ਜਪੁਜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਪੁਜੀ. ਜਪੁ ਨਾਮਕ ਗੁਰਬਾਣੀ ਨਾਲ ਜੀ ਸ਼ਬਦ ਸਨਮਾਨ ਬੋਧਕ ਲਾਇਆ ਜਾਂਦਾ ਹੈ. ਦੇਖੋ, ਜਪੁ ੧.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਪੁਜੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜਪੁਜੀ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ਦਰਜ ਇਹ ਸਾਰੀਆਂ ਬਾਣੀਆਂ ਨਾਲੋਂ ਅਧਿਕ ਪ੍ਰਸਿੱਧ ਅਤੇ ਮਹੱਤਵਪੂਰਣ ਹੈ ਕਿਉਂਕਿ ਇਸ ਵਿਚ ਗੁਰਮਤਿ ਜਾਂ ਸਿੱਖ ਧਰਮ ਦੇ ਦਾਰਸ਼ਨਿਕ ਅਤੇ ਧਾਰਮਿਕ ਸਿੱਧਾਂਤ ਸਮੋਏ ਹੋਏ ਹਨ। ਇਸ ਬਾਣੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਸਾਰ-ਤੱਤ੍ਵ ਸਮਾਇਆ ਹੋਇਆ ਹੈ, ਜਾਂ ਇੰਜ ਕਹੋ ਸਾਰਾ ਗ੍ਰੰਥ ਸਾਹਿਬ ਇਸ ਦੀ ਵਿਆਖਿਆ-ਮਾਤ੍ਰ ਹੈ। ਇਸ ਬਾਣੀ ਦੀ ਵਿਆਖਿਆ ਨਾਲ ਸਿੱਖਾਂ ਦਾ ਵਿਵਹਾਰਿਕ ਧਰਮ ਸਪੱਸ਼ਟ ਹੁੰਦਾ ਹੈ ਅਤੇ ਇਸ ਦੇ ਨਿੱਤ ਪਾਠ ਨਾਲ ਆਤਮਿਕ ਸ਼ਾਂਤੀ ਮਿਲਦੀ ਹੈ। ਇਸ ਲਈ ਇਸ ਨੂੰ ਨਿੱਤ-ਨੇਮ ਦੀਆਂ ਬਾਣੀਆਂ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਅੰਮ੍ਰਿਤ-ਬਾਣੀਆਂ ਵਿਚ ਵੀ ਇਹ ਸ਼ਾਮਲ ਹੈ।
ਇਸ ਬਾਣੀ ਦੀ ਰਚਨਾ ਕਦ ਹੋਈ ? ਇਸ ਸੰਬੰਧ ਵਿਚ ਕੋਈ ਨਿਸ਼ਚਿਤ ਤੱਥ ਸਾਹਮਣੇ ਨਹੀਂ ਆਉਂਦਾ। ‘ਪੁਰਾਤਨ ਜਨਮਸਾਖੀ ’ (ਸਾਖੀ ਨੰ.10) ਅਨੁਸਾਰ ਵੇਈਂ- ਪ੍ਰਵੇਸ਼ ਉਪਰੰਤ ਗੁਰੂ ਜੀ ਦੇ ਪਰਮਾਤਮਾ ਨਾਲ ਹੋਏ ਸਾਖਿਆਤ- ਕਾਰ ਤੋਂ ਬਾਦ ਇਸ ਬਾਣੀ ਦਾ ਉੱਚਾਰਣ ਹੋਇਆ। ਇਸੇ ਜਨਮਸਾਖੀ ਦੀ 53ਵੀਂ ਸਾਖੀ ਦੇ ਆਧਾਰ’ਤੇ ‘ਜਪੁਜੀ’ ਦੀ ਰਚਨਾ ਗੁਰੂ ਨਾਨਕ ਦੇਵ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਪਹਿਲੀ ਭੇਂਟ ਤੋਂ ਪਹਿਲਾਂ ਹੋ ਚੁਕੀ ਸੀ ਕਿਉਂਕਿ ਖਡੂਰ ਨਿਵਾਸੀ ਭੱਲਾ ਜਾਤਿ ਦੇ ਇਕ ਸਿੱਖ ਤੋਂ ਇਸ ਬਾਣੀ ਨੂੰ ਸੁਣ ਕੇ ਹੀ ਗੁਰੂ ਅੰਗਦ ਦੇਵ ਜੀ ਦੇ ਮਨ ਵਿਚ ਇਸ ਦੇ ਰਚੈਤਾ ਪ੍ਰਤਿ ਆਪਣਾ ਆਦਰ ਅਤੇ ਸ਼ਰਧਾ ਪ੍ਰਗਟ ਕਰਨ ਲਈ ਕਰਤਾਰਪੁਰ ਜਾਣਾ ਪਿਆ।
‘ਮਿਹਰਬਾਨ ਜਨਮਸਾਖੀ’ ਦੀ ਹਰਿਜੀ-ਪੋਥੀ (ਗੋਸਟਿ 41) ਵਿਚ ਲਿਖਿਆ ਹੈ ਕਿ ਇਕ ਵਾਰ ਕਰਤਾਰਪੁਰ ਬੈਠਿਆਂ ਗੁਰੂ ਨਾਨਕ ਦੇਵ ਜੀ ਨੂੰ ਪਰਮੇਸਰ ਦੀ ਦਰਗਾਹ ਤੋਂ ਸੱਦਾ ਆਇਆ। ਉਥੋਂ ਪਰਤਣ’ਤੇ ਗੁਰੂ ਜੀ ਨੇ ਆਪਣੇ ਇਕ ਸਿੱਖ, ਅੰਗਦ, ਨੂੰ ਬੁਲਾ ਕੇ ਕਿਹਾ ਕਿ ਪਰਮਾਤਮਾ ਦੇ ਹੁਕਮ ਅਨੁਸਾਰ ਉਸ ਦੀ ਸਿਫ਼ਤ ਦਾ ਇਕ ਜੋੜ ਬੰਨ੍ਹਣਾ ਹੈ। ਗੁਰੂ ਜੀ ਨੇ ਆਪਣਾ ਸਾਰਾ ਖ਼ਜ਼ਾਨਾ ਅੰਗਦ ਸਿੱਖ ਦੇ ਹਵਾਲੇ ਕੀਤਾ ਅਤੇ ਜਪੁ ਰਚਣ ਲਈ ਕਿਹਾ— ਤਾਂ ਗੁਰੂ ਬਾਬੇ ਨਾਨਕ ਦੇ ਹਜੂਰਿ, ਗੁਰੂ ਅੰਗਦੁ, ਗੁਰੂ ਬਾਬੇ ਦੀ ਬਾਣੀ ਦਾ ਜਪੁ ਜੋੜੁ ਬੰਧਿਆ। ਜਪੁ ਕਾ ਜੋੜ।੩੮। ਅਠਤ੍ਰੀਹ ਪਉੜੀਆਂ ਸਾਰੀ ਬਾਣੀ ਵਿਚਹੁ ਮਥਿ ਕਢਿਆ ਜਿਉਂ ਦਹੀਂ ਵਿਚਹੁ ਮਖਣ ਮਥਿ ਕਢੀਦਾ ਹੈ। ਇਸ ਟੂਕ ਤੋਂ ਸਪੱਸ਼ਟ ਹੈ ਕਿ ਵਖ ਵਖ ਸਮੇਂ ਰਚੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਚੋਣਵੇਂ ਸ਼ਬਦਾਂ/ਪਉੜੀਆਂ ਦਾ ਸਮੁੱਚ ‘ਜਪੁ’ ਰੂਪ ਵਿਚ ਗੁਰੂ ਅੰਗਦ ਦੇਵ ਜੀ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿਚ ਤਿਆਰ ਕੀਤਾ ਗਿਆ।
ਬਾਲੇ ਵਾਲੀ ਜਨਮਸਾਖੀ ਵਿਚ ਇਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ ਦਿਨਾਂ ਵਿਚ ਗੁਰੂ ਅੰਗਦ ਦੇਵ ਜੀ ਨੂੰ ਦੀਕੑਸ਼ਿਤ ਕਰਨ ਲਈ ਕੀਤੀ ਦਸੀ ਗਈ ਹੈ। ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਇਸ ਦੀ ਰਚਨਾ ਸੁਮੇਰ ਪਰਬਤ ਉਤੇ ਸਿੱਧਾਂ ਨਾਲ ਹੋਈ ਗੋਸ਼ਟਿ ਦੇ ਰੂਪ ਵਿਚ ਮੰਨੀ ਗਈ ਹੈ। ਇਸ ਤਰ੍ਹਾਂ ਦੇ ਕੁਝ ਹੋਰ ਕਥਨ ਪਰਵਰਤੀ ਸਾਹਿਤ ਵਿਚ ਵੀ ਮਿਲ ਜਾਂਦੇ ਹਨ।
