ਛਿੱਜਣ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Weathering (ਵੈੱਦਅ:ਙੰਗ) ਛਿੱਜਣ: ਪ੍ਰਿਥਵੀ ਦੀ ਸਤ੍ਹਾ ਤੇ ਜਾਂ ਸਤ੍ਹਾ ਦੇ ਨੇੜੇ ਹੀ ਚਟਾਨਾਂ ਦਾ ਟੁੱਟਣ-ਭੱਜਣ ਤੇ ਭੁਰਨ-ਛਿਲਣ ਬਣਿਆ ਰਹਿੰਦਾ ਹੈ ਅਤੇ ਚਟਾਨੀ ਮਲਬਾ ਉਸੇ ਥਾਂ (in situ) ਪਿਆ ਰਹਿੰਦਾ ਹੈ। ਚਟਾਨੀ ਛਿੱਜਣ ਤਿੰਨ ਪ੍ਰਕਾਰ ਦਾ ਹੁੰਦਾ ਹੈ ਜਿਵੇਂ ਭੌਤਿਕੀ (mecha-nical or physical), ਰਸਾਇਣਿਕ (chemical) ਅਤੇ ਜੀਵ-ਬਨਸਪਤਕ (bio-logical)।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਛਿੱਜਣ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਛਿੱਜਣ : ਜਦੋਂ ਇੱਕ ਸਥਾਨ ਤੇ ਹੀ ਪਏ-ਪਏ ਚਟਾਨਾਂ ਦੀ ਟੁੱਟ-ਭੱਜ ਹੁੰਦੀ ਹੈ ਤਾਂ ਉਸ ਨੂੰ ਛਿੱਜਣ (weathering) ਜਾਂ ਮੌਸਮੀ ਕਿਰਿਆ ਕਹਿੰਦੇ ਹਨ। ਇਸ ਨੂੰ ਮੌਸਮੀ ਕਿਰਿਆ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਮੌਸਮ ਦੇ ਕਾਰਕਾਂ ਜਿਵੇਂ ਸੂਰਜੀ ਤਾਪ, ਹਵਾ, ਪਾਲਾ, ਮੀਂਹ ਅਤੇ ਵਾਯੂ-ਮੰਡਲ ਦੀਆਂ ਗੈਸਾਂ ਦੀ ਮਿਲੀ-ਜੁਲੀ ਪ੍ਰਕਿਰਿਆ ਸ਼ਾਮਲ ਹੁੰਦੀ ਹੈ। ਇਹਨਾਂ ਮੌਸਮੀ ਕਾਰਕਾਂ ਦੇ ਨਾਲ-ਨਾਲ ਬਨਸਪਤੀ, ਜੀਵ-ਜੰਤੂ ਅਤੇ ਮਨੁੱਖਾਂ ਦੇ ਕੰਮ-ਕਾਰ ਵੀ ਚਟਾਨਾਂ ਦੇ ਛਿੱਜਣ ਵਿੱਚ ਸਹਾਈ ਹੁੰਦੇ ਹਨ।

ਛਿੱਜਣ ਦੀ ਪ੍ਰਕਿਰਿਆ ਦੋ ਤਰ੍ਹਾਂ ਨਾਲ ਹੁੰਦੀ ਹੈ :

1.     ਭੌਤਿਕ ਛਿੱਜਣ (physical or mechanical weathering);

2.     ਰਸਾਇਣਿਕ ਛਿੱਜਣ (Chemical Weathering)

ਭੌਤਿਕ ਛਿੱਜਣ : ਜਦੋਂ ਚਟਾਨਾਂ ਦੀ ਟੁੱਟ-ਭੱਜ ਮੁੱਖ ਰੂਪ ਵਿੱਚ ਧਰਤੀ ਦੀ ਗੁਰੂਤਵ ਸ਼ਕਤੀ, ਤਣਾਅ ਕਾਰਨ, ਰਵੇ ਬਣਨ ਕਾਰਨ, ਗਰਮੀ ਕਾਰਨ, ਫੈਲਣ ਅਤੇ ਸੁੰਗੜਣ ਕਾਰਨ, ਬਨਸਪਤੀ, ਜੀਵ-ਜੰਤੂ ਅਤੇ ਮਨੁੱਖ ਆਦਿ ਵੀ ਪ੍ਰਕਿਰਿਆ ਦੁਆਰਾ ਹੁੰਦੀ ਹੈ ਤਾਂ ਇਸ ਨੂੰ ਭੌਤਿਕ ਛਿੱਜਣ ਕਿਹਾ ਜਾਂਦਾ ਹੈ। ਇਹ ਕਿਰਿਆ ਕਈ ਪ੍ਰਕਾਰ ਦੀ ਹੋ ਸਕਦੀ ਹੈ। ਜਿਵੇਂ :

