ਜਾਗੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਗੀਰ. ਫ਼ਾ ਸੰਗ੍ਯਾ—ਰਾਜੇ ਵੱਲੋਂ ਦਿੱਤੀ ਜ਼ਮੀਨ ਦੇ ਲੈਣ ਦੀ ਕ੍ਰਿਯਾ। ੨ ਉਹ ਗਾਂਵ ਅਥਵਾ ਜ਼ਮੀਨ ਜੋ ਰਾਜੇ ਵੱਲੋਂ ਕਿਸੇ ਨੂੰ ਮੁਅ਼੠ਫ਼ ਹੋਵੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਾਗੀਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Jagir_ਜਾਗੀਰ : ਸਾਧਾਰਨ ਬੋਲਚਾਲ ਵਿਚ ਜਾਗੀਰ ਦਾ ਮਤਲਬ ਹੈ ਕਿਸੇ ਵੱਡੇ ਕਾਰਨਾਮੇ ਨਾਲ ਜੁੜੇ ਗੌਰਵ ਦੇ ਪਾਲਣ ਲਈ ਬਖ਼ਸ਼ੀ ਗਈ ਭੋਂ ਵਿਚ ਕੋਈ ਹਿੱਤ ਜਾਂ ਨਕਦ ਇਨਾਮ। ਜਾਗੀਰ ਮਸ਼ਰੂਤ ਵੀ ਹੋ ਸਕਦੀ ਹੈ ਅਤੇ ਬਿਲਾ-ਸ਼ਰਤ ਵੀਂ ਹੋ ਸਕਦੀ ਹੈ। ਇਹ ਬਖ਼ਸ਼ੀਸ਼ ਆਮ ਤੌਰ ਤੇ ਧਾਰਕ ਦੀ ਉਮਰ ਲਈ ਹੁੰਦੀ ਹੈ ਅਤੇ ਉਸ ਦੀ ਮਿਰਤੂ ਉਤੇ ਮੁੜ ਰਾਜ ਦੀ ਹੋ ਜਾਂਦੀ ਹੈ, ਪਰ ਕਈ ਵਾਰੀ ਨਜ਼ਰਾਨੇ ਦੀ ਅਦਾਇਗੀ ਤੇ ਜਾਗੀਰਦਾਰ ਦੀ ਔਲਾਦ ਨੂੰ ਵੀ ਦੇ ਦਿਤੀ ਜਾਂਦੀ ਹੈ। ਅਕਸਰਵਾਰ ਮੁੱਢ ਵਿਚ ਹੀ ਉਸ ਦੇ ਜੱਦੀ ਹੋਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ। (ਉਮਰਾਉ ਸਿੰਘ ਅਜੀਤ ਸਿੰਘ ਜੀ ਬਨਾਮ ਭਗਵਤੀ ਸਿੰਘ ਬਲਬੀਰ ਸਿੰਘ-ਏ ਆਈ ਆਰ 1956 ਐਸ ਸੀ 15)।

       ਜਾਗੀਰ ਦੋ ਕਿਸਮਾਂ ਦੀ ਹੋ ਸਕਦੀ ਹੈ : (1) ਪਹਿਲੀ ਕਿਸਮ ਦੀ ਜਾਗੀਰ ਉਹ ਹੁੰਦੀ ਹੈ ਜਿਥੇ ਕੀਤੀਆਂ ਗਈਆਂ ਸੇਵਾਵਾਂ ਦੇ ਬਦਲੇ ਭੋਂ ਇਸ ਸ਼ਰਤ ਤੇ ਦਿੱਤੀ ਜਾਂਦੀ ਹੈ ਕਿ (1) ਸੇਵਾਵਾਂ ਨ ਕਰਨ ਜਾਂ ਬੰਦ ਕਰ ਦੇਣ ਜਾਂ ਅਜਿਹੀਆਂ ਸੇਵਾਵਾਂ ਦੀ ਲੋੜਰਹਿਣ ਤੇ ਭੋਂ ਦੇਣ ਵਾਲੇ ਨੂੰ ਵਾਪਸ ਹੋ ਜਾਵੇਗੀ (2) ਦੂਜੀ ਕਿਸਮ ਦੀ ਜਾਗੀਰ ਉਹ ਹੁੰਦੀ ਹੈ ਜਿਥੇ ਸੇਵਾਵਾਂ ਦੇ ਬਦਲੇ ਭੋਂਦਾਰ ਦਾ ਸਾਰੇ ਦਾ ਸਾਰਾ ਲਗਾਨ ਜਾਂ ਉਸ ਦਾ ਕੁਝ ਹਿੱਸਾ ਮਾਫ਼ ਕੀਤਾ ਗਿਆ ਹੁੰਦਾ ਹੈ।

