ਜਗਾਧਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਗਾਧਰੀ. ਜਿਲੇ ਅੰਬਾਲੇ ਵਿੱਚ ਪੁਰਾਣਾ ਅਤੇ ਮਸ਼ਹੂਰ ਸ਼ਹਿਰ ਹੈ. ਇਸ ਸ਼ਹਿਰ ਦੇ ਹਨੂੰਮਾਨ ਦਰਵਾਜ਼ੇ ਦੇ ਅੰਦਰਵਾਰ ਸ਼੍ਰੀ ਗੁਰੂਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਕਪਾਲਮੋਚਨ ਨਿਵਾਸ ਕਰਦੇ ਹੋਏ ਇੱਥੇ ਚਰਣ ਪਾਏ ਹਨ. ਗੁਰਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਅਕਾਲੀ ਸਿੰਘ ਪੁਜਾਰੀ ਹੈ. ਰੇਲਵੇ ਸਟੇਸ਼ਨ ਜਗਾਧਰੀ ਤੋਂ ੩ ਮੀਲ ਉਤਰ ਪੂਰਵ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਗਾਧਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਗਾਧਰੀ (ਨਗਰ): ਹਰਿਆਣਾ ਪ੍ਰਾਂਤ ਦੇ ਯਮੁਨਾਨਗਰ ਜ਼ਿਲ੍ਹੇ ਦਾ ਇਕ ਪ੍ਰਸਿੱਧ ਸੰਨਤੀ ਨਗਰ ਜਿਸ ਉਤੇ ਦਲ ਖ਼ਾਲਸਾ ਦੇ ਅਮਲ ਦੌਰਾਨ ਰਾਜਾ ਰਾਇ ਸਿੰਘ ਨੇ ਅਧਿਕਾਰ ਕੀਤਾ ਅਤੇ ਇਸ ਦੇ ਵਿਕਾਸ ਲਈ ਵਪਾਰੀਆਂ ਅਤੇ ਸੰਨਤਕਾਰਾਂ ਨੂੰ ਨਿਮੰਤਰਿਤ ਕੀਤਾ।

