ਜਗਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਗਤ [ਨਾਂਪੁ] ਸੰਸਾਰ , ਆਲਮ; ਜਨਤਾ , ਖ਼ਲਕਤ , ਲੋਕਾਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਗਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਗਤ. ਸੰ. जगत्. ਸੰਗ੍ਯਾ—ਪਵਨ. ਵਾਯੁ. ਹਵਾ । ੨ ਮੁਲਕ. ਦੇਸ਼. “ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ.” (ਭਾਗੁ) ੩ ਜੰਗਮ. ਫਿਰਨ ਤੁਰਨ ਵਾਲੇ ਜੀਵ । ੪ ਸੰਸਾਰ. ਵਿਸ਼੍ਵ. ਦੁਨੀਆਂ. “ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ.” (ਸ: ਮ: ੯) ੫ ਲੋਕ. ਜਨ. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ. “ਸੁਣਹੁ ਸੰਤਹੁ! ਸਭ ਜਗਤ ਪੈਰੀ ਪਾਇ ਜੀਉ.” (ਰਾਮ ਸਦੁ) ੬ ਕ੍ਰਿ. ਵਿ—ਜਾਗਦੇ. ਜਾਗਦੇ ਹੋਏ. “ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ.” (ਚਰਿਤ੍ਰ ੧੪੬) ੭ ਦੇਖੋ, ਜਗਤਸੇਠ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਗਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਗਤ: ਸੰਸਕ੍ਰਿਤ ਮੂਲ ਦੇ ਇਸ ਸ਼ਬਦ ਦਾ ਅਰਥ ਹੈ ਸ੍ਰਿਸ਼ਟੀ , ਸੰਸਾਰ , ਜਗ , ਦੁਨੀਆ , ਵਿਸ਼ਵ ਆਦਿ। ਮਨੁੱਖ ਇਸ ਸੰਸਾਰ ਵਿਚ ਜਨਮ ਲੈਂਦਾ ਹੈ, ਇਸ ਦੇ ਦ੍ਰਿਸ਼ਾਂ ਨੂੰ ਵੇਖ ਵੇਖ ਕੇ ਅਸਚਰਜ ਦੀ ਅਵਸਥਾ ਵਿਚ ਹੋ ਜਾਂਦਾ ਹੈ। ਇਸ ਦੇ ਪ੍ਰਪੰਚਕ ਬੰਧਨ ਤੋਂ ਮੁਕਤ ਹੋ ਕੇ ਪਰਮ-ਤੱਤ੍ਵ ਵਿਚ ਮਿਲਣ ਦੇ ਯਤਨ ਜਾਂ ਉਪਾ ਕਰਦਾ ਹੈ। ਉਸ ਦੇ ਸਾਹਮਣੇ ਕਈ ਸੁਭਾਵਿਕ ਪ੍ਰਸ਼ਨ ਪੈਦਾ ਹੁੰਦੇ ਹਨ ਕਿ ਇਹ ਜਗਤ ਕਿਸ ਨੇ ਬਣਾਇਆ ਹੈ ? ਕਿਸ ਤਰ੍ਹਾਂ ਬਣਾਇਆ ਗਿਆ ਹੈ ? ਇਸ ਦਾ ਕਿਤਨਾ ਕੁ ਵਿਸਤਾਰ ਹੈ ? ਇਸ ਦਾ ਸਰੂਪ ਕਿਹੋ ਜਿਹਾ ਹੈ ? ਇਸ ਦਾ ਅੰਤ ਕਿਵੇਂ ਹੋਵੇਗਾ ? ਇਸ ਤੋਂ ਮਨੁੱਖ ਖ਼ਲਾਸ ਕਿਵੇਂ ਹੋਵੇਗਾ? ਇਨ੍ਹਾਂ ਮੌਲਿਕ ਪ੍ਰਸ਼ਨਾਂ ਦਾ ਉੱਤਰ ਸਮੇਂ ਸਮੇਂ ਵਿਦਵਾਨ ਦਿੰਦੇ ਆਏ ਹਨ, ਪਰ ਸਮਸਿਆ ਦਾ ਕੋਈ ਸਮਾਧਾਨ ਪੇਸ਼ ਨਹੀਂ ਹੋ ਸਕਿਆ ਹੈ, ਭਾਵੇਂ ਇਸ ਜਿਗਿਆਸਾ ਦਾ ਆਪਣਾ ਹੀ ਇਕ ਇਤਿਹਾਸ ਸਿਰਜਿਆ ਜਾ ਚੁਕਿਆ ਹੈ।

            ਭਾਰਤੀ ਸਾਹਿਤ ਵਿਚ ਸ੍ਰਿਸ਼ਟੀ ਦੀ ਉਤਪੱਤੀ ਸੰਬੰਧੀ ਸਭ ਤੋਂ ਪਹਿਲਾਂ ਉੱਲੇਖ ਵੈਦਿਕ ਸੂਕੑਤਾਂ ਵਿਚ ਮਿਲਦਾ ਹੈ। ਪਰ ਉਨ੍ਹਾਂ ਉੱਲੇਖਾਂ ਵਿਚ ਮਤ-ਏਕਤਾ ਨਹੀਂ ਹੈ। ਕਿਤੇ ਅਗਨੀ ਤੋਂ, ਕਿਤੇ ਸੋਮ ਤੋਂ, ਕਿਤੇ ਇੰਦ੍ਰ ਤੋਂ, ਕਿਤੇ ਵਿਸ਼ਵਕਰਮਾ ਤੋਂ, ਕਿਤੇ ਵਰੁਣ ਤੋਂ ਸ੍ਰਿਸ਼ਟੀ ਦੀ ਉਤਪੱਤੀ ਮੰਨੀ ਗਈ ਹੈ। ਰਿਗਵੇਦ ਦੇ ‘ਨਾਸਦੀਯ ਸੂਕੑਤ’ ਵਿਚ ਸ੍ਰਿਸ਼ਟੀ ਤੋਂ ਪੂਰਬਲੀ ਅਵਸਥਾ ਦਾ ਵੀ ਕੁਝ ਧੁੰਧਲਾ ਜਿਹਾ ਚਿਤ੍ਰਣ ਹੋਇਆ ਹੈ।

            ਵੇਦਾਂ ਵਾਂਗ ਉਪਨਿਸ਼ਦਾਂ ਵਿਚ ਵੀ ਸ੍ਰਿਸ਼ਟੀ ਦੀ ਉਤਪੱਤੀ ਸੰਬੰਧੀ ਵਿਚਾਰਗਤ ਸਮਾਨਤਾ ਨਹੀਂ ਹੈ। ਉਂਜ ਇਸ ਨੂੰ ਅਵਿਨਾਸ਼ੀ ਬ੍ਰਹਮ ਤੋਂ ਪੈਦਾ ਹੋਇਆ ਦਰਸਾਇਆ ਗਿਆ ਹੈ। ਉਸ ਅਵਿਅਕਤ (ਬ੍ਰਹਮ) ਤੋਂ ਵਿਅਕਤ (ਸੰਸਾਰ) ਦੀ ਰਚਨਾ ਹੋਈ ਹੈ। ਉਹ ਅਵਿਅਕਤ ਹੀ ਜਗਤ ਦਾ ਨਿਮਿਤ ਅਤੇ ਉਪਾਦਾਨ ਦੋਵੇਂ ਕਾਰਣ ਹੈ।

ਜੈਨ-ਮਤ ਵਾਲੇ ਵਿਭਿੰਨ ਪ੍ਰਕਾਰ ਦੇ ਦ੍ਰਵਿਆਂ ਦੇ ਸੰਯੋਗ ਨਾਲ ਸੰਸਾਰ ਦੀ ਉਤਪੱਤੀ ਮੰਨਦੇ ਹਨ। ਚੂੰਕਿ ਦ੍ਰਵਿਆਂ ਦੇ ਗੁਣ ਪਰਿਵਰਤਨਸ਼ੀਲ ਨਹੀਂ ਹੁੰਦੇ, ਇਸ ਲਈ ਸੰਸਾਰ ਨਿੱਤ ਹੈ। ਪਰ ਉਨ੍ਹਾਂ ਦੇ ਪਰਯਾਯ ਬਦਲਦੇ ਰਹਿੰਦੇ ਹਨ, ਇਸ ਲਈ ਸੰਸਾਰ ਪਰਿਵਰਤਨਸ਼ੀਲ ਹੈ। ਸਾਫ਼ ਹੈ ਕਿ ਜੈਨ-ਮਤ ਵਾਲੇ ਇਕ ਦ੍ਰਿਸ਼ਟੀ ਤੋਂ ਸੰਸਾਰ ਨੂੰ ਨਿੱਤ ਮੰਨਦੇ ਹਨ ਅਤੇ ਦੂਜੀ ਦ੍ਰਿਸ਼ਟੀ ਤੋਂ ਅਨਿੱਤ।

            ਬੌਧ-ਮਤ ਵਾਲੇ ਜਗਤ ਨੂੰ ਸੁਤੰਤਰ ਸੱਤਾ ਮੰਨਦੇ ਹੋਇਆਂ ਵੀ ਇਸ ਨੂੰ ਪਰਿਵਰਤਨਸ਼ੀਲ ਦਸਦੇ ਹਨ। ਸੰਸਾਰ ਵਿਚ ਭੌਤਿਕ ਜਾਂ ਅਧਿਆਤਮਿਕ ਜੋ ਵਸਤੂ ਹੈ, ਉਹ ਕਿਸੇ ਕਾਰਣ ਤੋਂ ਹੀ ਪੈਦਾ ਹੋਈ ਹੈ। ਬਿਨਾ ਕਾਰਣ ਕੋਈ ਵੀ ਵਸਤੂ ਪੈਦਾ ਨਹੀਂ ਹੁੰਦੀ। ਇਸ ਲਈ ਸੰਸਾਰ ਵਿਚ ਕੋਈ ਵਸਤੂ ਵੀ ਨਿੱਤ ਨਹੀਂ ਹੈ। ਸਭ ਕੁਝ ਪਰਿਵਰਤਨਸ਼ੀਲ ਹੈ। ਸ਼ਰੀਰ ਦਾ ਨਿਰਮਾਣ ਜੜ-ਭੂਤਾਂ ਨਾਲ ਹੁੰਦਾ ਹੈ।

            ਚਾਰਵਾਕ ਦਰਸ਼ਨ ਅਨੁਸਾਰ ਸੰਸਾਰ ਦਾ ਨਿਰਮਾਣ ਚਾਰ ਭੌਤਿਕ ਤੱਤ੍ਵਾਂ—ਜਲ, ਪ੍ਰਿਥਵੀ , ਤੇਜ ਅਤੇ ਵਾਯੂ— ਦੇ ਸੰਯੋਗ ਨਾਲ ਆਪਣੇ ਆਪ ਹੁੰਦਾ ਹੈ। ਇਹ ਚਾਰੇ ਤੱਤ੍ਵ (ਪਦਾਰਥ) ਜਗਤ ਦਾ ਮੂਲ ਕਾਰਣ ਹਨ। ਬਾਹਰਲਾ ਜਗਤ, ਇੰਦ੍ਰੀਆਂ ਅਤੇ ਭੌਤਿਕ ਸ਼ਰੀਰ ਇਨ੍ਹਾਂ ਚਾਰ ਮੂਲ ਭੂਤਾਂ ਤੋਂ ਹੀ ਪੈਦਾ ਹੁੰਦੇ ਹਨ।

            ਉਪਰੋਕਤ ਤਿੰਨੋਂ ਦਰਸ਼ਨ ਪਰਮਾਤਮਾ ਦੀ ਹੋਂਦ ਵਿਚ ਵਿਸ਼ਵਾਸ ਨਹੀਂ ਰਖਦੇ। ਇਸ ਲਈ ਸੰਸਾਰ ਦੀ ਪਰਮਾਤਮਾ ਦੁਆਰਾ ਸਿਰਜਨਾ ਦਾ ਸੁਆਲ ਹੀ ਨਹੀਂ ਉਠਦਾ।

            ਜਿਥੋਂ ਤਕ ਛੇ ਦਰਸ਼ਨਾਂ ਦਾ ਸੰਬੰਧ ਹੈ, ਨਿਆਇ ਅਤੇ ਵੈਸ਼ੇਸ਼ਿਕ ਸ਼ਾਸਤ੍ਰ ਵਾਲੇ ਈਸ਼ਵਰ ਦੀ ਹੋਂਦ ਨੂੰ ਸਿੱਧ ਕਰਦੇ ਹੋਏ ਇਹ ਮੰਨਦੇ ਹਨ ਕਿ ਪਰਮਾਣੂ ਵਿਚੋਂ ਈਸ਼ਵਰ ਦੀ ਇੱਛਾ ਅਨੁਸਾਰ ਕ੍ਰਿਆ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਦੇ ਸੰਯੋਗ ਨਾਲ ਕ੍ਰਮਵਾਰ ਸ੍ਰਿਸ਼ਟੀ ਦੀ ਉਤਪੱਤੀ ਹੁੰਦੀ ਹੈ ਅਤੇ ਪ੍ਰਲਯ ਵੀ ਈਸ਼ਵਰ ਦੀ ਇੱਛਾ ਦੇ ਹੀ ਅਧੀਨ ਹੈ।

            ਸਾਂਖੑਯ-ਦਰਸ਼ਨ ਅਨੁਸਾਰ ਸੰਸਾਰ ਦਾ ਆਦਿ ਕਾਰਣ ਪ੍ਰਕ੍ਰਿਤੀ ਹੈ ਜੋ ਜੜ ਅਤੇ ਪਰਿਵਰਤਨਸ਼ੀਲ ਦੋਵੇਂ ਹੈ। ਇਸ ਦਾ ਨਿਸ਼ਾਣਾ ਪੁਰਸ਼ ਦੀ ਉੱਦੇਸ਼-ਪੂਰਤੀ ਕਰਨ ਤੋਂ ਸਿਵਾ ਹੋਰ ਕੁਝ ਵੀ ਨਹੀਂ। ਪ੍ਰਕ੍ਰਿਤੀ ਦੇ ਤਿੰਨ ਗੁਣ ਹਨ— ਰਜੋ , ਸਤੋ ਅਤੇ ਤਮੋ। ਪੁਰਸ਼ ਅਤੇ ਪ੍ਰਕ੍ਰਿਤੀ ਦੇ ਸੰਯੋਗ ਨਾਲ ਸ੍ਰਿਸ਼ਟੀ ਦਾ ਆਰੰਭ ਹੁੰਦਾ ਹੈ। ਯੋਗ-ਸ਼ਾਸਤ੍ਰ ਵੀ ਸਾਂਖੑਯ-ਮਤ ਦਾ ਅਨੁਸਰਣ ਕਰਦਾ ਹੈ। ਮੀਮਾਂਸਾ-ਦਰਸ਼ਨ ਵਾਲੇ ਭੌਤਿਕ ਜਗਤ ਨੂੰ ਮੰਨਦੇ ਹਨ, ਪਰ ਉਸ ਦੇ ਕਿਸੇ ਸਿਰਜਨਹਾਰ ਦੀ ਕਲਪਨਾ ਨਹੀਂ ਕਰਦੇ। ਜਗਤ ਅਨਾਦਿ ਅਤੇ ਅਨੰਤ ਹੈ। ਸੰਸਾਰਿਕ ਵਸਤੂਆਂ ਦੀ ਸਿਰਜਨਾ ਆਤਮਾਵਾਂ ਦੇ ਪੂਰਬ-ਜਨਮ ਦੇ ਕਰਮਾਂ ਅਨੁਸਾਰ ਭੌਤਿਕ ਤੱਤ੍ਵਾਂ ਤੋਂ ਹੁੰਦੀ ਹੈ।

            ਅਦ੍ਵੈਤ-ਵੇਦਾਂਤ ਅਨੁਸਾਰ ਬ੍ਰਹਮ ਚੈਤਨੑਯ, ਸਤਿ, ਨਿਰਗੁਣ, ਨਿਰਾਕਾਰ, ਸਚਿਦਾਨੰਦ ਹੈ। ਮਾਇਆ ਨਾਲ ਸੰਬੱਧ ਬ੍ਰਹਮ ਈਸ਼ਵਰ ਅਖਵਾਉਂਦਾ ਹੈ। ਇਨ੍ਹਾਂ ਦੋਹਾਂ ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ। ਈਸ਼ਵਰ ਕੇਵਲ ਲੀਲ੍ਹਾ ਲਈ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ। ਇਸ ਲਈ ਉਹ ਸ੍ਰਿਸ਼ਟੀ ਦਾ ਉਪਾਦਾਨ ਕਾਰਣ ਹੈ। ਗੁਣਾਂ ਦੀ ਅਸਮਾਨ ਵਿਵਸਥਾ ਕਰਕੇ ਮਾਇਆ ਵਿਚ ਕੁਝ ਕ੍ਰਿਆ ਹੁੰਦੀ ਹੈ। ਤਮੋ ਗੁਣ ਦੀ ਪ੍ਰਧਾਨਤਾ ਕਾਰਣ ਪੰਜ ਸੂਖਮ ਭੂਤਾਂ ਦੀ ਉਤਪੱਤੀ ਹੁੰਦੀ ਹੈ, ਜਿਵੇਂ ਆਕਾਸ਼, ਵਾਯੂ, ਅਗਨੀ, ਜਲ ਅਤੇ ਪ੍ਰਿਥਵੀ। ਇਨ੍ਹਾਂ ਭੂਤਾਂ ਦਾ ਅਗੋਂ ਫਿਰ ਪੰਜ ਪ੍ਰਕਾਰ ਦਾ ਸੰਯੋਗ ਹੁੰਦਾ ਹੈ ਜਿਸ ਤੋਂ ਪੰਜ ਸਥੂਲ ਭੂਤਾਂ ਦੀ ਉਤਪੱਤੀ ਹੁੰਦੀ ਹੈ। ਮਨੁੱਖ ਦਾ ਸੂਖਮ ਸ਼ਰੀਰ ਸੂਖਮ ਭੂਤਾਂ ਤੋਂ ਬਣਦਾ ਹੈ ਅਤੇ ਸਥੂਲ ਸ਼ਰੀਰ ਅਤੇ ਹੋਰ ਸੰਸਾਰਿਕ ਵਿਸ਼ੇ ਸਥੂਲ ਭੂਤਾਂ ਤੋਂ ਬਣਦੇ ਹਨ। ਇਸੇ ਨੂੰ ‘ਵਿਵਰਤ’ ਜਾਂ ‘ਅਧਿਆਸ’ ਕਿਹਾ ਗਿਆ ਹੈ। ‘ਵੇਦਾਂਤਸਾਰ’ ਵਿਚ ਲਿਖਿਆ ਹੈ ਕਿ ਕਿਸੇ ਵਸਤੂ ਦਾ ਆਪਣੀ ਪੂਰਬਲੀ ਅਵਸਥਾ ਨੂੰ ਛਡ ਕੇ ਦੂਜੀ ਅਵਸਥਾ ਨੂੰ ਪ੍ਰਾਪਤ ਕਰ ਲੈਣਾ ਉਸ ਵਸਤੂ ਦਾ ਪਰਿਣਾਮ ਹੈ। ਜਿਵੇਂ ਦੁੱਧ ਦਾ ਦਹੀ ਬਣ ਜਾਂਦਾ ਹੈ, ਮਿੱਟੀ ਦਾ ਘੜਾ ਬਣ ਜਾਂਦਾ ਹੈ ਅਤੇ ਸੋਨੇ ਦਾ ਕੜਾ ਬਣ ਜਾਂਦਾ ਹੈ। ਪਰੰਤੂ ਪੂਰਬ ਅਵਸਥਾ ਦਾ ਤਿਆਗ ਕੀਤੇ ਬਿਨਾ ਹੀ ਦੂਜੀ ਅਵਸਥਾ ਦਾ ਭਾਸਿਤ ਹੋਣਾ ਉਸ ਵਸਤੂ ਦਾ ‘ਵਿਵਰਤ’ ਹੈ, ਜਿਵੇਂ ਰੱਸੀ ਦਾ, ਰੱਸੀ ਰਹਿੰਦੇ ਹੋਇਆਂ ਵੀ ਸੱਪ ਦੇ ਰੂਪ ਵਿਚ ਭਾਸਿਤ ਹੋਣਾ। ਜਿਥੇ ਜੋ ਵਸਤੂ ਨਹੀਂ ਹੈ, ਉਸ ਨੂੰ ਉਥੇ ਕਲਪਿਤ ਕਰਨਾ ‘ਅਧਿਆਸ’ ਅਖਵਾਉਂਦਾ ਹੈ। ਸ਼ੰਕਰਾਚਾਰਯ ਦੇ ਸ਼ਬਦਾਂ ਵਿਚ ਤੱਤ੍ਵ ਪਦਾਰਥ ਵਿਚ ਅਤੱਤ੍ਵ ਪਦਾਰਥ ਦੇ ਸਰੂਪ ਦਾ ਆਰੋਪ ਕਰਨਾ ‘ਅਧਿਆਸ’ ਕਿਹਾ ਜਾਂਦਾ ਹੈ। ਰਾਮਾਨੁਜਾਚਾਰਯ ਅਨੁਸਾਰ ਸ੍ਰਿਸ਼ਟੀ ਵਾਸਤਵਿਕ ਹੈ ਅਤੇ ਇਹ ਜਗਤ ਇਤਨਾ ਹੀ ਸਤਿ ਹੈ ਜਿਤਨਾ ਬ੍ਰਹਮ। ਖਟ-ਦਰਸ਼ਨ ਦੇ ਹੋਰ ਮਤ ਵੀ ਸਾਂਖੑਯ ਅਤੇ ਵੇਦਾਂਤ ਦੇ ਆਧਾਰ’ਤੇ ਹੀ ਸ੍ਰਿਸ਼ਟੀ ਬਾਰੇ ਆਪਣੇ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ।

