ਜਸਵੰਤ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਸਵੰਤ ਸਿੰਘ. ਜੋਧਪੁਰ ਦਾ ਰਾਜਾ ਜੋ ਗਜ ਸਿੰਘ ਦਾ ਪੁਤ੍ਰ ਸੀ. ਇਹ ਸੰਮਤ ੧੬੯੪ (ਸਨ ੧੬੩੮) ਵਿੱਚ ਗੱਦੀ ਤੇ ਬੈਠਾ. ਇਹ ਪਹਿਲਾਂ ਸ਼ਾਹਜਹਾਂ ਦਾ ਫੌਜਦਾਰ ਸੀ ਫੇਰ ਔਰੰਗਜ਼ੇਬ ਦਾ ਸੱਤਹਜ਼ਾਰੀ ਮਨਸਬਦਾਰ ਹੋਇਆ. ਇਸ ਨੂੰ ਜਮਰੋਦ ਦਾ ਫੌਜਦਾਰ ਬਣਾਕੇ ਭੇਜਿਆ ਗਿਆ, ਜਿੱਥੇ ਸਨ ੧੬੭੮ ਵਿੱਚ ਮੋਇਆ.1 ਇਸ ਦੇ ਮਰਣ ਪੁਰ ਅ਼ਲਮਗੀਰ ਨੇ ਇਸ ਦੀ ਸੰਤਾਨ ਨੂੰ ਮੁਸਲਮਾਨ ਕਰਨਾ ਚਾਹਿਆ, ਪਰ ਚਤੁਰ ਰਾਣੀ ਅਤੇ ਅਹਿਲਕਾਰਾਂ ਦੇ ਯਤਨ ਨਾਲ , ਇਸ ਦਾ ਕੁਟੰਬ ਦਿੱਲੀ ਤੋਂ ਭੱਜ ਆਇਆ. ਸ਼ਾਹੀ ਫ਼ੌਜ ਨੇ ਪਿੱਛਾ ਕੀਤਾ ਅਤੇ ਸਾਰੇ ਦਲ ਨੂੰ ਮਾਰ ਮੁਕਾਇਆ, ਕੇਵਲ ਟਿੱਕਾ ਅਜੀਤ ਸਿੰਘ ਅਤੇ ਉਸ ਦੀ ਮਾਂ ਲੁਕਕੇ ਬਚੇ. ਔਰੰਗਜ਼ੇਬ ਦੇ ਮਰਣ ਪੁਰ ਅਜੀਤ ਸਿੰਘ ਨੂੰ ਜੋਧਪੁਰ ਰਿਆਸਤ ਸਨ ੧੭੧੧ ਵਿੱਚ ਵਾਪਿਸ ਮਿਲੀ ਅਤੇ ਫ਼ਰਰੁਖ਼ਸਿਯਰ ਬਾਦਸ਼ਾਹ ਨੇ ਉਸ ਦੀ ਬੇਟੀ ਨਾਲ ਸ਼ਾਦੀ ਕੀਤੀ. ਦੇਖੋ, ਫਰਰੁਖਸਿਯਰ।
੨ ਫੂਲਵੰਸ਼ੀ ਰਾਜਾ ਹਮੀਰ ਸਿੰਘ ਨਾਭਾਪਤਿ ਦਾ ਰਾਣੀ ਰਾਜ ਕੌਰ ਦੇ ਉਦਰ ਤੋਂ ਸੁਪੁਤ੍ਰ, ਜਿਸ ਦਾ ਜਨਮ ਸਨ ੧੭੭੫ ਵਿੱਚ ਬਡਬਰ ਪਿੰਡ ਹੋਇਆ. ਪਿਤਾ ਦੇ ਮਰਣ ਪਿੱਛੋਂ ਇਹ ਅੱਠ ਵਰ੍ਹੇ ਦੀ ਉਮਰ ਵਿੱਚ ਸਨ ੧੭੮੩ ਵਿੱਚ ਨਾਭੇ ਦੀ ਗੱਦੀ ਤੇ ਬੈਠਾ. ਇਸ ਦੀ ਨਾਬਾਲਗੀ ਦੇ ਸਮੇਂ ਉਸ ਦੀ ਮਤੇਈ ਮਾਈ ਦੇਸੋ, ਜੋ ਵਡੀ ਧਰਮਾਤਮਾ ਅਤੇ ਨੀਤਿਨਿਪੁਣ ਸੀ, ਰਾਜਪ੍ਰਬੰਧ ਕਰਦੀ ਰਹੀ. ਰਾਜਾ ਜਸਵੰਤ ਸਿੰਘ ਵਡਾ ਦੂਰੰਦੇਸ਼ ਅਤੇ ਚਤੁਰ ਰਾਜਾ ਸੀ. ਇਸ ਨੇ ਅੰਗ੍ਰੇਜ਼ੀ ਸਰਕਾਰ ਨੂੰ ਅਨੇਕ ਜੰਗਾਂ ਵਿੱਚ ਸਹਾਇਤਾ ਦਿੱਤੀ. ਪ੍ਰਜਾ ਦੀ ਪਾਲਨਾ ਅਤੇ ਵਿਦ੍ਵਾਨਾਂ ਨੂੰ ਸਨਮਾਨ ਨਾਲ ਆਪਣੇ ਪਾਸ ਰੱਖਣਾ ਇਸ ਦਾ ਮੁੱਖ ਕਰਮ ਸੀ. ਰਾਜਾ ਜਸਵੰਤ ਸਿੰਘ ਦਾ ਦੇਹਾਂਤ ੨੨ ਮਈ ਸਨ ੧੮੪੦ ਨੂੰ ਛਿਆਹਠ ਵਰ੍ਹੇ ਦੀ ਉਮਰ ਵਿਚ ਨਾਭੇ ਹੋਇਆ। ੩ ਦੇਖੋ, ਖੁਦਾ ਸਿੰਘ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਸਵੰਤ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜਸਵੰਤ ਸਿੰਘ (1896-1964 ਈ.): ਇਹ ਸ. ਅਮਰ ਸਿੰਘ ਝਬਾਲ ਵਾਲੇ ਦਾ ਸਭ ਤੋਂ ਛੋਟਾ ਭਰਾ ਸੀ ਅਤੇ ਆਪਣੇ ਦੋਹਾਂ ਭਰਾਵਾਂ ਨਾਲ ਰਲ ਕੇ ਗੁਰਦੁਆਰਾ ਸੁਧਾਰ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਸੀ। ਇਸ ਦਾ ਜਨਮ ਸ. ਗੁਲਾਬ ਸਿੰਘ ਦੇ ਘਰ 17 ਜੂਨ 1896 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਝਬਾਲ ਪਿੰਡ ਵਿਚ ਹੋਇਆ। ਖ਼ਾਲਸਾ ਹਾਈ ਸਕੂਲ , ਲਾਹੌਰ ਤੋਂ ਸੰਨ 1916 ਈ. ਵਿਚ ਦਸਵੀਂ ਪਾਸ ਕਰਕੇ ਅਗੋਂ ਪੜ੍ਹਨ ਲਈ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਦਾਖ਼ਲ ਹੋਇਆ, ਪਰ ਸੰਨ 1918 ਈ. ਵਿਚ ਪਿਤਾ ਦੀ ਮ੍ਰਿਤੂ ਤੋਂ ਬਾਦ ਇਹ ਪੜ੍ਹਾਈ ਵਿਚੇ ਛਡ ਕੇ ਪਿੰਡ ਆ ਗਿਆ। ਆਪਣੇ ਦੋ ਵਡਿਆਂ ਭਰਾਵਾਂ ਅਮਰ ਸਿੰਘ ਅਤੇ ਸਰਮੁਖ ਸਿੰਘ ਵਾਂਗ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਭਾਗ ਲੈਣ ਲਗ ਗਿਆ ਅਤੇ 23 ਵਰ੍ਹਿਆਂ ਦੀ ਉਮਰ ਵਿਚ ਪਿੰਡ ਦੀ ਸ੍ਰੀ ਗੁਰੂ ਸਿੰਘ ਸਭਾ ਦਾ ਪ੍ਰਧਾਨ ਬਣਿਆ। ਇਸ ਨੇ ਆਪਣੇ ਭਰਾਵਾਂ ਨਾਲ ਰਲ ਕੇ ਗੁਰਦੁਆਰਾ ਰਕਾਬਗੰਜ ਨਵੀਂ ਦਿੱਲੀ ਦੀ ਦੀਵਾਰ ਦੀ ਪੁਨਰ-ਉਸਾਰੀ, ਗੁਰਦੁਆਰਾ ਬਾਬੇ ਦੀ ਬੇਰ , ਸਿਆਲਕੋਟ ਦੇ ਪ੍ਰਬੰਧਕੀ ਸੁਧਾਰ ਅਤੇ ਦਰਬਾਰ ਸਾਹਿਬ ਦੇ ਸਰਕਾਰ ਦੁਆਰਾ ਨਿਯੁਕਤ ਸਰਬਰਾਹ ਨੂੰ ਹਟਾਉਣ ਦੀਆਂ ਕਾਰਵਾਈਆਂ ਵਿਚ ਯੋਗਦਾਨ ਪਾਇਆ।
ਸੰਨ 1920 ਈ. ਵਿਚ ਬਣੀ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਇਹ ਮੈਂਬਰ ਨਾਮਜ਼ਦ ਹੋਇਆ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਬਣਿਆ। 11 ਮਈ 1921 ਈ. ਨੂੰ ਨਨਕਾਣਾ ਸਾਹਿਬ ਦੇ ਦੁਖਾਂਤ ਸੰਬੰਧੀ ਤਰਨਤਾਰਨ ਵਿਚ ਭਾਸ਼ਣ ਦੇਣ ’ਤੇ ਛੇ ਹਫ਼ਤਿਆਂ ਲਈ ਜੇਲ੍ਹ ਵਿਚ ਬੰਦ ਰਿਹਾ। 26 ਨਵੰਬਰ 1921 ਈ. ਨੂੰ ਦਰਬਾਰ ਸਾਹਿਬ ਦੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਲੈਣ ਲਈ ਲਗਾਏ ਗਏ ਮੋਰਚੇ ਸੰਬੰਧੀ ਅਜਨਾਲਾ ਨਗਰ ਵਿਚ ਇਕ ਦੀਵਾਨ ਆਯੋਜਿਤ ਕਰਨ ਲਈ ਪਕੜ ਲਿਆ ਗਿਆ। ਫਰਵਰੀ 1922 ਈ.ਵਿਚ ਇਸ ਨੂੰ ਇਕ ਵਿਦਰੋਹੀ ਸੁਰ ਵਾਲਾ ਭਾਸ਼ਣ ਦੇਣ ਕਾਰਣ ਪਕੜ ਲਿਆ ਗਿਆ ਅਤੇ ਸਜ਼ਾ ਭੁਗਤਣ ਲਈ ਡੇਰਾ ਗ਼ਾਜ਼ੀਖ਼ਾਨ ਦੀ ਜੇਲ੍ਹ ਵਿਚ ਭੇਜਿਆ ਗਿਆ। ਉਥੇ ਕਾਲੀ ਪਗੜੀ ਬੰਨ੍ਹਣ ਕਰਕੇ ਇਸ ਦੀ ਸਜ਼ਾ ਵਿਚ ਵਾਧਾ ਹੋਇਆ। ਫਰਵਰੀ 1925 ਈ. ਵਿਚ ਇਹ ਰਿਹਾ ਹੋਇਆ ਅਤੇ 4 ਨਵੰਬਰ 1925 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਬਣਾਇਆ ਗਿਆ। ਸੰਨ 1926 ਈ. ਦੀ ਚੋਣ ਵੇਲੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਮੈਂਬਰ ਚੁਣਿਆ ਗਿਆ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਬਾਰ ਸਾਹਿਬ ਦਾ ਪ੍ਰਧਾਨ ਬਣਿਆ। ਸੰਨ 1933 ਈ. ਵਿਚ ਇਹ ਦਰਬਾਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਫਿਰ ਪ੍ਰਧਾਨ ਬਣਿਆ। ਬਾਬਾ ਖੜਕ ਸਿੰਘ ਵਲੋਂ ਬਣਾਏ ਗਏ ਸੈਂਟ੍ਰਲ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਕਾਰਣ ਅਤੇ ਕਾਂਗ੍ਰਸ ਪਾਰਟੀ ਵਲ ਝੁਕਾਓ ਰਖਣ ਕਰਕੇ ਇਸ ਦਾ ਸਿੱਖ ਰਾਜਨੀਤੀ ਵਿਚ ਮਹੱਤਵ ਘਟਦਾ ਗਿਆ ਅਤੇ ਨਵੀਂ ਲੀਡਰਸ਼ਿਪ ਦੇ ਸਾਹਮਣੇ ਟਿਕ ਨ ਸਕਿਆ। 14 ਜੁਲਾਈ 1964 ਈ. ਨੂੰ ਇਸ ਦਾ ਦੇਹਾਂਤ ਚੰਡੀਗੜ੍ਹ ਵਿਚ ਹੋਇਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਜਸਵੰਤ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਸਵੰਤ ਸਿੰਘ : ਇਹ ਜੋਧਪੁਰ ਦੇ ਰਾਜਾ ਰਾਜ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ। 25 ਮਈ, 1638 ਨੂੰ ਬਾਰਾਂ ਸਾਲ ਦੀ ਉਮਰ ਵਿਚ ਇਹ ਗੱਦੀ ਤੇ ਬੈਠਾ। ਇਸ ਨੇ ਸ਼ਾਹ ਜਹਾਂ ਦੇ ਸਮੇਂ ਫ਼ੌਜਦਾਰ ਦੇ ਅਹੁਦੇ ਤੇ ਕੰਮ ਕੀਤਾ। ਸੰਨ 1648 ਵਿਚ ਇਸ ਨੇ ਕੰਧਾਰ ਨੂੰ ਘੇਰ ਕੇ ਕਿਲੇ ਤੇ ਕਬਜ਼ਾ ਕਰ ਲਿਆ। ਸੰਨ 1665 ਵਿਚ ਇਸ ਨੂੰ ਮਹਾਰਾਜਾ ਦੀ ਪਦਵੀ ਮਿਲੀ। ਸ਼ਾਹਜਹਾਨ ਦੇ ਬੀਮਾਰ ਹੋਣ ਤੇ ਰਾਜ ਅਧਿਕਾਰ ਲਈ ਉਸ ਦੇ ਪੁੱਤਰਾਂ ਵਿਚ ਲੜਾਈ ਸਮੇਂ ਦਾਰਾ ਸ਼ਿਕੋਹ ਨੇ ਬਾਦਸ਼ਾਹ ਨੂੰ ਕਹਿ ਕੇ ਜਸਵੰਤ ਸਿੰਘ ਦਾ ਮਨਸਬ 7,000 ਜਾਤ ਅਤੇ 7,000 ਸਵਾਰ ਕਰਵਾਇਆ ਅਤੇ ਇਸ ਤੋਂ ਇਲਾਵਾ ਇਕ ਲੱਖ ਰੁਪਿਆ ਅਤੇ ਮਾਲਵੇ ਦੀ ਸੂਬੇਦਾਰੀ ਦੇ ਕੇ ਔਰੰਗਜ਼ੇਬ ਵਿਰੁੱਧ ਭੇਜਿਆ ਸੀ। ਧਰਮਤ ਨਾਮੀ ਸਥਾਨ ਤੇ ਇਸ ਲੜਾਈ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਕੌੜੇ ਵਿਚ ਸ਼ਾਹਸੁਜ਼ਾ ਅਤੇ ਔਰੰਗਜ਼ੇਬ ਦੇ ਯੁੱਧ ਸਮੇਂ ਇਸ ਨੇ ਔਰੰਗਜ਼ੇਬ ਦੀ ਫ਼ੌਜ ਦਾ ਕਾਫ਼ੀ ਨੁਕਸਾਨ ਕੀਤਾ ਅਤੇ ਜੋਧਪੁਰ ਚਲਾ ਗਿਆ। ਸ਼ਾਹਸੁਜ਼ਾ ਯੁੱਧ ਵਿਚ ਹਾਰ ਗਿਆ। ਔਰੰਗਜ਼ੇਬ ਨੂੰ ਜਸਵੰਤ ਸਿੰਘ ਉੱਤੇ ਕਾਫ਼ੀ ਗੁੱਸਾ ਆਇਆ ਪਰ ਰਾਜਾ ਜੈ ਸਿੰਘ ਦੇ ਵਿਚ ਪੈ ਜਾਣ ਕਾਰਨ ਔਰੰਗਜ਼ੇਬ ਨੇ ਚੰਗੇ ਸਬੰਧ ਸਥਾਪਿਤ ਕਰਨਾ ਹੀ ਠੀਕ ਸਮਝਿਆ। ਸੰਨ 1659 ਵਿਚ ਇਸ ਨੂੰ ਗੁਜਰਾਤ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਇਸ ਦੀ ਥਾਂ ਤੇ ਮਹਾਵਤ ਖਾਂ ਨੂੰ ਨਿਯੁਕਤ ਕਰ ਦਿੱਤਾ।
ਸੰਨ 1670 ਵਿਚ ਜਸਵੰਤ ਸਿੰਘ ਨੂੰ ਦੁਬਾਰਾ ਗੁਜਰਾਤ ਦਾ ਸੂਬੇਦਾਰ ਬਣਾ ਦਿੱਤਾ ਅਤੇ 1673 ਈ. ਵਿਚ ਬਾਦਸ਼ਾਹੀ ਫੁਰਮਾਨ ਮਿਲਣ ਤੇ ਇਹ ਕਾਬਲ ਚਲਾ ਗਿਆ। ਇਸ ਨੂੰ ਜਮਰੌਦ ਦਾ ਫ਼ੌਜਦਾਰ ਬਣਾ ਕੇ ਭੇਜਿਆ ਗਿਆ ਜਿਥੇ 28 ਨਵੰਬਰ, 1738 ਈ. ਵਿਚ ਜਸਵੰਤ ਸਿੰਘ ਦੀ ਮੌਤ ਹੋ ਗਈ।
ਇਸ ਦੀ ਮੌਤ ਉਪਰੰਤ ਔਰੰਗਜ਼ੇਬ ਨੇ ਇਸ ਦੀ ਸੰਤਾਨ ਨੂੰ ਮੁਸਲਮਾਨ ਬਣਾਉਣਾ ਚਾਹਿਆ ਪਰੰਤੂ ਚਤੁਰ ਰਾਣੀ ਅਤੇ ਅਹਿਲਕਾਰਾਂ ਦੇ ਯਤਨਾਂ ਨਾਲ ਇਸ ਦਾ ਪਰਿਵਾਰ ਦਿੱਲੀ ਤੋਂ ਭੱਜ ਗਿਆ। ਸ਼ਾਹੀ ਫ਼ੌਜ ਨੇ ਪਿੱਛਾ ਕਰਕੇ ਸਾਰਿਆਂ ਨੂੰ ਮਾਰ ਦਿੱਤਾ। ਸਿਰਫ਼ ਟਿੱਕਾ ਅਜੀਤ ਸਿੰਘ ਅਤੇ ਉਸ ਦੀ ਮਾਤਾ ਲੁਕ ਕੇ ਬਚ ਗਏ। ਔਰੰਗਜ਼ੇਬ ਦੀ ਮੌਤ ਤੋਂ ਬਾਅਦ 1711 ਈ. ਵਿਚ ਅਜੀਤ ਸਿੰਘ ਨੂੰ ਜੋਧਪੁਰ ਰਿਆਸਤ ਵਾਪਸ ਮਿਲ ਗਈ।
ਮਹਾਰਾਜਾ ਜਸਵੰਤ ਸਿੰਘ ਬੜਾ ਬੀਰ ਅਤੇ ਸਾਹਸੀ ਸੀ। ਉਸ ਨੇ ਬਹੁਤ ਸਾਰੇ ਗ੍ਰੰਥਾਂ ਦੀ ਰਚਨਾ ਵੀ ਕੀਤੀ। ਭਾਸ਼ਾ ਭੂਸ਼ਨ, ਅਨੁਭਵ ਪ੍ਰਕਾਸ਼, ਅਨੰਦ ਵਿਲਾਸ, ਸਿਧਾਂਤ ਬੋਧ, ਸਿਧਾਂਤ ਸਾਰ ਆਦਿ ਇਸ ਦੇ ਗ੍ਰੰਥ ਪ੍ਰਸਿੱਧ ਹਨ। ਜਸਵੰਤ ਸਿੰਘ ਦੇ ਹਿਰਦੇ ਵਿਚ ਹਿੰਦੂਆਂ ਪ੍ਰਤੀ ਪ੍ਰੇਮ ਦੀ ਭਾਵਨਾ ਭਰਪੂਰ ਸੀ, ਜੋ ਔਰੰਗਜ਼ੇਬ ਨੂੰ ਪਸੰਦ ਨਹੀਂ ਸੀ। ਇਹੀ ਕਾਰਨ ਹੈ ਕਿ ਜਸਵੰਤ ਸਿੰਘ ਦੇ ਮਰਨ ਤੇ ਔਰੰਗਜ਼ੇਬ ਨੇ ਕਿਹਾ ਸੀ ਕਿ ਅੱਜ ਕੁਫ਼ਰ ਦਾ ਦਰਵਾਜ਼ਾ ਟੁਟ ਗਿਆ ਹੈ। ਹਿੰਦੂਆਂ ਦੇ ਮਨਾਂ ਵਿਚ ਵੀ ਜਸਵੰਤ ਸਿੰਘ ਪ੍ਰਤੀ ਆਦਰ ਸੀ। ਇਸੇ ਕਰਕੇ ਉਸ ਦੀ ਮੌਤ ਤੋਂ ਬਾਅਦ ਔਰੰਗਜ਼ੇਬ ਨੇ ਜੋਧਪੁਰ ਨੂੰ ਹੜਪ ਕਰਨ ਅਤੇ ਉਥੋਂ ਦੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਚਾਹਿਆ ਤਾਂ ਸਾਰੇ ਰਾਜਸਥਾਨ ਵਿਚ ਬਗਾਵਤ ਖੜ੍ਹੀ ਹੋ ਗਈ, ਇਥੋਂ ਹੀ ਰਾਜਪੂਤ ਯੁੱਧ ਦੀ ਸ਼ੁਰੂਆਤ ਹੁੰਦੀ ਹੈ।
ਹ. ਪੁ.––ਮ. ਕੋ. 496; ਹਿੰ. ਵਿ. ਕੋ. 4 : 433
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਜਸਵੰਤ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਜਸਵੰਤ ਸਿੰਘ : ਇਹ ਨਾਭਾ ਦੇ ਰਾਜਾ ਹਮੀਰ ਸਿੰਘ ਦਾ ਸਪੁੱਤਰ ਸੀ ਜੋ 1783 ਈ. ਵਿਚ ਹਮੀਰ ਸਿੰਘ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਰਿਆਸਤ ਨਾਭਾ ਦਾ ਹਾਕਮ ਬਣਿਆ। ਇਸ ਦਾ ਜਨਮ ਰਾਣੀ ਰਾਜ ਕੌਰ ਦੇ ਉਦਰ ਤੋਂ 1775 ਈ. ਵਿਚ ਬਡਬਰ ਪਿੰਡ ਵਿਖੇ ਹੋਇਆ। ਰਾਜਾ ਜਸਵੰਤ ਸਿੰਘ ਦਾ ਪਾਲਣ ਪੋਸ਼ਣ ਮਤਰੇਈ ਮਾਂ ਮਾਈ ਦੇਸੋ ਨੇ ਕੀਤਾ। ਇਸ ਦੀ ਨਾਬਾਲਗ਼ੀ ਸਮੇਂ ਮਾਈ ਦੇਸੋ ਹੀ ਸਰਪ੍ਰਸਤ ਬਣੀ ਜਿਸ ਨੇ ਆਪਣੀ ਮੌਤ (1790) ਤਕ ਰਾਜ ਪ੍ਰਬੰਧ ਚਲਾਇਆ।
ਰਾਜਾ ਜਸਵੰਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਿਲੋਂ ਹਮਾਇਤੀ ਸੀ। ਸੰਨ 1806 ਦੇ ਸਤਲੁਜ-ਪਾਰ ਹਮਲੇ ਵਿਚ ਸ਼ੇਰੇ ਪੰਜਾਬ ਨੇ ਨਾਭੇ ਨੂੰ ਕੋਟ, ਬਾਸੀਆਂ, ਤਲਵੰਡੀ, ਜਗਰਾਉਂ ਆਦਿ ਪਰਗਣਿਆਂ ਵਿਚੋਂ 31 ਪਿੰਡ ਤੇ ਪਰਗਣਾ ਘੁੰਗਰਾਣਾ ਵਿਚੋਂ 7 ਪਿੰਡ ਦਿੱਤੇ। ਮਹਾਰਾਜਾ ਰਣਜੀਤ ਸਿੰਘ ਦੀ ਸਤਲੁਜ-ਪਾਰ ਆਖ਼ਰੀ ਮੁਹਿੰਮ ਵਿਚ ਵੀ ਰਾਜਾ ਜਸਵੰਤ ਸਿੰਘ ਉਸ ਦੇ ਨਾਲ ਸੀ ਪਰ 1809 ਈ. ਵਿਚ ਮਾਲਵੇ ਦੀਆਂ ਬਾਕੀ ਰਿਆਸਤਾਂ ਸਮੇਤ ਇਸ ਨੇ ਵੀ ਅੰਗਰੇਜ਼ਾਂ ਦੀ ਸਰਪ੍ਰਸਤੀ ਮੰਨ ਲਈ।
ਰਾਜਾ ਜਸਵੰਤ ਸਿੰਘ ਕਾਫ਼ੀ ਦੂਰ ਅੰਦੇਸ਼ ਅਤੇ ਹੁਸ਼ਿਆਰ ਰਾਜਾ ਸੀ। ਅੰਗਰੇਜ਼ਾਂ ਦੀ ਸਰਪ੍ਰਸਤੀ ਕਬੂਲਣ ਮਗਰੋਂ ਇਸ ਨੇ ਅੰਗਰੇਜ਼ੀ ਸਰਕਾਰ ਦੀ ਅਨੇਕ ਜੰਗਾਂ ਵਿਚ ਸਹਾਇਤਾ ਕੀਤੀ। ਪਰਜਾ ਦੀ ਪਾਲਣਾ ਅਤੇ ਵਿਦਵਾਨਾਂ ਨੂੰ ਸਨਮਾਨ ਨਾਲ ਆਪਣੇ ਪਾਸ ਰੱਖਣਾ ਇਸ ਦਾ ਮੁੱਖ ਕਾਰਜ ਸੀ।
ਇਸ ਨੂੰ ਸਤੰਬਰ, 1810 ਵਿਚ ਦਿੱਲੀ ਦੇ ਸ਼ਹਿਨਸ਼ਾਹ ਮੁਹੰਮਦ ਅਕਬਰ ਸ਼ਾਹ ਵੱਲੋਂ ‘‘ਬਰਾੜ ਬੰਸ ਸਿਰਮੌਰ ਮਾਲਵੇਂਦਰਾ ਬਹਾਦੁਰ’’ ਦਾ ਖ਼ਿਤਾਬ ਪ੍ਰਾਪਤ ਹੋਇਆ। ਰਾਜਾ ਜਸਵੰਤ ਸਿੰਘ ਦਾ ਆਪਣੇ ਵੱਡੇ ਪੁੱਤਰ ਰਣਜੀਤ ਸਿੰਘ ਨਾਲ ਹਮੇਸ਼ਾ ਹੀ ਲੜਾਈ ਝਗੜਾ ਰਿਹਾ। ਅੰਤ 17 ਜੂਨ, 1832 ਨੂੰ ਟਿੱਕਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ। ਉਸ ਦਾ ਪੁੱਤਰ ਸੰਤੋਖ ਸਿੰਘ ਦੋ ਸਾਲ ਪਹਿਲਾਂ (1830 ਈ.) ਹੀ ਚਲਾਣਾ ਕਰ ਗਿਆ ਸੀ।
ਰਾਜਾ ਜਸਵੰਤ ਸਿੰਘ 22 ਮਈ, 1840 ਨੂੰ 76 ਵਰ੍ਹੇ ਦੀ ਉਮਰ ਭੋਗ ਕੇ ਨਾਭੇ ਵਿਚ ਹੀ ਸਵਰਗਵਾਸ ਹੋਇਆ। ਇਸ ਦੀ ਮੌਤ ਤੋਂ ਬਾਅਦ ਦੇਵਿੰਦਰ ਸਿੰਘ ਰਾਜਾ ਬਣਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-28-04-51-03, ਹਵਾਲੇ/ਟਿੱਪਣੀਆਂ: ਹ. ਪੁ. –ਹਿ. ਪੰ. -ਲਤੀਫ਼ 332; ਸਿ. ਮਿ. : 159; ਮ. ਕੋ. : 496
ਵਿਚਾਰ / ਸੁਝਾਅ
Please Login First