ਇਸ ਨਗਰ ਦੇ ਹਨੂੰਮਾਨ ਦਰਵਾਜ਼ੇ ਦੇ ਅੰਦਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ। ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਨੇ ਕਪਾਲ ਮੋਚਨ ਤੋਂ ਆਨੰਦਪੁਰ ਨੂੰ ਪਰਤਦਿਆਂ ਕੁਝ ਸਮੇਂ ਲਈ ਇਸ ਗੁਰਦੁਆਰੇ ਵਾਲੀ ਥਾਂ ਤੇ ਪੜਾ ਕੀਤਾ ਸੀ। ਇਸ ਥਾਂ ਤੇ ਪਹਿਲਾਂ ਇਕ ਛੋਟਾ ਜਿਹਾ ਗੁਰਦੁਆਰਾ ਸੀ। ਇਸ ਦੀ ਵਰਤਮਾਨ ਇਮਾਰਤ ਸੰਨ 1945 ਈ. ਵਿਚ ਬਣਵਾਈ ਗਈ। ਇਹ ਗੁਰੂ-ਧਾਮ ਭਾਵੇਂ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਕਈ ਲੋਗ ਭੁਲ ਨਾਲ ਇਸ ਧਾਮ ਨੂੰ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਕਰ ਦਿੰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜਗਾਧਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਗਾਧਰੀ : ਹਰਿਆਣਾ ਰਾਜ (ਭਾਰਤ) ਦੇ ਅੰਬਾਲਾ ਜ਼ਿਲ੍ਹੇ ਵਿਚ ਜਗਾਧਰੀ ਤਹਿਸੀਲ ਦਾ ਸਦਰ-ਮੁਕਾਮ ਹੈ। ਇਹ ਅੰਬਾਲਾ ਤੋਂ 59 ਕਿ. ਮੀ. ਦੱਖਣ-ਪੂਰਬ ਵੱਲ ਅਤੇ ਯਮਨਾ ਨਗਰ ਰੇਲਵੇ ਸਟੇਸ਼ਨ ਤੋਂ ਕੋਈ 5 ਕਿ. ਮੀ. ਉੱਤਰ-ਪੂਰਬ ਵੱਲ ਵਾਕਿਆ ਹੈ। ਜਗਾਧਰੀ ਅਤੇ ਯਮਨਾ ਨਗਰ ਇੰਨੇ ਵੱਧ ਗਏ ਸਨ ਕਿ ਹੁਣ ਇਕ ਦੂਜੇ ਵਿਚ ਹੀ ਰਲ ਮਿਲ ਗਏ ਹਨ। ਇਹ ਸ਼ਹਿਰ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਰਾਜਾਂ ਦੇ ਪ੍ਰਵੇਸ਼ ਦੁਆਰਾਂ ਉੱਤੇ ਸਥਿਤ ਹਨ। ਸਹਾਰਨਪੁਰ ਅਤੇ ਹਰਦੁਆਰ ਵੱਲ ਜਾਂਦੇ ਲੋਕ ਅਕਸਰ ਇਥੇ ਭਾਂਡਿਆਂ ਦੀ ਖਰੀਦੋ-ਫਰੋਖ਼ਤ ਲਈ ਰੁਕਦੇ ਹਨ। ਇਨ੍ਹਾਂ ਦੋਵਾਂ ਸ਼ਹਿਰਾਂ ਦਾ ਰੇਲਵੇ ਸਟੇਸ਼ਨ ਇਕੋ ਹੀ ਹੈ। ਅੱਜਕੱਲ੍ਹ ਇਹ ਆਲੇ ਦੁਆਦੇ ਦੇ ਹੋਰਨਾਂ ਸ਼ਹਿਰਾਂ ਨਾਲ ਰੇਲਾਂ ਅਤੇ ਸੜਕਾਂ ਰਾਹੀਂ ਜੁੜਿਆ ਹੋਇਆ ਹੈ।

