ਜਾਵਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਵਾ ਜਾਂਵਾਂ. ਜਾਊਂ. “ਹਉ ਦਾਧੀ ਕੈ ਦਰਿ ਜਾਵਾ?” (ਵਡ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਾਵਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Java

ਜਾਵਾ ਇੰਟਰਨੈੱਟ ਅਧਾਰਿਤ ਐਪਲੀਕੇਸ਼ਨ ਵਰਤਣ ਲਈ ਬਣਾਈ ਗਈ ਹੈ। ਇਸ ਨੂੰ ਸਾਲ 1991 ਵਿੱਚ ਜੇਮਜ਼ ਗੋਸਲਿੰਗ ਦੁਆਰਾ ਸਨ ਮਾਈਕਰੋ ਸਿਸਟਮ ਵਿੱਚ ਤਿਆਰ ਕੀਤਾ ਗਿਆ। ਜਾਵਾ ਨੂੰ ਕਲੀਨ (Clean) ਆਬਜੈਕਟ ਔਰੀਐਂਟਿਡ ਭਾਸ਼ਾ ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਇਸ ਵਿੱਚ ਸੀ ਪਲੱਸ ਪਲੱਸ ਦੀ ਤਰ੍ਹਾਂ ਪੌਆਇੰਟਰ ਅਤੇ ਮਲਟੀਪਲ ਇਨਹੈਰੀਟੈਂਸ ਆਦਿ ਵਿਸ਼ੇਸ਼ਤਾਵਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਕਈ ਲੋਕ ਇਸ ਨੂੰ ਇੰਟਰਨੈੱਟ ਦੀ ਭਾਸ਼ਾ ਕਹਿੰਦੇ ਹਨ। ਇਸ ਦੀ ਵਰਤੋਂ ਸਿਰਫ਼ ਇੰਟਰਨੈਟ ਤੱਕ ਹੀ ਸੀਮਤ ਨਹੀਂ ਸਗੋਂ ਇਸ ਨੂੰ ਸਪਰੈੱਡਸ਼ੀਟਾਂ ਅਤੇ ਉੱਚ ਦਰਜੇ ਦੀਆਂ ਗੇਮਾਂ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਇੰਬੇਡਿਡ ਸਿਸਟਮ (Embedded System) ਜਿਵੇਂ ਕਿ ਟੈਲੀਫੋਨ, ਟੈਲੀਵਿਜ਼ਨ ਅਤੇ ਵੀਸੀਆਰ ਵਰਗੇ ਇਲੈਕਟ੍ਰੋਨਿਕ ਉਤਪਾਦਾਂ ਵਿੱਚ ਕੀਤੀ ਜਾਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4634, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਜਾਵਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Java

ਇਹ ਇਕ ਪ੍ਰੋਗਰਾਮਿੰਗ ਭਾਸ਼ਾ ਹੈ। ਜਾਵਾ ਨੂੰ ਇੰਟਰਨੈੱਟ ਅਧਾਰਿਤ ਐਪਲੀਕੇਸ਼ਨਜ ਨੂੰ ਵਰਤਣ ਲਈ ਬਣਾਇਆ ਗਿਆ ਹੈ। ਇਸ ਨੂੰ ਸਾਲ 1991 ਵਿੱਚ ਜੇਮਜ਼ ਗੋਸਲਿੰਗ ਦੁਆਰਾ ਸਨ ਮਾਈਕਰੋ ਸਿਸਟਮ ਵਿੱਚ ਤਿਆਰ ਕੀਤਾ ਗਿਆ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4634, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਜਾਵਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਾਵਾ : ਇੰਡੋਨੇਸ਼ੀਆ ਗਣਰਾਜ ਦਾ ਚੌਥਾ ਵੱਡਾ ਟਾਪੂ ਹੈ ਜਿਹੜਾ ਮਲਾਇਆ ਦੇ ਦੱਖਣ ਵਿਚ ਸਮਾਟਰਾ ਦੇ ਪੂਰਬ ਵੱਲ ਅਤੇ ਬਾਲੀ ਦੇ ਪੱਛਮ ਵਿਚ ਸਥਿਤ ਹੈ। ਇਸ ਦਾ ਖੇਤਰਫ਼ਲ ਮਦੁਰਾ ਟਾਪੂ ਸਮੇਤ 130,987 ਵ. ਕਿ. ਮੀ. ਅਤੇ ਆਬਾਦੀ 10,75,13,798 (1989) ਹੈ। ਆਰਥਕ ਅਤੇ ਰਾਜਨੀਤਿਕ ਪੱਖੋਂ ਦੇਸ਼ ਦਾ ਮਹੱਤਵਪੂਰਨ ਟਾਪੂ ਹੈ। ਇਸ ਦੀ ਰਾਜਧਾਨੀ ਜਕਾਰਤਾ ਹੈ ਜਿਸ ਨੂੰ ਪਹਿਲੋਂ ਬਾਟੇਵੀਆ ਕਹਿੰਦੇ ਸਨ।

          ਭੂ-ਆਕ੍ਰਿਤੀ ਵਿਗਿਆਨ

          ਜਾਵਾ ਟਾਪੂ ਦੀ ਪੂਰਬ ਤੋਂ ਪੱਛਮ ਵੱਲ ਲੰਬਾਈ 1040 ਕਿ. ਮੀ. ਅਤੇ ਉੱਤਰ ਤੋਂ ਦੱਖਣ ਵੱਲ ਚੌੜਾਈ 200 ਕਿ. ਮੀ. ਦੇ ਲਗਭਗ ਹੈ। ਆਲੇ ਦੁਆਲਿਓਂ ਇਹ ਹਿੰਦ ਮਹਾਂਸਾਗਰ, ਜਾਵਾ ਸਾਗਰ, ਬਾਲੀ ਅਤੇ ਸੁੰਡਾ ਜਲ-ਡਮਰੂਆਂ ਨਾਲ ਘਿਰਿਆ ਹੋਇਆ ਹੈ।

          ਟਾਪੂ ਨੂੰ ਭੂਗੋਲਿਕ ਤੌਰ ਤੇ ਭਿੰਨ-ਭਿੰਨ ਖੰਡਾਂ ਵਿਚ ਵੰਡਿਆ ਜਾ ਸਕਦਾ ਹੈ ਮੱਧ ਵਿਚ ਪੂਰਬ ਤੋਂ ਪੱਛਮ ਵੱਲ ਨੂੰ ਫੈਲੀ ਹੋਈ ਪਰਬਤੀ ਲੜੀ ਹੈ ਜਿਹੜੀ ਟਾਪੂ ਨੂੰ ਉੱਤਰੀ ਅਤੇ ਦੱਖਣੀ ਦੋ ਹਿੱਸਿਆਂ ਵਿਚ ਵੰਡਦੀ ਹੈ। ਪੱਛਮੀ ਹਿੱਸੇ ਵਿਚ ਇਹ ਪਰਬਤੀ ਲੜੀ ਦੱਖਣ ਵੱਲ ਹੋ ਜਾਂਦੀ ਹੈ ਤੇ ਇਥੇ ਦੀ ਢਲਾਣ ਤਿੱਖੀ ਹੋ ਜਾਂਦੀ ਹੈ। ਇਸ ਕਰਕੇ ਇਸ ਹਿੱਸੇ ਵਿਚ ਕੁਦਰਤੀ ਬੰਦਰਗਾਹਾਂ ਨਹੀਂ ਬਣ ਸਕੀਆਂ। ਉੱਤਰ ਵੱਲ ਇਨ੍ਹਾਂ ਪਰਬਤਾਂ ਦੀ ਢਲਾਣ ਘੱਟ ਹੈ ਅਤੇ ਧਰਾਤਲ ਮੈਦਾਨੀ ਜਿਹੀ ਜਾਪਦੀ ਹੈ। ਇਸ ਪਾਸੇ ਦਾ ਮੈਦਾਨ ਦੱਖਣ ਨਾਲੋਂ ਵੱਡਾ ਹੈ। ਪੂਰਬੀ ਹਿੱਸੇ ਵਿਚ ਚਟਾਨਾਂ ਰੇਤ, ਪੱਥਰ ਅਤੇ ਚੂਨੇ ਵਾਲੀਆਂ ਹਨ ਅਤੇ ਕਈ ਘਾਟੀਆਂ ਪਾਈਆਂ ਜਾਂਦੀਆਂ ਹਨ। ਇਥੇ 125 ਜਵਾਲਾ-ਮੁਖੀ ਪਹਾੜ ਹਨ ਜਿਨ੍ਹਾਂ ਵਿਚੋਂ 27 ਕਿਰਿਆਸ਼ੀਲ ਹਨ ਅਤੇ ਇਨ੍ਹਾਂ ਵਿਚੋਂ ਲਾਵਾ ਨਿਕਲਦਾ ਰਹਿੰਦਾ ਹੈ। ਪਰਬਤੀ ਚੋਟੀਆਂ ਦੀ ਆਮ ਉਚਾਈ ਲਗਭਗ 2400 ਮੀ. ਤੱਕ ਹੈ। ਇਨ੍ਹਾਂ ਦੀ ਸਭ ਤੋਂ ਉੱਚੀ ਚੋਟੀ ਸੈਮੂਰ ਹੈ ਜਿਸ ਦੀ ਉਚਾਈ 3,676 ਮੀ. ਹੈ।