ਪਰਬਤੀ ਠੰਢੇ ਇਲਾਕਿਆਂ ਵਿੱਚ ਚਟਾਨਾਂ ਦੀਆਂ ਦਰਾਰਾਂ ਵਿੱਚ ਇਕੱਠਾ ਹੋਇਆ ਪਾਣੀ ਰਾਤ ਵੇਲੇ ਠੰਡ ਨਾਲ ਜੰਮ ਕੇ ਬਰਫ਼ ਦਾ ਰੂਪ ਧਾਰ ਲੈਂਦਾ ਹੈ। ਬਰਫ਼ ਪਾਣੀ ਨਾਲੋਂ 10 ਪ੍ਰਤਿਸ਼ਤ ਵੱਧ ਜਗ੍ਹਾ ਘੇਰਦੀ ਹੈ, ਜਿਸ ਕਰਕੇ ਚਟਾਨਾਂ ਦੀਆਂ ਦਰਾਰਾਂ ਖੁੱਲ੍ਹ ਜਾਂਦੀਆਂ ਹਨ ਅਤੇ ਚਟਾਨਾਂ ਦਾ ਛਿੱਜਣਾ ਸ਼ੁਰੂ ਹੋ ਜਾਂਦਾ ਹੈ।

ਸੂਰਜੀ ਤਾਪ ਕਾਰਨ ਦਿਨ ਵੇਲੇ ਚਟਾਨਾਂ ਗਰਮ ਹੋ ਕੇ ਫੈਲ ਜਾਂਦੀਆਂ ਹਨ ਅਤੇ ਰਾਤ ਵੇਲੇ ਤਾਪ ਘੱਟ ਹੋਣ ਕਾਰਨ ਠੰਢੀਆਂ ਹੋ ਕੇ ਸੁੰਗੜਦੀਆਂ ਹਨ। ਇਹ ਕਿਰਿਆ ਲਗਾਤਾਰ ਜਾਰੀ ਰਹਿੰਦੀ ਹੈ ਜਿਸ ਕਾਰਨ ਚਟਾਨਾਂ ਦੇ ਜੋੜ ਢਿੱਲੇ ਪੈ ਜਾਂਦੇ ਹਨ ਅਤੇ ਚਟਾਨਾਂ ਦਾ ਛਿੱਜਣਾ ਸ਼ੁਰੂ ਹੋ ਜਾਂਦਾ ਹੈ। ਖ਼ੁਸ਼ਕ ਇਲਾਕਿਆਂ ਵਿੱਚ ਛਿੱਜਣ ਦਾ ਕਾਰਜ ਹਵਾ ਦੁਆਰਾ ਚਟਾਨਾਂ ਨੂੰ ਰਗੜ-ਰਗੜ ਕੇ ਵੀ ਕੀਤਾ ਜਾਂਦਾ ਹੈ।

ਮੀਂਹ ਦਾ ਪਾਣੀ ਧਰਤੀ ਦੀ ਗੁਰੂਤਾ ਸ਼ਕਤੀ ਕਾਰਨ ਚਟਾਨਾਂ ਉੱਪਰ ਜ਼ੋਰ ਦੀ ਡਿੱਗਦਾ ਹੈ ਜਿਸ ਕਾਰਨ ਚਟਾਨਾਂ ਦੇ ਕਣ ਖੁਰ ਜਾਂਦੇ ਹਨ ਅਤੇ ਉਹਨਾਂ ਦੇ ਜੋੜ ਢਿੱਲੇ ਹੋ ਜਾਂਦੇ ਹਨ ਜਿਸ ਨਾਲ ਚਟਾਨਾਂ ਦਾ ਛਿੱਜਣਾ ਸ਼ੁਰੂ ਹੋ ਜਾਂਦਾ ਹੈ।

ਜੀਵ-ਜੰਤੂ ਚਟਾਨਾਂ ਵਿੱਚ ਸੁਰਾਖ਼ ਕਰਕੇ ਆਪਣੇ ਘਰ ਬਣਾਉਂਦੇ ਹਨ ਇਸੇ ਤਰ੍ਹਾਂ ਪੇੜ-ਪੌਦਿਆਂ ਦੀਆਂ ਜੜ੍ਹਾਂ ਚਟਾਨਾਂ ਦੇ ਵਿੱਚ ਦਾਖ਼ਲ ਹੋ ਕੇ ਉਹਨਾਂ ਵਿੱਚ ਨਵੀਆਂ ਦਰਾਰਾਂ ਪਾ ਦਿੰਦੀਆਂ ਹਨ ਅਤੇ ਪੁਰਾਣੀਆਂ ਦਰਾਰਾਂ ਖੁੱਲ੍ਹੀਆਂ ਕਰ ਦਿੰਦੀਆਂ ਹਨ। ਇਸ ਕਿਰਿਆ ਨਾਲ ਵੀ ਚਟਾਨਾਂ ਛਿਜਦੀਆਂ ਹਨ।

ਮਨੁੱਖੀ ਸੱਭਿਅਤਾ ਦੇ ਵਿਕਾਸ ਲਈ ਧਰਤੀ ਦੀ ਸਤ੍ਹਾ ਤੋਂ ਬਨਸਪਤੀ ਨੂੰ ਸਾਫ਼ ਕੀਤਾ ਜਾਂਦਾ ਹੈ, ਜਿਸ ਕਾਰਨ ਧਰਤੀ ਨੰਗੀ ਹੋ ਜਾਂਦੀ ਹੈ। ਸੜਕਾਂ, ਰੇਲ ਮਾਰਗ, ਮਨੁੱਖੀ ਬਸਤੀਆਂ ਆਦਿ ਦੇ ਵਿਕਾਸ ਲਈ ਚਟਾਨਾਂ ਦੀ ਤੋੜ ਭੰਨ ਕੀਤੀ ਜਾਂਦੀ ਹੈ ਜਿਸ ਨਾਲ ਚਟਾਨਾਂ ਦੀ ਛਿੱਜਣ ਪ੍ਰਕਿਰਿਆ ਜਾਰੀ ਰਹਿੰਦੀ ਹੈ।

ਰਸਾਇਣਿਕ ਛਿੱਜਣ ਪ੍ਰਕਿਰਿਆ : ਇਹ ਪ੍ਰਕਿਰਿਆ ਉੱਚੇ ਤਾਪਮਾਨ ਅਤੇ ਜ਼ਿਆਦਾ ਗਿੱਲੇ ਖੇਤਰਾਂ ਵਿੱਚ ਵੇਖਣ ਨੂੰ ਮਿਲਦੀ ਹੈ। ਵਾਯੂ-ਮੰਡਲ ਵਿੱਚ ਮੌਜੂਦ ਨਮੀ (ਵਰਖਾ, ਵਾਸ਼ਪ ਆਦਿ) ਅਤੇ ਵਾਯੂ-ਮੰਡਲ ਦੀਆਂ ਗੈਸਾਂ (ਆਕਸੀਜਨ, ਕਾਰਬਨ, ਡਾਈਆਕਸਾਈਡ ਆਦਿ) ਮਿਲ ਕੇ ਚਟਾਨਾਂ ਉੱਪਰ ਰਸਾਇਣਿਕ ਕਿਰਿਆ ਕਰਦੀਆਂ ਹਨ। ਚਟਾਨਾਂ ਭਿੰਨ-ਭਿੰਨ ਪ੍ਰਕਾਰ ਦੇ ਖਣਿਜ ਪਦਾਰਥਾਂ ਅਤੇ ਲੂਣਾਂ ਤੋਂ ਨਿਰਮਤ ਹੁੰਦੀਆਂ ਹਨ, ਜਿਨ੍ਹਾਂ ਉੱਪਰ ਹੇਠਾਂ ਲਿਖੇ ਅਨੁਸਾਰ ਰਸਾਇਣਿਕ ਛਿੱਜਣ ਦੀ ਪ੍ਰਕਿਰਿਆ ਹੁੰਦੀ ਹੈ :

