ਜਠੇਰੇ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਜਠੇਰੇ: ਜਠੇਰੇ ਸ਼ਬਦ ਦਾ ਮੂਲ ਅਰਥ ‘ਜੇਠਾ` ਤੋਂ ਹੈ।‘ਜੇਠਾ` ਸ਼ਬਦ ਘਰ ਵਿੱਚ ਵੱਡੇ ਪੁੱਤਰ ਅਤੇ ਜੇਠੀ ਧੀ ਲਈ ਵਰਤਿਆ ਜਾਂਦਾ ਹੈ। ਜਠੇਰੇ ਨੂੰ ਵੱਡੇ-ਵਡੇਰੇ ਵੀ ਕਿਹਾ ਜਾਂਦਾ ਹੈ। ਪਿੰਡਾਂ ਵਿੱਚ ਪਿੱਤਰ-ਪੂਜਾ ਵਿੱਚ ਸਭ ਤੋਂ ਵਧੇਰੇ ਪੂਜਾ ਜਠੇਰਿਆਂ ਦੀ ਕੀਤੀ ਜਾਂਦੀ ਹੈ। ਪਿੱਤਰ- ਪੂਜਾ ਵਿੱਚ ਖਾਣ-ਪੀਣ ਦੀਆਂ ਵਸਤੂਆਂ ਅਤੇ ਪਹਿਰਾਵੇ ਦੇ ਕੱਪੜੇ, ਜੁੱਤੀ ਆਦਿ ਸਮਗਰੀ ਬ੍ਰਾਹਮਣ ਨੂੰ ਦਾਨ ਵਜੋਂ ਦਿੱਤੀ ਜਾਂਦੀ ਹੈ ਜੋ ਸ੍ਰਾਧ ਦੇ ਰੂਪ ਵਿੱਚ ਵਰ੍ਹੇ ਮਗਰੋਂ ਇੱਕ ਰਸਮ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
ਜਠੇਰਿਆਂ ਦੀ ਪੂਜਾ ਜਠੇਰੇ ਦੇ ਸਮਾਨ ਗੋਤ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ। ਪਿੰਡ ਦੀ ਵੱਸੋਂ ਦਾ ਜ਼ਿਆਦਾਤਰ ਭਾਗ ਇੱਕੋ ਹੀ ਗੋਤ ਨਾਲ ਸੰਬੰਧਿਤ ਹੁੰਦਾ ਹੈ ਜੋ ਕਿ ਇੱਕ ਵੱਡ-ਵਡੇਰੇ ਦਾ ਵੰਸ਼ ਹੁੰਦਾ ਹੈ। ਇਸ ਤਰ੍ਹਾਂ ਇੱਕ ਵਡੇਰਾ ਪਿੰਡ ਦਾ ਜਠੇਰਾ ਹੁੰਦਾ ਹੈ ਜਿਸ ਦੀ ਪੂਜਾ ਸਾਰਾ ਪਿੰਡ ਕਰਦਾ ਹੈ।
ਜਠੇਰਿਆਂ ਦੀ ਪੂਜਾ ਕਿਸੇ ਮੰਗਲ ਕਾਰਜ ਸਮੇਂ ਕੀਤੀ ਜਾਂਦੀ ਹੈ। ਇਹ ਪੂਜਾ ਆਮ ਤੌਰ ਤੇ ਮੁੰਡੇ ਦੇ ਵਿਆਹ ਸਮੇਂ, ਘਰ ਵਿੱਚ ਪੁੱਤਰ ਦੇ ਜਨਮ ਸਮੇਂ ਅਤੇ ਮੱਝ-ਗਾਂ ਦੇ ਸੂਣ ਸਮੇਂ ਕੀਤੀ ਜਾਂਦੀ ਹੈ। ਵਿਆਹ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੂੰ ਜਠੇਰਿਆਂ ਦੇ ਸਥਾਨ ਤੇ ਮੱਥਾ ਟਿਕਾਇਆ ਜਾਂਦਾ ਹੈ ਅਤੇ ਰਾਹ ਵਿੱਚ ਜਾਂਦੇ ਸਮੇਂ ਗੀਤ ਗਾਏ ਜਾਂਦੇ ਹਨ। ਉਸ ਸਥਾਨ ਤੇ ਜਾ ਕੇ ਮਿੱਟੀ ਕੱਢੀ ਜਾਂਦੀ ਹੈ। ਕੁਝ ਗੋਤਾਂ ਵਿੱਚ ਜਠੇਰੇ ਦੇ ਸਥਾਨ ਤੇ ਜਾ ਕੇ ਫੇਰੇ ਲੈਣ ਦੀ ਰਸਮ ਹੈ ਅਤੇ ਕਈਆਂ ਗੋਤਾਂ ਵਿੱਚ ਨਵੇਂ ਵਿਆਹੇ ਜੋੜੇ ਦੇ ਆਪਸ ਵਿੱਚ ‘ਛਟੀਆਂ ਖੇਡਣ` ਦੀ ਰੀਤ ਵੀ ਕੀਤੀ ਜਾਂਦੀ ਹੈ। ਕਈ ਗੋਤਾਂ ਵਿੱਚ ਨਵੀਂ ਵਿਆਹੀ ਵਹੁਟੀ ਤੋਂ ਜਠੇਰੇ ਦੇ ਅਸਥਾਨ ਤੇ ‘ਚੂਰੀ ਮੱਠੀ` ਮਣਸਾ ਕੇ ਵਰਤਾਈ ਜਾਂਦੀ ਹੈ। ਇਹ ਚੂਰੀ ਚੌਲ ਪੀਹ ਕੇ ਉਸ ਵਿੱਚ ਖੰਡ ਰਲਾ ਕੇ ਜਾਂ ਸੂਜੀ ਵਿੱਚ ਖੰਡ ਰਲਾ ਕੇ ਤਿਆਰ ਕੀਤੀ ਜਾਂਦੀ ਹੈ।ਇਹ ਰਸਮ ਤਿਆਰ ਕਰਨ ਤੋਂ ਪਹਿਲਾਂ ਬਰਾਦਰੀ ਦੀ ਸਭ ਤੋਂ ਬਜ਼ੁਰਗ ਔਰਤ ਵਰਤ ਰੱਖਦੀ ਹੈ।ਰਸਮ ਵੇਲੇ ਬਰਾਦਰੀ ਦੀਆਂ ਸਾਰੀਆਂ ਔਰਤਾਂ ਇਕੱਠੀਆਂ ਹੁੰਦੀਆਂ ਹਨ ਅਤੇ ਨਵੇਂ ਵਿਆਹੇ ਜੋੜੇ ਨੂੰ ਇੱਕ ਪਰਾਤ ਵਿੱਚੋਂ ਚੂਰੀ ਦੇ ਦੋ-ਦੋ ਬੁੱਕ ਭਰ ਕੇ ਦੂਜੇ ਭਾਂਡੇ ਵਿੱਚ ਪਾ ਦਿੱਤੇ ਜਾਂਦੇ ਹਨ ਫਿਰ ਇਸ ਉੱਤੇ ਕੁਝ ਮੱਠੀਆਂ ਰੱਖ ਦਿੱਤੀਆਂ ਜਾਂਦੀਆਂ ਹਨ। ਬਜ਼ੁਰਗ ਔਰਤ ਜਠੇਰਿਆਂ ਦੀ ਮਹਿਮਾ ਕਰਦੀ ਹੋਈ ਚੂਰੀ-ਮੱਠੀ ਦੁਆਲੇ ਪਾਣੀ ਦੀ ਚੁਲੀ ਫੇਰਦੀ ਹੈ। ਫਿਰ ਇਹ ਚੂਰੀ-ਮੱਠੀ ਸਭ ਨੂੰ ਵੰਡ ਦਿੱਤੀ ਜਾਂਦੀ ਹੈ। ਬਜ਼ੁਰਗ ਔਰਤਾਂ ਨੂੰ ਸਮਰੱਥਾ ਅਨੁਸਾਰ ਕੱਪੜਿਆਂ ਦਾ ਜੋੜਾ ਜਾਂ ਨਕਦ ਰਾਸ਼ੀ ਦਿੱਤੀ ਜਾਂਦੀ ਹੈ।
