ਚੰਡੀ ਚਰਿਤ੍ਰ-੨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੰਡੀ ਚਰਿਤ੍ਰ- (ਕਾਵਿ): ‘ਦਸਮ ਗ੍ਰੰਥ ’ ਵਿਚ ਸੰਕਲਿਤ ਇਸ ਚੰਡੀ ਚਰਿਤ੍ਰ ਵਿਚ ਕੁਲ 262 ਛੰਦ ਅਤੇ ਅੱਠ ਅਧਿਆਇ ਹਨ। ਪਹਿਲੇ ਚੰਡੀ ਚਰਿਤ੍ਰ ਵਿਚ ਮੂਲ ਸਰੋਤ ਵਲ ਸਪੱਸ਼ਟ ਸੰਕੇਤ ਹੈ ਪਰ ਇਸ ਚਰਿਤ੍ਰ ਦੇ ਮੂਲ ਸਰੋਤ ਸੰਬੰਧੀ ਕੋਈ ਸੰਕੇਤ ਨਹੀਂ ਮਿਲਦਾ। ਅਨੁਮਾਨ ਦੇ ਆਧਾਰ’ਤੇ ਵਖ ਵਖ ਵਿਦਵਾਨਾਂ ਨੇ ਇਸ ਨੂੰ ‘ਦੇਵੀ ਭਾਗਵਤ ਪੁਰਾਣ ’, ‘ਮਾਰਕੰਡੇ ਪੁਰਾਣ’ (ਦੁਰਗਾ ਸਪਤਸ਼ਤੀ)’ਤੇ ਆਧਾਰਿਤ ਮੰਨਿਆ ਹੈ। ਪਰ ਗੰਭੀਰਤਾ ਨਾਲ ਵੇਖਣ’ਤੇ ਇਹ ‘ਮਾਰਕੰਡੇ ਪੁਰਾਣ’ ਦੇ ਅਧਿਕ ਨੇੜੇ ਪ੍ਰਤੀਤ ਹੁੰਦਾ ਹੈ। ਪਹਿਲੇ ਚੰਡੀ ਚਰਿਤ੍ਰ ਵਿਚ ਉਕਤੀ ਯੁਕਤੀ ਨਾਲ ਚੰਡੀ ਦਾ ਚਰਿਤ੍ਰ ਉਲੀਕਿਆ ਗਿਆ ਹੈ ਪਰ ਇਸ ਵਿਚ ਯੁੱਧ- ਵਰਣਨ ਅਧਿਕ ਹੋਇਆ ਹੈ ਅਤੇ ਉਹ ਵੀ ਸਿੱਧਾ, ਸਪੱਸ਼ਟ। ਯੁੱਧ ਦੀ ਗਤਿ ਅਨੁਸਾਰ ਇਸ ਵਿਚ ਨਿੱਕੇ ਨਿੱਕੇ ਅਤੇ ਤੀਬਰ ਗਤਿ ਵਾਲੇ ਛੰਦਾਂ ਦੀ ਵਰਤੋਂ ਹੋਈ ਹੈ।

            ਪਹਿਲੇ ਅਧਿਆਇ ਵਿਚ ਕੁਲ 38 ਛੰਦ ਹਨ। ਬਿਨਾ ਕਿਸੇ ਪ੍ਰਕਾਰ ਦੀ ਭੂਮਿਕਾ , ਪ੍ਰਸਤਾਵਨਾ ਜਾਂ ਮੰਗਲਾ- ਚਰਣ ਦੇ ਇਸ ਦਾ ਆਰੰਭ ਕੀਤਾ ਗਿਆ ਹੈ। ਪਹਿਲੀ ਘਟਨਾ ਮਹਿਖਾਸੁਰ ਦੇ ਸ਼ਕਤੀਵਾਨ ਹੋਣ ਦਾ ਉਲੇਖ ਕਰਦੀ ਹੈ। ਸਿੱਟੇ ਵਜੋਂ ਸਾਰੇ ਦੇਵਤੇ ਭੈਭੀਤ ਹੋ ਕੇ ਅਤੇ ਯੋਗੀਆਂ ਦਾ ਭੇਸ ਧਾਰ ਕੇ ਕੈਲਾਸ਼ ਪਰਬਤ’ਤੇ ਜਾਂਦੇ ਹਨ। ਉਥੇ ਉਹ ਦੁਰਗਾ ਦੇਵੀ ਦੀ ਉਸਤਤਿ ਕਰਦੇ ਹਨ ਅਤੇ ਦੇਵੀ ਪ੍ਰਸੰਨ ਹੋ ਕੇ ਉਨ੍ਹਾਂ ਦੀ ਹਡ-ਬੀਤੀ ਸੁਣਦੀ ਹੈ। ਫਿਰ ਸ਼ਸਤ੍ਰ ਧਾਰ ਕੇ ਸਿੰਘ ਦੀ ਸਵਾਰੀ ਕਰਦੀ ਹੋਈ ਦੇਵਤਿਆਂ ਦੀ ਮਦਦ ਲਈ ਯੁੱਧ-ਭੂਮੀ ਨੂੰ ਚਾਲੇ ਪਾਂਦੀ ਹੈ। ਮਹਿਖਾਸੁਰ ਅਤੇ ਦੇਵੀ ਦਾ ਯੁੱਧ ਸ਼ੁਰੂ ਹੁੰਦਾ ਹੈ। ਦੇਵੀ ਕ੍ਰੋਧ ਵਿਚ ਆ ਕੇ ਮਹਿਖਾਸੁਰ ਦਾ ਬਧ ਕਰ ਦਿੰਦੀ ਹੈ ਅਤੇ ਦੈਂਤ ਸੈਨਾ ਹਾਰ ਜਾਂਦੀ ਹੈ। ‘ਮਾਰਕੰਡੇ ਪੁਰਾਣ’ (82 ਅਤੇ 83 ਅਧਿ.) ਦੀ ਮੂਲ ਕਥਾ ਦਾ ਵਿਵਰਣ ਇਸ ਚਰਿਤ੍ਰ ਵਿਚ ਨਹੀਂ ਦਿੱਤਾ ਹੋਇਆ। ਦੇਵੀ ਦੇ ਸੁਆਸਾਂ ਤੋਂ ਗਣਾਂ ਦਾ ਪੈਦਾ ਹੋਣਾ, ਮਹਿਖਾਸੁਰ ਦਾ ਯੁੱਧ ਦੌਰਾਨ ਕਈ ਰੂਪ ਧਾਰਨਾ ਅਤੇ ਦੇਵੀ ਦਾ ਮਦਿਰਾ ਸੇਵਨ ਕਰਨਾ ਆਦਿ ਘਟਨਾਵਾਂ ਦਾ ਇਸ ਚੰਡੀ ਚਰਿਤ੍ਰ ਵਿਚ ਵਰਣਨ ਨਹੀਂ ਹੋਇਆ।

          26 ਛੰਦਾਂ ਦੇ ਦੂਜੇ ਅਧਿਆਇ ਵਿਚ ਪਹਿਲਾਂ ਦਸਿਆ ਗਿਆ ਹੈ ਕਿ ਮਹਿਖਾਸੁਰ ਦੀ ਮ੍ਰਿਤੂ ਤੋਂ ਬਾਦ ਸ਼ੁੰਭ -ਨਿਸ਼ੁੰਭ ਨਾਂ ਦੇ ਦੈਂਤ ਪੈਦਾ ਹੋਏ। ਉਨ੍ਹਾਂ ਨੇ ਦੇਵਤਿਆਂ ਤੋਂ ਰਾਜ ਖੋਹ ਲਿਆ। ਹਾਰੇ ਹੋਏ ਦੁਖੀ ਦੇਵਤੇ ਚੰਡੀ ਦੀ ਸ਼ਰਣ ਵਿਚ ਆਏ। ਦੇਵਤਿਆਂ ਦੀ ਪ੍ਰਾਰਥਨਾ ਸੁਣ ਕੇ ਦੇਵੀ ਯੁੱਧ ਲਈ ਮੈਦਾਨ ਵਿਚ ਆਈ। ਦੈਂਤਾਂ ਵਲੋਂ ਧੂਮ੍ਰ ਲੋਚਨ ਯੁੱਧ -ਭੂਮੀ ਵਿਚ ਨਿਤਰਿਆ। ਦੋਹਾਂ ਦਲਾਂ ਦਾ ਭਿਆਨਕ ਯੁੱਧ ਹੋਇਆ। ਦੇਵੀ ਅਤੇ ਉਸ ਦੇ ਵਾਹਨ ਸਿੰਘ ਨੇ ਵੈਰੀ ਦਲ ਦਾ ਬਹੁਤ ਨਾਸ਼ ਕੀਤਾ। ਅੰਤ ਵਿਚ ਕਾਲੀ ਨੇ ਧੂਮ੍ਰ ਲੋਚਨ ਨੂੰ ਮਾਰ ਦਿੱਤਾ। ਹਾਰੀ ਹੋਈ ਦੈਂਤ ਸੈਨਾ ਨੇ ਸ਼ੁੰਭ ਨੂੰ ਧੂਮ੍ਰ ਲੋਚਨ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ। ਮੂਲ ਕਥਾ (ਅਧਿਆਇ 84,85 ਅਤੇ 86) ਵਿਚ ਜਿਨ੍ਹਾਂ ਘਟਨਾਵਾਂ ਦਾ ਉਲੇਖ ਹੋਇਆ ਹੈ ਉਹ ਇਸ ਚੰਡੀ ਚਰਿਤ੍ਰ ਵਿਚ ਵੀ ਨਹੀਂ ਮਿਲਦੀਆਂ। ਧੂਮ੍ਰ ਲੋਚਨ ਵੀ ਉਥੇ ਦੇਵੀ ਨਾਲ ਯੁੱਧ ਕਰਦਿਆਂ ਨਹੀਂ ਮਰਦਾ ਸਗੋਂ ਉਸ ਦੀ ਹੁੰਕਾਰ ਨਾਲ ਹੀ ਨਸ਼ਟ ਹੋ ਜਾਂਦਾ ਹੈ। ਫਿਰ ਦੇਵੀ ਦਾ ਵਾਹਨ ਸ਼ੇਰ ਹੀ ਸਾਰੀ ਦੈਂਤ ਸੈਨਾ ਦਾ ਵਿਨਾਸ਼ ਕਰਦਾ ਹੈ।

            ਤੀਜੇ ਅਧਿਆਇ ਦੇ 13 ਛੰਦਾਂ ਵਿਚ ਚੰਡ ਅਤੇ ਮੁੰਡ ਨਾਂ ਦੇ ਦੈਂਤਾਂ ਦੇ ਯੁੱਧ ਅਤੇ ਬਧ ਦਾ ਵਰਣਨ ਹੋਇਆ ਹੈ। ਧੂਮ੍ਰ ਲੋਚਨ ਦੀ ਮ੍ਰਿਤੂ ਤੋਂ ਬਾਦ ਸ਼ੁੰਭ ਚੰਡ ਅਤੇ ਮੁੰਡ ਨਾਂ ਦੇ ਨਾਇਕਾਂ ਨੂੰ ਯੁੱਧ ਲਈ ਭੇਜਦਾ ਹੈ। ਧੂਮ੍ਰ ਲੋਚਨ ਨੂੰ ਮਾਰਨ ਤੋਂ ਬਾਦ ਚੰਡੀ ਕੈਲਾਸ਼ ਪਰਬਤ ਵਲ ਜਾਂਦੀ ਹੈ। ਦੈਂਤ ਨਾਇਕ ਧੂਮ੍ਰ ਲੋਚਨ ਦੀ ਸੈਨਾ ਦੇ ਉਨ੍ਹਾਂ ਸੈਨਿਕਾਂ ਨੂੰ, ਜਿਨ੍ਹਾਂ ਨੇ ਪਹਿਲਾਂ ਦੇਵੀ ਨੂੰ ਦੇਖਿਆ ਹੋਇਆ ਸੀ , ਗੁਪਤਚਰ ਬਣਾ ਕੇ ਉਸ ਦਾ ਥੇਹ-ਠਿਕਾਣਾ ਜਾਣਨ ਲਈ ਕੈਲਾਸ਼ ਪਰਬਤ ਉਤੇ ਭੇਜਦੇ ਹਨ। ਚੰਡੀ ਨਵੀਂ ਦੈਂਤ ਸੈਨਾ ਨੂੰ ਆਇਆ ਵੇਖ ਕੇ ਯੁੱਧ-ਭੂਮੀ ਵਿਚ ਪਹੁੰਚ ਜਾਂਦੀ ਹੈ। ਘੋਰ ਯੁੱਧ ਹੁੰਦਾ ਹੈ। ਅੰਤ ਵਿਚ ਕਾਲੀ ਦੋਹਾਂ ਸੈਨਾ-ਨਾਇਕਾਂ ਨੂੰ ਮਾਰ ਦਿੰਦੀ ਹੈ ਅਤੇ ਦੈਂਤ ਦਲ ਦਾ ਸੰਘਾਰ ਕਰਦੀ ਹੈ। ਮੂਲ ਕਥਾ (ਅਧਿਆਇ 86 ਅਤੇ 87) ਵਿਚ ਕਾਲੀ ਰਾਹੀਂ ਦੈਂਤ ਪੱਖ ਦੇ ਸੈਨਿਕਾਂ ਦੇ ਖਾਏ ਜਾਣ ਦਾ ਵਰਣਨ ਵਿਸਤਾਰ ਨਾਲ ਹੋਇਆ ਹੈ।

          45 ਛੰਦਾਂ ਦੇ ਚੌਥੇ ਅਧਿਆਇ ਵਿਚ ਰਕਤਬੀਜ ਦੇ ਯੁੱਧ ਦਾ ਵਰਣਨ ਹੋਇਆ ਹੈ। ਚੰਡ ਅਤੇ ਮੁੰਡ ਦੇ ਮਾਰੇ ਜਾਣ ਤੋਂ ਬਾਦ ਦੈਂਤ ਰਾਜਾ ਸ਼ੁੰਭ ਨੇ ਆਪਣੇ ਭਰਾ ਨਿਸ਼ੁੰਭ ਨਾਲ ਸਲਾਹ ਕਰਕੇ ਰਕਤਬੀਜ ਨਾਂ ਦੇ ਸੈਨਾ-ਨਾਇਕ ਨੂੰ ਬਹੁਤ ਵੱਡੀ ਸੈਨਾ ਦੇ ਕੇ ਯੁੱਧ ਕਰਨ ਲਈ ਭੇਜਿਆ। ਚੰਡੀ ਵੀ ਦੈਂਤਾਂ ਦੀ ਫ਼ੌਜ ਦਾ ਰੌਲਾ ਸੁਣ ਕੇ ਪਰਬਤ ਤੋਂ ਹੇਠਾਂ ਉਤਰ ਆਈ ਅਤੇ ਰਕਤਬੀਜ ਨਾਲ ਘੋਰ ਯੁੱਧ ਸ਼ੁਰੂ ਕਰ ਦਿੱਤਾ। ਰਕਤਬੀਜ ਨੇ ਕਈ ਰੂਪ ਧਾਰੇ, ਪਰ ਦੇਵੀ ਨੇ ਸਭ ਨੂੰ ਮਾਰ ਦਿੱਤਾ। ਕਾਲੀ ਰਕਤਬੀਜ ਦੀਆਂ ਧਰਤੀ ਉਤੇ ਡਿਗੀਆਂ ਸਾਰੀਆਂ ਬੂੰਦਾਂ ਨੂੰ ਪੀ ਗਈ। ਲਹੂ ਦੇ ਵਗਣ ਨਾਲ ਰਕਤਬੀਜ ਸਿਥਲ ਹੋ ਕੇ ਧਰਤੀ ਉਤੇ ਡਿਗ ਪਿਆ ਅਤੇ ਮਰ ਗਿਆ। ਮੂਲ ਕਥਾ (ਅਧਿਆਇ 88) ਵਿਚ ਚੰਡ ਅਤੇ ਮੁੰਡ ਦੇ ਮਾਰੇ ਜਾਣ ਤੋਂ ਬਾਦ ਘੋਰ ਯੁੱਧ ਵਿਚ ਦੈਂਤਾਂ ਦੀ ਹੋ ਰਹੀ ਹਾਰ ਨੂੰ ਵੇਖ ਕੇ ਰਕਤਬੀਜ ਯੁੱਧ ਆਰੰਭ ਕਰਦਾ ਹੈ। ਮੂਲ ਕਥਾ ਨਾਲੋਂ ਇਸ ਚਰਿਤ੍ਰ ਵਿਚ ਯੁੱਧ ਵਰਣਨ ਅਧਿਕ ਅਤੇ ਸਜੀਵ ਹੋਇਆ ਹੈ।

