ਚੱਕਬੰਦੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕਬੰਦੀ (ਨਾਂ,ਇ) ਜ਼ਮੀਨ ਦੇ ਵੱਖ-ਵੱਖ ਟੁਕੜਿਆਂ ਨੂੰ ਇੱਕ ਥਾਂ ਇਕੱਠਾ ਕਰ ਕੇ ਕੀਤੀ ਨਿਸ਼ਾਨਦੇਹੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2431, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੱਕਬੰਦੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕਬੰਦੀ [ਨਾਂਇ] ਜ਼ਮੀਨ ਮਾਲਕੀ ਇੱਕ ਥਾਂ ਕਰਨ ਦਾ ਭਾਵ, ਮੁਰੱਬਾਬੰਦੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੱਕਬੰਦੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Chakbandi_ਚੱਕਬੰਦੀ: ਐਚ.ਐਚ. ਵਿਲਸਨ ਦੀ ‘ਗਲਾਸਰੀ ਔਫ਼ ਜੁਡਿਸ਼ਲ ਐਂਡ ਰੈਵੇਨਿਊ ਟਰਮਜ਼’ ਅਨੁਸਾਰ ਪੁਲਿਸ ਜਾਂ ਮਾਲ ਅਧਿਕਾਰਤਾ ਦੀਆਂ ਸੀਮਾਵਾਂ ਭੋਂ ਦੇ ਕਿਸੇ ਟੋਟੇ ਜਾਂ ਮਹਾਲ ਜਾਂ ਚੱਕ ਦੀਆਂ ਹੱਦਾਂ ਨਿਸਚਿਤ ਕਰਨ ਨੂੰ ਵੀ ਚੱਕਬੰਦੀ ਕਿਹਾ ਜਾਂਦਾ ਹੈ। ਜੋਤਾਂ ਦੇ ਟੋਟੇ ਹੋਣ ਕਾਰਨ ਜਦ ਇਕ ਮਾਲਕ ਦੇ ਖੇਤ ਕਈ ਥਾਈਂ ਖਿੰਡ ਜਾਂਦੇ ਹਨ ਤਾਂ ਉਨ੍ਹਾਂ ਦੀ ਥਾਵੇਂ ਉਸ ਦੀ ਮਲਕੀਅਤ ਅਧੀਨ ਭੋਂ ਨੂੰ ਇਕ ਥਾਂ ਇਕੱਠਾ ਕਰਨ ਦਾ ਅਮਲ ਚੱਕਬੰਦੀ ਕਹਾਉਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਚੱਕਬੰਦੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੱਕਬੰਦੀ : ਇਹ ਉਹ ਵਿਧੀ ਹੈ ਜਿਸ ਦੁਆਰਾ ਵਿਅਕਤੀਗਤ ਖੇਤੀ ਨੂੰ ਟੁਕੜਿਆਂ ਵਿਚ ਵੰਡੇ ਜਾਣ ਤੋਂ ਰੋਕਿਆ ਜਾਂਦਾ ਹੈ। ਕਿਸੇ ਪਿੰਡ ਦੀ ਸਾਰੀ ਦੀ ਸਾਰੀ ਜ਼ਮੀਨ ਨੂੰ ਅਤੇ ਕਿਸਾਨਾਂ ਦੇ ਥਾਂ ਥਾਂ ਤੇ ਬਿਖਰੇ ਹੋਏ ਜ਼ਮੀਨ ਦੇ ਟੋਟਿਆਂ ਨੂੰ ਇਕ ਅਲੱਗ ਖੇਤਰ ਵਿਚ ਤਰਤੀਬ ਦਿੱਤੀ ਜਾਂਦੀ ਹੈ। ਭਾਰਤ ਵਿਚ ਜਿੱਥੇ ਵਿਅਕਤੀਗਤ ਵਾਹੀਯੋਗ ਜ਼ਮੀਨ ਪਹਿਲਾਂ ਹੀ ਘੱਟ ਹੈ, ਉੱਥੇ ਕਈ ਵਾਰੀ ਖੇਤ ਛੋਟੇ ਛੋਟੇ ਹੋ ਜਾਂਦੇ ਹਨ। ਇਸ ਤਰ੍ਹਾਂ ਖੇਤੀ ਕਰਨ ਵਿਚ ਸੌਖ ਹੋ ਜਾਂਦੀ ਹੈ, ਮਿਹਨਤ ਅਤੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਇਸ ਦੇ ਨਾਲ ਨਾਲ ਜ਼ਮੀਨ ਦੇ ਇਕੋ ਥਾਂ ਤੇ ਵੱਡੇ ਚੱਕ ਦੀ ਦੇਖ-ਭਾਲ ਵੀ ਸੌਖੀ ਹੋ ਜਾਂਦੀ ਹੈ। ਇਸ ਨਾਲ ਉਸ ਜ਼ਮੀਨ ਵੀ ਵਰਤੋਂ ਵਿਚ ਆ ਜਾਂਦੀ ਹੈ ਜਿਹੜੀ ਬਿਖਰੇ ਹੋਏ ਖੇਤਾਂ ਦੀਆਂ ਵੱਡਾਂ ਹੇਠ ਆਈ ਹੋਈ ਹੁੰਦੀ ਹੈ। ਇਸ ਤੋਂ ਇਲਾਵਾ ਚੱਕਬੰਦੀ ਨਾਲ ਪਿੰਡ ਦੀਆਂ ਆਬਾਦੀਆਂ, ਸੜਕਾਂ ਅਤੇ ਰਸਤਿਆਂ ਦੀ ਯੋਜਨਾ ਵਿਚ ਵੀ ਸੁਧਾਰ ਹੋ ਜਾਂਦਾ ਹੈ।