          ਜਲ ਪ੍ਰਵਾਹ––ਜਾਵਾ ਟਾਪੂ ਦੀਆਂ ਨਦੀਆਂ ਦਾ ਪ੍ਰਵਾਹ ਉੱਤਰ ਜਾਂ ਦੱਖਣ ਦੀ ਦਿਸ਼ਾ ਵਿਚ ਹੈ। ਉੱਤਰ ਵੱਲ ਵਹਿਣ ਵਾਲੀਆਂ ਨਦੀਆਂ ਲੰਬੀਆਂ ਅਤੇ ਜਹਾਜ਼ਰਾਨੀ ਯੋਗ ਹਨ। ਹਿੰਦ ਮਹਾਂਸਾਗਰ ਵਿਚ ਡਿਗਣ ਵਾਲੀਆਂ ਨਦੀਆਂ ਛੋਟੀਆਂ ਅਤੇ ਤੇਜ਼ ਵਹਾਓ ਵਾਲੀਆਂ ਹਨ। ਟਾਪੂ ਦਾ ਸਭ ਤੋਂ ਵੱਡਾ ਦਰਿਆ ਸੋਲੋ ਹੈ। ਇਸ ਤੋਂ ਇਲਾਵਾ ਬ੍ਰੈਂਟਸ ਅਤੇ ਜੀਲੀਵੰਗਾ ਹੋਰ ਨਦੀਆਂ ਹਨ। ਜਹਾਜ਼ਰਾਨੀ ਲਈ ਤਾਂ ਇਹ ਦਰਿਆ ਬਹੁਤ ਲਾਹੇਵੰਦ ਨਹੀਂ ਹਨ ਪਰ ਸਿੰਜਾਈ ਲਈ ਇਨ੍ਹਾਂ ਦਾ ਪਾਣੀ ਆਮ ਵਰਤਿਆ ਜਾਂਦਾ ਹੈ।

          ਜਲਵਾਯੂ––ਜਾਵਾ ਭਾਵੇਂ ਊਸ਼ਣ ਖੰਡ ਵਿਚ ਸਥਿਤ ਹੈ ਪਰ ਇਸ ਦੀ ਜਲਵਾਯੂ ਉਪਰ ਮੌਸਮੀ ਹਵਾਵਾਂ ਅਤੇ ਸਮੁੰਦਰ ਦਾ ਪ੍ਰਭਾਵ ਬਹੁਤ ਪੈਂਦਾ ਹੈ। ਇਥੇ ਦੋ ਹੀ ਮੌਸਮ ਹੁੰਦੇ ਹਨ। ਅਪ੍ਰੈਲ ਤੋਂ ਅਕਤੂਬਰ ਤੱਕ ਦਾ ਖ਼ੁਸ਼ਕ ਮੌਸਮ ਅਤੇ ਨਵੰਬਰ ਤੋਂ ਮਾਰਚ ਤੱਕ ਬਰਸਾਤੀ ਮੌਸਮ। ਵਰਖਾ ਉੱਤਰੀ-ਪੱਛਮੀ ਹਵਾਵਾਂ ਨਾਲ ਹੁੰਦੀ ਹੈ। ਔਸਤ ਸਾਲਾਨਾ ਵਰਖਾ 2000 ਮਿ. ਮੀ. ਦੇ ਲਗਭਗ ਹੈ। ਜਕਾਰਤਾ ਵਿਚ ਸਾਲ ਵਿਚ 1760 ਮਿ. ਮੀ. ਵਰਖਾ ਹੁੰਦੀ ਹੈ।

          ਜਕਾਰਤਾ ਵਿਚ ਵੱਧ ਤੋਂ ਵੱਧ ਤਾਪਮਾਨ 36° ਸੈਂ. ਹੈ ਅਤੇ ਘੱਟ ਤੋਂ ਘੱਟ 19° ਸੈਂ. ਹੈ।

          ਬਨਸਪਤੀ ਅਤੇ ਜੀਵ-ਜੰਤੂ––ਇਥੋਂ ਦੀ ਬਨਸਪਤੀ ਅਤੇ ਜੀਵ-ਜੰਤੂਆਂ ਦੀਆਂ ਕਿਸਮਾਂ ਤੋਂ ਇਸ ਦੇ ਕਿਸੇ ਸਮੇਂ ਏਸ਼ੀਆ ਅਤੇ ਆਸਟ੍ਰੇਲੀਆ ਨਾਲ ਜੁੜੇ ਹੋਣ ਬਾਰੇ ਵੀ ਖ਼ਿਆਲ ਕੀਤਾ ਜਾਂਦਾ ਹੈ। ਇਥੇ ਆਸਟ੍ਰੇਲੀਆ ਅਤੇ ਏਸ਼ੀਆ ਦੀ ਬਨਸਪਤੀ ਨਾਲ ਮਿਲਦੀ ਜੁਲਦੀ ਬਨਸਪਤੀ ਮਿਲਦੀ ਹੈ। ਪੌਦਿਆਂ ਦੀਆਂ 5000 ਕਿਸਮਾਂ ਪਾਈਆਂ ਜਾਂਦੀਆਂ ਹਨ। ਕੇਲਾ, ਅੰਬ ਅਤੇ ਹੋਰ ਏਸ਼ਿਆਈ ਕਿਸਮਾਂ ਦੇ ਫ਼ਲ ਵੀ ਮਿਲਦੇ ਹਨ।

          ਇਥੇ ਜਾਨਵਰਾਂ ਦੀਆਂ ਵੀ ਅਨੇਕਾਂ ਹੀ ਕਿਸਮਾਂ ਹਨ। ਇਥੇ ਕਈ ਕਿਸਮਾਂ ਦੇ ਪੰਛੀ, ਕੱਛੂਕੰਮੇ, 100 ਕਿਸਮਾਂ ਦੇ ਸੱਪ, 500 ਕਿਸਮਾਂ ਦੀਆਂ ਤਿੱਤਲੀਆਂ ਅਤੇ ਕਈ ਤਰ੍ਹਾਂ ਦੇ ਕੀੜੇ, ਮਕੌੜੇ ਮਿਲਦੇ ਹਨ। ਵੱਡੇ ਜਾਨਵਰਾਂ ਵਿਚ ਗੈਂਡਾ, ਹਿਰਨ, ਜੰਗਲੀ ਸੂਰ, ਬੈਲ, ਘੋੜੇ, ਲੰਗੂਰ ਭੇਡਾਂ ਅਤੇ ਬੱਕਰੀਆਂ ਆਦਿ ਵਰਣਨਯੋਗ ਹਨ।