       ਠਾਕੁਰ ਅਮਰ ਸਿੰਹੁ-ਜੀ ਬਨਾਮ ਰਾਜਸਥਾਨ ਰਾਜ (ਏ ਆਈ ਆਰ 1955 ਐਸ ਸੀ 504) ਵਿਚ ਸਰਵ-ਉੱਚ ਅਦਾਲਤ ਅਨੁਸਾਰ ਸ਼ੁਰੂ ਵਿਚ ਇਸ ਸ਼ਬਦ ਦੀ ਵਰਤੋਂ ਰਾਜਪੂਤ ਰਾਜਿਆਂ ਵਲੋਂ ਆਪਣੇ ਕਬੀਲੇ ਅਥਵਾ ਬਰਾਦਰੀ ਨੂੰ ਕੀਤੀ ਗਈ ਜਾਂ ਕੀਤੀ ਜਾਣ ਵਾਲੀ ਫ਼ੌਜੀ ਸੇਵਾ ਲਈ ਦਿੱਤੀਆਂ ਜਾਂਦੀਆਂ ਗ੍ਰਾਂਟਾਂ ਲਈ ਕੀਤੀ ਜਾਂਦੀ ਸੀ। ਬਾਦ ਵਿਚ ਧਾਰਮਕ ਅਤੇ ਖ਼ੈਰਾਤੀ ਪ੍ਰਯੋਜਨਾਂ ਲਈ ਦਿੱਤੀਆਂ ਜਾਂਦੀਆਂ ਗ੍ਰਾਂਟਾਂ, ਗ਼ੈਰ-ਰਾਜਪੂਤ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਗ੍ਰਾਂਟਾਂ ਵੀ ਇਸ ਵਿਚ ਸ਼ਾਮਲ ਸਨ , ਨੂੰ ਵੀ ਆਮ ਬੋਲ ਚਾਲ ਅਤੇ ਵਿਧਾਨਸਾਜ਼ੀ ਦੇ ਪ੍ਰਯੋਜਨਾਂ ਲਈ ਵੀ, ਜਾਗੀਰ ਕਿਹਾ ਜਾਣ ਲਗ ਪਿਆ। ਸ਼ੁਰੂ ਵਿਚ ਇਸ ਸ਼ਬਦ ਦਾ ਮਤਲਬ ਅਜਿਹੀਆਂ ਜ਼ਮੀਨਾਂ ਦੀ ਗ੍ਰਾਂਟ ਸੀ ਜਿਨ੍ਹਾਂ ਦਾ ਮਾਲੀਆ ਮਾਫ਼ ਹੁੰਦਾ ਸੀ ਅਤੇ ਜਿਸ ਨੂੰ ਜਾਗੀਰ ਦਿੱਤੀ ਜਾਂਦੀ ਸੀ, ਉਸ ਨੂੰ ਮਾਫ਼ੀਦਾਰ ਵੀ ਕਿਹਾ ਜਾਂਦਾ ਸੀ। ਸਰਵ-ਉੱਚ ਅਦਾਲਤ ਅਨੁਸਾਰ ਹੁਣ ਇਸ ਸ਼ਬਦ ਦੇ ਅਰਥਾਂ ਵਿਚ ਉਹ ਸਾਰੀਆਂ ਗ੍ਰਾਂਟਾਂ ਸ਼ਾਮਲ ਹਨ ਜੋ ਗ੍ਰਾਂਟ ਲੈਣ ਵਾਲੇ ਨੂੰ ਮਾਲੀਏ ਦੇ ਹੱਕ ਪ੍ਰਦਾਨ ਕਰਦੇ ਹਨ। ਅਦਾਲਤ ਅਨੁਸਾਰ ਸੰਵਿਧਾਨ ਦੇ ਅਨੁਛੇਦ 31-ੳ ਵਿਚ ਜਾਗੀਰ ਸ਼ਬਦ ਦੀ ਵਰਤੋਂ ਇਨ੍ਹਾਂ ਹੀ ਅਰਥਾਂ ਵਿਚ ਕੀਤੀ ਗਈ ਹੈ।