            ਪੰਜਵੇਂ ਅਧਿਆਇ ਵਿਚ ਕੁਲ 34 ਛੰਦ ਹਨ। ਇਸ ਵਿਚ ਨਿਸ਼ੁੰਭ ਦਾ ਯੁੱਧ-ਵਰਣਨ ਹੈ। ਰਕਤਬੀਜ ਦੇ ਮਾਰੇ ਜਾਣ ਦੀ ਗੱਲ ਸੁਣ ਕੇ ਸ਼ੁੰਭ ਅਤੇ ਨਿਸ਼ੁੰਭ ਆਪਣੀ ਸੈਨਾ ਲੈ ਕੇ ਯੁੱਧ ਖੇਤਰ ਵਿਚ ਆ ਜਾਂਦੇ ਹਨ। ਆਪਣੀ ਹਾਰ ਵੇਖ ਕੇ ਸ਼ੁੰਭ ਬਹੁਤ ਕ੍ਰੋਧ੍ਤਿ ਹੋਇਆ ਅਤੇ ਦੁਰਗਾ ਨੂੰ ਬੰਨ੍ਹ ਲਿਆਉਣ ਲਈ ਆਪਣੇ ਭਰਾ ਨਿਸ਼ੁੰਭ ਨੂੰ ਆਦੇਸ਼ ਦਿੱਤਾ। ਨਿਸ਼ੁੰਭ ਆਪਣੀ ਵਿਸ਼ਾਲ ਸੈਨਾ ਸਹਿਤ ਯੁੱਧ-ਭੂਮੀ ਵਲ ਤੁਰ ਪਿਆ, ਸ਼ਿਵ ਨੇ ਇੰਦ੍ਰ ਨੂੰ ਸਲਾਹ ਕਰਨ ਲਈ ਬੁਲਾ ਲਿਆ ਅਤੇ ਦੁਰਗਾ ਦੀ ਜਿਤ ਦੇ ਉਪਾ ਸੋਚਣ ਲਗੇ। ਫ਼ੈਸਲਾ ਹੋਇਆ ਕਿ ਸਾਰੇ ਦੇਵਤੇ ਆਪਣੀਆਂ ਸ਼ਕਤੀਆਂ ਦੁਰਗਾ ਦੀ ਸਹਾਇਤਾ ਲਈ ਭੇਜਣ। ਉਨ੍ਹਾਂ ਦੀਆਂ ਸ਼ਕਤੀਆਂ ਪ੍ਰਾਪਤ ਕਰਕੇ ਦੁਰਗਾ ਅਤੇ ਸਿੰਘ ਨੇ ਖੂਬ ਯੁੱਧ ਕੀਤਾ। ਸਿੱਟੇ ਵਜੋਂ ਨਿਸ਼ੁੰਭ ਮਾਰਿਆ ਗਿਆ ਅਤੇ ਦੈਂਤ ਫ਼ੌਜ ਭੱਜ ਗਈ। ਮੂਲ ਕਥਾ (ਅਧਿਆਇ 89) ਵਿਚ ਸ਼ੁੰਭ ਅਤੇ ਨਿਸ਼ੁੰਭ ਦੋਵੇਂ ਦੇਵੀ ਨਾਲ ਯੁੱਧ ਕਰਦੇ ਹਨ।

          63 ਛੰਦਾਂ ਦੇ ਛੇਵੇਂ ਅਧਿਆਇ ਵਿਚ ਸ਼ੁੰਭ ਦੇ ਬਧ ਦੀ ਕਥਾ ਦਰਜ ਹੈ। ਆਪਣੇ ਭਰਾ ਦੇ ਮਾਰੇ ਜਾਣ’ਤੇ ਸ਼ੁੰਭ ਖ਼ੁਦ ਆਪਣੀ ਵਿਸ਼ਾਲ ਸੈਨਾ ਸਹਿਤ ਯੁੱਧ-ਭੂਮੀ ਵਿਚ ਆ ਪਹੁੰਚਦਾ ਹੈ। ਵਾਤਾਵਰਣ ਉਤੇ ਗੰਭੀਰ ਪ੍ਰਭਾਵ ਪੈਂਦਾ ਹੈ। ਘੋਰ ਯੁੱਧ ਵਿਚ ਮਾਰੀ ਗਈ ਆਪਣੀ ਵਿਸ਼ਾਲ ਸੈਨਾ ਦੇ ਮਾੜੇ ਹਾਲ ਨੂੰ ਵੇਖ ਕੇ ਸ਼ੁੰਭ ਸ਼ਿਵ ਦਾ ਧਿਆਨ ਧਰਦਾ ਹੈ। ਉਧਰ ਦੁਰਗਾ ਨੇ ਦੂਤੀ ਨੂੰ ਸ਼ਿਵ ਪਾਸ ਭੇਜਿਆ ਕਿ ਉਹ ਦੈਂਤ ਰਾਜੇ ਨੂੰ ਯੁੱਧ ਛਡਣ ਲਈ ਆਦੇਸ਼ ਦੇਵੇ। ਦੈਂਤ ਰਾਜਾ ਨੇ ਯੁੱਧ ਛਡਣੋ ਨਾਂਹ ਕਰ ਦਿੱਤੀ ਅਤੇ ਉਥੇ ਜਾ ਡਟਿਆ ਜਿਥੇ ਦੁਰਗਾ ਖੜੋਤੀ ਸੀ। ਘੋਰ ਯੁੱਧ ਉਪਰੰਤ ਸ਼ੁੰਭ ਮਾਰਿਆ ਗਿਆ। ਮੂਲ ਕਥਾ (88 ਅਧਿਆਇ) ਨਾਲੋਂ ਇਹ ਪ੍ਰਸੰਗ ਸੁਤੰਤਰ ਜਿਹਾ ਹੋ ਕੇ ਚਲਿਆ ਹੈ। ਸ਼ਿਵ ਨੂੰ ਦੂਤ ਬਣਾ ਕੇ ਭੇਜਣ ਦੀ ਗੱਲ ਮੂਲ ਕਥਾ ਵਿਚ ਰਕਤਬੀਜ ਦੇ ਪ੍ਰਸੰਗ ਵਿਚ ਆਈ ਹੈ।

            ਸੱਤਵੇਂ ਅਧਿਆਇ ਦੇ 37 ਛੰਦਾਂ ਵਿਚ ਦੇਵੀ ਦੀ ਉਸਤਤਿ ਕੀਤੀ ਗਈ ਹੈ। ਦੇਵੀ ਨੂੰ ਜਿਤ ਦਾ ਤਿਲਕ ਵੀ ਦਿੱਤਾ ਗਿਆ ਹੈ। ਮੂਲ-ਕਥਾ (91 ਅਧਿਆਇ) ਵਿਚ ਵੀ ਦੇਵੀ ਦੀ ਉਸਤਤਿ ਹੋਈ ਹੈ। ਅੰਤਰ ਇਹ ਹੈ ਕਿ ਮੂਲ- ਕਥਾ ਵਿਚ ਦੇਵੀ ਦੇ ਸਾਰੇ ਰੂਪਾਂ ਅਤੇ ਕਲਪਨਾਵਾਂ ਵਿਚ ਉਸਤਤਿ ਕੀਤੀ ਗਈ ਹੈ ਜਦ ਕਿ ਇਸ ਚਰਿਤ੍ਰ ਵਿਚ ਅਧਿਕਤਰ ਉਸ ਦੇ ਦੈਂਤ-ਸੰਘਾਰੀ ਅਤੇ ਸਾਧੂ-ਉਬਾਰੀ ਰੂਪ ਨੂੰ ਉਘਾੜਿਆ ਗਿਆ ਹੈ।

            ਛੇ ਛੰਦਾਂ ਦੇ ਅੱਠਵੇਂ ਅਧਿਆਇ ਵਿਚ ਚੰਡੀ ਦੀ ਉਸਤਤਿ ਦੇ ਨਾਲ ਇਸ ਚਰਿਤ੍ਰ-ਕਥਾ ਦਾ ਮਹਾਤਮ ਵੀ ਦਸਿਆ ਗਿਆ ਹੈ। ਇਸ ਮਹਾਤਮ ਦਾ ਮੂਲ ਆਧਾਰ ਮਾਰਕੰਡੇ ਪੁਰਾਣ ਦਾ 92ਵਾਂ ਅਧਿਆਇ ਹੈ ਜਿਸ ਵਿਚ ਦੇਵੀ ਦੇਵਤਿਆਂ ਨੂੰ ਆਪਣਾ ਮਹਾਤਮ ਖ਼ੁਦ ਦਸਦੀ ਹੈ।

