ਜੁਗਾਵਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੁਗਾਵਲੀ. ਯੁਗਾਂ ਦੀ ਪੰਕਤਿ, ਜੁਗਾਂ ਦਾ ਸਿਲਸਿਲਾ। ੨ ਕਿਸੇ ਪ੍ਰੇਮੀ ਸਿੱਖ ਦੀ ਜਨਮਸਾਖੀ ਵਿੱਚ ਲਿਖੀ ਰਚਨਾ , ਜੋ ਗੁਰੂ ਨਾਨਕ ਦੇਵ ਵੱਲੋਂ ਦੱਸੀ ਗਈ ਹੈ. ਇਸ ਵਿੱਚ ਅਨੰਤ ਯੁਗਾਂ ਅੰਦਰ ਗੁਰੂ ਨਾਨਕਦੇਵ ਦਾ “ਵਾਹਗੁਰੂ” ਨਾਮਅਭ੍ਯਾਸ ਵਰਣਨ ਕੀਤਾ ਹੈ. ਇਹ ਜੁਗਾਵਲੀ ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਵਿੱਚ ਪੁਰਾਣੀ ਲਿਖਤ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ, ਜੋ ਪੰਨੇ ੧੩੪੧ ਤੋਂ ਆਰੰਭ ਹੁੰਦੀ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੁਗਾਵਲੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜੁਗਾਵਲੀ (ਰਚਨਾ): ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਸੰਬੰਧਿਤ ਇਕ ਰਚਨਾ ਜਿਸ ਨੂੰ ਅਪ੍ਰਮਾਣਿਕ ਮੰਨ ਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕਰਨੋਂ ਸੰਕੋਚ ਕੀਤਾ ਸੀ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਦੇ ਕਥਨ ਅਨੁਸਾਰ ਰਾਵਲਪਿੰਡੀ ਵਿਚ ਭਾਈ ਬੂਟਾ ਸਿੰਘ ਹਕੀਮ ਦੀ ਧਰਮਸ਼ਾਲਾ ਵਿਚ ਪਈ ਗੁਰੂ ਗ੍ਰੰਥ ਸਾਹਿਬ ਦੀ ਇਕ ਪੁਰਾਤਨ ਬੀੜ ਵਿਚ ਇਹ ਦਰਜ ਹੈ ਜੋ ਪੰਨਾ 1341 ਤੋਂ ਆਰੰਭ ਹੁੰਦੀ ਹੈ। ਸੰਤ ਸੰਪੂਰਨ ਸਿੰਘ ਦੁਆਰਾ ਸੰਪਾਦਿਤ ‘ਪ੍ਰਾਣਸੰਗਲੀ ’ ਦੇ 79ਵੇਂ ਅਧਿਆਇ ਦੇ ਰੂਪ ਵਿਚ ਵੀ ਦਰਜ ਹੈ। ਸੰਪਾਦਕ ਦੇ ਮਤ ਅਨੁਸਾਰ ਸੰਨ 1512 ਈ. ਵਿਚ ਗੁਰੂ ਨਾਨਕ ਦੇਵ ਜੀ ਨੇ ਛੁਟਘਾਟ ਨਾਂ ਦੇ ਸਥਾਨ ਉਤੇ ਝੰਡਾ ਬਾਢੀ ਨਾਮਕ ਆਪਣੇ ਇਕ ਸੇਵਕ ਨੂੰ ਚਾਲ੍ਹੀ ਯੁਗਾਂ ਵਿਚ ਕੀਤੀ ਆਪਣੀ ਤਪਸਿਆ ਸੰਬੰਧੀ ਦਸਦੇ ਹੋਇਆਂ ਪ੍ਰਗਟ ਕੀਤਾ ਕਿ ਕਿਵੇਂ ਉਨ੍ਹਾਂ ਨੇ ਲਗਾਤਾਰ ‘ਵਾਹਿਗੁਰੂ’ ਸ਼ਬਦ ਉਪਰ ਆਪਣਾ ਧਿਆਨ ਟਿਕਾਈ ਰਖਿਆ ਸੀ। ਸੰਨ 1518 ਈ. ਵਿਚ ਗੁਰੂ ਜੀ ਨੇ ਇਹੀ ਰਚਨਾ ਸੰਗਲਾਦੀਪ ਵਿਚ ਰਾਜਾ ਸ਼ਿਵਨਾਭ ਪ੍ਰਤਿ ਵੀ ਉਚਾਰੀ ਸੀ। ‘ਪੁਰਾਤਨ ਜਨਮਸਾਖੀ ’ ਵਿਚ ਸੰਪਾਦਕ ਭਾਈ ਵੀਰ ਸਿੰਘ ਨੇ ਇਸ ਨੂੰ ਕਿਸੇ ਯੋਗੀ ਦੀ ਰਚਨਾ ਦਸਿਆ ਹੈ।
ਇਸ ਰਚਨਾ ਵਿਚ ਵਰਣਿਤ 40 ਯੁਗਾਂ ਵਿਚ ਪਹਿਲੇ 36 ਯੁਗ ਹਨੇਰੇ ਹਨ ਅਤੇ ਅਗਲੇ ਚਾਰ ਯੁਗ ਚਾਨਣੇ। ਇਨ੍ਹਾਂ ਚਾਰ ਯੁਗਾਂ ਦਾ ਨਾਂ ਹੈ ਸਤਿਯੁਗ , ਤ੍ਰੇਤਾ ਯੁਗ, ਦੁਆਪਰ ਯੁਗ ਅਤੇ ਕਲਿਯੁਗ। ਪਹਿਲੇ 36 ਯੁਗਾਂ ਵਿਚੋਂ ਕ੍ਰਮਵਾਰ ਨੌਂ ਨੌਂ ਯੁਗਾਂ ਵਿਚ ‘ਵਾਹਿਗੁਰੂ’ ਸ਼ਬਦ ਦੇ ਚਾਰ ਵਰਣਾਂ (ਵ,ਹ,ਗ ਅਤੇ ਰ) ਵਿਚੋਂ ਇਕ ਇਕ ਉਤੇ ਧਿਆਨ ਕੇਂਦਰਿਤ ਕੀਤਾ ਗਿਆ ਅਤੇ ਆਖੀਰਲੇ ਚਾਰ ਯੁਗਾਂ ਵਿਚ ਪੂਰੇ ‘ਵਾਹਿਗੁਰੂ’ ਸ਼ਬਦ ਉਤੇ ਸੁਰਤਿ ਟਿਕਾਈ ਗਈ। ਇਸ ਪ੍ਰਕਾਰ ਦੇ ਧਿਆਨ ਨਾਲ ਗੁਰੂ ਜੀ ਦੀ ਅਧਿਆਤਮਿਕ ਸਾਧਨਾ ਵਿਚ ਵਿਕਾਸ ਹੋਇਆ। ਅੰਤ ਵਿਚ ਉਹ ਪ੍ਰਭੂ ਦੇ ਸਾਹਮਣੇ ਪ੍ਰਸਤੁਤ ਹੋਏ। ਪ੍ਰਭੂ ਨੇ ਉਨ੍ਹਾਂ ਨੂੰ ਕਲਿਯੁਗ ਵਿਚ ਧਰਮ ਦੀ ਸਥਾਪਨਾ ਦੀ ਜ਼ਿੰਮੇਵਾਰੀ ਸੌਂਪ ਕੇ ਸੰਸਾਰ ਵਿਚ ਭੇਜਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First