ਵਹੁਟੀ ਦੇ ਪਹਿਲੇ ਗਰਭ ਸਮੇਂ ਵੀ ਜਠੇਰਿਆਂ ਦੇ ਸਥਾਨ ਉੱਤੇ ਜਾ ਕੇ ਇਹ ਰਸਮ ਕੀਤੀ ਜਾਂਦੀ ਹੈ। ਜਿਸ ਵਿੱਚ ਵਹੁਟੀ ਦੀ ਸੱਸ ਗਿਰੀ, ਛੁਹਾਰੇ ਤੇ ਕੁਝ ਰੁਪਿਆਂ ਦਾ ਸ਼ਗਨ ਉਸ ਦੀ ਝੋਲੀ ਵਿੱਚ ਪਾਉਂਦੀ ਹੈ। ਉਪਰੰਤ ਬਰਾਦਰੀ ਦੀਆਂ ਦੂਜੀਆਂ ਔਰਤਾਂ ਵਹੁਟੀ ਨੂੰ ਕੁਝ ਰੁਪਏ ਸ਼ਗਨ ਵਜੋਂ ਦਿੰਦੀਆਂ ਹਨ। ਇਹ ਰਸਮ ਕਰਨ ਤੋਂ ਬਾਅਦ ਬਰਾਦਰੀ ਦੀਆਂ ਔਰਤਾਂ ਨੂੰ ਗੁੜ, ਕੱਚੇ ਚੌਲ ਆਦਿ ਵੰਡੇ ਜਾਂਦੇ ਹਨ ਅਤੇ ਗੀਤ ਗਾਏ ਜਾਂਦੇ ਹਨ।
ਘਰ ਵਿੱਚ ਮੱਝ ਜਾਂ ਗਾਂ ਸੂ ਪਵੇ ਤਾਂ ਉਸ ਦਾ ਦੁੱਧ ਘਰ ਵਿੱਚ ਵਰਤਣ ਤੋਂ ਪਹਿਲਾਂ ਜਠੇਰਿਆਂ ਦੇ ਸਥਾਨ ਤੇ ਚੜ੍ਹਾਇਆ ਜਾਂਦਾ ਹੈ। ਪਹਿਲੇ ਦੁੱਧ ਦੀ ਖੀਰ ਵੀ ਜਠੇਰਿਆਂ ਦੇ ਸਥਾਨ ਤੇ ਚੜ੍ਹਾਈ ਜਾਂਦੀ ਹੈ। ਫਿਰ ਮੱਸਿਆ ਤੱਕ ਦੁੱਧ ਰਿੜਕਿਆ ਨਹੀਂ ਜਾਂਦਾ ਅਤੇ ਮੱਸਿਆ ਉਪਰੰਤ ਦੁੱਧ ਰਿੜਕਣ ਤੋਂ ਬਾਅਦ ਉਸ ਪਹਿਲੇ ਘਿਉ ਦਾ ਦੀਵਾ ਜਾਂ ਆਟੇ ਦਾ ਚੂੰਗੜਾ, ਜਠੇਰਿਆਂ ਦੇ ਸਥਾਨ ਉੱਤੇ ਜਗਾਇਆ ਜਾਂਦਾ ਹੈ। ਕੁਝ ਜਠੇਰਿਆਂ ਦੇ ਸਥਾਨ ਤੇ ਕਿਸੇ ਖ਼ਾਸ ਤਿੱਥ ਉੱਤੇ ਆਪਣੇ-ਆਪਣੇ ਗੋਤਰ ਅਨੁਸਾਰ ਵੱਖ-ਵੱਖ ਥਾਂਵਾਂ ਤੇ ਮੇਲੇ ਲੱਗਦੇ ਹਨ। ਉਸ ਦਿਨ ਕਿਸੇ ਖ਼ਾਸ ਜਠੇਰੇ ਦੀ ਗੋਤ ਨਾਲ ਸੰਬੰਧਿਤ ਲੋਕ ਉਸ ਨੂੰ ਦੂਰੋਂ-ਦੂਰੋਂ ਪੂਜਣ ਆਉਂਦੇ ਹਨ।
ਲੇਖਕ : ਮਲਕੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਜਠੇਰੇ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਠੇਰੇ (ਨਾਂ, ਪੁ) ਪਹਿਲਾਂ ਹੋ ਚੁੱਕੀਆਂ ਪੀੜ੍ਹੀਆਂ ਦੇ ਵੱਡੇ-ਵਡੇਰੇ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First