ਜਨੇਊ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਨੇਊ [ਨਾਂਪੁ] ਗੰਢਦਾਰ ਧਾਗੇ ਦੀ ਮਾਲ਼ਾ ਜੋ ਬ੍ਰਾਹਮਣ ਪਹਿਨਦੇ ਹਨ, ਜੰਝੂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜਨੇਊ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਨੇਊ. ਸੰਗ੍ਯਾ—ਯਗ੍ਯੋਪਵੀਤ. ਜੰਞੂ. ਬ੍ਰਹੑਮਸੂਤ੍ਰ. “ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ?” (ਰਾਮ ਅ: ਮ: ੧) ਹਿੰਦੂਮਤ ਦੇ ਸ਼ਾਸਤ੍ਰਾਂ ਵਿੱਚ ਜਨੇਊ ਬਣਾਉਣ ਦੀ ਵਿਧਿ ਇਉਂ ਹੈ:—
ਵੇਦਮੰਤ੍ਰ ਪੜ੍ਹਕੇ ਖੇਤ ਵਿੱਚੋਂ ਕਪਾਹ ਲੈਣੀ, ਉਸ ਦੀ ਰੂੰ ਹੱਥਾਂ ਨਾਲ ਕੱਢਕੇ ਖੂਹ ਦੀ ਮਣ ਉੱਤੇ ਬੈਠਕੇ ਲਾਟੂ ਫੇਰਕੇ ਸੂਤ ਕੱਤਣਾ, ਖੂਹ ਵਿੱਚ ਲਟਕਾਇਆ ਹੋਇਆ ਲਾਟੂ ਆਪਣੇ ਚਕ੍ਰ ਨਾਲ ਤਾਗੇ ਨੂੰ ਵੱਟ ਦਿੰਦਾ ਹੋਇਆ ਜਦ ਇਤਨਾ ਲੰਮਾ ਸੂਤ ਬਣਾ ਦੇਵੇ ਕਿ ਜਿਸ ਨਾਲ ਜਨੇਊ ਦਾ ਪ੍ਰਮਾਣ ਪੂਰਾ ਹੋ ਜਾਵੇ, ਤਦ ਉਸ ਤਾਗੇ ਨੂੰ ਤਿਹਰਾ ਕਰਕੇ ਇੱਕ ਡੋਰ ਵੱਟਣੀ. ਇਨ੍ਹਾਂ ਤਿਹਰੀ ਤਿੰਨ ਡੋਰਾਂ ਦਾ ਇੱਕ ਅਗ੍ਰ ਹੁੰਦਾ ਹੈ. ਦੋ ਅਗ੍ਰਾਂ ਦਾ ਇਕ ਜਨੇਊ ਬਣਦਾ ਹੈ, ਜੋ ਦ੍ਵਿਜਾਂ ਦੇ ਪਹਿਰਣ ਯੋਗ੍ਯ ਹੁੰਦਾ ਹੈ. ਇਹ ਖੱਬੇ ਮੋਢੇ ਤੇ ਪਹਿਨਕੇ ਸੱਜੀ ਵੱਖੀ ਵੱਲ ਲਟਕਾਇਆ ਜਾਂਦਾ ਹੈ. ਪਿਤ੍ਰਿਕਰਮ ਕਰਨ ਵੇਲੇ ਸੱਜੇ ਮੋਢੇ ਤੇ ਪਹਿਰੀਦਾ ਹੈ.