          ਇਤਿਹਾਸ

          ਪ੍ਰਾਚੀਨ ਕਾਲ ਵਿਚ ਜਾਵਾ ਆਪਣੇ ਆਲੇ-ਦੁਆਲੇ ਦੇ ਖੇਤਰਾਂ ਵਾਂਗ ਹਿੰਦੂ ਰਾਜਿਆਂ ਅਧੀਨ ਸੀ। ਹਿੰਦੂ ਰਾਜਿਆਂ ਨੇ ਇਥੇ ਬੁੱਧ ਧਰਮ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਬਣਵਾਏ ਹਿੰਦੂ ਅਤੇ ਬੁੱਧ ਮੰਦਰਾਂ ਤੋਂ ਇਲਾਵਾ, ਹੋਰ ਵੀ ਸਬੂਤ ਹਨ। ਮੈਗੇਲਾਂਗ ਨੇੜੇ ਬੋਰੋਬੁਦੂਰ ਮੰਦਰ ਸੰਸਾਰ ਦਾ ਵਰਣਨਯੋਗ ਬੋਧੀ ਮੰਦਰ ਹੈ। 14ਵੀਂ ਅਤੇ 15ਵੀਂ ਸਦੀ ਵਿਚ ਇਥੇ ਮੁਸਲਮਾਨੀ ਸੰਸਕ੍ਰਿਤੀ ਫੈਲੀ। ਪੱਛਮੀ ਜਾਵਾ ਦੇ ਸੁੰਡਾਨੀਆਂ ਉੱਤੇ ਇਸਲਾਮ ਦਾ ਪ੍ਰਭਾਵ ਵਧੇਰੇ ਪਿਆ। ਇਸ ਪਿੱਛੋਂ ਪੁਰਤਗਾਲੀ ਡੱਚ ਅਤੇ ਅੰਗਰੇਜ਼ ਵਪਾਰੀ ਇੱਧਰ ਆਉਂਦੇ ਰਹੇ। ਸੰਨ 1799 ਤੋਂ ਇਥੇ ਡੱਚਾਂ ਦਾ ਰਾਜ ਸ਼ੁਰੂ ਹੋ ਗਿਆ ਫਿਰ 1811 ਤੋਂ 1876 ਵਿਚ ਇਹ ਅੰਗਰੇਜ਼ਾਂ ਅਧੀਨ ਰਿਹਾ। ਪਿੱਛੋਂ ਫਿਰ ਇਹ ਡੱਚਾਂ ਅਧੀਨ ਹੀ ਰਿਹਾ। ਦੂਜੇ ਮਹਾਯੁੱਧ ਦੌਰਾਨ (ਮਾਰਚ 1942 ਤੋਂ ਸਤੰਬਰ 1945) ਜਾਪਾਨੀਆਂ ਨੇ ਇਸ ਉੱਤੇ ਕਬਜ਼ਾ ਕਰ ਲਿਆ। ਇਸ ਯੁੱਧ ਪਿੱਛੋਂ ਇੰਡੋਨੇਸ਼ੀਆ ਵਿਚ ਆਜ਼ਾਦੀ ਦੀ ਲਹਿਰ ਜ਼ੋਰਾਂ ਤੇ ਸੀ ਅਤੇ ਆਖ਼ਰ 1947 ਵਿਚ ਇੰਡੋਨੇਸ਼ੀਆ ਆਜ਼ਾਦ ਗਣਰਾਜ ਬਣਨ ਦੇ ਨਾਲ ਜਾਵਾ ਨੂੰ ਵੀ 1950 ਵਿਚ ਹੀ ਇਸ ਵਿਚ ਸ਼ਾਮਲ ਕਰ ਲਿਆ ਗਿਆ।

          ਆਰਥਿਕਤਾ

          ਖਣਿਜ ਪਦਾਰਥ ਇਥੇ ਬਹੁਤੇ ਨਹੀਂ ਮਿਲਦੇ ਫਿਰ ਵੀ ਪੈਟਰੋਲ ਤੋਂ ਇਲਾਵਾ ਮੈਗਨੀਜ਼, ਗੰਧਕ, ਸੋਨਾ, ਚਾਂਦੀ ਆਦਿ ਖਣਿਜ ਇਥੋਂ ਕੱਢੇ ਜਾਂਦੇ ਹਨ।

          ਖੇਤੀਬਾੜੀ––ਚੌਲ ਇਸ ਟਾਪੂ ਦੀ ਖ਼ਾਸ ਪੈਦਾਵਾਰ ਹੈ। ਮੱਕੀ, ਕਸਾਵਾ, ਮੂੰਗਫ਼ਲੀ, ਸੋਇਆਬੀਨ, ਆਲੂ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ। ਕੇਲੇ ਤੋਂ ਬਿਨਾਂ ਰਸਦਾਰ ਅਤੇ ਹੋਰ ਫ਼ਲਾਂ ਦੀ ਬਾਗ਼ਬਾਨੀ ਵੀ ਹੁੰਦੀ ਹੈ। ਸਿਨਕੋਨੇ ਦੀ ਪੈਦਾਵਾਰ ਵਿਚ ਇਹ ਸੰਸਾਰ ਭਰ ਵਿਚ ਪ੍ਰਸਿੱਧ ਹੈ। ਚਾਹ, ਕਾਫ਼ੀ, ਤਮਾਕੂ, ਗਰਮ ਮਸਾਲੇ, ਨਾਰੀਅਲ, ਸਿਨਕੋਨਾ ਦਾ ਉਤਪਾਦਨ ਵੀ ਕਾਫ਼ੀ ਹੁੰਦਾ ਹੈ।

          ਸੱਨਅਤਾਂ––ਵੱਡੀਆਂ ਸੱਨਅਤਾਂ ਦੀ ਇਥੇ ਘਾਟ ਹੈ। ਕੱਪੜਾ ਬੁਣਨਾ, ਲੋਹੇ ਦੀ ਢਲਾਈ, ਚਾਂਦੀ ਦਾ ਕੰਮ, ਜ਼ਰਾਇਤੀ ਸੰਦ ਬਣਾਉਣਾ, ਚਮੜਾ ਰੰਗਣ, ਕੁੰਭਕਾਰੀ ਨਮੂਨੇ ਦੇ ਭਾਂਡੇ ਬਣਾਉਣ ਆਦਿ ਦੀਆਂ ਹਲਕੀਆਂ ਸੱਨਅਤਾਂ ਉੱਨਤ ਹਨ। ਇਥੋਂ ਦੀ ਕੱਪੜੇ ਦੀ ਰੰਗਾਈ ਅਤੇ ਉਸ ਉੱਤੇ ਖਾਸ ਕਿਸਮ ਦੀ ਬਾਰੀਕ ਛਪਾਈ ਕਾਫ਼ੀ ਪ੍ਰਸਿੱਧ ਹੈ।

          ਆਵਾਜਾਈ ਦੇ ਸਾਧਨ––ਆਵਾਜਾਈ ਦੀ ਸਹੂਲਤ ਖਾਤਰ ਜਾਵਾ ਵਿਚ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਮੁੱਖ  ਸੜਕ ਮਾਰਗ ਪੂਰਬ ਅਤੇ ਪੱਛਮ ਵੱਲ ਜਾਂਦੇ ਹਨ। ਬਾਕੀ ਸੜਕਾਂ ਇਨ੍ਹਾਂ ਦੋਨਾਂ ਮਾਰਗਾਂ ਨਾਲ ਮਿਲਦੀਆਂ ਹਨ। ਇਥੇ ਕੁਝ ਸੜਕਾਂ ਸਰਕਾਰ ਦੀਆਂ ਆਪਣੀਆਂ ਹਨ ਅਤੇ ਕੁਝ ਲੋਕਾਂ ਦੀਆਂ ਵੀ ਹਨ।