ਇਸ ਬਾਣੀ ਦੀ ਵਿਚਾਰ-ਗੰਭੀਰਤਾ ਅਤੇ ਸਿੱਧਾਂਤਿਕ ਪ੍ਰਪੱਕਤਾ ਨੂੰ ਵੇਖਦੇ ਹੋਇਆਂ ਇਹ ਗੱਲ ਸਰਲਤਾ-ਪੂਰਵਕ ਕਹੀ ਜਾ ਸਕਦੀ ਹੈ ਕਿ ਇਸ ਦੀ ਰਚਨਾ ਗੁਰੂ ਜੀ ਨੇ ਆਪਣੀ ਪ੍ਰੌੜ੍ਹ ਅਵਸਥਾ ਵਿਚ ਕੀਤੀ ਹੋਵੇਗੀ, ਜਦੋਂ ਉਨ੍ਹਾਂ ਨੇ ਜੀਵਨ ਦੇ ਸਮੁੱਚੇ ਅਨੁਭਵ ਦੇ ਆਧਾਰ’ਤੇ ਨਿਸ਼ਕਰਸ਼ ਰੂਪ ਵਿਚ ਕੁਝ ਕਹਿਣਾ ਉਚਿਤ ਸਮਝਿਆ ਹੋਵੇਗਾ। ਗੁਰੂ ਨਾਨਕ ਦੇਵ ਜੀ 1539 ਈ. ਵਿਚ ਜੋਤੀ-ਜੋਤਿ ਸਮਾਏ ਸਨ , ਇਸ ਲਈ ਇਹ ਬਾਣੀ ਉਸ ਤੋਂ ਕੁਝ ਵਰ੍ਹੇ ਪਹਿਲਾਂ, ਅਨੁਮਾਨਿਕ ਤੌਰ ’ਤੇ 1530 ਈ. ਦੇ ਨੇੜੇ-ਤੜੇ ਕਰਤਾਰਪੁਰ ਵਿਚ ਰਚੀ ਗਈ ਪ੍ਰਤੀਤ ਹੁੰਦੀ ਹੈ।
ਇਸ ਬਾਣੀ ਨੂੰ ਜਪੁ, ਜਪੁਜੀ, ਜਪੁ-ਨੀਸਾਣ ਆਦਿ ਨਾਂ ਦਿੱਤੇ ਜਾਂਦੇ ਹਨ। ‘ਜਪੁ’ ਇਸ ਦਾ ਮੂਲ ਨਾਂ ਹੈ। ‘ਜੀ’ ਸ਼ਬਦ ਸਤਿਕਾਰ ਸੂਚਕ ਹੈ। ‘ਨੀਸਾਣ ’ ਸ਼ਬਦ ਦਾ ਅਰਥ ਵਿਦਵਾਨਾਂ ਨੇ ਸ਼ਿਰੋਮਣੀ ਜਾਂ ਧ੍ਵਜ (ਝੰਡਾ) ਕਰਕੇ ਇਸ ਨੂੰ ਸਰਵ-ਪ੍ਰਮੁਖ ਬਾਣੀ ਮੰਨਿਆ ਹੈ। ਪਰ ਸਹੀ ਵਸਤੂ-ਸਥਿਤੀ ਇਹ ਹੈ ਕਿ ਬੀੜ ਤਿਆਰ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ‘ਜਪੁ’ ਬਾਣੀ ਨੂੰ ਜਿਸ ਪੋਥੀ ਤੋਂ ਨਕਲ ਕਰਵਾਇਆ, ਉਸ ਦੇ ਆਰੰਭ ਵਿਚ ਗੁਰੂ ਰਾਮਦਾਸ ਜੀ ਦੇ ਦਸਤਖ਼ਤ (ਨੀਸਾਣ) ਅੰਕਿਤ ਸਨ ਜਾਂ ਗੁਰੂ ਅਰਜਨ ਦੇਵ ਦੇ ਨੀਸਾਣ ਪਏ ਹੋਏ ਸਨ ਅਤੇ ਨਕਲ ਕਰਨ ਵੇਲੇ ਇਸ ਤੱਥ ਵਲ ਸੰਕੇਤ ਕਰ ਦਿੱਤਾ ਗਿਆ :
ਨੀਸਾਣੁ ਗੁਰੂ ਜੀਉ ਕੇ ਦਸਖਤ ਮ.੫
ਜਪੁ ਗੁਰੂ ਰਾਮਦਾਸ ਜੀਉ ਕਿਆ ਦਸਖਤਾ ਕਾ ਨਕਲੁ
(‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ ’, ਪੰਨਾ 4)
ਭਾਈ ਰਾਮ ਕ੍ਰਿਸ਼ਨ ਦੇ ਟਿਕਾਣੇ (ਸ਼ੇਰਾਂ ਵਾਲਾ ਗੇਟ , ਪਟਿਆਲਾ) ਵਿਚ 1710 ਬਿ. ਦੀ ਲਿਖੀ ਬੀੜ ਦੇ ਤਤਕਰੇ ਵਾਲੇ ਪੰਨੇ ਉਤੇ ਇਸ ਪ੍ਰਕਾਰ ਲਿਖਿਆ ਹੈ :
ਨੀਸਾਣੁ ਗੁਰੂ ਜੀ ਕੇ ਦਸਤਖਤ ਮਹਲਾ
ਸਿਰੀ ਗੁਰੂ ਜੀ ਰਾਮਦਾਸ ਕੇ ਦਸਖਤਾ ਕਾ ਨਕਲੁ
