ਛੂਤ-ਛਾਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੂਤ-ਛਾਤ [ਨਾਂਇ] ਵੇਖੋ ਛੂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛੂਤ-ਛਾਤ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੂਤ-ਛਾਤ: ਅਨਾਦੀ ਕਾਲ ਤੋਂ ਹਿੰਦੂ ਸਮਾਜ ਵਿਚ ਪ੍ਰਚਲਿਤ ਜਾਤੀ ਪ੍ਰਣਾਲੀ ਦਾ ਇਕ ਪ੍ਰਮੁਖ ਲੱਛਣ ਰਿਹਾ ਹੈ ਜੋ ਸਮਾਜਿਕ ਪੱਧਰ ਤੇ ਕੁਝ ਵਿਸ਼ੇਸ਼ ਸ਼੍ਰੇਣੀਆਂ ਅਤੇ ਜਾਤਾਂ ਨੂੰ ਅਤਿ ਨੀਵੇਂ ਪੱਧਰ ਤੇ ਲਿਆ ਖੜ੍ਹਾ ਕਰਦਾ ਹੈ।ਇਸ ਜਾਤੀ ਪ੍ਰਣਾਲੀ ਦਾ ਮੂਲ ਸੋਮਾ ਰਿਗਵੇਦ ਦੇ ਦਸਵੇਂ ਮੰਡਲ ਦੇ ‘ਪੁਰਸ਼ ਸੂਕਤ` ਦੇ 90ਵੇਂ ਮੰਤ੍ਰ ਨੂੰ ਮੰਨਿਆ ਜਾਂਦਾ ਹੈ ਜੋ ਮਹਾਂਕਾਵਿ ਕਾਲ ਤਕ ਆਰੀਆਂ ਦੇ ਵਰਨ ਆਸ਼ਰਮ ਧਰਮ ਦਾ ਅਨਿਖੜਵਾਂ ਅੰਗ ਬਣ ਚੁੱਕਾ ਸੀ। ਬੁੱਧ ਧਰਮ ਜਾਤਾਂ ਦੇ ਭਿੰਨ-ਭੇਦਾਂ ਦਾ ਖੰਡਨ ਕਰਦਾ ਹੈ, ਪਰ ਭਗਵਦ ਗੀਤਾ (IV, 13) ਜਾਤੀ ਪ੍ਰਣਾਲੀ ਨੂੰ ਦੈਵੀ ਪ੍ਰਵਾਨਗੀ ਪ੍ਰਦਾਨ ਕਰਦੀ ਹੈ। ਇਸ ਤੋਂ ਅੱਗੇ ਭਗਵਦ ਗੀਤਾ ਵਿਚ ਮਨੁੱਖ ਨੂੰ ਉਸ ਦੇ ਗੁਣਾਂ ਅਤੇ ਕਰਮਾਂ ਦੇ ਆਧਾਰ ਤੇ ਜਾਤੀਆਂ ਵਿਚ ਵੰਡਿਆ ਗਿਆ ਹੈ। ਸਭ ਤੋਂ ਨੀਵੀਂ ਜਾਤ ਸ਼ੂਦਰਾਂ ਨੂੰ ਪੱਕੇ ਤੌਰ ਤੇ ਸਭ ਤੋਂ ਨੀਵੇਂ ਪੱਧਰ ਤੇ ਰੱਖ ਦਿੱਤਾ ਗਿਆ ਅਤੇ ਦਵਿਜਾਂ ਅਰਥਾਤ ਬ੍ਰਾਹਮਣ , ਕਸ਼ਤਰੀ ਅਤੇ ਵੈਸ਼ ਜਾਤੀਆਂ ਦੀ ਸੇਵਾ ਕਰਨੀ, ਉਹਨਾਂ ਦਾ ਧਰਮ ਜਾਂ ਕਰਤੱਵ ਮਿਥ ਦਿੱਤਾ ਗਿਆ। ਅਛੂਤ ਵੀ ਦੋ ਸ਼੍ਰੇਣੀਆਂ ਵਿਚ ਵੰਡੇ ਹੋਏ ਸਨ। ਇਕ ਉਹ ਜਿਨ੍ਹਾਂ ਦੀ ਛੋਹ ਜਾਂ ਨੇੜਤਾ ਨਾਲ ਹੀ ਅਖੌਤੀ ਉੱਚ ਜਾਤ ਵਾਲਿਆਂ ਵੱਲੋਂ ਭਿੱਟ ਜਾਣਾ ਮੰਨਿਆ ਜਾਂਦਾ ਸੀ ਅਤੇ ਦੂਜੇ ਉਹ ਸਨ ਜਿਹਨਾਂ ਨੂੰ ਭਾਵੇਂ ਨਫ਼ਰਤ ਨਾਲ ਵੇਖਿਆ ਜਾਂਦਾ ਸੀ ਅਤੇ ਜਿਹੜੇ ਦੱਬੇ ਕੁਚਲੇ ਵੀ ਸਨ; ਇਹਨਾਂ ਨੂੰ ਅਛੂਤ ਨਹੀਂ ਸਮਝਿਆ ਜਾਂਦਾ ਸੀ। ਇਹਨਾਂ ਵਿਚ ਕਾਰੀਗਰ ਅਤੇ ਸਰੀਰਿਕ ਮਿਹਨਤ ਕਰਨ ਵਾਲੇ ਤਰਖਾਣ , ਨਾਈ , ਛੀਂਬੇ, ਝਿਊਰ (ਰਸੋਈਏ) ਆਦਿ ਸ਼ਾਮਲ ਸਨ। ਪਹਿਲੀ ਸ਼੍ਰੇਣੀ ਦੇ ਸ਼ੂਦਰਾਂ ਨੂੰ ਕਈ ਵੇਰ ਪੰਚਮ ਜਾਂ ਪੰਜਵੀਂ ਜਾਤੀ ਕਿਹਾ ਜਾਂਦਾ ਸੀ ਅਤੇ ਇਹਨਾਂ ਵਿਚ ਭੰਗੀ , ਮੋਚੀ , ਮੁਰਦਾ ਪਸੂਆਂ ਦੀ ਖੱਲ ਉਤਾਰਨ ਵਾਲੇ ਜਾਂ ਸ਼ਰਾਬ ਕੱਢਣ ਦਾ ਕੰਮ ਕਰਨ ਵਾਲੇ ਸ਼ਾਮਲ ਸਨ। ਇਹਨਾਂ ਲਈ ਅਨਾਦਰ ਸੂਚਕ ਨਾਂ ਚੰਡਾਲ ਵਰਤਿਆ ਜਾਂਦਾ ਸੀ। ਅਛੂਤਾਂ ਨੂੰ ਅੱਤ ਦੀ ਗ਼ਰੀਬੀ ਅਤੇ ਅਣ-ਮਨੁੱਖੀ ਹਾਲਾਤਾਂ ਵਿਚ ਸ਼ਹਿਰਾਂ/ਪਿੰਡਾਂ ਤੋਂ ਬਾਹਰ ਠੱਟੀਆਂ (ਗੰਦੀਆਂ ਬਸਤੀਆਂ) ਵਿਚ ਵੱਸਣ ਲਈ ਮਜਬੂਰ ਕੀਤਾ ਜਾਂਦਾ ਸੀ।

     ਸਿੱਖ ਧਰਮ ਵਿਚ ਛੂਤ-ਛਾਤ ਲਈ ਕੋਈ ਸਥਾਨ ਨਹੀਂ ਹੈ। ਛੂਤ-ਛਾਤ ਸਮੇਤ ਪੂਰੀ ਜਾਤ-ਪ੍ਰਣਾਲੀ ਦਾ ਸਿਧਾਂਤ ਅਤੇ ਅਮਲ ਦਾ ਦੋਵਾਂ ਪੱਖਾਂ ਤੋਂ ਹੀ ਸਿੱਖ ਗੁਰੂ ਸਾਹਿਬਾਨ ਨੇ ਖੰਡਨ ਕੀਤਾ ਹੈ। ਗੁਰੂ ਨਾਨਕ ਜੀ ਦਾ ਕਥਨ ਹੈ: ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥ (ਗੁ.ਗ੍ਰੰ. 