ਆਕਸੀਕਰਨ (Oxidation) : ਜਦੋਂ ਲੋਹਾ ਅਤੇ ਆਕਸੀਜਨ ਮਿਲਦੇ ਹਨ ਤਾਂ ਲੋਹਾ ਆਕਸਾਈਡ ਬਣਦਾ ਹੈ ਜਿਸ ਨੂੰ ਅਸੀਂ ਜੰਗ ਜਾਂ ਜੰਗਾਲ (Rust) ਕਹਿੰਦੇ ਹਾਂ। ਵਰਖਾ ਦੇ ਪਾਣੀ ਜਿਸ ਵਿੱਚ ਆਕਸੀਜਨ ਮਿਲੀ ਹੁੰਦੀ ਹੈ ਦੇ ਲੋਹਾ ਮਿਸ਼ਰਤ ਚਟਾਨਾਂ ਅੰਦਰ ਸਮਾਉਣ ਨਾਲ ਉਹਨਾਂ ਨੂੰ ਜੰਗਾਲ ਲੱਗ ਜਾਂਦਾ ਹੈ। ਲੋਹੇ ਦੇ ਮੁਕਾਬਲੇ ਲੋਹਾ ਆਕਸਾਈਡ ਕਾਫ਼ੀ ਕਮਜ਼ੋਰ ਹੁੰਦਾ ਹੈ ਇਸ ਨਾਲ ਹੌਲੀ-ਹੌਲੀ ਚਟਾਨਾਂ ਟੁੱਟਣ ਅਤੇ ਖੁਰਨ ਲੱਗ ਜਾਂਦੀਆਂ ਹਨ। ਇਸ ਕਿਰਿਆ ਨੂੰ ਆਕਸੀਕਰਨ ਕਹਿੰਦੇ ਹਨ।

ਹਾਈਡਰੇਸ਼ਨ (Hydration) : ਕਿਸੇ ਧਾਤ ਅਤੇ ਪਾਣੀ ਦੇ ਮਿਲਣ ਦੀ ਰਸਾਇਣਿਕ ਕਿਰਿਆ ਨੂੰ ਹਾਈਡਰੇਸ਼ਨ ਕਹਿੰਦੇ ਹਨ। ਜਦੋਂ ਵਰਖਾ ਦਾ ਪਾਣੀ, ਮੁਸਾਮਾਂ ਰਾਹੀਂ ਚਟਾਨਾਂ ਦੇ ਅੰਦਰ ਜਾਂਦਾ ਹੈ ਤਾਂ ਚਟਾਨਾਂ ਦਾ ਆਇਤਨ (Volume) ਵੱਧ ਜਾਂਦਾ ਹੈ। ਚਟਾਨਾਂ ਤੋਂ ਦਬਾਅ ਪੈਣ ਨਾਲ ਉਹ ਛੋਟੇ ਹਿੱਸਿਆ ਵਿੱਚ ਟੁੱਟ ਜਾਂਦੀਆਂ ਹਨ। ਫੈਲਸਪਰ (Felsper) ਅਜਿਹੀ ਧਾਤ ਹੈ, ਜੋ ਹਾਈਡਰੇਸ਼ਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ।

ਹਾਈਡਰੋਲਿਸਿਸ (Hydrolysis) : ਧਾਤਾਂ ਦੇ ਮਿਸ਼ਰਨ ਅਤੇ ਪਾਣੀ ਦੇ ਰਸਾਇਣਿਕ ਮਿਲਣ ਦੀ ਕਿਰਿਆ ਨੂੰ ਹਾਈਡਰੋਲਿਸਿਸ ਕਹਿੰਦੇ ਹਨ। ਇਸ ਕਿਰਿਆ ਨਾਲ ਵੀ ਚਟਾਨਾਂ ਟੁੱਟਦੀਆਂ ਹਨ।