ਮਨੁ ਦੇ ਮਤ ਅਨੁਸਾਰ ਬ੍ਰਾਹਮਣ ਦਾ ਜਨੇਊ ਕਪਾਸ ਦਾ, ਤ੍ਰੀ ਦਾ ਸਣ ਦਾ ਅਤੇ ਵੈਸ਼੍ਯ ਦਾ ਮੀਢੇ ਦੀ ਉਂਨ ਦਾ ਹੋਣਾ ਚਾਹੀਏ. ਜਨੇਊ ਸੰਸਕਾਰ ਸਮੇਂ ਬ੍ਰਾਹਮਣ ਨੂੰ ਕਾਲੇ ਹਰਿਣ ਦੀ, ਤ੍ਰੀ ਨੂੰ ਲਾਲ ਮ੍ਰਿਗ ਦੀ ਅਤੇ ਵੈਸ਼੍ਯ ਨੂੰ ਬੱਕਰੇ ਦੀ ਖੱਲ ਪਹਿਰਨੀ ਚਾਹੀਏ, ਅਰ ਬ੍ਰਾਹਮਣ ਨੂੰ ਬਿੱਲ ਜਾਂ ਪਲਾਹ ਦਾ, ਤ੍ਰੀ ਨੂੰ ਵਟ (ਬੋਹੜ) ਦਾ ਅਤੇ ਵੈਸ਼੍ਯ ਨੂੰ ਪੀਲੂ ਵ੍ਰਿ (ਮਾਲ) ਦਾ ਡੰਡਾ ਧਾਰਨ ਕਰਨਾ ਚਾਹੀਏ.2
ਗਰਭ ਤੋਂ ਲੈ ਕੇ ਬ੍ਰਾਹਮਣ ਦਾ ਅੱਠਵੇਂ, ਤ੍ਰੀ ਦਾ ਗ੍ਯਾਰਵੇਂ ਅਤੇ ਵੈਸ਼੍ਯ ਦਾ ਬਾਰ੍ਹਵੇਂ ਵਰ੍ਹੇ ਜਨੇਊ ਸੰਸਕਾਰ ਹੋਣਾ ਚਾਹੀਏ.
ਨਾਰਦ ਦੇ ਮਤ ਅਨੁਸਾਰ ਬ੍ਰਾਹਮਣ ਦਾ ਬਸੰਤ ਰੁੱਤ ਵਿੱਚ, ਤ੍ਰੀ ਦਾ ਗ੍ਰੀਖਮ ਵਿੱਚ ਅਤੇ ਵੈਸ਼੍ਯ ਦਾ ਸ਼ਰਦ ਰੁੱਤ ਵਿੱਚ ਜਨੇਊ ਸੰਸਕਾਰ ਹੋਣਾ ਯੋਗ੍ਯ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5590, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਨੇਊ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜਨੇਊ: ਇਸ ਦਾ ਮੂਲ ਨਾਂ ‘ਯੱਗੋਪਵੀਤ’ ਹੈ। ਇਸ ਤੋਂ ਭਾਵ ਹੈ ‘ਯੱਗ ਦੇ ਅਵਸਰ’ਤੇ ਉਪਰੋਂ ਲਪੇਟਿਆ ਹੋਇਆ ਬਸਤ੍ਰ ’ (ਮ੍ਰਿਗਚਰਮ)। ਇਸ ਨੂੰ ਧਾਰਣ ਕਰਨ ਨਾਲ ਯੱਗ ਕਰਨ ਦੀ ਪਾਤਰਤਾ ਦਾ ਅਧਿਕਾਰ ਪ੍ਰਾਪਤ ਹੁੰਦਾ ਸੀ। ਸਮੇਂ ਦੇ ਬੀਤਣ ਨਾਲ ਇਸ ਦਾ ਅਰਥ ‘ਪਵਿੱਤਰ ਸੂਤਰ ’ ਹੋ ਗਿਆ ਜੋ ਯੱਗੋਪਵੀਤ ਦੇ ਚਿੰਨ੍ਹ ਵਜੋਂ ਧਾਰਣ ਕੀਤਾ ਜਾਣ ਲਗਿਆ।