            ਇਸਲਾਮ ਅਨੁਸਾਰ ਅੱਲ੍ਹਾ ਨੇ ‘ਕੁਨ ’ ਕਹਿ ਕੇ ਅਭਾਵ ਵਿਚੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ। ਇਸ ਲਈ ਸੰਸਾਰ ਅਨਾਦਿ ਨਹੀਂ ਹੈ। ਪਰ ਮੁੱਖ ਮੁੱਖ ਸੂਫ਼ੀਆਂ ਨੇ ਆਪਣੇ ਆਪਣੇ ਢੰਗ ਨਾਲ ਸ੍ਰਿਸ਼ਟੀ-ਸਿਰਜਨਾ ਦੀ ਵਿਆਖਿਆ ਕੀਤੀ ਹੈ। ਸਥੂਲ ਰੂਪ ਵਿਚ ਵੁਜੂਦੀਆ-ਵਰਗ ਦੇ ਸੂਫ਼ੀ ਦ੍ਰਿਸ਼ਟਮਾਨ ਜਗਤ ਨੂੰ ਉਸ ਪਰਮ-ਸੱਤਾ ਦਾ ਪ੍ਰਗਟਾਵਾ ਮੰਨਦੇ ਹਨ। ਸ਼ੁਹੂਦੀਆ-ਵਰਗ ਜਗਤ-ਪ੍ਰਪੰਚ ਨੂੰ ਪਰਮਾਤਮਾ ਦੀ ਗੁਣਾਵਲੀ ਦਾ ਸਮਾਹਾਰ (ਸੰਗ੍ਰਹਿ) ਮੰਨਦਾ ਹੈ। ਅੱਲ੍ਹਾ ਆਪਣੀ ਸੱਤਾ ਨੂੰ ਆਪਣੇ ਗੁਣਾਂ ਵਿਚ ਪ੍ਰਗਟ ਕਰਦਾ ਹੈ। ਗੁਣਾਂ ਦੇ ਪ੍ਰਗਟ ਹੋਣ ’ਤੇ ਉਨ੍ਹਾਂ ਨੂੰ ਨਾਂ ਦਿੱਤੇ ਜਾਂਦੇ ਹਨ। ਇਸ ਲਈ ਇਹ ਨਾਂ ਦਰਪਣ ਵਾਂਗ ਹਨ ਜੋ ਪਰਮ-ਸੱਤਾ ਦੇ ਸਾਰੇ ਰਹੱਸਾਂ ਨੂੰ ਪ੍ਰਗਟ ਕਰਦੇ ਹਨ। ਇਹ ਦ੍ਰਿਸ਼ਟਮਾਨ ਜਗਤ ਪਰਮਾਤਮਾ ਦੀ ਸੱਤਾ ਉਤੇ ਨਿਰਭਰ ਕਰਦਾ ਹੈ, ਇਸ ਦੀ ਆਪਣੀ ਕੋਈ ਸੱਤਾ ਨਹੀਂ ਹੈ। ਪਰਮਾਤਮਾ ਤੋਂ ਬਿਨਾ ਜੋ ਕੁਝ ਹੈ, ਉਹ ਨਾਸ਼ਵਾਨ ਹੈ, ਭ੍ਰਮ ਹੈ, ਅਸਤਿ ਹੈ।

            ਸ੍ਰਿਸ਼ਟੀ ਸੰਬੰਧੀ ਭਾਰਤੀ ਅਤੇ ਇਸਲਾਮਿਕ ਵਿਚਾਰਧਾਰਾ ਦੇ ਸੰਦਰਭ ਵਿਚ ਗੁਰਬਾਣੀ ਦੀ ਵਿਚਾਰਧਾਰਾ ਨੂੰ ਵੇਖਣਾ ਉਚਿਤ ਹੋਵੇਗਾ। ਗੁਰਬਾਣੀ ਵਿਚ ਸ੍ਰਿਸ਼ਟੀ ਜਿਗਿਆਸਾ ਸੰਬੰਧੀ ਕਈ ਥਾਂਵਾਂ ਉਤੇ ਸੰਕੇਤ ਮਿਲ ਜਾਂਦੇ ਹਨ। ਜੀਵਾਂ ਦੀ ਅਸਮਰਥਤਾ ਨੂੰ ਵੇਖ ਕੇ ਗੁਰੂ ਨਾਨਕ ਦੇਵ ਜੀ ‘ਆਸਾ ਕੀ ਵਾਰ ’ ਵਿਚ ਪਰਮਾਤਮਾ ਨੂੰ ਮੁਖ਼ਾਤਬ ਹੁੰਦੇ ਹੋਇਆਂ ਕਹਿੰਦੇ ਹਨ ਕਿ ਤੂੰ ਇਹ ਕੀਹ ਸੰਸਾਰ ਪੈਦਾ ਕੀਤਾ ਹੈ ਜਿਸ ਵਿਚ ਜੀਵਾਂ ਦੇ ਵਸ ਵਿਚ ਕੁਝ ਵੀ ਨਹੀਂ ਹੈ ? ਇਨ੍ਹਾਂ ਜੀਵਾਂ ਵਿਚੋਂ ਕੁਝ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਕੁਝ ਨੂੰ ਵਿਯੋਗ ਦੀ ਸਥਿਤੀ ਵਿਚ ਹੀ ਬਣਾਈ ਰਖਦਾ ਹੈਂ — ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ (ਗੁ.ਗ੍ਰੰ.469)। ਇਹ ਸੰਸਾਰ ਕਿਹੋ ਜਿਹਾ ਹੈ ਜਿਸ ਵਿਚ ਨ ਕੋਈ ਮਾਰਗ-ਦਰਸ਼ਕ ਰਿਹਾ ਹੈ ਅਤੇ ਨ ਹੀ ਮਿਤਰ ? — ਨਾਨਕ ਦੁਨੀਆ ਕੈਸੀ ਹੋਈ ਸਾਲਕੁ ਮਿਤੁ ਰਹਿਓ ਕੋਈ (ਗੁ.ਗ੍ਰੰ.1410)।

            ਗੁਰਬਾਣੀ ਦੇ ਆਦਿ-ਰਚੈਤਾ ਗੁਰੂ ਨਾਨਕ ਦੇਵ ਜੀ ਦੀ ਧਾਰਣਾ ਹੈ ਕਿ ਜਦ ਤਕ ਦੁਨੀਆ ਵਿਚ ਰਹਿਣਾ ਮਿਲਿਆ ਹੈ, ਤਦ ਤਕ ਅਧਿਆਤਮ-ਤੱਤ੍ਵ ਬਾਰੇ ਕੁਝ ਨ ਕੁਝ ਸੰਵਾਦ ਚਲਦਾ ਰਹਿਣਾ ਚਾਹੀਦਾ ਹੈ— ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਏ ਕਿਛੁ ਕਹੀਐ (ਗੁ. ਗ੍ਰੰ.661)। ਇਸ ਜਿਗਿਆਸੂ ਬਿਰਤੀ ਕਰਕੇ ਉਨ੍ਹਾਂ ਦੀ ਬਾਣੀ ਵਿਚ ਨਵੀਂ ਅਨੁਭੂਤੀ ਅਤੇ ਵਿਚਾਰਧਾਰਾ ਦੇ ਤੱਥ ਉਘੜੇ ਹਨ। ਧਿਆਨ ਰਹੇ ਕਿ ਗੁਰੂ ਸਾਹਿਬਾਨ ਦਰਸ਼ਨ ਜਾਂ ਸ਼ਾਸਤ੍ਰ ਦੇ ਬਖੇੜੇ ਵਿਚ ਨਹੀਂ ਪਏ। ਰਹੱਸਵਾਦੀ ਸਾਧਕ ਹੋਣ ਨਾਤੇ ਉਹ ਵਾਸਤਵਿਕਤਾ ਨੂੰ ਬਹੁਤ ਨੇੜਿਓਂ ਹੋ ਕੇ ਵੇਖ ਚੁਕੇ ਸਨ। ਇਸ ਲਈ ਉਨ੍ਹਾਂ ਨੇ ਪਰਮਾਤਮਾ ਦੀ ਲੀਲਾਮਈ ਸ੍ਰਿਸ਼ਟੀ ਦੇ ਸੰਬੰਧ ਵਿਚ ਕਿਹਾ ਹੈ ਕਿ ਪਰਮਾਤਮਾ ਦਾ ਇਹ ਸੰਸਾਰਿਕ ਖੇਲ ਜਾਂ ਉਸ ਦੀ ਰਹੱਸਮਈ ਅਨੰਤ ਕ੍ਰੀੜਾ ਨੂੰ ਅਗਮ, ਅਪਾਰ ਪਰਮਾਤਮਾ ਤੋਂ ਬਿਨਾ ਕੋਈ ਹੋਰ ਦਸ ਸਕਣ ਦੇ ਸਮਰਥ ਨਹੀਂ ਹੈ— ਸਚੁ ਖੇਲੁ ਤੁਮ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ (ਗੁ.