ਜਵਾਹਰ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਵਾਹਰ ਸਿੰਘ. ਦੇਖੋ, ਗੰਗੂਸ਼ਾਹ। ੨ ਆਗਰਾ ਨਿਵਾਸੀ ਜੜੀਆ ਸਿੱਖ , ਜੋ ਦਸ਼ਮੇਸ਼ ਦੇ ਆਗਰੇ ਪਧਾਰਨ ਸਮੇਂ ਸਤਸੰਗ ਕਰਦਾ ਰਿਹਾ। ੩ ਮਹਾਰਾਜਾ ਦਲੀਪ ਸਿੰਘ ਦਾ ਮਾਮਾ ਅਤੇ ਵਜ਼ੀਰ, ਜਿਸ ਨੂੰ ੨੧ ਸਿਤੰਬਰ ਸਨ ੧੮੪੫ ਨੂੰ ਫ਼ੌਜ ਨੇ ਲਹੌਰ ਕ਼ਤਲ ਕੀਤਾ ਅਤੇ ਉਸ ਦੀ ਥਾਂ ਲਾਲ ਸਿੰਘ ਮੰਤ੍ਰੀ ਥਾਪਿਆ. ਜਵਾਹਰ ਸਿੰਘ ਦੀ ਸਮਾਧ ਮਸਤੀ ਦਰਵਾਜ਼ੇ ਹੈ। ੪ ਇੱਕ ਪੰਜਾਬੀ ਕਵਿ, ਜਿਸ ਨੇ ੧੦੨ ਪੌੜੀਆਂ ਦੀ “ਰਾਮਵਾਰ” ੧੩ ਮੱਘਰ ਸੰਮਤ ੧੮੫੪ ਨੂੰ ਲਿਖੀ ਹੈ. ਇਸ ਵਿੱਚ ਰਾਮਾਇਣ ਦੀ ਸੰਖੇਪ ਕਥਾ ਹੈ. ਦੇਖੋ, ਨਮੂਨੇ ਦੀ ਪੌੜੀ—
“ਸੂਪਨਖਾ ਅਪਛਰਾ ਬਨੀ ਕਰ ਕਾਰਨ ਚਾਲਾ,
ਆਖੇ ਰਾਜੇ ਰਾਮ ਨੂੰ ਸੁਨ ਰਾਉ ਛਤਾਲਾ,
ਮੈਨੂੰ ਤੂੰ ਕਰ ਇਸਤਰੀ ਤਕ ਜੋਬਨ ਬਾਲਾ ,
ਤੈਨੂੰ ਹੋਰ ਕੀ ਲੋੜੀਏ ਜਿਸ ਰਾਵਣ ਸਾਲਾ.
ਰਘੁਪਤਿ ਕਹਿ ਸੁਨ ਸੂਪਨਖ, ਇਹ ਗੱਲ ਨ ਮੰਨਾ
ਸਹਸ ਕਸਾਲੇ ਮਾਨਸਾਂ ਜਿਨ੍ਹਾਂ ਦੋ ਰੰਨਾ,
ਰੂਪ ਵਟਾਇਆ ਰਾਖਸੀ ਬਨ ਆਈ ਬੰਨਾ ,
ਪਲਕਾਂ ਉੱਤੋਂ ਜਾਨਕੀ ਮੁਹ ਕਰਦੀ ਵੰਨਾ,
ਲਛਮਨ ਨੱਕ ਉਤਾਰਿਆ ਨਾਲੇ ਦੋ ਕੰਨਾ. xxx
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਵਾਹਰ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜਵਾਹਰ ਸਿੰਘ (ਵਜ਼ੀਰ)(1814-45 ਈ.): ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਜਿੰਦਾਂ ਦਾ ਵੱਡਾ ਭਰਾ , ਜੋ ਸ. ਮੰਨਾ ਸਿੰਘ ਔਲਖ ਜੱਟ ਦੇ ਘਰ ਸੰਨ 1814 ਈ. ਵਿਚ ਪੈਦਾ ਹੋਇਆ। ਮਹਾਰਾਜਾ ਸ਼ੇਰ ਸਿੰਘ ਅਤੇ ਕੰਵਲ ਪ੍ਰਤਾਪ ਸਿੰਘ ਦੇ ਮਾਰੇ ਜਾਣ ਤੋਂ ਬਾਦ ਦਲੀਪ ਸਿੰਘ ਮਹਾਰਾਜਾ ਬਣਿਆ ਅਤੇ ਉਸ ਦੀ ਮਾਤਾ ਮਹਾਰਾਣੀ ਜਿੰਦਾਂ ਨੇ ਸਰਪ੍ਰਸਤੀ ਦਾ ਅਧਿਕਾਰ ਸੰਭਾਲਿਆ। ਹੀਰਾ ਸਿੰਘ ਡੋਗਰਾ ਨੂੰ ਵਜ਼ੀਰ ਬਣਾਇਆ ਗਿਆ ਜਿਸ ਦਾ ਸਲਾਹਕਾਰ ਪੰਡਿਤ ਜੱਲਾ ਸੀ। ਅਪਹੁਦਰੀਆਂ ਕਰਕੇ ਜਦੋਂ ਇਹ ਦੋਵੇਂ ਲਾਹੌਰੋਂ ਜੰਮੂ ਨੂੰ ਭਜਦੇ ਹੋਏ ਫ਼ੌਜ ਹਥੋਂ ਰਸਤੇ ਵਿਚ ਮਾਰੇ ਗਏ, ਤਾਂ ਮਹਾਰਾਣੀ ਜਿੰਦਾਂ ਨੇ ਆਪਣੇ ਵੱਡੇ ਭਰਾ ਜਵਾਹਰ ਸਿੰਘ ਨੂੰ 14 ਮਈ 1845 ਈ. ਨੂੰ ਵਜ਼ੀਰ ਨੂੰ ਵਜ਼ੀਰ ਬਣਾਇਆ। ਪਰ ਕੰਵਰ ਪਿਸ਼ੌਰਾ ਸਿੰਘ ਦੇ ਕਤਲ ਵਿਚ ਇਸ ਦਾ ਹੱਥ ਹੋਣ ਕਾਰਣ ਸਿੱਖ ਫ਼ੌਜ ਇਸ’ਤੇ ਬਹੁਤ ਨਾਰਾਜ਼ ਹੋ ਗਈ। ਫ਼ੌਜ ਦੇ ਪੰਚਾਂ ਨੇ ਇਸ ਨੂੰ ਆਪਣੇ ਪਾਸ ਤਲਬ ਕੀਤਾ। 21 ਸਤੰਬਰ 1845 ਈ. ਨੂੰ ਇਹ ਆਪਣੀ ਭੈਣ ਸਹਿਤ ਭਣੇਵੇਂ ਨੂੰ ਗੋਦ ਵਿਚ ਬਿਠਾ ਕੇ ਪੰਚਾਂ ਦੇ ਸਾਹਮਣੇ ਗਿਆ। ਪਰ ਸਿਪਾਹੀਆਂ ਨੇ ਇਸ ਦੇ ਕਹੇ ਦੀ ਪਰਵਾਹ ਨ ਕਰਕੇ ਇਸ ਦੀ ਗੋਦ ਵਿਚੋਂ ਦਲੀਪ ਸਿੰਘ ਨੂੰ ਚੁਕ ਲਿਆ ਅਤੇ ਇਸ ਨੂੰ ਬਰਛੇ ਨਾਲ ਪਰੋ ਕੇ ਹਾਥੀ ਦੇ ਹੌਦੇ ਤੋਂ ਹੇਠਾਂ ਸੁਟ ਦਿੱਤਾ। ਫਿਰ ਇਸ ਦਾ ਸਿਰ ਤਲਵਾਰ ਨਾਲ ਧੜ ਨਾਲੋਂ ਵਖ ਕਰ ਦਿੱਤਾ। ਸ਼ਾਹ ਮੁਹੰਮਦ ਨੇ ਇਸ ਦ੍ਰਿਸ਼ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ— ਜਵਾਹਰ ਸਿੰਘ ਦੇ ਉਤੇ ਨੀ ਚੜ੍ਹ ਸਾਰੇ, ਮੱਥਾ ਖ਼ੂਨੀਆਂ ਦੇ ਵਾਂਗ ਵਟਿਓ ਨੇ। ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ, ਅਗੋਂ ਨਾਲ ਸਗੀਨ ਦੇ ਫਟਿਓ ਨੇ। ਸੀਖਾਂ ਨਾਲ ਅੜੁੰਬ ਕੇ ਫ਼ੀਲ ਉਤੋਂ, ਕਢ ਹੌਦਿਓਂ ਜ਼ਿਮੀਂ ਤੇ ਸਟਿਓ ਨੇ। ਸ਼ਾਹ ਮੁਹੰਮਦਾ ਵਾਸਤੇ ਪਾਇ ਰਹਿਆ, ਸਿਰ ਨਾਲ ਤਲਵਾਰ ਦੇ ਕਟਿਓ ਨੇ।42।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਜਵਾਹਰ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਜਵਾਹਰ ਸਿੰਘ : ਇਹ ਮਹਾਰਾਣੀ ਜਿੰਦਾਂ ਦਾ ਭਰਾ ਅਤੇ ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਸੀ। ਇਸ ਦਾ ਪਿਤਾ ਸ. ਮੰਨਾ ਸਿੰਘ ਔਲਖ, ਪਿੰਡ ਚਾਹੜ (ਸਿਆਲਕੋਟ) ਦਾ ਵਸਨੀਕ ਇਕ ਜੱਟ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੀ ਘੋੜਸਵਾਰ ਫ਼ੌਜ ਵਿਚ ਸ਼ਾਮਲ ਸੀ। ਸੰਨ 1843 ਵਿਚ ਮਹਾਰਾਜਾ ਦਲੀਪ ਸਿੰਘ ਦੇ ਗੱਦੀ ਤੇ ਬੈਠਣ ਸਮੇਂ ਪਹਿਲਾਂ ਹੀਰਾ ਸਿੰਘ ਨੂੰ ਵਜ਼ੀਰ ਬਣਾਇਆ ਗਿਆ ਪਰ ਮਹਾਰਾਣੀ ਜਿੰਦਾਂ ਅਤੇ ਜਵਾਹਰ ਸਿੰਘ, ਹੀਰਾ ਸਿੰਘ ਦੇ ਚਾਚੇ ਸੁਚੇਤ ਸਿੰਘ ਨੂੰ ਵਜ਼ੀਰ ਬਣਾਉਣਾ ਚਾਹੁੰਦੇ ਸਨ। ਇਸ ਮੰਤਵ ਲਈ ਖਾਲਸਾ ਫ਼ੌਜ ਦੇ ਮੁਆਇਨੇ ਸਮੇਂ ਜਵਾਹਰ ਸਿੰਘ ਨੇ ਦਲੀਪ ਸਿੰਘ ਨੂੰ ਹਾਥੀ ਉੱਪਰ ਬਿਠਾ ਕੇ ਫ਼ੌਜਾਂ ਨੂੰ ਹੀਰਾ ਸਿੰਘ ਦੀ ਸ਼ਿਕਾਇਤ ਕਰਦੇ ਹੋਏ ਅਪੀਲ ਕੀਤੀ ਕਿ ਵਜ਼ੀਰ ਬਦਲਿਆ ਜਾਵੇ ਨਹੀਂ ਤਾਂ ਇਹ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਕੇ ਅੰਗਰੇਜ਼ਾਂ ਦੀ ਸ਼ਰਨ ਵਿਚ ਚਲਾ ਜਾਵੇਗਾ। ਖ਼ਾਲਸਾ ਫ਼ੌਜ ਨੇ ਇਸ ਨੂੰ ਅਤੇ ਸੁਚੇਤ ਸਿੰਘ ਨੂੰ ਗ਼ੱਦਾਰ ਸਮਝ ਕੇ ਕੈਦ ਕਰ ਲਿਆ।
ਹੀਰਾ ਸਿੰਘ ਵੱਲੋਂ ਕੰਵਰ ਕਸ਼ਮੀਰਾ ਸਿੰਘ ਅਤੇ ਪਿਸ਼ੌਰਾ ਸਿੰਘ ਵਿਰੁੱਧ ਫ਼ੌਜ ਭੇਜਣ ਉੱਤੇ ਸਿੱਖ ਫ਼ੌਜਾਂ ਹੀਰਾ ਸਿੰਘ ਦੇ ਵਿਰੁੱਧ ਹੋ ਗਈਆਂ । ਉਸ ਨੂੰ ਆਪਣੇ ਪਿਤਾ ਦੇ ਮਕਾਨ ਵਿਚ ਕੁਝ ਦਿਨ ਕੈਦ ਰੱਖਿਆ ਅਤੇ ਇਹ ਵਚਨ ਲਿਆ ਕਿ ਕੰਵਰ ਪਿਸ਼ੌਰਾ ਸਿੰਘ ਅਤੇ ਕਸ਼ਮੀਰਾ ਸਿੰਘ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਇਸ ਸਮੇਂ ਫ਼ੌਜਾਂ ਨੇ ਜਵਾਹਰ ਸਿੰਘ ਨੂੰ ਵੀ ਆਜ਼ਾਦ ਕਰਵਾਇਆ। ਸੁਚੇਤ ਸਿੰਘ ਨੂੰ ਵਜ਼ੀਰ ਬਣਨ ਲਈ ਸੱਦਾ ਦਿੱਤਾ ਗਿਆ ਪਰ ਇੰਨੇ ਸਮੇਂ ਵਿਚ ਹੀਰਾ ਸਿੰਘ ਨੇ ਫ਼ੌਜਾਂ ਨੂੰ ਫਿਰ ਆਪਣੇ ਵੱਲ ਕਰ ਲਿਆ। ਸੁਚੇਤ ਸਿੰਘ ਲੜਾਈ ਵਿਚ ਮਾਰਿਆ ਗਿਆ।
ਹੀਰਾ ਸਿੰਘ ਅਤੇ ਉਸ ਦੇ ਸਲਾਹਕਾਰ ਪੰਡਿਤ ਜੱਲਾ ਦਾ ਵਤੀਰਾ ਬਹੁਤ ਹੰਕਾਰ ਭਰਿਆ ਸੀ। ਇਸ ਲਈ ਸਿੱਖ ਸਰਦਾਰ ਅਤੇ ਫ਼ੌਜਾਂ ਉਸ ਨਾਲ ਨਾਰਾਜ਼ ਹੋ ਗਈਆਂ। ਕੰਵਰ ਕਸ਼ਮੀਰਾ ਸਿੰਘ ਵਿਰੁੱਧ ਲੜਾਈ ਵਿਚ ਭਾਈ ਵੀਰ ਸਿੰਘ ਦੇ ਮਾਰੇ ਜਾਣ ਦਾ ਵੀ ਸਿੱਖ ਫ਼ੌਜਾਂ ਨੂੰ ਦੁੱਖ ਸੀ। ਹੀਰਾ ਸਿੰਘ ਦਾ ਸਭ ਤੋਂ ਵੱਡਾ ਮੁਹਿਤਬਰ ਲਾਲ ਸਿੰਘ ਵੀ ਅੰਦਰੋਂ ਅੰਦਰ ਮਹਾਰਾਣੀ ਜਿੰਦਾਂ ਨਾਲ ਰਲ ਗਿਆ ਸੀ। ਪੰਡਿਤ ਜੱਲਾ ਦੇ ਇਕ ਦਿਨ ਰਾਣੀ ਜਿੰਦਾਂ ਦੀ ਬੇਇਜ਼ਤੀ ਕਰਨ ਤੇ ਸਿੱਖ ਫ਼ੌਜਾਂ ਨੇ 21 ਦਸੰਬਰ, 1844 ਨੂੰ ਜਵਾਹਰ ਸਿੰਘ ਨੂੰ ਵਜ਼ੀਰ ਬਣਾ ਦਿੱਤਾ। ਹੀਰਾ ਸਿੰਘ ਅਤੇ ਪੰਡਿਤ ਜੱਲਾ ਨੇ ਜੰਮੂ ਭੱਜ ਜਾਣ ਦੀ ਕੋਸ਼ਿਸ਼ ਕੀਤੀ ਪਰ ਫ਼ੌਜਾਂ ਨੇ ਪਿੱਛਾ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ।
ਜਵਾਹਰ ਸਿੰਘ ਨੇ ਵਜ਼ੀਰ ਬਣਨ ਤੇ ਫ਼ੌਜ ਦੇ ਸਿਪਾਹੀਆਂ ਨੂੰ ਕੰਠੇ ਬਣਵਾ ਕੇ ਦਿੱਤੇ। ਇਸ ਨੇ ਰਾਜਾ ਗੁਲਾਬ ਸਿੰਘ ਦੇ ਵਿਰੁੱਧ ਰਾਜਾ ਹੀਰਾ ਸਿੰਘ ਅਤੇ ਸੁਚੇਤ ਸਿੰਘ ਦੀ ਜਾਇਦਾਦ ਨੂੰ ਜਮ੍ਹਾਂ ਕਰਵਾਉਣ ਲਈ ਸ਼ਾਮ ਸਿੰਘ ਅਟਾਰੀਵਾਲਾ ਅਤੇ ਜਨਰਲ ਮੇਵਾ ਸਿੰਘ ਅਧੀਨ ਫ਼ੌਜ ਭੇਜੀ। ਰਾਜਾ ਗੁਲਾਬ ਸਿੰਘ ਨੇ ਫ਼ੌਜਾਂ ਅੱਗੇ ਸਮਰਪਨ ਕਰ ਦਿੱਤਾ। ਲਾਹੌਰ ਆਉਣ ਤੇ ਮਹਾਰਾਣੀ ਜਿੰਦਾਂ ਨੇ ਉਸ ਨੂੰ ਵਜ਼ੀਰ ਬਣਾਉਣ ਦੀ ਸਲਾਹ ਦਿੱਤੀ ਪਰ ਜਵਾਹਰ ਸਿੰਘ ਨੇ ਜ਼ੋਰ ਪਾ ਕੇ 4 ਮਈ, 1845 ਨੂੰ ਰਸਮੀ ਤੌਰ ਤੇ ਵਜ਼ਾਰਤ ਦਾ ਅਹੁਦਾ ਪ੍ਰਾਪਤ ਕਰ ਲਿਆ ਅਤੇ ਰਾਜਾ ਗੁਲਾਬ ਸਿੰਘ ਜੰਮੂ ਪਰਤ ਗਿਆ। ਰਾਜਾ ਗੁਲਾਬ ਸਿੰਘ ਨੇ ਕੰਵਰ ਪਿਸ਼ੌਰਾ ਸਿੰਘ ਨੂੰ ਲਾਹੌਰ ਦੇ ਤਖਤ ਦੇ ਹੱਕ ਜਤਾਉਣ ਲਈ ਉਕਸਾਇਆ ਅਤੇ ਫ਼ੌਜ ਨੇ ਵੀ ਉਸ ਦੀ ਹਮਾਇਤ ਕੀਤੀ। ਗੁਲਾਬ ਸਿੰਘ ਨੇ ਦੂਜੇ ਪਾਸੇ ਜਵਾਹਰ ਸਿੰਘ ਨੂੰ ਕੰਵਰ ਪਿਸ਼ੌਰਾ ਸਿੰਘ ਵਿਰੁੱਧ ਭੜਕਾਇਆ। ਮਹਾਰਾਣੀ ਜਿੰਦਾਂ ਦਾ ਸੱਦਾ ਮਿਲਣ ਤੇ ਕੰਵਰ ਪਿਸ਼ੌਰਾ ਸਿੰਘ ਦਰਬਾਰ ਵਿਚ ਹਾਜ਼ਰ ਹੋਇਆ ਅਤੇ ਉਸ ਨੂੰ ਮਹਾਰਾਜਾ ਦਲੀਪ ਸਿੰਘ ਜਿੰਨਾ ਹੀ ਅਧਿਕਾਰ ਮਿਲਿਆ । ਇਸ ਤੇ ਜਵਾਹਰ ਸਿੰਘ ਦੇ ਮਨ ਵਿਚ ਈਰਖਾ ਹੋਈ। ਕੰਵਰ ਪਿਸ਼ੌਰਾ ਸਿੰਘ ਇਸ ਬੇਰੁਖੀ ਨੂੰ ਵੇਖਦੇ ਹੋਏ ਬੁਧੂ ਕਾ ਆਵਾ ਵਿਖੇ ਜਨਰਲ ਅਵੀਦੇ ਕੋਲ ਜਾ ਕੇ ਠਹਿਰਿਆ ਜਿਥੇ ਉਸ ਨੂੰ ਮੋਰਚਾ ਕਾਇਮ ਕਰਨ ਦੀ ਸਲਾਹ ਦਿੱਤੀ ਗਈ। ਫ਼ੌਜ ਦੇ ਪੰਚਾਂ ਨੇ ਕੰਵਰ ਨੂੰ ਸਹਾਇਤਾ ਦਾ ਭਰੋਸਾ ਦੇ ਕੇ ਆਪਣੀ ਜਾਗੀਰ ਵਿਚ ਵਾਪਸ ਭੇਜ ਦਿੱਤਾ। ਜਵਾਹਰ ਸਿੰਘ ਨੇ ਫ਼ੌਜ ਨੂੰ ਇਨਾਮ ਦਾ ਲਾਲਚ ਦੇ ਕੇ ਫਿਰ ਆਪਣੇ ਵੱਲ ਕਰ ਲਿਆ। ਕੰਵਰ ਪਿਸ਼ੌਰਾ ਸਿੰਘ ਨੂੰ ਜਿਨ੍ਹਾਂ ਬਟਾਲੀਅਨਾਂ ਨੇ ਬੁਲਾਇਆ ਸੀ ਉਨ੍ਹਾਂ ਦੇ ਕਮਾਂਡਰਾਂ ਦੇ ਨੱਕ ਅਤੇ ਕੰਨ ਕੱਟ ਦਿੱਤੇ। ਕੰਵਰ ਪਿਸ਼ੌਰਾ ਸਿੰਘ ਨੇ ਅਟਕ ਦੇ ਕਿਲੇ ਤੇ ਕਬਜ਼ਾ ਕਰ ਕੇ ਆਪਣੇ ਆਪ ਨੂੰ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ ਅਤੇ ਦੋਸਤ ਮੁਹੰਮਦ ਖ਼ਾਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ।
ਜਵਾਹਰ ਸਿੰਘ ਨੇ ਇਹ ਖਬਰ ਸੁਣ ਕੇ ਚਤਰ ਸਿੰਘ ਅਟਾਰੀਵਾਲਾ ਅਤੇ ਫ਼ਤਹਿ ਖਾਨ ਟਿਵਾਣਾ ਰਾਹੀਂ ਕੰਵਰ ਨੂੰ ਸਜ਼ਾ ਦੇਣੀ ਚਾਹੀ ਪਰ ਕੰਵਰ ਨੇ ਆਪਣੀ ਸਥਿਤੀ ਮਜਬੂਤ ਕਰ ਲਈ ਸੀ। ਦੋਹਾਂ ਸਰਦਾਰਾਂ ਨੇ ਉਸ ਨੂੰ ਗੱਲਬਾਤ ਦਾ ਝਾਂਸਾ ਦੇ ਕੇ ਕਾਲੇ ਬੁਰਜ ਵਿਚ ਕੈਦ ਕਰ ਕੇ ਕਤਲ ਕਰ ਦਿੱਤਾ।