ਇਹ ਹਿੰਦੂਆਂ ਦਾ ਇਕ ਸਮਾਰਤ (ਸਮ੍ਰਿਤੀ ਅਨੁਸਾਰੀ) ਸੰਸਕਾਰ ਹੈ। ਇਸ ਨੂੰ ਮੂਲ ਰੂਪ ਵਿਚ ‘ਉਪਨਯਨ’ ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ (ਵਿਦਿਆ ਅਭਿਆਸ ਅਤੇ ਨੈਤਿਕ ਸ਼ਿਸ਼ਟਤਾ ਲਈ ਪਿਤਾ ਜਾਂ ਉਸ ਦੀ ਗ਼ੈਰ- ਮੌਜੂਦਗੀ ਵਿਚ ਕਿਸੇ ਸਰਪ੍ਰਸਤ ਦੁਆਰਾ ਬਾਲਕ ਨੂੰ) ਆਚਾਰਯ ਦੇ ਨੇੜੇ ਲੈ ਕੇ ਜਾਣਾ। ਇਸ ਲਈ ਮੁੱਖ ਰੂਪ ਵਿਚ ਇਹ ਸਿਖਿਆ (ਵਿਦਿਆ) ਪ੍ਰਾਪਤ ਕਰਨ ਸੰਬੰਧੀ ਸੰਸਕਾਰ ਹੈ। ਇਸ ਦੁਆਰਾ ਬਾਲਕ ਜਾਤੀਗਤ ਗਿਆਨ ਅਤੇ ਆਚਾਰ-ਵਿਚਾਰ ਵਿਚ ਦੀਕੑਸ਼ਿਤ ਹੋ ਕੇ ਸਮਾਜਿਕ ਕਰਤੱਵਾਂ ਦੀ ਪਾਲਣਾ ਕਰਨ ਦੇ ਯੋਗ ਬਣਦਾ ਹੈ। ਇਹ ਇਕ ਤਰ੍ਹਾਂ ਨਾਲ ਬਾਲਕ ਦਾ ਦੂਜਾ ਜਨਮ ਹੁੰਦਾ ਹੈ ਕਿਉਂਕਿ ਮਾਤਾ ਪਿਤਾ ਉਸ ਨੂੰ ਭੌਤਿਕ ਜਨਮ ਦਿੰਦੇ ਹਨ ਅਤੇ ਆਚਾਰਯ ਉਸ ਨੂੰ ਬੌਧਿਕ ਅਤੇ ਨੈਤਿਕ ਜਨਮ ਦਿੰਦਾ ਹੈ। ਇਹੀ ਕਾਰਣ ਹੈ ਕਿ ਉਪਨਯਨ ਸੰਸਕਾਰ ਕਰ ਚੁਕਣ ਵਾਲੇ ਬਾਲਕ ਨੂੰ ਦ੍ਵਿਜ (ਦੋ ਜਨਮਾ) ਕਿਹਾ ਜਾਂਦਾ ਹੈ।
ਵਖ ਵਖ ਵਰਣਾਂ ਵਾਲਿਆਂ ਬਾਲਕਾਂ ਦਾ ਵਖਰੀ ਵਖਰੀ ਉਮਰ ਵਿਚ ਉਪਨਯਨ ਸੰਸਕਾਰ ਹੁੰਦਾ ਹੈ ਜਿਵੇਂ ਬ੍ਰਾਹਮਣ ਬਾਲਕ ਦਾ ਅੱਠਵੇਂ ਵਰ੍ਹੇ ਵਿਚ, ਛਤ੍ਰੀ ਬਾਲਕ ਦਾ ਯਾਰ੍ਹਵੇਂ ਵਰ੍ਹੇ ਵਿਚ ਅਤੇ ਵੈਸ਼ ਬਾਲਕ ਦਾ ਬਾਰ੍ਹਵੇਂ ਵਰ੍ਹੇ ਵਿਚ ਹੋਣਾ ਚਾਹੀਦਾ ਹੈ। ਲੋੜ ਅਤੇ ਸਥਿਤੀ ਅਨੁਸਾਰ ਉਮਰ ਦੀਆਂ ਸੀਮਾਵਾਂ ਨੂੰ ਘਟਾਇਆ ਵਧਾਇਆ ਵੀ ਜਾ ਸਕਦਾ ਹੈ। ਸ਼ੂਦਰ ਬਾਲਕ ਅਤੇ ਸਾਰਿਆਂ ਵਰਣਾਂ ਦੀਆਂ ਬਾਲਿਕਾਵਾਂ ਨੂੰ ਯੱਗੋਪਵੀਤ ਧਾਰਣ ਕਰਨ ਦਾ ਅਧਿਕਾਰ ਨਹੀਂ ਹੈ।