          ਸ਼ਹਿਰ ਦਾ ਪੁਰਾਣਾ ਨਾਂ ‘ਗੰਗਾਧਾਰੀ’ ਹੁੰਦਾ ਸੀ ਜਿਹੜਾ ਹੌਲੀ ਹੌਲੀ ਵਿਗੜ ਕੇ ਜਗਾਧਰੀ ਪੈ ਗਿਆ। ਕਿਹਾ ਜਾਂਦਾ ਹੈ ਕਿ ਗੰਗਾ ਕਿਸੇ ਜ਼ਮਾਨੇ ਸ਼ਹਿਰ ਦੇ ਨੇੜਿਓਂ ਲੰਘਦੀ ਸੀ ਤੇ ਸ਼ਹਿਰ ਦੀ ਉਸਾਰੀ ਖਾਤਰ ਉਸ ਦਾ ਪਾਣੀ ਵਰਤਿਆ ਗਿਆ ਸੀ। ਇਸ ਦੀ ਮਹੱਤਤਾ ਸਿੱਖ ਰਾਜਾ ਰਾਇ ਸਿੰਘ ਦੀ ਜਿੱਤ ਨਾਲ ਵਧੀ ਜਿਸਨੇ ਇਹ ਸ਼ਹਿਰ ਜਿੱਤ ਕੇ ਵਪਾਰੀ ਵਰਗ ਨੂੰ ਇਥੇ ਰਹਿਣ ਲਈ ਪ੍ਰੇਰਿਆ। ਬਾਅਦ ਵਿਚ ਨਾਦਰ ਸ਼ਾਹ ਨੇ ਸ਼ਹਿਰ ਨੂੰ ਉਜਾੜ ਦਿੱਤਾ ਪਰ ਰਾਜਾ ਰਾਇ ਸਿੰਘ ਨੇ 1783 ਈ. ਵਿਚ ਫਿਰ ਵਸਾ ਦਿੱਤਾ। ਸੰਨ 1829 ਵਿਚ ਇਸਨੂੰ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਿਆ। ਸੰਨ 1867 ਤੋਂ ਇਥੇ ਮਿਉਂਸਪਲਟੀ ਕਾਇਮ ਹੈ। ਇਥੇ ਮਿਸ਼ਨ ਹਸਪਤਾਲ, ਸ਼ਿਵ ਮੰਦਰ ਟ੍ਰਸਟ ਹਸਪਤਾਲ, ਸ਼ਿੰਭੂ ਮੱਲ ਧਰਮ ਅਰਥ ਔਸ਼ਧਾਲਯਾ ਅਤੇ ਡੰਗਰਾਂ ਦਾ ਹਸਪਤਾਲ ਆਦਿ ਹਨ। ਸਿੱਖਿਆ ਲਈ ਲੜਕੀਆਂ ਦਾ ਕਾਲਜ, ਦੋ ਹਾਇਰ ਸੈਕੰਡਰੀ ਸਕੂਲ, 7 ਪ੍ਰਾਇਮਰੀ ਸਕੂਲ, ਸੰਸਕ੍ਰਿਤ ਸਨਾਤਨ ਧਰਮ ਵਿਦਿਆਲਾ ਅਤੇ ਦੋ ਕੰਨਿਆਂ ਪਾਠਸ਼ਾਲਾਵਾਂ ਹਨ। ਸ਼ਹਿਰ ਦੀਆਂ ਹੋਰ ਵਰਣਨਯੋਗ ਥਾਵਾਂ ਵਿਚ ਗੌਰੀ ਸ਼ੰਕਰ ਮੰਦਰ ਅਤੇ ਦੇਵੀ ਭਵਨ ਹਨ।