ਤਿਸੁ ਕਾ ਨਕਲੁ ਸਾ ਤਿਸ ਕੇ ਨਕਲ ਕਾ ਨਕਲੁ
ਜਪੁ ਮਹਲਾ ੧
ਆਮ ਤੌਰ’ਤੇ ਇਹੋ ਜਿਹੀ ਸੂਚਨਾ ਪੁਰਾਤਨ ਬੀੜਾਂ ਵਿਚ ਲਿਖੀ ਮਿਲ ਜਾਂਦੀ ਹੈ। ਪ੍ਰਕਾਸ਼ਿਤ ਬੀੜਾਂ ਵਿਚ ਭਾਵੇਂ ਇਹ ਸੂਚਨਾ-ਉਕਤੀ ਪੂਰੀ ਨਹੀਂ ਦਿੱਤੀ ਹੁੰਦੀ, ਪਰ ਤਤਕਰੇ ਵਿਚ ਕੇਵਲ ‘ਜਪੁ ਨੀਸਾਣ’ ਜ਼ਰੂਰ ਲਿਖਿਆ ਮਿਲਦਾ ਹੈ। ‘ਨੀਸਾਣੁ’ ਪਦ ਉਪਰੋਕਤ ਪਰੰਪਰਾ ਅਨੁਸਾਰ ਕੇਵਲ ਤਤਕਰੇ ਵਿਚ ਅੰਕਿਤ ਹੁੰਦਾ ਹੈ, ਹੋਰ ਕਿਤੇ ਨਹੀਂ; ਨ ਹੀ ‘ਜਪੁ’ ਬਾਣੀ ਦੇ ਸ਼ੁਰੂ ਵਿਚ ਲਿਖਿਆ ਮਿਲਦਾ ਹੈ। ਸਾਰਾਂਸ਼ ਇਹ ਕਿ ਮੂਲ ਰੂਪ ਵਿਚ ਇਸ ਬਾਣੀ ਦਾ ਨਾਂ ‘ਜਪੁ’ ਹੈ, ‘ਨੀਸਾਣੁ’ ਦਾ ਇਸ ਬਾਣੀ ਦੇ ਮੂਲ ਨਾਂ ਨਾਲ ਕੋਈ ਸੰਬੰਧ ਨਹੀਂ ਹੈ।
‘ਜਪੁਜੀ’ ਵਿਚ ਦੋ ਸ਼ਲੋਕ ਅਤੇ 38 ਪਉੜੀਆਂ ਹਨ। ਇਕ ਇਕ ਸ਼ਲੋਕ ਆਦਿ ਅੰਤ ਉਤੇ ਆਇਆ ਹੈ ਅਤੇ ਇਨ੍ਹਾਂ ਦੋਹਾਂ ਵਿਚਾਲੇ 38 ਪਉੜੀਆਂ ਲਿਖੀਆਂ ਹਨ। ਇਹ ਦੋਵੇਂ ਸ਼ਲੋਕ ਇਕ ਪ੍ਰਕਾਰ ਦੇ ਕੜੇ ਹਨ ਜੋ ਬਾਣੀ ਦੇ ਆਦਿ ਅੰਤ ਵਿਚ ਰਖੇ ਗਏ ਹਨ। ਇਸ ਲਈ ਇਸ ਬਾਣੀ ਦਾ ਰਚਨਾ-ਪ੍ਰਬੰਧ ਕੜਵਕ-ਸ਼ੈਲੀ ਵਾਲਾ ਹੈ। ਇਨ੍ਹਾਂ ਵਿਚੋਂ ਆਦਿ ਵਿਚ ਲਿਖਿਆ ਸ਼ਲੋਕ ‘ਸੁਖਮਨੀ ’ ਨਾਂ ਦੀ ਬਾਣੀ ਦੀ 17ਵੀਂ ਅਸ਼ਟਪਦੀ ਤੋਂ ਪਹਿਲਾਂ ਵੀ ਦਰਜ ਹੈ ਅਤੇ ਆਖ਼ੀਰਲਾ ਸ਼ਲੋਕ ਕੁਝ ਪਾਠਾਂਤਰ ਸਹਿਤ ਗੁਰੂ ਅੰਗਦ ਦੇਵ ਦੇ ਨਾਂ ਨਾਲ ‘ਮਾਝ ਕੀ ਵਾਰ’ ਵਿਚ ਵੀ ਸੰਕਲਿਤ ਹੈ।
ਇਨ੍ਹਾਂ ਦੋ ਸ਼ਲੋਕਾਂ ਅਤੇ 38 ਪਉੜੀਆਂ ਦੇ ਚਾਰ ਚਾਰ ਦੇ ਦਸ ਭਾਵ-ਜੁਟ ਬਣਦੇ ਹਨ ਜਿਨ੍ਹਾਂ ਉਤੇ ਇਸ ਬਾਣੀ ਦਾ ਵਿਚਾਰ-ਭਵਨ ਉਸਰਿਆ ਹੈ। ਪਹਿਲਾ ਜੁਟ ਇਕ ਸ਼ਲੋਕ ਅਤੇ ਪਹਿਲੀਆਂ ਤਿੰਨ ਪਉੜੀਆਂ ਦਾ ਹੈ। ਇਸ ਵਿਚ ਸਚੇ ਪਰਮਾਤਮਾ ਦੇ ਹਰ ਇਕ ਸਰੂਪ ਨੂੰ ਅਜਰ ਅਤੇ ਅਮਰ ਦਸ ਕੇ ਸਾਧਕ ਦੇ ਮਨ ਵਿਚ ਉਸ ਦੀ ਪ੍ਰਾਪਤੀ ਲਈ ਉਤਸੁਕਤਾ ਪੈਦਾ ਕੀਤੀ ਗਈ ਹੈ। ਅਜਿਹੇ ਉਤਸੁਕ ਸਾਧਕ ਲਈ ‘ਕੂੜ ਦੀ ਪਾਲਿ’ ਨੂੰ ਤੋੜਨਾ ਹੀ ਜੀਵਨ-ਉਦੇਸ਼ ਹੈ। ਇਸ ਨਾਲ ਇਸ ਬਾਣੀ ਦੇ ਵਿਸ਼ੇ ਦਾ ਯਥਾਰਥ ਬੋਧ ਹੁੰਦਾ ਹੈ ਅਤੇ ਨਾਲ ਹੀ ਸੰਕੇਤ ਰੂਪ ਵਿਚ ਉੱਤਰ ਵੀ ਦਿੱਤਾ ਗਿਆ ਹੈ ਕਿ ਪਰਮਾਤਮਾ ਦੇ ਹੁਕਮ ਅਤੇ ਰਜ਼ਾ ਅਨੁਸਾਰ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਤੀਜੀ ਪਉੜੀ ਵਿਚ ਗੁਣ-ਕੀਰਤਨ ਦਾ ਮਹੱਤਵ ਸਥਾਪਿਤ ਹੋਇਆ ਹੈ। ਇਸ ਤਰ੍ਹਾਂ ਪਹਿਲੇ ਸ਼ਲੋਕ ਅਤੇ ਨਾਲ ਲਗਦੀਆਂ ਤਿੰਨ ਪਉੜੀਆਂ ਵਿਚ ਵਿਸ਼ੇ ਦੀ ਭੂਮਿਕਾ ਤਿਆਰ ਕੀਤੀ ਗਈ ਹੈ।
ਦੂਜੇ ਜੁਟ (4-7) ਵਿਚ ਪਰਮਾਤਮਾ ਦੀ ਪ੍ਰਾਪਤੀ ਬਾਰੇ ਗੁਰਮਤਿ ਦਾ ਸਿੱਧਾਂਤ-ਸੂਤ੍ਰ ਦਸਿਆ ਗਿਆ ਹੈ— ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ। ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ। ਇਸ ਤੋਂ ਇਲਾਵਾ ਮੂਰਤੀ- ਪੂਜਾ , ਤੀਰਥ-ਇਸ਼ਨਾਨ , ਕਰਮ-ਕਾਂਡ ਅਤੇ ਹਠ- ਸਾਧਨਾ ਰਾਹੀਂ ਉਮਰ ਨੂੰ ਲੰਬਾ ਕਰਨ ਦੀ ਨਿਰਸਾਰਤਾ ਦਸਦੇ ਹੋਇਆਂ ‘ਗੁਣੀ-ਨਿਧਾਨ’ ਦਾ ਯਸ਼ ਗਾਉਣ ਦਾ ਉਪਦੇਸ਼ ਦਿੱਤਾ ਗਿਆ ਹੈ।
ਤੀਜੇ ਜੁਟ (8-11) ਵਿਚ ਸ਼੍ਰਵਣ-ਭਗਤੀ ਨੂੰ ਅਪਣਾਉਣ ਉਤੇ ਬਲ ਹੈ ਅਤੇ ਚੌਥੇ ਜੁਟ (12-15) ਵਿਚ ਮਨਨ-ਭਗਤੀ ਦੀ ਮਹੱਤਵ-ਸਥਾਪਨਾ ਹੋਈ ਹੈ। ਇਨ੍ਹਾਂ ਦੋਹਾਂ ਭਗਤੀ-ਵਿਧੀਆਂ ਰਾਹੀਂ ਬ੍ਰਹਮ-ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸ਼੍ਰਵਣ ਅਤੇ ਮਨਨ ਉਪਰੰਤ ਜਿਗਿਆਸੂ ‘ਪੰਚ ’ ਨਾਂ ਦੀ ਅਧਿਆਤਮਿਕ ਅਵਸਥਾ ਵਿਚ ਪਹੁੰਚਿਆ ‘ਪੰਚ’ ਦੀ ਵਾਸਤਵਿਕਤਾ ਦਾ ਭੇਦ ਪਾ ਕੇ ਆਤਮ-ਸਮਰਪਣ ਕਰ ਦਿੰਦਾ ਹੈ—ਜੋ ਤੁਧੁ ਭਾਵੈ ਸਾਈ ਭਲੀ ਕਾਰ। ਪਰਮਾਤਮਾ ਦੀ ਰਚੀ ਸ੍ਰਿਸ਼ਟੀ ਦਾ ਵਿਸਤਾਰ ਅਸਲੋਂ ਨਾਮ ਦਾ ਹੀ ਪਸਾਰ ਹੈ ਕਿਉਂਕਿ ਵਿਣੁ ਨਾਵੈ ਨਾਹੀ ਕੋ ਥਾਉ। ਸਦੀਵੀ ਸਤਿ ਸਰੂਪ ਨਿਰਾਕਾਰ ਪਰਮਾਤਮਾ ਨੂੰ ਪ੍ਰਣਾਮ ਕਰਦੇ ਹੋਇਆਂ ਗੁਰੂ ਨਾਨਕ ਦੇਵ ਜੀ ਇਥੇ ਪੰਜਵੇਂ ਜੁਟ (16-19) ਦੀ ਸਮਾਪਤੀ ਕਰਦੇ ਹਨ। ਇਥੇ ‘ਜਪੁਜੀ’ ਦਾ ਪੂਰਵਾਰਧ ਖ਼ਤਮ ਹੁੰਦਾ ਹੈ।