ਉਪਨਯਨ ਲਈ ਵਰਣਾਂ ਅਨੁਸਾਰ ਸਮ੍ਰਿਤੀਕਾਰਾਂ ਨੇ ਰੁਤਾਂ ਵੀ ਨਿਸ਼ਚਿਤ ਕੀਤੀਆਂ ਹਨ। ਇਸ ਸੰਸਕਾਰ ਦਾ ਆਰੰਭ ਮੁੰਡਨ ਅਤੇ ਫਿਰ ਇਸ਼ਨਾਨ ਤੋਂ ਹੁੰਦਾ ਹੈ। ਬਾਲਕ ਬ੍ਰਹਮਚਾਰੀ ਨੂੰ ਆਚਾਰਯ ਵਲੋਂ ਅਨੁਕੂਲ ਬਸਤ੍ਰ ਦਿੱਤੇ ਜਾਂਦੇ ਹਨ। ਸਭ ਤੋਂ ਪਹਿਲਾਂ ਲੰਗੋਟ ਬੰਨ੍ਹਵਾਇਆ ਜਾਂਦਾ ਹੈ। ਸ਼ਰੀਰ ਸੰਬੰਧੀ ਸਮਾਜਿਕ ਚੇਤਨਾ ਦਾ ਇਹ ਪਹਿਲਾ ਕਦਮ ਹੈ। ਫਿਰ ਬ੍ਰਹਮਚਾਰੀ ਨੂੰ ਮੇਖਲਾ ਪਵਾਈ ਜਾਂਦੀ ਹੈ। ਇਸ ਨਾਲ ਸ਼ਰੀਰ ਵਿਚ ਚੁਸਤੀ ਅਤੇ ਕਮਰ ਨੂੰ ਪੁਸ਼ਟੀ ਮਿਲਦੀ ਹੈ। ਮੇਖਲਾ ਤੋਂ ਬਾਦ ਯੱਗੋਪਵੀਤ ਧਾਰਣ ਕਰਵਾਇਆ ਜਾਂਦਾ ਹੈ। ਇਹ ਇਤਨਾ ਮਹੱਤਵਪੂਰਣ ਹੈ ਕਿ ਅਜ ਉਪਨਯਨ ਸੰਸਕਾਰ ਦਾ ਨਾਂ ਹੀ ‘ਯੱਗੋਪਵੀਤ-ਸੰਸਕਾਰ’ ਪ੍ਰਚਲਿਤ ਹੋ ਗਿਆ ਹੈ।
ਆਮ ਤੌਰ ’ਤੇ ਯੱਗੋਪਵੀਤ ਤਿੰਨ-ਲੜਾ ਹੁੰਦਾ ਹੈ ਅਤੇ ਕਪਾਹ ਦਾ ਸਭ ਲਈ ਚਲਦਾ ਹੈ, ਪਰ ਸ਼ਾਸਤ੍ਰਾਂ ਵਿਚ ਬ੍ਰਾਹਮਣ ਲਈ ਕਪਾਹ ਦਾ, ਛਤ੍ਰੀ ਲਈ ਸਣ ਜਾਂ ਅਲਸੀ ਦਾ ਅਤੇ ਵੈਸ਼ ਲਈ ਉਨ ਦਾ ਯੱਗੋਪਵੀਤ ਦਸਿਆ ਗਿਆ ਹੈ। ਇਹ ਖੱਬੇ ਮੋਢੇ ਤੋਂ ਸੱਜੀ ਵੱਖੀ ਵਲ ਲਟਕਾਇਆ ਜਾਂਦਾ ਹੈ।
ਗੁਰੂ ਤੇਗ ਬਹਾਦਰ ਜੀ ਨੇ ਤਿਲਕ ਦੇ ਨਾਲ ਜੰਞੂ ਨੂੰ ਹਿੰਦੂ ਧਰਮ ਦਾ ਪ੍ਰਤੀਕ ਮੰਨ ਕੇ ਇਸ ਦੀ ਰਖਿਆ ਲਈ ਆਤਮ-ਉਤਸਰਗ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ‘ਬਚਿਤ੍ਰ ਨਾਟਕ ’ ਵਿਚ ਲਿਖਿਆ ਹੈ— ਤਿਲਕ ਜੰਞੂ ਰਾਖਾ ਪ੍ਰਭੁ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ।
ਮੱਧ-ਯੁਗ ਤਕ ਪਹੁੰਚਦੇ ਪਹੁੰਚਦੇ ਯੱਗੋਪਵੀਤ ਨਾਲ ਸੰਬੰਧਿਤ ਪਵਿੱਤਰ ਭਾਵਨਾ ਖ਼ਤਮ ਹੋ ਗਈ ਅਤੇ ਇਹ ਸੰਸਕਾਰ ਇਕ ਰਸਮ ਜਾਂ ਰੂੜ੍ਹੀ ਬਣ ਕੇ ਰਹਿ ਗਿਆ। ਇਸ ਲਈ ਨਵੀਂ ਚੇਤਨਾ ਦੇ ਯੁਗ-ਪੁਰਸ਼ ਗੁਰੂ ਨਾਨਕ ਦੇਵ ਜੀ ਨੇ ਯੱਗੋਪਵੀਤ ਦੇ ਰੂੜ੍ਹ ਰੂਪ ਨੂੰ ਤਿਆਗ ਕੇ ਇਸ ਦੀ ਵਾਸਤਵਿਕ ਭਾਵਨਾ ਨੂੰ ਸਮਝਣ ਲਈ ਜਿਗਿਆਸੂ ਨੂੰ ਉਪਦੇਸ਼ ਦਿੱਤਾ ਹੈ ਅਤੇ ‘ਆਸਾ ਕੀ ਵਾਰ ’ ਵਿਚ ਇਸ ਦੇ ਭਾਵੀਕ੍ਰਿਤ ਰੂਪ ਨੂੰ ਇਸ ਤਰ੍ਹਾਂ ਬਿਆਨਿਆ ਹੈ— ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ। ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ। (ਗੁ.ਗ੍ਰੰ.471)। ਸਿੱਖ-ਮਤ ਵਿਚ ਇਸ ਨੂੰ ਧਾਰਣ ਕਰਨਾ ਵਰਜਿਤ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਜਨੇਊ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਨੇਊ : ਹਿੰਦੂ ਧਰਮ ਅਨੁਸਾਰ ਜਨੇਉ ਪਾਉਣਾ ਉੱਨਾ ਹੀ ਜ਼ਰੂਰੀ ਹੈ, ਜਿੰਨਾ ਸਿੱਖ ਧਰਮ ਵਿਚ ਅੰਮ੍ਰਿਤਧਾਰੀ ਮਨੁੱਖ ਲਈ ਕਿਰਪਾਨ ਧਾਰਨ ਕਰਨੀ। ਹਿੰਦੂ ਮਤ ਦੇ ਸ਼ਾਸਤਰਾਂ ਵਿਚ ਜਨੇਉ ਬਣਾਉਣ ਦੀ ਵਿਧੀ ਇਸ ਤਰ੍ਹਾਂ ਹੈ––ਸਭ ਤੋਂ ਪਹਿਲਾਂ ਵੇਦ ਮੰਤਰ ਪੜ੍ਹ ਕੇ ਖੇਤ ਵਿਚੋਂ ਕਪਾਹ ਲੈਣੀ ਹੁੰਦੀ ਹੈ ਫਿਰ ਉਸ ਦੀ ਰੂੰ ਨੂੰ ਹੱਥਾਂ ਨਾਲ ਕੱਢ ਕੇ, ਖੂਹ ਦੀ ਮਣ ਉੱਤੇ ਬੈਠ ਕੇ ਲਾਟੂ ਫੇਰ ਕੇ ਸੂਤ ਕੱਤਣਾ ਹੁੰਦਾ ਹੈ। ਖੂਹ ਵਿਚ ਲਟਕਾਇਆ ਹੋਇਆ ਲਾਟੂ ਆਪਣੇ ਚੱਕਰ ਨਾਲ ਧਾਗੇ ਨੂੰ ਵਟਦਾ ਹੈ ਅਤੇ ਜਦੋਂ ਸੂਤ ਜਨੇਊ ਦੀ ਮਿਣਤੀ ਜਿੰਨਾ ਲੰਬਾ ਹੋ ਜਾਂਦਾ ਹੈ ਤਾਂ ਧਾਗੇ ਨੂੰ ਤੀਹਰਾ ਕਰਕੇ ਡੋਰ ਵਟਣੀ ਹੁੰਦੀ ਹੈ। ਅਜਿਹੀਆਂ ਡੋਰਾਂ ਦਾ ਇਕ ਅਗਰ ਹੁੰਦਾ ਹੈ ਤੇ ਦੋ ਅਗਰਾਂ ਦਾ ਇਕ ਜਨੇਊ ਬਣਦਾ ਹੈ ਜੋ ਦ੍ਵਿਜਾਂ ਦੇ ਪਹਿਨਣ ਯੋਗ ਹੁੰਦਾ ਹੈ। ਇਹ ਖੱਬੇ ਮੋਢੇ ਤੇ ਪਹਿਨ ਕੇ ਸੱਜੀ ਵਖੀ ਵੱਲ ਲਟਕਾਇਆ ਜਾਂਦਾ ਹੈ। ਪਿਤਰੀ ਕਰਮ ਕਰਨ ਵੇਲੇ ਸੱਜੇ ਮੋਢੇ ਤੇ ਪਹਿਨਿਆ ਜਾਂਦਾ ਹੈ।
