 ਵ. ਮੀਲ) ਹੁੰਦਾ ਸੀ। ਰਿਆਸਤ ਦੇ ਇਲਾਕੇ ਲਈ ਛੋਟੇ-ਛੋਟੇ ਹਿੱਸਿਆਂ ਵਿਚ ਵੰਡੇ ਹੋਏ ਸਨ। ਇਹ ਏਜੰਸੀ ਦੀਆਂ ਇੰਦੌਰ, ਗਵਾਲੀਅਰ, ਰਤਲਾਮ ਰਿਆਸਤਾਂ ਦੇ ਹਿੱਸਿਆਂ, ਰਾਜਪੁਤਾਨੇ ਦੀ ਪ੍ਰਤਾਬਗੜ ਨਾਂ ਦੀ ਰਿਆਸਤ ਅਤੇ ਪਿਪਲੋਡਾ ਦੇ ਠਾਕੁਰਾਂ ਦੇ ਇਲਾਕੇ ਦੁਆਰਾ ਘਿਰੀ ਹੁੰਦੀ ਸੀ। ਇਸ ਰਿਆਸਤ ਦਾ ਨਾਂ ਇਸੇ ਹੀ ਨਾਂ ਦੇ ਕਸਬੇ ਪਿੱਛੇ ਪਿਆ ਹੈ ਅਤੇ ਉਹੀ ਕਸਬਾ ਹੀ ਇਥੋਂ ਦਾ ਸਦਰ-ਮੁਕਾਮ ਹੁੰਦਾ ਸੀ। ਇਹ ਸਾਰੀ ਦੀ ਸਾਰੀ ਰਿਆਸਤ ਮਾਲਵਾ ਉੱਚ ਭੂਮੀਆਂ ਵਿਚ ਪੈਂਦੀ ਸੀ। ਚੰਬਲ ਅਤੇ ਸਿਪਰਾ ਇਸ ਰਿਆਸਤ ਦੇ ਦੋ ਮੁੱਖ ਦਰਿਆ ਹੁੰਦੇ ਸਨ।
ਜੌੜਾ ਰਿਆਸਤ ਦਾ ਇਤਿਹਾਸ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ। ਗਫ਼ੂਰ ਖ਼ਾਨਦਾਨਾਂ ਦਾ ਇਕ ਵਿਅਕਤੀ ਤਾਜ਼ੀਕ ਖੇਲ ਦਾ ਇਕ ਅਫ਼ਗਾਨ ਸੀ ਅਤੇ ਉਹ ਸਵਾਤ ਤੋਂ ਆਇਆ ਸੀ। ਸ਼ੁਰੂ ਵਿਚ ਉਸ ਦਾ ਪੜਦਾਦਾ ਅਬਦੁਲ ਮਜੀਦ ਖ਼ਾਨ ਅਮੀਰ ਬਣਨ ਦੀ ਆਸ ਵਿਚ ਭਾਰਤ ਵਿਚ ਆਇਆ ਸੀ ਅਤੇ ਉਸਦੇ ਦੋ ਪੁੱਤਰ ਅਬਦੁਲ ਹਮੀਦ ਅਤੇ ਅਬਦੁਰ ਰਾਸ ਨੇ ਗ਼ੁਲਾਮ ਕਾਦਰ ਖ਼ਾਨ ਦੀ ਨੌਕਰੀ ਕਰ ਲਈ। ਗ਼ੁਲਾਮ ਕਾਦਰ ਖ਼ਾਨ ਇਕ ਬਹੁਤ ਬਦਨਾਮ ਵਿਅਕਤੀ ਸੀ ਜਿਸ ਨੇ 1788 ਵਿਚ ਬੁੱਢੇ ਸ਼ਹਿਨਸ਼ਾਹ ਸ਼ਾਹ ਆਲਮ ਨੂੰ ਅੰਨ੍ਹਾ ਕਰ ਦਿੱਤਾ ਸੀ। ਮਗਰੋਂ ਕਾਦਰ ਖਾਂ ਦਾ ਕਤਲ ਕਰ ਦਿੱਤਾ ਗਿਆ, ਗਫ਼ੂਰ ਖਾਂ ਨੇ ਜੋਧਪੁਰ ਦਰਬਾਰ ਦੇ ਇਕ ਉੱਚ ਅਧਿਕਾਰੀ ਅਯਾਜ ਖ਼ਾਨ ਦੀ ਲੜਕੀ ਨਾਲ ਸ਼ਾਦੀ ਕਰ ਲਈ। ਉਸ ਵੇਲੇ ਜੋਧਪੁਰ ਅਤੇ ਜੈਪੁਰ ਦੇ ਸਰਦਾਰਾਂ ਵਿਚ ਉਦੇਪੁਰ ਦੀ ਸ਼ਹਿਜਾਦੀ ਕਰਿਸ਼ਨਾ ਨਾਲ ਵਿਆਹ ਸਬੰਧੀ ਖੜੇ ਹੋਏ ਝਗੜੇ ਨੂੰ ਨਿਪਟਾਉਣ ਵਿਚ ਅਮੀਰ ਖ਼ਾਨ ਨਾਂ ਦੇ ਧਾੜਵੀ ਦੀ ਸਹਾਇਤਾ ਕੀਤੀ। ਅਮੀਰ ਖ਼ਾਨ ਨਾਲ ਇਸ ਤਰ੍ਹਾਂ ਸ਼ੁਰੂ ਹੋਈ ਦੋਸਤੀ ਦੇ ਨਤੀਜੇ ਵਜੋਂ ਅਯਾਜ਼ ਖ਼ਾਨ ਨੇ ਆਪਣੀ ਛੋਟੀ ਲੜਕੀ ਦੀ ਸ਼ਾਦੀ ਅਮੀਰ ਖ਼ਾਨ ਨਾਲ ਕਰ ਦਿੱਤੀ ਅਤੇ ਮਗਰੋਂ ਅਮੀਰ ਖ਼ਾਨ ਨੇ ਗਫ਼ੂਰ ਖ਼ਾਨ ਨੂੰ ਆਪਣੇ ਅਧੀਨ ਆਪਣਾ ਗੁਪਤ ਕਾਰਿੰਦਾ ਨਿਯੁਕਤ ਕਰ ਦਿੱਤਾ ਅਤੇ ਜਦੋਂ ਕਦੇ ਆਪ ਦੂਰ ਦੀਆਂ ਮੁਹਿੰਮਾਂ ਤੇ ਗਿਆ ਹੁੰਦਾ ਸੀ ਤਾਂ ਉਸ ਵੇਲੇ ਹੋਲਕਰ ਦੇ ਦਰਬਾਰ ਵਿਚ ਗਫ਼ੂਰ ਖ਼ਾਨ ਉਸਦਾ (ਅਮੀਰ ਖ਼ਾਨ) ਪ੍ਰਤਿਨਿਧ ਹੁੰਦਾ ਸੀ। ਮਹਿਦੀਪੁਰ ਦੀ ਲੜਾਈ (21 ਦਸੰਬਰ, 1817) ਪਿੱਛੋਂ ਹੋਲਕਰ ਨੂੰ ਸ਼ਰਤਾਂ ਤੈਅ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਨਾਲ ਹੀ ਮੰਡਸਰ ਦੀ ਸੰਧੀ ਕਰਨੀ ਪਈ। ਸੰਧੀ ਦੇ ਅਨੁਛੇਦ 12 ਅਨੁਸਾਰ ਇਸ ਗੱਲ ਦੀ ਸਹਿਮਤੀ ਕੀਤੀ ਗਈ ਕਿ ਨਵਾਬ ਗ਼ਫੂਰ ਖ਼ਾਨ ਦੀ ਸਨਜੀਤ ਮਲਹਾਰਗੜ, ਟਾਲ, ਜੌੜਾ ਅਤੇ ਬੜੌਦਾ ਦਾ ਕਬਜ਼ਾ ਪੱਕਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਪਿਪਲੋਡਾ ਤੋਂ ਖਰਾਜ ਲੈਣ ਦਾ ਅਧਿਕਾਰ ਦਿੱਤਾ ਜਾਂਦਾ ਹੈ। ਉਸੇ ਮੌਕੇ ਨਵਾਬ ਤੇ ਇਹ ਸ਼ਰਤ ਲਾਈ ਗਈ ਕਿ ਉਹ 500 ਘੋੜੇ ਅਤੇ 5090 ਪੈਦਲ ਅਤੇ 4 ਤੋਪਾਂ ਅੰਗਰੇਜ਼ ਸਰਕਾਰ ਦੀ ਸਹਾਇਤਾ ਲਈ ਪੇਸ਼ ਕਰੇਗਾ ਪਰ ਮਗਰੋਂ ਇਹ ਸ਼ਰਤ ਨਕਦੀ ਦੇ ਰੂਪ ਵਿਚ ਅਦਾ ਕਰਨ ਵਿਚ ਬਦਲ ਦਿੱਤੀ ਗਈ। ਅਮੀਰ ਖ਼ਾਨ ਨੇ ਇਸ ਧਾਰਾ ਦੀ ਵਿਰੋਧਤਾ ਇਸ ਗੱਲ ਤੇ ਕੀਤੀ ਕਿ ਗਫ਼ੂਰ ਖ਼ਾਨ ਇਨ੍ਹਾਂ ਜ਼ਿਲ੍ਹਿਆਂ ਤੇ ਕੰਟਰੋਲ ਉਸਦੇ ਇਕ ਏਜੰਟ ਵਜੋਂ ਰੱਖ ਰਿਹਾ ਹੈ ਪਰ ਉਸਦਾ ਇਹ ਦਾਅਵਾ ਠੁਕਰਾ ਦਿੱਤਾ ਗਿਆ।