ਛੇਵੇਂ ਜੁਟ (20-23) ਵਿਚ ਨਾਮ ਨੂੰ ਸਰਵ- ਪਾਪ-ਨਾਸ਼ਕ ਮੰਨਿਆ ਗਿਆ ਹੈ—ਭਰੀਐ ਮਤਿ ਪਾਪਾ ਕੈ ਸੰਗਿ। ਓਹੁ ਧੋਪੈ ਨਾਵੈ ਕੈ ਰੰਗਿ। ਇਸ ਤੋਂ ਇਲਾਵਾ ਸ੍ਰਿਸ਼ਟੀ ਦੀ ਉਤਪੱਤੀ ਅਤੇ ਵਿਕਾਸ ਬਾਰੇ ਪ੍ਰਚਲਿਤ ਮੱਤਾਂ ਦਾ ਖੰਡਨ ਕਰਦੇ ਹੋਇਆਂ ਗੁਰੂ ਜੀ ਨੇ ਦਸਿਆ ਹੈ ਕਿ ਇਸ ਸਭ ਦਾ ਭੇਦ ਕੇਵਲ ਪਰਮਾਤਮਾ ਨੂੰ ਹੀ ਪਤਾ ਹੈ ਜੋ ਵਿਅਕਤੀ ਪਰਮ-ਸੱਤਾ ਨੂੰ ਆਪਣੇ ਮਨ ਵਿਚ ਵਸਾਉਂਦਾ ਹੈ, ਉਸ ਤੁਲ ਇਸ ਸੰਸਾਰ ਵਿਚ ਕੋਈ ਵੀ ਨਹੀਂ ਹੈ। ਸੱਤਵੇਂ ਜੁਟ (24-27) ਵਿਚ ਫਿਰ ਪਰਮਾਤਮਾ ਦੀ ਮਹਾਨਤਾ ਅਤੇ ਅਨੰਤਤਾ ਤੋਂ ਇਲਾਵਾ ਉਸ ਦੇ ਹੁਕਮ ਅਤੇ ਰਜ਼ਾ ਉਤੇ ਪ੍ਰਕਾਸ਼ ਪਾਉਂਦੇ ਹੋਇਆਂ ਉਸ ਨੂੰ ਸਰਵ-ਸ਼ਕਤੀਮਾਨ ਮੰਨਿਆ ਗਿਆ ਹੈ— ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ। ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ।
ਅੱਠਵੇਂ ਜੁਟ (28-31) ਵਿਚ ਸੰਸਾਰ ਦੇ ਸਾਰੇ ਪ੍ਰਚਲਿਤ ਧਰਮਾਂ ਦੇ ਬਾਹਰਲੇ ਪਾਖੰਡਾਂ ਅਤੇ ਕਰਮ-ਕਾਂਡਾਂ ਦਾ ਵਿਸਤਾਰ ਸਹਿਤ ਵਿਸ਼ਲੇਸ਼ਣ ਕਰਦੇ ਹੋਇਆਂ ਉਨ੍ਹਾਂ ਨੂੰ ਨਿਖੇਧਣ ਦੀ ਪ੍ਰੇਰਣਾ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਸਤਿ-ਸਰੂਪ ਪਰਮਾਤਮਾ ਦੀ ਪ੍ਰਾਪਤੀ ਲਈ ਸੰਤੋਖ , ਧਿਆਨ ਆਦਿ ਟਿਕਾਉ ਦੀਆਂ ਕ੍ਰਿਆਵਾਂ ਰਾਹੀਂ ਮਨ ਨੂੰ ਵਸ ਵਿਚ ਕਰਨ ਦੀ ਤਾਕੀਦ ਕੀਤੀ ਗਈ ਹੈ।
ਨੌਵੇਂ ਜੁਟ (32-35) ਵਿਚ ਜਿਗਿਆਸੂ ਦੀ ਬਿਰਤੀ ਨੂੰ ਅੰਤਰਮੁਖੀ ਬਣਾ ਕੇ ਉਸ ਨੂੰ ਸਾਧਨਾ ਦੀਆਂ ਵਾਸਤਵਿਕ ਪਉੜੀਆਂ ਉਤੇ ਚੜ੍ਹਨ ਅਤੇ ਪਰਮਾਤਮਾ ਨਾਲ ਇਕ-ਰੂਪ ਹੋਣ ਲਈ ਅਗੇ ਤੋਰਿਆ ਗਿਆ ਹੈ। ਇਥੋਂ ਆਤਮਿਕ ਵਿਕਾਸ ਦੀਆਂ ਪੰਜ ਅਵਸਥਾਵਾਂ ਜਾਂ ਭੂਮਿਕਾਵਾਂ ਦਾ ਆਰੰਭ ਹੁੰਦਾ ਹੈ ਅਤੇ ਧਰਮ-ਖੰਡ ਅਤੇ ਗਿਆਨ-ਖੰਡ ਦੇ ਸਰੂਪ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਇਸ ਪਿਛੋਂ ਦਸਵੇਂ ਜੁਟ (36-38,1 ਸ਼ਲੋਕ) ਵਿਚ ਧਰਮ, ਕਰਮ ਅਤੇ ਸਚ ਨਾਂ ਦੇ ਖੰਡਾਂ ਦਾ ਵਿਵਰਣ ਪੇਸ਼ ਕਰਦੇ ਹੋਇਆਂ ਗੁਰੂ ਜੀ ਨੇ ਸੁਨਿਆਰੇ ਦੀ ਦੁਕਾਨ ਜਾਂ ਭੱਠੀ ਦੇ ਰੂਪਕ ਰਾਹੀਂ ‘ਸ਼ਬਦ’ ਦੀ ਟਕਸਾਲ ਦਾ ਚਿਤ੍ਰਣ ਕੀਤਾ ਹੈ ਅਤੇ ਅੰਤਿਮ ਸ਼ਲੋਕ ਵਿਚ ਸਮੁੱਚੇ ਸੰਸਾਰਿਕ ਪ੍ਰਪੰਚ ਦੇ ਪ੍ਰਸੰਗ ਵਿਚ ਜਿਗਿਆਸੂ ਦਾ ਵਿਜੈ-ਸ਼ਾਲੀ ਅੰਤ ਸਪੱਸ਼ਟ ਕੀਤਾ ਹੈ।
ਇਸ ਤਰ੍ਹਾਂ ‘ਜਪੁਜੀ’ ਵਿਚ ਗੁਰੂ ਨਾਨਕ ਦੇਵ ਜੀ ਨੇ ਮਹੱਤਵਪੂਰਣ ਅਧਿਆਤਮਿਕ ਵਿਸ਼ੇ ਨੂੰ ਲੈ ਕੇ ਉਸ ਦਾ ਵਿਸ਼ਲੇਸ਼ਣ ਪਦਿਆਂ ਦੇ ਦਸ ਜੁਟਾਂ ਰਾਹੀਂ ਪੇਸ਼ ਕੀਤਾ ਹੈ ਅਤੇ ਬੜੇ ਢੁੱਕਵੇਂ ਢੰਗ ਨਾਲ ਮੂਲ ਬੌਧਿਕ ਪ੍ਰਸ਼ਨ—ਕਿਵ ਸਚਿਆਰਾ ਹੋਇਐ ਕਿਵ ਕੂੜੈ ਤੁਟੈ ਪਾਲਿ— ਦਾ ਉੱਤਰ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ਅਤੇ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ਰਾਹੀਂ ਦੇ ਕੇ ਆਪਣੇ ਭਗਤੀ-ਮਾਰਗ ਦਾ ਸਰੂਪ ਸਪੱਸ਼ਟ ਕੀਤਾ ਹੈ। ਅੰਤ ਉਤੇ ਹਰਿ-ਭਗਤੀ ਦੁਆਰਾ ਹੋਈ ਪ੍ਰਾਪਤੀ ਦਾ ਵਰਣਨ ਵੀ ਕੀਤਾ ਹੈ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।
ਇਸ ਬਾਣੀ ਵਿਚ ਚਿੰਤਨ ਅਤੇ ਭਾਵਨਾ ਦਾ ਮਣੀ-ਕੰਚਨ ਸੰਯੋਗ ਹੋਇਆ ਹੈ। ਇਸ ਵਿਚ ਭਗਤੀ ਤੋਂ ਬਿਨਾ ਬੌਧਿਕ ਚਿੰਤਨ ਦੀ ਸਾਰੀ ਪ੍ਰਕ੍ਰਿਆ ਨੂੰ ਨਿਸ਼ਫਲ ਸਿੱਧ ਕੀਤਾ ਗਿਆ ਹੈ। ਇਸ ਲਈ ਇਹ ਰਚਨਾ ਇਕ ਨਿਸਚਿਤ ਵਿਚਾਰ-ਲੜੀ ਰਾਹੀਂ ਭਗਤ ਦੇ ਸਾਧਨਾ-ਮਾਰਗ ਦੀਆਂ ਭਿੰਨ ਭਿੰਨ ਅਵਸਥਾਵਾਂ ਦਾ ਚਿਤ੍ਰਣ ਕਰਕੇ ਉਸ ਦੇ ਜੀਵਨ-ਉਦੇਸ਼ ਨੂੰ ਸਪੱਸ਼ਟ ਕਰਦੀ ਹੈ।