          ਚੱਕਬੰਦੀ ਦਾ ਕੰਮ ਸਭ ਤੋਂ ਪਹਿਲਾਂ ਤਜਰਬੇ ਦੇ ਤੌਰ ਤੇ ਸੰਨ 1920 ਵਿਚ ਪੰਜਾਬ ਵਿਚ ਸ਼ੁਰੂ ਕੀਤਾ ਗਿਆ ਸੀ। ਸਰਕਾਰੀ ਦੇਖ-ਰੇਖ ਵਿਚ ਸਹਿਕਾਰੀ ਸਭਾਵਾਂ ਬਣਾਈਆਂ ਗਈਆਂ ਤਾਂ ਜੋ ਚੱਕਬੰਦੀ ਦਾ ਕੰਮ ਰਜ਼ਾਮੰਦੀ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਹ ਤਜਰਬਾ ਬੜਾ ਕਾਮਯਾਬ ਰਿਹਾ ਪਰ ਹੋਰਾਂ ਸੂਬਿਆਂ ਵਿਚ ਚੱਕਬੰਦੀ ਇੰਨੀ ਸਫ਼ਲ ਨਹੀਂ ਹੋਈ, ਵਧੇਰੇ ਇਸ ਕਰਕੇ ਕਿ ਕਿਸਾਨ ਆਪਣੀ ਜ਼ਮੀਨ ਦੀ ਅਦਲਾ ਬਦਲੀ ਜਾਂ ਚੱਕਬੰਦੀ ਦੁਆਰਾ ਹੋਣ ਵਾਲੇ ਨੁਕਸਾਨ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ।

          ਦੇਸ਼ ਦੀ ਆਜ਼ਾਦੀ ਤੋਂ ਮਗਰੋਂ ਚੱਕਬੰਦੀ ਪੱਧਤੀ ਵਿਚ ਇੱਛੁਕ ਸਵੀਕ੍ਰਿਤੀ ਦੇ ਸਿਧਾਂਤ ਨੂੰ ਖ਼ਤਮ ਕਰਕੇ ਨਵੀਂ ਪ੍ਰੇਰਣਾ ਪ੍ਰਦਾਨ ਕੀਤੀ ਗਈ। ਸੰਨ 1947 ਵਿਚ ਬੰਬਈ ਵਿਚ ਪਹਿਲੀ ਵਾਰੀ ਇਹ ਕਾਨੂੰਨ ਪਾਸ ਕੀਤਾ ਗਿਆ ਕਿ ਸਰਕਾਰ ਜਿੱਥੇ ਉਚਿੱਤ ਸਮਝੇ ਚਕਬੰਦੀ ਲਾਗੂ ਕਰ ਸਕਦੀ ਹੈ। ਇਸ ਪ੍ਰਥਾ ਅਨੁਸਾਰ ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਹੈਦਰਾਬਾਦ ਵਿਚ ਚੱਕਬੰਦੀ ਹੋਈ। ਪ੍ਰਾਂਤਕ ਸਰਕਾਰਾਂ ਨੂੰ ਕੇਂਦਰੀ ਸਰਕਾਰ ਤੋਂ ਬੜਾ ਉਤਸ਼ਾਹ ਮਿਲਿਆ। ਪੰਜ ਸਾਲ ਯੋਜਨਾਵਾਂ ਵਿਚ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਪਰ ਵੱਖ ਵੱਖ ਪ੍ਰਾਂਤਾਂ ਵਿਚ ਇਹ ਕੰਮ ਅਸੰਤੁਲਿਤ ਢੰਗ ਨਾਲ ਚੱਲ ਰਿਹਾ ਸੀ। ਸੰਨ 1960 ਵਿਚ ਪੰਜਾਬ ਵਿਚ ਸਭ ਤੋਂ ਅੱਗੇ ਸੀ ਅਤੇ ਆਂਧਰਾ ਪ੍ਰਦੇਸ਼, ਮਦਰਾਸ, ਬੰਗਾਲ ਅਤੇ ਬਿਹਾਰ ਆਦਿ ਵਿਚ ਚੱਕਬੰਦੀ ਨਾਂਹ ਦੇ ਬਰਾਬਰ ਹੀ ਸੀ।

          ਸਪਸ਼ਟ ਹੈ ਕਿ ਅਜਿਹੇ ਖੇਤਰਾਂ ਵਿਚ ਚੱਕਬੰਦੀ ਕਰਨਾ ਕੋਈ ਆਸਾਨ ਗੱਲ ਨਹੀਂ ਹੈ ਜਿਥੇ ਜ਼ਮੀਨ ਇਕੋ ਕਿਸਮ ਦੀ ਨਾ ਹੋਵੇ। ਦੂਜੇ ਚੱਕਬੰਦੀ ਦੇ ਕੰਮ ਲਈ ਸਾਰੇ ਅਧਿਕਾਰੀ ਪੂਰਨ ਰੂਪ ਵਿਚ ਸਿੱਖਿਆ-ਪ੍ਰਾਪਤ ਅਤੇ ਈਮਾਨਦਾਰ ਹੋਣੇ ਚਾਹੀਦੇ ਹਨ।

          ਹ. ਪੁ.––ਹਿੰ. ਵਿ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1713, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.