ਕਾਰਬਨੀਕਰਨ (Carbonisation) : ਕਾਰਬਨ ਡਾਈਆਕਸਾਈਡ ਇੱਕ ਗੈਸ ਹੈ ਜੋ ਕਿ ਵਾਯੂ-ਮੰਡਲ ਵਿੱਚ ਆਮ ਮਿਲਦੀ ਹੈ। ਜਦੋਂ ਵਰਖਾ ਦਾ ਪਾਣੀ ਵਾਯੂ-ਮੰਡਲ ਵਿੱਚੋਂ ਗੁਜ਼ਰਦਾ ਹੈ ਤਾਂ ਹਵਾ ਵਿੱਚੋਂ ਥੋੜ੍ਹੀ ਜਿਹੀ ਕਾਰਬਨ ਡਾਈਆਕਸਾਈਡ ਪਾਣੀ ਵਿੱਚ ਘੁਲ ਜਾਂਦੀ ਹੈ, ਇਸ ਨਾਲ ਕਾਰਬੋਨਿਕ ਤੇਜ਼ਾਬ ਬਣਦਾ ਹੈ। ਇਸ ਕਿਰਿਆ ਨੂੰ ਕਾਰਬਨੀਕਰਨ ਕਿਹਾ ਜਾਂਦਾ ਹੈ। ਜਦੋਂ ਇਹ ਕਾਰਬਨ ਡਾਈਆਕਸਾਈਡ ਮਿਲਿਆ ਪਾਣੀ (ਕਾਰਬੋਨਿਕ ਤੇਜ਼ਾਬ) ਚਟਾਨਾਂ ਦੇ ਅੰਦਰ ਜਾਂਦਾ ਹੈ ਤਾਂ ਉਹ ਅਸਾਨੀ ਨਾਲ ਘੁਲ ਅਤੇ ਖੁਰ ਜਾਂਦੀਆਂ ਹਨ। ਕਾਰਬੋਨਿਕ ਤੇਜ਼ਾਬ ਦਾ ਸਭ ਤੋਂ ਜ਼ਿਆਦਾ ਅਸਰ ਚੂਨੇ ਵਾਲੀਆਂ ਚਟਾਨਾਂ ਤੇ ਹੁੰਦਾ ਹੈ।

ਘੋਲ (Solution) : ਘੋਲਣ ਦੀ ਕਿਰਿਆ ਵੀ ਚਟਾਨਾਂ ਦੇ ਰਸਾਇਣਿਕ ਛਿੱਜਣ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਚਟਾਨਾਂ ਵਿੱਚ ਰਲੀਆਂ ਹੋਈਆਂ ਧਾਤਾਂ ਜਿਵੇਂ ਜਿਪਸਮ, ਹੇਲਾਈਟ ਆਦਿ ਪਾਣੀ ਵਿੱਚ ਘੁਲ ਕੇ ਚਟਾਨਾਂ ਵਿੱਚੋਂ ਨਿਕਲ ਜਾਂਦੀਆਂ ਹਨ। ਇਸ ਨਾਲ ਚਟਾਨਾਂ ਕਮਜ਼ੋਰ ਹੋ ਕੇ ਛਿੱਜਣ ਦਾ ਸ਼ਿਕਾਰ ਹੋ ਜਾਂਦੀਆਂ ਹਨ।

ਇਸ ਤਰ੍ਹਾਂ ਛਿੱਜਣ ਦੀ ਪ੍ਰਕਿਰਿਆ ਕਈ ਪ੍ਰਕਿਰਿਆਵਾਂ ਦਾ ਨਤੀਜਾ ਹੁੰਦੀ ਹੈ। ਚਟਾਨਾਂ ਉੱਪਰ ਭੌਤਿਕ ਛਿੱਜਣ ਅਤੇ ਰਸਾਇਣਿਕ ਛਿੱਜਣ ਨਾਲ-ਨਾਲ ਹੀ ਚਲਦੇ ਰਹਿੰਦੇ ਹਨ, ਜਿਸ ਨਾਲ ਛਿੱਜਣ ਦੀ ਪ੍ਰਕਿਰਿਆ ਦੀ ਗਤੀ ਬਣੀ ਰਹਿੰਦੀ ਹੈ। ਅਲੱਗ-ਅਲੱਗ ਕਿਸਮ ਦੀਆਂ ਚਟਾਨਾਂ ਉੱਪਰ ਛਿੱਜਣ ਦੀ ਪ੍ਰਕਿਰਿਆ ਵੀ ਅਲੱਗ- ਅਲੱਗ ਹੁੰਦੀ ਹੈ। ਛਿੱਜਣ ਦੀ ਪ੍ਰਕਿਰਿਆ ਆਮ ਤੌਰ ’ਤੇ ਹੇਠ ਲਿਖੇ ਤੱਥਾਂ ਤੇ ਨਿਰਭਰ ਕਰਦੀ ਹੈ :