ਮੰਨੂ ਦੇ ਮਤ ਅਨੁਸਾਰ ਬ੍ਰਾਹਮਣ ਦਾ ਜਨੇਊ ਕਪਾਹ ਦਾ, ਖਤਰੀ ਦਾ ਸਾਣ ਦਾ ਅਤੇ ਵੈਸ਼ ਦਾ ਮੀਢੇ ਦੀ ਉੱਨ ਦਾ ਹੋਣਾ ਚਾਹੀਦਾ ਹੈ। ਜਨੇਊ ਦੇ ਸੰਸਕਾਰ ਸਮੇਂ ਬ੍ਰਾਹਮਣ ਨੂੰ ਕਾਲੇ ਹਿਰਨ ਦੀ, ਖਤਰੀ ਨੂੰ ਲਾਲ ਮਿਰਗ ਦੀ ਅਤੇ ਵੈਸ਼ ਨੂੰ ਬੱਕਰੇ ਦੀ ਖੱਲ ਪਹਿਨਣੀ ਚਾਹੀਦੀ ਹੈ। ਇਸ ਤੋਂ ਬਿਨਾਂ ਬ੍ਰਾਹਮਣ ਨੂੰ ਬਿਲ ਜਾਂ ਪਲਾਹ, ਖਤਰੀ ਨੂੰ ਬੋਹੜ ਦਾ ਅਤੇ ਵੈਸ਼ ਨੂੰ ਪੀਲੂ ਦਾ ਡੰਡਾ ਧਾਰਨ ਕਰਨਾ ਚਾਹੀਦਾ ਹੈ। ਗਰਭ ਤੋਂ ਲੈ ਕੇ ਬ੍ਰਾਹਮਣ ਦਾ ਅੱਠਵੇਂ, ਖੱਤਰੀ ਦਾ ਗਿਆਰ੍ਹਵੇਂ ਅਤੇ ਵੈਸ਼ ਦਾ ਬਾਰ੍ਹਵੇਂ ਵਰ੍ਹੇ ਜਨੇਊ-ਸੰਸਕਾਰ ਹੋਣਾ ਚਾਹੀਦਾ ਹੈ।
ਨਾਰਦ ਦੇ ਮੱਤ ਅਨੁਸਾਰ, ਬ੍ਰਾਹਮਣ ਦਾ ਬਸੰਤ ਰੁਤ ਵਿਚ, ਖੱਤਰੀ ਦਾ ਹੁਨਾਲ ਅਤੇ ਵੈਸ਼ ਦਾ ਪਤਝੜ ਦੀ ਰੁੱਤੇ ਜਨੇਊ ਸੰਸਕਾਰ ਹੋਣਾ ਚਾਹੀਦਾ ਹੈ।
ਹ. ਪੁ.––ਗੁਰਮਤਿ ਮਾਰਤੰਡ : 109; ਮ. ਕੋ. : 505
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਜਨੇਊ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਜਨੇਊ : ਜਨੇਊ ਪੁਆਉਣ ਦੀ ਰਸਮ ਮੁੰਡਨ ਸੰਸਕਾਰ ਤੋਂ ਪਿੱਛੋਂ, ਬਚਪਨ ਵਿਚ ਹੀ ਕੀਤੀ ਜਾਂਦੀ ਹੈ। ਹਿੰਦੂ ਧਰਮ ਰੀਤੀ ਅਨੁਸਾਰ ਬ੍ਰਾਹਮਣ ਦਾ ਗਰਭ ਤੋਂ ਅੱਠਵੇਂ, ਖੱਤਰੀ ਦਾ ਗਿਆਰ੍ਹਵੇਂ ਅਤੇ ਵੈਸ਼ ਦਾ ਬਾਰ੍ਹਵੇਂ ਵਰ੍ਹੇ ਵਿਚ ਜਨੇਊ ਸੰਸਕਾਰ ਹੋਣਾ ਚਾਹੀਦਾ ਹੈ। ਨਾਰਦ ਦੇ ਮਤ ਅਨੁਸਾਰ ਇਹ ਵੀ ਵਿਧਾਨ ਹੈ ਕਿ ਬ੍ਰਾਹਮਣ ਦਾ ਬਸੰਤ ਰੁੱਤ ਵਿਚ, ਖੱਤਰੀ ਦਾ ਗ੍ਰੀਖਮ ਰੁੱਤ ਵਿਚ ਅਤੇ ਵੈਸ਼ ਦਾ ਸਰਦ ਰੁੱਤ ਵਿਚ ਜਨੇਊ ਸੰਸਕਾਰ ਹੋਣਾ ਚੰਗਾ ਹੈ ਪਰ ਪੰਜਾਬ ਵਿਚ ਕਈ ਹਾਲਤਾਂ ਵਿਚ ਜਨੇਊ ਵੀ ਵਿਆਹ ਵਾਲੇ ਦਿਨ ਫੇਰਿਆਂ ਤੋਂ ਪਹਿਲਾਂ ਨੁਹਾਈ ਧੁਆਈ ਵੇਲੇ ਪਹਿਨਦੇ ਹਨ।