          ਰੇਲ-ਪਟੜੀਆਂ ਵੀ ਵੱਡੇ ਵੱਡੇ ਸ਼ਹਿਰਾਂ ਨੂੰ ਆਪੋ ਵਿਚ ਜੋੜਦੀਆਂ ਹਨ। ਜਾਵਾ ਦੇ ਦਰਿਆਵਾਂ ਵਿਚ ਢੋ-ਢੁਆਈ ਅਤੇ ਆਵਾਜਾਈ ਘੱਟ ਹੀ ਹੁੰਦੀ ਹੈ। ਇਥੇ ਸਮੁੰਦਰੀ ਬੰਦਰਗਾਹਾਂ ਹਨ। ਜਕਾਰਤਾ ਤੋਂ 8 ਕਿ. ਮੀ. ਪੂਰਬ ਵੱਲ ਦੀ ਟੈਂਡਜੋਗ ਪ੍ਰੀਆਕ ਸੁਰਬਈਆ, ਸਮਾਰਆਂਗ ਅਤੇ ਦੱਖਣੀ ਤਟ ਉੱਤੇ ਦੀ ਚੀਲਾਚਾਪ ਨਾਂ ਦੀ ਇਕੋ ਇਕ ਬੰਦਰਗਾਹ ਹੈ। ਜਾਵਾ ਦੀਆਂ ਬੰਦਰਗਾਹਾਂ ਉੱਤੇ ਜਹਾਜ਼ ਅਤੇ ਯਾਤਰੂ ਅਕਸਰ ਆਉਂਦੇ ਹਨ। ਟਾਪੂ ਦੇ ਵੱਡੇ ਸ਼ਹਿਰ ਦੇਸ਼ ਅਤੇ ਬਦੇਸ਼ ਦੇ ਵੱਡਿਆਂ ਸ਼ਹਿਰਾਂ ਨਾਲ ਹਵਾਈ ਜਹਾਜਾਂ ਰਾਹੀਂ ਵੀ ਜੁੜੇ ਹੋਏ ਹਨ।

          ਲੋਕ

          ਜਾਵਾ ਦੇਸ਼ ਅਤੇ ਸੰਸਾਰ ਵਿਚ ਘਣੀ ਵਸੋਂ ਵਾਲਾ ਖੇਤਰ ਗਿਣਿਆ ਜਾਂਦਾ ਹੈ। ਇਥੋਂ ਦੀ ਵਧਦੀ ਆਬਾਦੀ ਦੇਸ਼ ਦੀ ਇਕ ਸਮੱਸਿਆ ਬਣੀ ਹੋਈ ਹੈ। ਜਾਵਾ ਨੇ ਦੇਸ਼ ਦਾ 7 ਫੀ ਸਦੀ ਖੇਤਰ ਰੋਕਿਆ ਹੋਇਆ ਹੈ ਪਰ ਇਥੇ ਦੇਸ਼ ਦੀ 70 ਫੀ ਸਦੀ ਵਸੋਂ ਹੈ। ਵਸੋਂ ਦੀ ਘਣਤਾ 527 ਵਿਅਕਤੀ ਪ੍ਰਤੀ ਵ. ਕਿ. ਮੀ. ਹੈ।