       ਉਸ ਉਪਰੰਤ ਮਹਾਰਾਜ ਅਧਿਰਾਜ ਹਿੰਮਤ ਸਿੰਘ ਜੀ ਬਨਾਮ ਰਾਜੱਸਸਥਾਨ ਰਾਜ (ਏ ਆਈ ਆਰ 1987 ਐਸ ਸੀ 82) ਵਿਚ ਸਰਵ-ਉੱਚ ਅਦਾਲਤ ਨੇ ਮੁੜ ਉਪਰੋਕਤ ਫ਼ੈਸਲੇ ਨੂੰ ਦੁਹਰਾਉਂਦਿਆ ਕਿਹਾ ਹੈ ਕਿ ਆਮ ਬੋਲ-ਚਾਲ ਵਿਚ ਅਤੇ ਵਿਧਾਨਸਾਜ਼ੀ ਵਿਚ ਵੀ ਸ਼ਬਦ ਜਾਗੀਰ ਦੇ ਅਰਥਾਂ ਵਿਚ ਉਹ ਸਾਰੀਆਂ ਗ੍ਰਾਂਟਾਂ ਸ਼ਾਮਲ ਹਨ ਜੋ ਗ੍ਰਾਂਟ-ਪਾਤਰ ਨੂੰ ਭੋਂ ਮਾਲੀਏ ਬਾਰੇ ਅਧਿਕਾਰ ਪ੍ਰਦਾਨ ਕਰਦੀਆਂ ਹਨ।

       ਪੰਜਾਬ ਵਿਚ ਜਾਗੀਰ ਦਾ ਅਰਥ ਆਮ ਤੌਰ ਤੇ ਸਿਰਫ਼ ਮਾਲੀਏ ਦੇ ਅਤਾ ਕੀਤੇ ਜਾਣ ਤਕ ਸੀਮਤ ਹੈ। ਜਾਗੀਰ ਦਾ ਮਤਲਬ ਆਮ ਤੌਰ ਤੇ ਭੋਂ ਤੋਂ ਨਹੀਂ ਹੁੰਦਾ (ਮਾਇਆ ਦਾਸ ਬਨਾਮ ਗੁਰਦਿਤ ਸਿੰਘ 16 ਆਈ ਸੀ 855)।

       ਮਾਫ਼ੀ ਅਤੇ ਜਾਗੀਰ ਵਿਚ ਫ਼ਰਕ ਇਹ ਹੈ ਕਿ ਮਾਫ਼ੀ ਵਿਚ ਮਾਲਕ ਨੂੰ ਮਾਲੀਆ ਅਦਾ ਕਰਨ ਤੋਂ ਮਾਫ਼ ਕੀਤਾ ਜਾਂਦਾ ਹੈ ਜਦ ਕਿ ਜਾਗੀਰ ਵਿਚ ਮਾਲੀਆ ਅਦਾ ਕੀਤਾ ਜਾਂਦਾ ਹੈ, ਮਾਲੀਆ ਇਕੱਠਾ ਕਰਕੇ ਜਾਗੀਰਦਾਰ ਨੂੰ ਅਦਾ ਕੀਤਾ ਜਾਂਦਾ ਹੈ। ਹੋ ਸਕਦਾ ਹੈ ਕਿ ਜਾਗੀਰਦਾਰ ਬਾਦ ਵਿਚ ਉਹ ਭੋਂ ਅਰਜਤ ਕਰ ਲਵੇ ਅਤੇ ਜੇ ਉਹ ਇਸ ਤਰ੍ਹਾਂ ਕਰ ਲਵੇ ਤਾਂ ਅਤੀਆ ਤਕਨੀਕੀ ਤੌਰ ਤੇ ਮਾਫ਼ੀ ਬਣ ਜਾਂਦਾ ਹੈ, ਭਾਵੇਂ ਕਾਗ਼ਜ਼ਾਂ ਵਿਚ ਜਾਗੀਰ ਦੇ ਤੌਰ ਤੇ ਵਿਖਾਇਆ ਜਾਂਦਾ ਹੈ। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਮ ਕਰਮ ਸਿੰਘ ਏ ਆਈ ਆਰ 1930 ਲਾਹੌ. 46)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.