ਚਟਾਨਾਂ ਦੀ ਕਿਸਮ ਅਤੇ ਸੰਰਚਨਾ ਜਾਂ ਬਣਤਰ : ਚਟਾਨ ਸਖ਼ਤ ਹੈ ਜਾਂ ਨਰਮ, ਇਹ ਕਿਹੜੇ ਖਣਿਜ ਪਦਾਰਥਾਂ ਦੀ ਬਣੀ ਹੈ, ਕੀ ਉਹ ਘੁਲਣ ਵਾਲੇ ਲੂਣਾਂ ਤੋਂ ਬਣੀ ਹੈ? ਕੀ ਚਟਾਨ ਮੁਸਾਮਦਾਰ ਹੈ ਜਾਂ ਨਹੀਂ? ਚਟਾਨਾਂ ਦੇ ਜੋੜ ਦੂਰ-ਦੂਰ ਹਨ ਜਾਂ ਨੇੜੇ-ਨੇੜੇ ਆਦਿ ਕੁਝ ਅਜਿਹੇ ਕਾਰਕ ਹਨ ਜਿਨ੍ਹਾਂ ਉੱਪਰ ਚਟਾਨਾਂ ਦੇ ਛਿੱਜਣ ਦੀ ਗਤੀ ਨਿਰਭਰ ਕਰਦੀ ਹੈ।

ਜਲ-ਵਾਯੂ (Climate) : ਗਰਮ ਅਤੇ ਖ਼ੁਸ਼ਕ ਖੇਤਰਾਂ ਵਿੱਚ ਚਟਾਨਾਂ ਦੇ ਫੈਲਣ ਅਤੇ ਸੁੰਗੜਨ ਕਾਰਨ ਚਟਾਨਾਂ ਦੇ ਬਲਾਕ ਟੁੱਟਦੇ ਹਨ। ਗਰਮ ਅਤੇ ਸਿੱਲੇ ਖੇਤਰਾਂ ਵਿੱਚ ਸੂਰਜੀ ਤਾਪ, ਆਕਸੀਜਨ, ਕਾਰਬਨ ਡਾਈਆਕਸਾਈਡ ਛਿੱਜਣ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ। ਠੰਡੇ ਅਤੇ ਖ਼ੁਸ਼ਕ ਖੇਤਰਾਂ ਵਿੱਚ ਕੱਕਰ ਅਤੇ ਪਾਲਾ ਚਟਾਨਾਂ ਦੀ ਟੁੱਟ-ਭੰਨ ਕਰਦਾ ਹੈ।

ਧਰਾਤਲ (Topography) : ਜ਼ਮੀਨ ਦੀ ਸਤ੍ਹਾ ਉੱਪਰ ਪਈਆਂ ਚਟਾਨਾਂ ਦਾ ਛਿੱਜਣਾ, ਜ਼ਮੀਨ ਦੀ ਸਤ੍ਹਾ ਦੇ ਹੇਠਾਂ ਵਾਲੀਆਂ ਚਟਾਨਾਂ ਦੇ ਮੁਕਾਬਲੇ ਤੇਜ਼ ਹੁੰਦਾ ਹੈ।