ਜਨੇਊ ਬਣਾਉਣ ਵਾਸਤੇ ਸੱਜਰੀ ਕਪਾਹ ਚੁਗੀ ਜਾਂਦੀ ਹੈ ਅਤੇ ਇਸ ਨੂੰ ਅਗਸਤ ਦੇ ਮਹੀਨੇ ਕੋਈ ਸੁਹਾਗਣ ਬ੍ਰਾਹਮਣੀ ਤੇਰਸ ਵਾਲੇ ਦਿਨ ਕੱਤਦੀ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਜਨੇਊ ਬਣਾਉਣ ਦੀ ਵਿਧੀ ਇਸ ਤਰ੍ਹਾਂ ਹੈ:-
ਵੇਦ ਮੰਤਰ ਪੜ੍ਹ ਕੇ ਖੇਤ ਵਿਚੋਂ ਕਪਾਹ ਲੈਣੀ, ਉਸ ਦੀ ਰੂੰ ਹੱਥਾਂ ਨਾਲ ਕਢਾ ਕੇ, ਖੂਹ ਦੀ ਮਣ ਉੱਤੇ ਬੈਠ ਕੇ ਲਾਟੂ ਫੇਰ ਕੇ ਸੂਤ ਕੱਤਣਾ। ਖੂਹ ਵਿਚ ਲਟਕਾਇਆ ਹੋਇਆ ਲਾਟੂ ਆਪਣੇ ਚੱਕਰ ਨਾਲ ਧਾਗੇ ਨੂੰ ਵੱਟ ਦਿੰਦਾ ਹੋਇਆ ਜਦ ਇੰਨਾ ਲੰਬਾ ਸੂਤ ਬਣਾ ਦੇਵੇ ਕਿ ਜਿਸ ਨਾਲ ਜਨੇਊ ਦੀ ਲੰਬਾਈ ਪੂਰੀ ਹੋ ਜਾਵੇ ਉਸ ਧਾਗੇ ਨੂੰ ਤੀਹਰਾ ਕਰ ਕੇ ਉਸ ਦੀ ਡੋਰ ਵੱਟਣੀ। ਇਨ੍ਹਾਂ ਤਿੰਨ ਡੋਰਾਂ ਦਾ ਇਕ ਅੰਗ ਹੁੰਦਾ ਹੈ ਅਤੇ ਦੋ ਅੰਗਾਂ ਦਾ ਜਨੇਊ ਬਣਦਾ ਹੈ। ਇਹ ਜਨੇਊ ਖੱਬੇ ਮੋਢੇ ਉੱਤੇ ਪਹਿਨ ਕੇ ਸੱਜੀ ਵੱਖੀ ਵੱਲ ਲਟਕਾਇਆ ਜਾਂਦਾ ਹੈ ਪਰ ਪਿਤਰੀ ਤਰਪਣ ਕਰਨ ਵੇਲੇ ਇਹ ਸੱਜੇ ਮੋਢੇ ਉੱਤੇ ਪਹਿਨੀਦਾ ਹੈ।
ਮਨੂੰ ਦੇ ਮਤ ਅਨੁਸਾਰ ਬ੍ਰਾਹਮਣ ਦਾ ਜਨੇਊ ਕਪਾਹ ਦਾ, ਖੱਤਰੀ ਦਾ ਸਣ ਦਾ ਅਤੇ ਵੈਸ਼ ਦਾ ਮੀਢੇ ਦੀ ਉੱਨ ਦਾ ਹੋਣਾ ਚਾਹੀਦਾ ਹੈ। ਜਨੇਊ ਸੰਸਕਾਰ ਸਮੇਂ ਬ੍ਰਾਹਮਣ ਨੂੰ ਕਾਲੇ ਹਰਣਾਂ ਦੀ, ਖੱਤਰੀ ਨੂੰ ਲਾਲ ਮਿਰਗ ਦੀ ਅਤੇ ਵੈਸ਼ ਨੂੰ ਬੱਕਰੇ ਦੀ ਖਲ ਪਹਿਨਣੀ ਚਾਹੀਦੀ ਹੈ ਅਤੇ ਬ੍ਰਾਹਮਣ ਨੂੰ ਬਿਲ ਜਾਂ ਪਲਾਹ ਦਾ ਖੱਤਰੀ ਨੂੰ ਬੋਹੜ ਦਾ ਅਤੇ ਵੈਸ਼ ਨੂੰ ਪੀਲੂ ਦਾ ਡੰਡਾ ਹੱਥ ਵਿਚ ਫੜਨਾ ਚਾਹੀਦਾ ਹੈ।
ਪੁਰਾਣੇ ਸਮੇਂ ਵਿਚ ਜਨੇਊ ਪਾਉਣ ਦੀ ਰਸਮ ਧੂਮ ਧਾਮ ਨਾਲ ਕੀਤੀ ਜਾਂਦੀ ਸੀ। ਨਿਉਤਾ ਦੇ ਕੇ ਬ੍ਰਾਹਮਣਾਂ ਨੂੰ ਬੁਲਾਇਆ ਜਾਂਦਾ ਸੀ ਅਤੇ ਬੱਕਰਾ ਰਿੰਨ੍ਹ ਕੇ ਖੁਆਇਆ ਜਾਂਦਾ ਸੀ। ਇਸ ਦਾ ਵਰਣਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਅਤੇ ਉਨ੍ਹਾਂ ਸਬੰਧੀ ਲਿਖੀ ਸਾਖੀ ਵਿਚ ਵੀ ਮਿਲਦਾ ਹੈ।
ਜਨੇਊ ਪਹਿਨਣ ਵਾਲਾ ਕਈ ਪਰਹੇਜ਼ ਕਰਦਾ ਹੈ। ਟੱਟੀ ਪਿਸ਼ਾਬ ਵੇਲੇ ਉਹ ਇਸ ਨੂੰ ਕੰਨ ਉੱਤੇ ਟੰਗ ਕੇ ਬੈਠਦਾ ਹੈ। ਹਰ ਰੋਜ਼ ਸਵੇਰੇ ਨਜ਼ਦੀਕੀ ਪਿਪਲ ਦੀਆਂ ਜੜ੍ਹਾਂ ਵਿਚ ਪਾਣੀ ਪਾਉਂਦਾ ਹੈ। ਇਹ ਪਾਣੀ ਪਿਤਰਾਂ ਨੂੰ ਪਹੁੰਚਿਆ ਮੰਨਿਆ ਜਾਂਦਾ ਹੈ। ਪਿਤਰੀ ਤਰਪਣ ਵਾਸਤੇ ਜਨੇਊ ਨੂੰ ਸੱਜੇ ਮੋਢੇ ਤੋਂ ਖੱਬੀ ਵੱਖੀ ਵੱਲ ਪਹਿਨ ਕੇ ਅਤੇ ਖੱਬੇ ਅੰਗੂਠੇ ਥੱਲੇ ਦਬਾ ਕੇ ਉਸੇ ਹੱਥ ਉੱਤੋਂ ਪਾਣੀ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਦੇਵ ਤਰਪਣ ਵੇਲੇ ਇਸ ਦੇ ਉਲਟ। ਰਿਸ਼ੀ ਤਰਪਣ ਵੇਲੇ ਇਸ ਨੂੰ ਗੁਰੂ ਵਾਂਗ ਗਲ ਵਿਚ ਪਹਿਨ ਕੇ ਜਲ ਪ੍ਰਦਾਨ ਕਰਦੇ ਹਨ।
ਜਨੇਊ ਸ਼ੁੱਧੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ ਅਤੇ ਹਿੰਦੂ ਧਰਮ ਕਾਰਜਾਂ ਵਿਚ ਸ਼ਾਮਲ ਹੋਣ ਲਈ ਜਨੇਊ ਦਾ ਪਹਿਨਿਆ ਜਾਣਾ ਜ਼ਰੂਰੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-12-06-06, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.: ਪੰ. -ਰੰਧਾਵਾ
ਵਿਚਾਰ / ਸੁਝਾਅ
Please Login First