472) ਉਹ ਉਸ ਬ੍ਰਾਹਮਣ ਦੇ ਪਖੰਡ ਨੂੰ ਮਾੜਾ ਕਹਿੰਦੇ ਹਨ ਜਿਹੜਾ ਮੁਸਲਿਮ ਢੰਗ ਨਾਲ ਪਕਾਏ ਹੋਏ ਬੱਕਰੇ ਦਾ ਮਾਸ ਖਾਣੋਂ ਤਾਂ ਸੰਕੋਚ ਨਹੀਂ ਕਰਦਾ ਪਰ ਆਪਣੇ ਚੌਂਕੇ ਵਿਚ ਕਿਸੇ ਹੋਰ ਦੇ ਪ੍ਰਵੇਸ਼ ਨੂੰ ਅਪਵਿੱਤਰ ਕਰਨ ਵਾਲਾ ਮੰਨਦਾ ਹੈ: ਅਭਾਖਿਆ ਕਾ ਕੁਠਾ ਬਕਰਾ ਖਾਣਾ।। ਚਉਕੇ ਉਪਰਿ ਕਿਸੈ ਨ ਜਾਣਾ॥ ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥ ਮਤੁ ਭਿਟੈ ਵੇ ਮਤੁ ਭਿਟੈ। ਇਹੁ ਅੰਨੁ ਅਸਾਡਾ ਫਿਟੈ॥ (ਗੁ.ਗ੍ਰੰ. 472) ਇਕ ਹੋਰ ਥਾਂ ਗੁਰੂ ਜੀ ਫ਼ੁਰਮਾਉਂਦੇ ਹਨ: ‘ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ॥ (ਗੁ. ਗ੍ਰੰ. 91)। ਦੂਜੇ ਪਾਸੇ ਹੀ ਗੁਰੂ ਜੀ ਅਖੌਤੀ ਅਛੂਤਾਂ ਪ੍ਰਤੀ ਦਇਆਲੂ ਰਵੱਈਆ ਰੱਖਦੇ ਹਨ ਅਤੇ ਕਹਿੰਦੇ ਹਨ ਕਿ ਹੇ ਪ੍ਰਭੁ ਤੇਰੀ ਕਿਰਪਾ ਦ੍ਰਿਸ਼ਟੀ ਉੱਥੇ ਹੀ ਹੁੰਦੀ ਹੈ ਜਿੱਥੇ (ਅਖੌਤੀ) ਨੀਵੇਂ ਲੋਕਾਂ ਦੀ ਸੰਭਾਲ ਹੁੰਦੀ ਹੈ। ਉਹਨਾਂ ਦੇ ਪਾਰ ਉਤਾਰੇ ਲਈ ਅਕਾਲ ਪੁਰਖ ਦੀ ਪ੍ਰੇਮਾਭਗਤੀ ਦਾ ਉਪਦੇਸ਼ ਦੇਂਦੇ ਹਨ। ਗੁਰੂ ਨਾਨਕ ਜੀ ਦਾ ਕਥਨ ਹੈ: ‘‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥``(ਗੁ. ਗ੍ਰੰ. 15) ਗੁਰੂ ਅਰਜਨ ਦੇਵ ਜੀ ਨੇ ਬਿਨਾਂ ਭਿੰਨ ਭੇਦ ਦੇ ਅਖੌਤੀ ਨੀਵੀਂ ਜਾਤੀ ਦੇ ਸੰਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਅਤੇ ਇਨ੍ਹਾਂ ਅਖੌਤੀ ਅਛੂਤਾਂ ਪ੍ਰਤੀ ਇਸ ਪ੍ਰਕਾਰ ਕਿਹਾ ਹੈ: ਜਿਸੁ ਨੀਚ ਕਉ ਕੋਈ ਨਾ ਜਾਨੈ॥ ਨਾਮੁ ਜਪਤ ਉਹੁ ਚਹੁ ਕੁੰਟ ਮਾਨੈ॥......ਜਾ ਕੈ ਨਿਕਟਿ ਨਾ ਆਵੈ ਕੋਈ॥ ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ॥ (ਗੁ.ਗ੍ਰੰ. 386)

     ਹਿੰਦੂ ਕੱਟੜਤਾ ਅਤੇ ਛੂਤ-ਛਾਤ ਪੰਜਾਬ ਵਿਚ ਕਦੇ ਵੀ ਭਾਰੂ ਨਹੀਂ ਰਹੀ ਕਿਉਂਕਿ ਸੀਮਾਂਵਰਤੀ ਰਾਜ ਹੋਣ ਕਾਰਨ ਇੱਥੋਂ ਦੇ ਖੁੱਲ੍ਹ ਦਿਲੇ ਲੋਕਾਂ ਨੇ ਸਮਾਜਿਕ ਮਾਨਵਤਾਵਾਦ ਦਾ ਪ੍ਰਭਾਵ ਵਧੇਰੇ ਕਬੂਲਿਆ। ਪਰ ਛੂਤ- ਛਾਤ ਦੇ ਅਸਲੋਂ ਖ਼ਾਤਮੇ ਲਈ ਸਿੱਖ ਗੁਰੂ ਸਾਹਿਬਾਨ ਨੇ ਸੰਗਤ ਅਤੇ ਪੰਗਤ ਦੀ ਦੋਹਰੀ ਪਰੰਪਰਾ ਦਾ ਸੰਚਾਲਨ ਕੀਤਾ। ਜਿਸ ਵਿਚ ਜਾਤ, ਰੰਗ , ਲਿੰਗ , ਧਰਮ ਜਾਂ ਸਮਾਜਿਕ ਰੁਤਬੇ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖੰਡੇ-ਬਾਟੇ ਦੀ ਪਾਹੁਲ ਨਾਲ ਖ਼ਾਲਸੇ ਦੀ ਸਾਜਨਾ ਕੀਤੀ ਉਸ ਸਮੇਂ ਸਾਰੇ ਅੰਮ੍ਰਿਤ ਛਕਣ ਵਾਲਿਆਂ ਲਈ ਉਹਨਾਂ ਨੇ ਇਕੋ ਬਾਟੇ ਵਿਚੋਂ ਅੰਮ੍ਰਿਤ ਅਤੇ ਕੜਾਹ ਪ੍ਰਸਾਦ ਛਕਣਾ ਅਨਿਵਾਰੀ ਕਰ ਦਿੱਤਾ। ਅਠਾਰਵੀਂ ਸਦੀ ਵਿਚ ਇਕ ਖ਼ਾਸ ਕਿਸਮ ਦੇ ਹਾਲਾਤ ਪੈਦਾ ਹੋਣ ਕਰਕੇ ਸਿੱਖ ਪੁਜਾਰੀਆਂ ਦੀ ਇਕ ਅਜਿਹੀ ਸ਼੍ਰੇਣੀ ਪੈਦਾ ਹੋ ਗਈ ਜਿਸ ਨੇ ਸਿੱਖ ਧਰਮ ਵਿਗਿਆਨ ਅਤੇ ਸਿੱਖ ਧਾਰਮਿਕ ਸਾਹਿਤ ਦੇ ਪ੍ਰਬੰਧ ਦਾ ਕਾਰਜ ਆਪਣੇ ਜ਼ੁੰਮੇ ਲੈ ਲਿਆ। ਇਸ ਪ੍ਰਕਾਰ ਕਈ ਗ਼ੈਰ ਸਿੱਖ ਰਹੁ ਰੀਤਾਂ ਸਮਾਜ ਵਿਚ ਪ੍ਰਚਲਿਤ ਕਰ ਦਿੱਤੀਆਂ ਗਈਆਂ; ਇਹਨਾਂ ਵਿਚ ਜਾਤ-ਪਾਤ ਅਤੇ ਕੁਝ ਹੱਦ ਤਕ ਛੂਤ-ਛਾਤ ਦੀ ਪ੍ਰਥਾ ਵੀ ਸ਼ਾਮਲ ਸੀ। ਉਨ੍ਹੀਵੀਂ ਸਦੀ ਦੀ ਅਖੀਰਲੀ ਚੌਥਾਈ ਵਿਚ ਸਿੰਘ ਸਭਾ ਲਹਿਰ ਨੇ ਕਾਫ਼ੀ ਸਫ਼ਲਤਾਪੂਰਬਕ ਧਾਰਮਿਕ ਸਿਧਾਂਤਾਂ ਅਤੇ ਉਹਨਾਂ ਅਨੁਸਾਰ ਆਚਰਨ ਦੀ ਪਵਿੱਤਰਤਾ ਬਹਾਲ ਕਰਨ ਲਈ ਹੰਭਲਾ ਮਾਰਿਆ। ਇਸ ਪੁਨਰ ਸੁਰਜੀਤੀ ਦੀ ਲਹਿਰ ਦੇ ਪ੍ਰਭਾਵ ਹੇਠ 10 ਅਕਤੂਬਰ 1920 ਨੂੰ ਸੁਧਾਰਵਾਦੀਆਂ ਦੇ ਉਤਸ਼ਾਹ ਨਾਲ ਖ਼ਾਲਸਾ ਬਰਾਦਰੀ ਦੇ ਅਖੌਤੀ ਅਛੂਤ ਸਿੱਖਾਂ ਦਾ ਇਕ ਜਥਾ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਚ ਦਾਖ਼ਲ ਹੋਇਆ ਅਤੇ ਉਹਨਾਂ ਦੀ ਅਰਦਾਸ ਅਤੇ ਭੇਟਾ ਪ੍ਰਵਾਨ ਕੀਤੀ ਗਈ ਅਤੇ ਸਾਰੀ ਹਾਜ਼ਰ ਸੰਗਤ ਵਿਚ ਵਰਤਾਈ ਗਈ।

     ਕੁਝ ਹੋਰ ਕਾਰਨ ਵੀ ਹਨ ਜਿਨ੍ਹਾਂ ਨੇ ਹਿੰਦੂ ਸਮਾਜ ਉੱਤੇ ਵੀ ਛੂਤ-ਛਾਤ ਦੀ ਜਕੜ ਨੂੰ ਘੱਟ ਕਰਨ ਵਿਚ ਸਹਾਇਤਾ ਕੀਤੀ ਹੈ। ਚੌਦ੍ਹਵੀਂ ਸਦੀ ਤੋਂ ਲੈ ਕੇ ਭਗਤੀ ਲਹਿਰ ਅਤੇ ਸੰਤ ਪਰੰਪਰਾ ਦੇ ਉਥਾਨ ਕਾਲ ਵਿਚ ਕਈ ਮਹਾਂਪੁਰਸ਼ ਸਾਮ੍ਹਣੇ ਆਏ ਜੋ ਨੀਂਵੀ ਅਤੇ ਅਖੌਤੀ ਅਛੂਤ ਜਾਤੀਆਂ ਨਾਲ ਸੰਬੰਧ ਰੱਖਦੇ ਸਨ। ਇਹਨਾਂ ਵਿਚੋਂ ਇਕ ਕਬੀਰ ਸੀ ਜਿਸ ਨੇ ਅਖੌਤੀ ਸ਼ੂਦਰਾਂ ਨਾਲੋਂ ਕੇਵਲ ਜਨਮ ਦੇ ਆਧਾਰ ਤੇ ਉੱਚੇ ਹੋਣ ਵਾਲੇ ਬ੍ਰਾਹਮਣ ਦੇ ਦਾਹਵੇ ਨੂੰ ਗ਼ਲਤ ਸਿੱਧ ਕਰਨ ਲਈ ਨਿਝੱਕ ਹੋ ਕੇ ਵੰਗਾਰਿਆ:

ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥੧॥

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥੧॥ਰਹਾਉ॥

ਜੌ ਤੂੰ ਬ੍ਰਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥੨॥

ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥੬॥

     ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥੪॥ (ਗੁ.ਗ੍ਰੰ. 324)

     ਵਿੱਦਿਆ ਦੇ ਪਸਾਰ ਦੁਆਰਾ ਪੈਦਾ ਹੋਈ ਚੇਤਨਤਾ , ਉਨ੍ਹੀਵੀਂ ਸਦੀ ਵਿਚ ਕਈ ਸੁਧਾਰਕ ਲਹਿਰਾਂ ਦੇ ਜ਼ੋਰ ਫੜਨ, ਆਵਾਜਾਈ ਦੇ ਸਾਧਨਾਂ, ਰੇਲ , ਬੱਸਾਂ (ਜਿਨ੍ਹਾਂ ਵਿਚ ਇਕ ਦੂਜੇ ਦੇ ਸਪਰਸ਼ ਤੋਂ ਬਚਿਆ ਨਹੀਂ ਜਾ ਸਕਦਾ) ਆਦਿ ਅਤੇ ਲੋਕਰਾਜੀ ਪ੍ਰਣਾਲੀ ਅਤੇ ਇਸ ਨਾਲ ਜੁੜੇ ਬਰਾਬਰੀ ਦੇ ਅਸੂਲ ਦੇ ਅੰਤਰਗਤ ਬਾਲਗ਼ ਵੋਟ ਦਾ ਅਧਿਕਾਰ ਆਦਿ ਹੋਰ ਕਾਰਨ ਵੀ ਹਨ ਜਿਨ੍ਹਾਂ ਨੇ ਛੂਤ-ਛਾਤ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਸੀ। ਭਾਰਤੀ ਸੰਵਿਧਾਨ ਦੇ ਅਧੀਨ ਛੂਤ-ਛਾਤ ਨੂੰ ਕਾਨੂੰਨੀ ਤੌਰ ਤੇ ਸਮਾਪਤ ਕਰ ਦਿੱਤਾ ਗਿਆ ਹੈ। ਸੰਵਿਧਾਨ ਦੀ ਧਾਰਾ 17 ਭਾਗ III, ਦੇ‘ਮੌਲਿਕ ਅਧਿਕਾਰਾਂ` ਵਿਚ ਇਸ ਪ੍ਰਕਾਰ ਅੰਕਿਤ ਹੈ: ‘‘ਹਰੇਕ ਰੂਪ ਵਿਚ ਛੂਤ-ਛਾਤ ਦਾ ਅੰਤ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਰੂਪ ਵਿਚ ਇਸ ਨੂੰ ਮੰਨਣ ਦੀ ਮਨਾਹੀ ਹੈ। ਛੂਤ-ਛਾਤ ਕਾਰਨ ਪੈਦਾ ਹੁੰਦੀ ਕਿਸੇ ਵੀ ਅਯੋਗਤਾ ਨੂੰ ਲਾਗੂ ਕਰਨਾ ਗੁਨਾਹ ਮੰਨਿਆ ਜਾਵੇਗਾ ਅਤੇ ਅਜਿਹਾ ਅਮਲ ਕਾਨੂੰਨ ਅਧੀਨ ਸਜ਼ਾ ਦੇਣ ਯੋਗ ਹੋਵੇਗਾ।``


ਲੇਖਕ : ਗ.ਸ.ਭ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.