          ਜਗਾਧਰੀ ਸ਼ਹਿਰ ਵਿਚ ਭਾਂਡਿਆਂ ਦੀ ਸੱਨਅਤ ਬਹੁਤ ਉੱਨਤ ਹੈ। ਕਿਸੇ ਸਮੇਂ ਭਾਂਡਿਆਂ ਲਈ ਮੁਰਾਦਾਬਾਦ ਮਸ਼ਹੂਰ ਹੁੰਦਾ ਸੀ ਪਰ ਅੱਜਕੱਲ੍ਹ ਦੂਰ ਦੂਰ ਤੱਕ ਜਗਾਧਰੀ ਦੇ ਬਣੇ ਭਾਂਡੇ ਜਾਂਦੇ ਹਨ। ਇਥੋਂ ਤੱਕ ਕਿ ਬਦੇਸ਼ਾਂ ਵਿਚ ਵੀ ਜਗਾਧਰੀ ਦੀ ਇਹ ਸੱਨਅਤ ਸ਼ਹਿਰ ਜਿੰਨੀ ਹੀ ਪੁਰਾਣੀ ਹੈ। ਸ਼ੁਰੂ ਵਿਚ ਇਸ ਸੱਨਅਤ ਨੇ ਪਿੱਤਲ, ਤਾਂਬੇ ਅਤੇ ਕਾਂਸੀ ਦੇ ਬਰਤਨ, ਮੰਦਰਾਂ ਦੇ ਘੰਟੇ ਅਤੇ ਬੈਲ ਗੱਡੀਆਂ ਲਈ ਘੁੰਗਰੂ ਤਿਆਰ ਕਰਨੇ ਆਰੰਭ ਕੀਤੇ ਸਨ ਪਰ ਹੁਣ ਇਹ ਇਨ੍ਹਾਂ ਤੋਂ ਇਲਾਵਾ ਸਟੇਨਲੈਸ ਸਟੀਲ ਦੇ ਭਾਂਡੇ ਬਣਾਉਣ ਦਾ ਉੱਘਾ ਕੇਂਦਰ ਹੈ। ਇਥੋਂ ਲਗਭਗ 15 ਕਰੋੜ ਰੁਪਏ ਦੀਆਂ ਪਿੱਤਲ ਅਤੇ ਕਾਂਸੀ ਦੀਆਂ ਚਾਦਰਾਂ ਸਾਰੇ ਦੇਸ਼ ਨੂੰ ਸਪਲਾਈ ਕੀਤੀਆਂ ਜਾਂਦੀਆਂ ਹਨ। ਸ਼ਹਿਰ ਦੀ ਕੁੱਲ ਆਬਾਦੀ ਵਿਚੋਂ 20,000 ਵਿਅਕਤੀ ਧਾਤ ਸੱਨਅਤ ਨਾਲ ਜੁੜੇ ਹੋਏ ਹਨ। ਸ਼ਹਿਰ ਵਿਚ 600 ਤੋਂ ਵੱਧ ਰਜਿਸਟਰਡ ਕਾਰਖ਼ਾਨੇ ਹਨ। ਇਨ੍ਹਾਂ ਤੋਂ ਇਲਾਵਾ ਲਗਭਗ 2,000 ਛੋਟੀਆਂ ਦਸਤਕਾਰੀ ਇਕਾਈਆਂ ਵੀ ਹਨ। 10,000 ਵਿਅਕਤੀ ਇਨ੍ਹਾਂ ਇਕਾਈਆਂ ਵਿਚ ਕੰਮ ਕਰ ਰਹੇ ਹਨ। ਸ਼ਹਿਰ ਵਿਚ 5,000 ਠਠਿਆਰ ਹਨ ਜਿਹੜੇ ਭਾਂਡਿਆਂ ਤੇ ਪਰਾਤਾਂ ਉੱਤੇ ਗੀਟੇ ਲਾਉਣ ਦਾ ਕੰਮ ਕਰਦੇ ਹਨ ਅਤੇ ਨਾਂ ਵੀ ਉੱਕਰਦੇ ਹਨ।

          ਆਬਾਦੀ––67,386 (1991)

          30° 10' ਉ. ਵਿਥ.; 77° 18' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 13 : 375; ਪੰਜਾਬੀ ਟ੍ਰਿਬਿਊਨ 5 ਜੁਲਾਈ 1982; ਸੈਂਸਸ ਆਫ਼ ਇੰਡੀਆ––1961 (ਅੰਬਾਲਾ ਡਿਸਟ੍ਰਿਕਟ)


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜਗਾਧਰੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜਗਾਧਰੀ  : ਇਹ ਹਰਿਆਣਾ ਰਾਜ ਦੇ ਯਮਨਾ ਨਗਰ ਜ਼ਿਲ੍ਹੇ ਦਾ ਇਕ ਸ਼ਹਿਰ ਹੈ ਜਿਹੜਾ ਅੰਬਾਲਾ ਸ਼ਹਿਰ ਤੋਂ 57 ਕਿ. ਮੀ. ਦੱਖਣ-ਪੂਰਬ ਵੱਲ ਤੇ ਯਮਨਾਨਗਰ ਰੇਲਵੇ ਸਟੇਸ਼ਨ ਤੋਂ ਲਗਭਗ 5 ਕਿ. ਮੀ. ਦੂਰ ਅੰਬਾਲਾ-ਸਹਾਰਨਪੁਰ ਸੜਕ ਉੱਪਰ ਸਥਿਤ ਹੈ। ਸੰਨ 1966 ਦੇ ਪੁਨਰਗਠਨ ਤੋਂ ਪਹਿਲਾਂ ਇਹ ਪੰਜਾਬ ਦਾ ਹੀ ਇਕ ਹਿੱਸਾ ਸੀ। ਇਸ ਸ਼ਹਿਰ ਦਾ ਪੁਰਾਣਾ ਨਾਂ ਗੰਗਾ-ਧਾਰੀ ਸੀ। ਇਹ ਸ਼ਹਿਰ, ਬੂੜੀਆਂ ਦੇ ਸਿੱਖ ਸਰਦਾਰ ਰਾਏ ਸਿੰਘ ਦੇ ਇਸ ਇਲਾਕੇ ਨੂੰ ਜਿੱਤਣ ਤੋਂ ਬਾਅਦ ਪ੍ਰਸਿੱਧ ਹੋਇਆ। ਨਾਦਰ ਨੇ ਇਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ ਪਰ ਰਾਏ ਸਿੰਘ ਨੇ 1783 ਈ. ਵਿਚ ਇਸ ਨੂੰ ਮੁੜ ਵਸਾਇਆ। ਸੰਨ 1829 ਵਿਚ ਇਹ ਅੰਗਰੇਜ਼ ਸਰਕਾਰ ਅਧੀਨ ਚਲਾ ਗਿਆ।