ਸੰਨ 1821 ਵਿਚ ਨਵਾਬ ਦੇ ਅਤੇ ਮਲਹਾਰਗੜ੍ਹ ਦੇ ਠਾਕੁਰ ਵਿਚਕਾਰ ਸੁਲ੍ਹਾ ਲਈ ਕੁਝ ਇਕਰਾਰਨਾਮੇ ਕੀਤੇ ਗਏ। ਮਲਹਾਰਗੜ੍ਹ ਦੇ ਠਾਕੁਰਾਂ ਨੇ ਖਿਰਾਜ ਦੇਣ ਵਾਲੇ ਜਾਗੀਰਦਾਰ ਹੋਣ ਦਾ ਦਾਅਵਾ ਕੀਤਾ ਪਰ ਫੈਸਲਾ ਇਹ ਹੋਇਆ ਕਿ ਠਾਕੁਰ ਤਾਂ ਕੇਵਲ ਗਰੰਟੀ ਸ਼ੁਦਾ ਪਟੇਦਾਰ ਹੀ ਹਨ।
ਸੰਨ 1825 ਵਿਚ ਗਫ਼ੂਰ ਖ਼ਾਨ ਦੀ ਮੌਤ ਹੋ ਗਈ ਅਤੇ ਉਸ ਦੇ ਪਿੱਛੇ ਉਸਦਾ ਨਾਬਾਲਗ ਪੁੱਤਰ ਗੌਸ ਮੁਹੰਮਦ ਖ਼ਾਨ (1825-65) ਹੀ ਰਹਿ ਗਿਆ। ਉਸ ਨੂੰ ਗੱਦੀ ਤੇ ਬੈਠਾ ਦਿੱਤਾ ਗਿਆ ਅਤੇ ਉਸ ਨੂੰ 2 ਲੱਖ ਨਜ਼ਰਾਨੇ ਵਜੋਂ ਹੋਲਕਰ ਨੂੰ ਅਦਾ ਕਰਨ ਲਈ ਕਿਹਾ ਗਿਆ। ਰਿਆਸਤ ਦਾ ਸਾਰਾ ਰਾਜ ਪ੍ਰਬੰਧ ਸੁਰਗਵਾਸੀ ਨਵਾਬ ਦੀ ਵਿਧਵਾ ਨੂੰ ਸੌਂਪ ਦਿੱਤਾ ਗਿਆ ਪਰ ਦੋ ਸਾਲਾਂ ਮਗਰੋਂ ਹੀ ਬਦਇੰਤਜਾਮੀ ਕਾਰਨ ਉਸ ਕੋਲੋਂ ਰਾਜ ਪ੍ਰਬੰਧ ਦਾ ਕੰਟਰੋਲ ਵਾਪਸ ਲੈ ਲਿਆ ਗਿਆ। ਸੰਨ 1842 ਵਿਚ ਗੌਸ ਮੁਹੰਮਦ ਖ਼ਾਨ ਨੂੰ ਪ੍ਰਬੰਧਕੀ ਇਖਤਿਆਰ ਦੇ ਦਿੱਤੇ ਗਏ। ਉਸੇ ਸਾਲ ਹੀ ਸੰਧੀ ਅਧੀਨ ਰੱਖੀਆਂ ਜਾਣ ਵਾਲੀਆਂ ਫ਼ੌਜਾਂ ਦੇ ਬਦਲੇ ਵਿਚ ਇਕ ਲੱਖ ਸੱਠ ਹਜ਼ਾਰ ਦੀ ਮੁਦਰਾ ਅਦਾਇਗੀ ਪਰਵਾਨ ਕਰ ਲਈ ਗਈ ਅਤੇ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਲੜਾਈ (ਗਦਰ) ਦੌਰਾਨ ਅੰਗਰੇਜ਼ਾਂ ਪ੍ਰਤਿ ਨਿਭਾਈ ਵਫਾਦਾਰੀ ਦੌਰਾਨ ਇਹ ਰਕਮ 1859 ਵਿਚ ਘਟਾ ਕੇ ਇਕ ਲੱਖ ਚਾਲੀ ਹਜ਼ਾਰ ਕਰ ਦਿੱਤੀ ਗਈ। ਤਿੰਨ ਸਾਲਾਂ ਪਿੱਛੋਂ ਇਕ ਸਨਦ ਮਨਜੂਰੀ ਲਈ ਗਈ ਜਿਸ ਵਿਚ ਜਾਨਸ਼ਾਨੀ ਨੂੰ ਮੁਸਲਿਮ ਕਾਨੂੰਨ ਦੇ ਅਨੁਸਾਰ ਕਰਨ ਦੀ ਜ਼ਿਮੇਵਾਰੀ ਲਈ ਗਈ। ਸੰਨ 