ਗ੍ਰੰ.764)। ਸਚ ਤਾਂ ਇਹ ਹੈ ਕਿ ਗੁਰੂ ਸਾਹਿਬਾਨ ਨੇ ਸ੍ਰਿਸ਼ਟੀ ਸੰਬੰਧੀ ਕਿਤੇ ਵੀ ਕੋਈ ਦਾਰਸ਼ਨਿਕ ਵਿਵੇਚਨ ਨਹੀਂ ਕੀਤਾ। ਕਿਤੇ ਕਿਤੇ ਜੋ ਉੱਲੇਖ ਮਿਲਦੇ ਹਨ, ਉਨ੍ਹਾਂ ਖਿੰਡੇ ਪੁੰਡੇ ਵਿਚਾਰ-ਬਿੰਦੂਆਂ ਨੂੰ ਇਕ ਲੜੀ ਵਿਚ ਪਰੋਣ ਨਾਲ ਗੁਰਬਾਣੀ ਦੇ ਸ੍ਰਿਸ਼ਟੀ ਸੰਬੰਧੀ ਦ੍ਰਿਸ਼ਟੀਕੋਣ ਦਾ ਕੁਝ ਅਨੁਮਾਨ ਲਗਾਇਆ ਜਾ ਸਕਦਾ ਹੈ। ਇਸ ਸੰਬੰਧ ਵਿਚ ਕੁਝ ਕੁ ਜ਼ਰੂਰੀ ਨੁਕਤੇ ਇਸ ਪ੍ਰਕਾਰ ਹਨ— ਜਗਤ ਦਾ ਰਚੈਤਾ , ਜਗਤ-ਰਚਨਾ ਦਾ ਸਮਾਂ , ਜਗਤ ਤੋਂ ਪੂਰਬਾਵਸਥਾ, ਜਗਤ ਦੀ ਉਤਪੱਤੀ , ਜਗਤ- ਰਚਨਾ-ਪ੍ਰਕ੍ਰਿਆ, ਜਗਤ ਦੀ ਅਨੰਤਤਾ , ਜਗਤ ਦਾ ਅੰਤ , ਜਗਤ ਦਾ ਸਰੂਪ ਆਦਿ। ਇਨ੍ਹਾਂ ਬਾਰੇ ਵਖਰੇ ਵਖਰੇ ਇੰਦਰਾਜ ਵੇਖੋ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜਗਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਗਤ (ਸੰ.। ਸੰਸਕ੍ਰਿਤ ਜਗਤੑ) ਸੰਸਾਰ। ਯਥਾ-‘ਜਗਤੁ ਜਲੰਦਾ ਰਖਿ ਲੈ ’।    ਦੇਖੋ, ‘ਜਗਤ ਗੁਰ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਬਹੁਤ ਵਧੀਆ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ। ਸ਼ਬਦਾਂ ਦੀ ਤਕਤੀਹ ਵੀ ਜੋੜੋ ਜੀ।ਸ਼ਬਦ ਦੇ ਸ਼ਬਦਾਂਗ ਵੀ ਸਪੱਸ਼ਟ ਕਰੋ ਜੀ। ਧੰਨਵਾਦ!


KULVINDER SINGH, ( 2018/04/26 04:3056)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.