ਕੰਵਰ ਪਿਸ਼ੌਰਾ ਸਿੰਘ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਜਵਾਹਰ ਸਿੰਘ ਨੇ ਕਿਲੇ ਵਿਚ ਤੋਪਾਂ ਚਲਵਾਈਆਂ ਅਤੇ ਰੌਸ਼ਨੀ ਕਰਵਾਈ। ਇਸ ਦੀ ਇਸ ਕਾਰਵਾਈ ਤੇ ਖ਼ਾਲਸਾ ਫ਼ੌਜਾਂ ਭੜਕ ਉਠੀਆਂ ਅਤੇ ਜਵਾਹਰ ਸਿੰਘ ਤੋਂ ਬਦਲਾ ਲੈਣ ਦੀ ਸਹੁੰ ਚੁੱਕੀ। ਫ਼ੌਜ ਨੇ ਜਵਾਹਰ ਸਿੰਘ ਨੂੰ ਪੇਸ਼ ਹੋਣ ਲਈ ਹੁਕਮ ਭੇਜਿਆ। ਜਵਾਹਰ ਸਿੰਘ ਨੇ ਲਾਲਚ ਆਦਿ ਦੇ ਕੇ ਕਈ ਯਤਨਾਂ ਨਾਲ ਫ਼ੌਜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਯਤਨ ਵਿਅਰਥ ਗਏ। ਅਖ਼ੀਰ 21 ਸਤੰਬਰ, 1845 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਗੋਦ ਵਿਚ ਲੈ ਕੇ ਹਾਥੀ ਤੇ ਬੈਠ ਕੇ ਅਤੇ ਮਹਾਰਾਣੀ ਜਿੰਦਾਂ ਨੂੰ ਦੂਜੇ ਹਾਥੀ ਤੇ ਨਾਲ ਬਿਠਾ ਕੇ ਫ਼ੌਜ ਅਗੇ ਪੇਸ਼ ਹੋਣ ਲਈ ਗਿਆ ਪਰ ਫ਼ੌਜ ਨੇ ਪੇਸ਼ ਹੋਣ ਤੇ ਵੀ ਇਸ ਨੂੰ ਮਾਫ਼ ਨਾ ਕੀਤਾ। ਜਵਾਹਰ ਸਿੰਘ ਦੀ ਗੋਦ ਵਿਚੋਂ ਮਹਾਰਾਜਾ ਦਲੀਪ ਸਿੰਘ ਨੂੰ ਸਿਪਾਹੀਆਂ ਨੇ ਖਿੱਚ ਲਿਆ ਅਤੇ ਜਵਾਹਰ ਸਿੰਘ ਨੂੰ ਮਹਾਰਾਣੀ ਜਿੰਦਾਂ ਦੇ ਸਾਹਮਣੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੀ ਸਮਾਧ ਲਾਹੌਰ ਵਿਚ ਮਸਤੀ ਦਰਵਾਜ਼ੇ ਦੇ ਨੇੜੇ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-03-51-00, ਹਵਾਲੇ/ਟਿੱਪਣੀਆਂ: ਹ. ਪੁ. –ਚੀ. ਫ਼ੈ. ਨੋ. ਪੰ.; ਸਿ. ਮਿ. ਹਿ. ਪੰ. -ਲਤੀਫ਼
ਵਿਚਾਰ / ਸੁਝਾਅ
Please Login First