1865 ਵਿਚ ਗੌਸ ਮੁਹੰਮਦ ਦੀ ਮੌਤ ਹੋ ਗਈ ਅਤੇ ਪਿੱਛੇ ਗਿਆਰਾਂ ਸਾਲਾਂ ਦਾ ਪੁੱਤਰ ਮੁਹੰਮਦ ਇਸਮਾਈਲ ਖ਼ਾਨ (1865-95) ਰਹਿ ਗਿਆ। ਉਸ ਨੂੰ ਬਕਾਇਦਾ ਜਾਨਸ਼ੀਨ ਨਿਯੁਕਤ ਕੀਤਾ ਗਿਆ ਅਤੇ ਉਸ ਤੇ ਹੋਲਕਰ ਨੂੰ 2 ਲੱਖ ਆਮ ਨਜ਼ਰਾਨੇ ਵਜੋਂ ਅਦਾ ਕਰਨ ਦੀ ਸ਼ਰਤ ਲਾਈ ਗਈ। ਸੰਨ 1874 ਵਿਚ ਨਵਾਬ ਨੂੰ ਰਿਆਸਤ ਦੀ ਜ਼ਿਮੇਵਾਰੀ ਸੌਂਪ ਦਿੱਤੀ ਗਈ ਪਰ ਉਸਦਾ ਰਾਜ ਪ੍ਰਬੰਧ ਵੀ ਕੋਈ ਬਹੁਤਾ ਵਧੀਆ ਨਹੀਂ ਸੀ। ਉਹ ਲਗਭਗ 16 ਲੱਖ ਦਾ ਕਰਜ਼ਾਈ ਹੋ ਗਿਆ ਅਤੇ ਇਸ ਤੋਂ ਇਲਾਵਾ ਉਸ ਨੇ ਸਰਕਾਰ ਤੋਂ 3 ਲੱਖ ਉਧਾਰ ਲੈ ਲਏ। ਸੰਨ 1895 ਵਿਚ ਮੁਹੰਮਦ ਇਸਮਾਈਲ ਦੀ ਮੌਤ ਹੋ ਗਈ ਅਤੇ ਉਸ ਤੋਂ ਪਿੱਛੋਂ ਉਸ ਦਾ ਪੁੱਤਰ ਇਫਤਿਖ਼ਾਰ ਅਲੀ ਖ਼ਾਨ ਰਿਆਸਤ ਦਾ ਉੱਤਰਾਧਿਕਾਰੀ ਬਣਿਆ। ਉਸ ਵੇਲੇ ਇਫਤਿਖ਼ਾਰ ਅਲੀ ਖ਼ਾਨ ਬਾਰਾਂ ਵਰ੍ਹਿਆਂ ਦਾ ਸੀ। ਇਸ ਸਮੇਂ ਰਿਆਸਤ ਦਾ ਰਾਜ ਪ੍ਰਬੰਧ ਨਵਾਬ ਦੇ ਚਾਚੇ ਯਾਰ ਮੁਹੰਮਦ ਖ਼ਾਨ ਨੂੰ ਸੌਂਪਿਆ ਗਿਆ। ਸੰਨ 1905 ਵਿਚ ਰਿਆਸਤ ਦੇ ਮੁਖੀ ਨੂੰ ਰਾਜ ਪ੍ਰਬੰਧ ਦੇ ਇਖਤਿਆਰ ਸੌਂਪ ਦਿੱਤੇ ਗਏ। ਨੌਜਵਾਨ ਮੁਖੀ ਨੂੰ ਡਾਲੀ ਕਾਲਜ ਇੰਦੌਰ ਵਿਖੇ ਸਿਖਿਆ ਦਿੱਤੀ ਗਈ ਅਤੇ 1902 ਵਿਚ ਉਹ ਇੰਪੀਰੀਅਲ ਕੈਡਿਟ ਕੋਰ ਵਿਚ ਭਰਤੀ ਹੋ ਗਿਆ। ਉਸ ਨੂੰ ਹਿਜ਼ ਹਾਈਨੈਸ ਅਤੇ ਫਖਰ-ਉਦ-ਦੌਲਾ ਨਵਾਬ ਸੌਲਤ ਜੰਗ ਦੇ ਰੁਤਬਿਆਂ ਨਾਲ ਸਨਮਾਨਿਆ ਗਿਆ ਅਤੇ ਉਸਨੂੰ 13 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਰਹੀ।
ਹ. ਪੁ.––ਇੰਪ. ਗ. ਇੰਡ. 14 : 62
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First