ਕਲਾਤਮਕ ਪੱਖ ਤੋਂ ਜਪੁਜੀ ਸੂਤ੍ਰਿਕ ਸ਼ੈਲੀ ਵਿਚ ਲਿਖੀ ਗਈ ਗੁਟ ਰਚਨਾ ਹੈ। ਇਸ ਦਾ ਸਰੂਪ ਗਾਗਰ ਵਿਚ ਸਾਗਰ ਭਰਨ ਵਾਂਗ ਹੈ। ਇਸ ਵਿਚ ਜਿਗਿਆਸੂ ਨੂੰ ਅਧਿਆਤਮਿਕ ਯਾਤ੍ਰਾ ਵੇਲੇ ਕਿਨ੍ਹਾਂ ਕਿਨ੍ਹਾਂ ਸਥਿਤੀਆਂ ਵਿਚੋਂ ਗੁਜ਼ਰਨਾ ਪੈਂਦਾ ਹੈ, ਉਨ੍ਹਾਂ ਦਾ ਬੜੀ ਨਿਪੁਣ ਵਿਧੀ ਨਾਲ ਚਿਤ੍ਰਣ ਹੋਇਆ ਹੈ। ਹਰ ਇਕ ਪਉੜੀ ਅਗਲ- ਪਿਛਲ ਸੰਬੰਧ ਕਾਇਮ ਰਖਦੀ ਹੋਈ ਮੂਲ-ਭਾਵ ਦਾ ਸਹੀ ਢੰਗ ਨਾਲ ਵਿਕਾਸ ਕਰਦੀ ਹੈ। ਛੰਦ-ਬੱਧ ਹੋਣ ਦੇ ਬਾਵਜੂਦ ਇਹ ਕਿਸੇ ਪ੍ਰਕਾਰ ਦੇ ਛੰਦ ਦੇ ਬੰਧਨ ਨੂੰ ਸਵੀਕਾਰ ਨਹੀਂ ਕਰਦੀ, ਪਰ ਫਿਰ ਵੀ ਸੁੰਦਰ ਕਾਵਿ-ਰਚਨਾ ਹੈ। ਕਈਆਂ ਪਉੜੀਆਂ ਵਿਚ ਤੁਕਾਂ ਦੇ ਦੋਹਰਾਓ ਨਾਲ ਲੈਅ ਪੈਦਾ ਕੀਤੀ ਗਈ ਹੈ।
ਇਸ ਦੀ ਭਾਸ਼ਾ ਪੰਜਾਬੀ ਪ੍ਰਭਾਵਿਤ ਸਧੁੱਕੜੀ ਕਹੀ ਜਾ ਸਕਦੀ ਹੈ ਕਿਉਂਕਿ ਇਸ ਵਿਚ ਅਨੇਕ ਭਾਸ਼ਾਵਾਂ ਦੇ ਤੱਤ੍ਵ ਮਿਲ ਜਾਂਦੇ ਹਨ। ਗੁਰੂ ਜੀ ਨੇ ਕਿਸੇ ਵਿਸ਼ੇਸ਼ ਭਾਸ਼ਾ ਦੇ ਮੋਹ ਵਿਚ ਨ ਪੈ ਕੇ ਭਾਸ਼ਾ ਦੇ ਅਰਥ-ਗਤ ਗੌਰਵ ਦਾ ਧਿਆਨ ਰਖਿਆ ਹੈ। ਇਸ ਤੋਂ ਗੁਰੂ ਨਾਨਕ ਦੇਵ ਜੀ ਦੇ ਵਿਸ਼ਾਲ ਗਿਆਨ ਅਤੇ ਸ਼ਬਦ-ਪ੍ਰਯੋਗ ਦੀ ਸੂਖਮ ਸੂਝ ਦਾ ਪਰਿਚਯ ਮਿਲਦਾ ਹੈ, ਜਿਵੇਂ ਸ੍ਰਿਸ਼ਟੀ ਰਚਨਾ ਦੇ ਆਰੰਭ ਬਾਰੇ ਗੱਲ ਕਰਨ ਵੇਲੇ ਸਾਮੀ ਅਤੇ ਭਾਰਤੀ ਦ੍ਰਿਸ਼ਟੀਆਂ ਨੂੰ ਉਸੇ ਭਾਸ਼ਿਕ ਸੰਦਰਭ ਵਿਚ ਪੇਸ਼ ਕੀਤਾ ਹੈ— ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ। ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ।
ਸਚਮੁਚ ਇਹ ਗੁਰੂ ਨਾਨਕ ਦੇਵ ਜੀ ਦਾ ਅਧਿਆਤਮਿਕ ਸ਼ਾਹਕਾਰ ਹੈ। ਇਸ ਵਿਚਲੇ ‘ਮੂਲ-ਮੰਤ੍ਰ ’ ਦਾ ਸਿੱਖ ਧਰਮ ਵਿਚ ਉਹੀ ਮਹੱਤਵ ਅਤੇ ਸਤਿਕਾਰ ਹੈ ਜੋ ‘ਗਾਇਤ੍ਰੀ ਮੰਤ੍ਰ ’ ਦਾ ਹਿੰਦੂ ਧਰਮ ਵਿਚ ਅਤੇ ‘ਕਲਮਾ’ ਦਾ ਇਸਲਾਮ ਵਿਚ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21336, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First