            ਸਪੱਸ਼ਟ ਹੈ ਕਿ ਇਸ ਚਰਿਤ੍ਰ-ਕਥਾ ਦੇ ਮੁੱਖ ਕਥਾ- ਸੂਤਰ ‘ਮਾਰਕੰਡੇ ਪੁਰਾਣ’ ਤੋਂ ਲਏ ਗਏ ਹਨ। ਇਸ ਚਰਿਤ੍ਰ ਵਿਚ ਰਚੈਤਾ ਦੀ ਰੁਚੀ ਅਧਿਕਤਰ ਯੁੱਧ-ਵਰਣਨ ਵਲ ਰਹੀ ਹੈ ਅਤੇ ਯੁੱਧ-ਵਰਣਨ ਵੀ ਬੜਾ ਸੁਭਾਵਿਕ, ਸਜੀਵ ਅਤੇ ਯੁਗ ਅਨੁਸਾਰੀ ਹੈ। ਇਸ ਰਚਨਾ ਨੂੰ ਖੰਡ-ਕਾਵਿ ਕਿਹਾ ਜਾ ਸਕਦਾ ਹੈ। ਇਸ ਵਿਚ ਵੀਰ ਰਸ ਦੀ ਪ੍ਰਧਾਨਤਾ ਹੈ, ਰੌਦ੍ਰ, ਭਿਆਨਕ ਅਤੇ ਵੀਭਤਸ ਰਸਾਂ ਦੀ ਹੋਂਦ ਵੀ ਮਿਲ ਜਾਂਦੀ ਹੈ। ਨਿਰਰਥਕ ਸ਼ਬਦ ਸਿਰਜਨਾ ਯੁੱਧ ਦਾ ਵਰਣਨ ਪੈਦਾ ਕਰਨ ਵਿਚ ਸਹਾਇਕ ਹੋਈ ਹੈ। ਇਸ ਵਿਚ ਡੇਢ ਦਰਜਨ ਦੇ ਕਰੀਬ ਛੰਦਾਂ ਦੀ ਵਰਤੋਂ ਹੋਈ ਹੈ। ਪ੍ਰਧਾਨਤਾ ਭੁਜੰਗ ਪ੍ਰਯਾਤ ਛੰਦ ਦੀ ਹੈ। ਯੁੱਧ ਦੀ ਗਤਿ ਅਨੁਸਾਰ ਰਚਨਾ ਕਰਨ ਲਈ ਛੰਦਾਂ ਦੀ ਵਿਵਿਧਤਾ ਅਤੇ ਜਲਦੀ ਜਲਦੀ ਛੰਦਾਂ ਵਿਚ ਪਰਿਵਰਤਨ ਲਿਆਉਂਦਾ ਗਿਆ ਹੈ। ਇਸ ਕਰਕੇ 57 ਵਾਰ ਛੰਦ ਪਰਿਵਰਤਨ ਹੋਇਆ ਹੈ ਅਤੇ ਯੁੱਧ- ਭੂਮੀ ਦੇ ਯਥਾਰਥ ਦ੍ਰਿਸ਼ ਪੇਸ਼ ਹੋ ਸਕੇ ਹਨ। ਇਸ ਦੀ ਪ੍ਰਧਾਨ ਭਾਸ਼ਾ ਬ੍ਰਜ ਹੈ, ਕਿਤੇ ਕਿਤੇ ਅਵਧੀ ਅਤੇ ਰਾਜਸਧਾਨੀ ਦੀ ਵਰਤੋਂ ਹੋਈ ਹੈ। ਅਰਬੀ ਫ਼ਾਰਸੀ ਦੀ ਕੁਝ ਸ਼ਬਦਾਵਲੀ ਵੀ ਮਿਲ ਜਾਂਦੀ ਹੈ। ਭਾਸ਼ਾ ਦਾ ਸਮੁੱਚਾ ਸਰੂਪ ਓਜਮਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.