          ਨਸਲੀ ਵੰਡ ਅਨੁਸਾਰ ਇਹ ਲੋਕ ਮੰਗੋਲਾਂ ਵਿਚੋਂ ਹੀ ਹਨ। ਇਨ੍ਹਾਂ ਦੇ ਵਾਲ ਕਾਲੇ, ਰੰਗ ਗੋਰਾ ਜਾਂ ਕਣਕ ਭਿੰਨਾ ਜਿਹਾ ਹੁੰਦਾ ਹੈ। ਇਥੋਂ ਦੀ ਵਸੋਂ ਵਿਚ 75 ਫੀ ਸਦੀ ਲੋਕ ਜਾਵਾ ਦੇ ਮੂਲ ਹੀ ਹਨ ਅਤੇ ਇਹ ਉੱਤਰੀ ਹਿੱਸੇ ਵਿਚ ਰਹਿੰਦੇ ਹਨ। ਕੁੱਲ ਵਸੋਂ ਵਿਚ 15 ਫੀ ਸਦੀ ਵਸੋਂ ਸੁੰਡਾਨੀਆਂ ਦੀ ਹੈ ਜਿਹੜੇ ਪੱਛਮੀ ਖੇਤਰ ਵਿਚ ਰਹਿੰਦੇ ਹਨ। ਪੂਰਬੀ ਹਿੱਸੇ ਵਿਚ ਮਦੁਰਾਈ ਲੋਕ ਆਬਾਦ ਹਨ। ਇਹ ਸਾਰੇ ਮੁਸਲਿਮ ਧਰਮ ਦੇ ਪੈਰੋਕਾਰ ਹਨ ਪਰ ਸਭਿਆਚਾਰ ਪੱਖੋਂ ਇਨ੍ਹਾਂ ਉੱਤੇ ਹਿੰਦੂ ਅਤੇ ਬੁੱਧ ਧਰਮ ਦੀ ਪ੍ਰਭਾਵ ਵੀ ਵੇਖਣ ਵਿਚ ਮਿਲਦਾ ਹੈ। ਇਹ ਸਾਰੇ ਮਲਾਵੀ ਭਾਸ਼ਾ ਬੋਲਦੇ ਹਨ।

          ਜਾਵਾ ਟਾਪੂ ਦਾ ਜਾਕਾਰਤਾ ਸ਼ਹਿਰ ਬਹੁਤ ਪ੍ਰਸਿੱਧ ਹੈ। ਇਹ ਨਾ ਸਿਰਫ ਟਾਪੂ ਦਾ ਸਗੋਂ ਇੰਡੋਨੇਸ਼ੀਆ ਦਾ ਰਾਜਧਾਨੀ ਵਾਲਾ ਵੱਡਾ ਸ਼ਹਿਰ ਹੈ। ਇਸ ਤੋਂ ਇਲਾਵਾ ਸਮਾਰਆਂਗ, ਸੁਬਈਆ, ਸੁਕਾਰਟਾ, ਜਾਗਯਾਕਾਰਟ ਇਥੋਂ ਦੇ ਹੋਰ ਵੱਡੇ ਸ਼ਹਿਰ ਹਨ।

          ਰਾਜ ਪ੍ਰਬੰਧ

          ਇਸ ਪੱਖੋਂ ਇਸਨੂੰ ਕੇਂਦਰੀ, ਪੱਛਮੀ ਅਤੇ ਪੂਰਬੀ ਤਿੰਨ ਪ੍ਰਾਂਤਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਤਿੰਨਾਂ ਤੋਂ ਇਲਾਵਾ ਰਾਜਧਾਨੀ ਗ੍ਰੇਟਰ ਜਕਾਰਤਾ ਅਤੇ ਯੋਕਯਾਕਾਰਤਾ ਨੂੰ ਖ਼ਾਸ ਪ੍ਰਸ਼ਾਸਕੀ ਅਖ਼ਤਿਆਰ ਹਾਸਲ ਹਨ। ਇਹ ਵੀ ਇਕ ਤਰ੍ਹਾਂ ਦੇ ਪ੍ਰਾਂਤ ਹੀ ਹਨ। ਪ੍ਰਾਂਤ ਅੱਗੋਂ ਡਿਸਟ੍ਰਿਕਟਾਂ ਅਤੇ ਉਪ-ਡਿਸਟ੍ਰਿਕਟਾਂ ਵਿਚ ਵੰਡੇ ਹੋਏ ਹਨ।

          ਹ. ਪੁ.––ਹਿੰ. ਵਿ. ਕੋ. 4 : 489; ਕੋਲ. ਐਨ. 10 : 643; ਐਨ. ਬ੍ਰਿ. ਮਾ. 5 : 529


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.