ਪਹਾੜਾਂ ਦੀਆਂ ਤੇਜ਼ ਢਲਾਨਾਂ ਉੱਪਰ ਪਈਆਂ ਚਟਾਨਾਂ ਸਧਾਰਨ ਢਲਾਨਾਂ ਵਾਲੀਆਂ ਚਟਾਨਾਂ ਨਾਲੋਂ ਜਲਦੀ ਛਿੱਜਣ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਗੁਰੂਤਾ ਸ਼ਕਤੀ ਕਾਰਨ ਚਟਾਨਾਂ ਦੀ ਟੁੱਟ-ਭੱਜ ਜਲਦੀ ਹੁੰਦੀ ਹੈ।

ਸੂਰਜਮੁਖੀ ਢਲਾਨਾਂ ਉੱਪਰ ਤਾਪਮਾਨ ਅਤੇ ਵਰਖਾ ਦਾ ਅਸਰ ਸੂਰਜ ਵਿਮੁਖੀ ਢਲਾਨਾਂ ਨਾਲੋਂ ਜ਼ਿਆਦਾ ਹੁੰਦਾ ਹੈ। ਇਸ ਕਰਕੇ ਛਿੱਜਣ ਵੀ ਵੱਧ ਹੁੰਦੀ ਹੈ।

ਬਨਸਪਤੀ (Vegetation) : ਬਨਸਪਤੀ ਨਾਲ ਢੱਕੀਆਂ ਹੋਈਆਂ ਚਟਾਨਾਂ ਅਤੇ ਧਰਤੀ ਦੀ ਸਤ੍ਹਾ ਛਿੱਜਣ ਦੇ ਕਾਰਕਾਂ ਤੋਂ ਕਾਫ਼ੀ ਹੱਦ ਤੱਕ ਬਚੀਆਂ ਰਹਿ ਸਕਦੀਆਂ ਹਨ। ਇਸਦੇ ਉਲਟ ਬਿਨਾਂ ਬਨਸਪਤੀ ਦੇ ਨੰਗੀਆਂ ਚਟਾਨਾਂ ਅਤੇ ਮਿੱਟੀਆਂ ਛਿੱਜਣ ਦਾ ਜਲਦੀ ਸ਼ਿਕਾਰ ਹੁੰਦੀਆਂ ਹਨ।

ਛਿੱਜਣ ਦਾ ਮਨੁੱਖਤਾ ਲਈ ਬਹੁਤ ਮਹੱਤਵ ਹੈ। ਇਸ ਨਾਲ ਤੇਜ਼ ਪਹਾੜੀ ਢਲਾਨਾਂ ਸਧਾਰਨ ਢਲਾਨ ਵਿੱਚ ਬਦਲ ਜਾਂਦੀਆਂ ਹਨ। ਉੱਚੇ-ਨੀਵੇਂ ਇਲਾਕੇ ਪੱਧਰ ਬਣ ਜਾਂਦੇ ਹਨ। ਮਿੱਟੀਆਂ ਦਾ ਉਪਜਾਊਪਣ ਵਧਦਾ ਹੈ। ਕਈ ਨਵੀਆਂ ਭੂ-ਆਕ੍ਰਿਤੀਆਂ ਬਣਦੀਆਂ ਹਨ। ਮਾਰੂਥਲਾਂ ਦਾ ਨਿਰਮਾਣ ਹੁੰਦਾ ਹੈ। ਨਵੇਂ ਖਣਿਜ ਪਦਾਰਥ ਹੋਂਦ ਵਿੱਚ ਆਉਂਦੇ ਹਨ। ਨਵੀਆਂ ਮਿੱਟੀਆਂ ਦਾ ਨਿਰਮਾਣ ਹੁੰਦਾ ਹੈ ਜੋ ਕਿ ਖੇਤੀ-ਬਾੜੀ ਲਈ ਉਪਯੋਗੀ ਹਨ। ਛਿੱਜਣ ਪ੍ਰਕਿਰਿਆ ਅਪਰਦਨ ਦੇ ਕਾਰਕਾਂ ਲਈ ਜ਼ਰੂਰੀ ਅਤੇ ਮੁਢਲਾ ਸਮਾਨ ਉਪਲਬਧ ਕਰਵਾਉਂਦੀ ਹੈ।


ਲੇਖਕ : ਸਤੀਸ਼ ਕੁਮਾਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-04-44-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.