ਇਹ ਭਾਰਤ ਵਿਚ ਤਾਂਬੇ ਅਤੇ ਪਿੱਤਲ ਦੇ ਬਰਤਨਾਂ ਕਾਰਨ ਪ੍ਰਸਿੱਧ ਹੈ। ਇਹ ਵੱਡਾ ਉਦਯੋਗਿਕ ਕੇਂਦਰ ਹੈ ਅਤੇ ਇਥੇ ਧਾਤਾਂ ਨੂੰ ਢਾਲ ਕੇ ਤਰ੍ਹਾਂ ਤਰ੍ਹਾਂ ਦੇ ਬਰਤਨ ਬਣਾਏ ਜਾਂਦੇ ਹਨ। ਇਥੇ ਕਾਫ਼ੀ ਸਮੇਂ ਤੋਂ ਸਟੀਲ ਅਤੇ ਐਲੂਮੀਨੀਅਮ ਦੇ ਬਰਤਨ ਭਾਰੀ ਮਾਤਰਾ ਵਿਚ ਬਣਾਏ ਜਾਂਦੇ ਹਨ। ਇਥੇ ਸਿਵਲ ਹਸਪਤਾਲ, ਮਿਸ਼ਨ ਹਸਪਤਾਲ, ਸ਼ਿਵ ਸ਼ੰਕਰ ਟਰਸਟ ਹਸਪਤਾਲ, ਸ਼ਿੱਬੂ ਮੱਲ ਧਰਮਾਰਥ ਔਸ਼ਧਾਲਯ ਅਤੇ ਇਕ ਪਸ਼ੂ ਹਸਪਤਾਲ ਹਨ। ਇਥੇ ਬਹੁਤ ਸਾਰੇ ਸਕੂਲ ਅਤੇ ਕਾਲਜ ਹਨ ਅਤੇ ਪੁਰਾਣੇ ਸ਼ਾਸਕ ਦਾ ਛੋਟਾ ਜਿਹਾ ਰਿਹਾਇਸ਼ੀ ਕਿਲਾ ਵੀ ਮੌਜੂਦ ਹੈ। ਇਥੋਂ ਦੇ ਗੌਰੀ ਸ਼ੰਕਰ ਮੰਦਰ ਅਤੇ ਦੇਵੀ ਭਵਨ ਵੀ ਵੇਖਣਯੋਗ ਹਨ।

 ਆਬਾਦੀ – 67, 386 (1991)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-11-33-55, ਹਵਾਲੇ/ਟਿੱਪਣੀਆਂ: ਹ. ਪੁ. –ਡਿ. ਸੈਂ. ਹੈਂ. ਬੁ. –ਅੰਬਾਲਾ : 11: ਇੰਪ. ਗ. ਇੰਡ. 13: 375. ਐਨ. ਬ੍ਰਿ. ਮਾ. 5: 499

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.