ਚੰਡੀ ਚਰਿਤ੍ਰ-੧ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੰਡੀ ਚਰਿਤ੍ਰ- (ਕਾਵਿ): ‘ਦਸਮ ਗ੍ਰੰਥ ’ ਦੀ ਵੱਡਾਕਾਰੀ ਰਚਨਾਬਚਿਤ੍ਰ ਨਾਟਕ ’ ਵਿਚ ‘ਅਪਨੀ ਕਥਾ ’ ਤੋਂ ਬਾਦ ਕ੍ਰਮ ਵਿਚ ‘ਚੰਡੀ ਚਰਿਤ੍ਰ-੧’ ਦਾ ਸਥਾਨ ਹੈ। ‘ਅਪਨੀ ਕਥਾ’ ਦੇ ਚੌਦਵੇਂ ਅਧਿਆਇ ਦੇ ਅੰਤ ’ਤੇ ਇਸ ਪ੍ਰਸੰਗ-ਕ੍ਰਮ ਵਲ ਸਪੱਸ਼ਟ ਸੰਕੇਤ ਮਿਲਦਾ ਹੈ।

ਇਸ ਰਚਨਾ ਦਾ ਨਾਂ ਆਰੰਭ ਵਿਚ ਕਵੀ ਦੁਆਰਾ ਇਸ ਤਰ੍ਹਾਂ ਦਿੱਤਾ ਗਿਆ ਹੈ — ਅਥ ਚੰਡੀ ਚਰਿਤ੍ਰ ਉਕਤਿ ਬਿਲਾਸ। ਇਸ ਕਥਾ ਦਾ ਮੂਲ ਆਧਾਰ ‘ਮਾਰਕੰਡੇ ਪੁਰਾਣਵਿਚਲਾ ‘ਦੁਰਗਾ ਸਪਤਸ਼ਤੀ’ ਪ੍ਰਸੰਗ ਹੈ। ਇਸ ਸੰਬੰਧ ਵਿਚ ਰਚੈਤਾ ਨੇ ਅਧਿਆਇ ਅੰਤ ਉਤੇ ਦਿੱਤੀਆਂ ਪੁਸ਼ਪਿਕਾਵਾਂ ਅਤੇ ਅੰਤਿਮ ਛੰਦਾਂ ਵਿਚ ਉਲੇਖ ਕੀਤਾ ਹੈ।

            ਇਸ ਰਚਨਾ ਦੇ ਕੁਲ 233 ਛੰਦ ਅਤੇ ਸੱਤ ਅਧਿਆਇ ਹਨ। ਸੱਤਵਾਂ ਅਧਿਆਇ ਛੰਦ ਅੰਕ 224 ਉਤੇ ਮੁਕਦਾ ਹੈ ਅਤੇ ਉਸ ਪਿਛੋਂ ਨੌਂ ਛੰਦ ਸਮਾਪਨ ਦੇ ਹਨ ਜਿਨ੍ਹਾਂ ਵਿਚ ਦੇਵਤਿਆਂ ਦੀ ਜਿਤ ਉਪਰੰਤ ਉਨ੍ਹਾਂ ਦੁਆਰਾ ਦੇਵੀ ਦਾ ਯਸ਼ਗਾਨ ਹੋਇਆ ਹੈ ਅਤੇ ਅੰਤ ਉਤੇ ਰਚੈਤਾ ਦੀ ਵਰ -ਯਾਚਨਾ ਹੈ। ਇਸ ਨੂੰ ਕੁਝ ਬੀੜਾਂ ਵਿਚ ਅੱਠਵਾਂ ਅਧਿਆਇ ਵੀ ਮੰਨ ਲਿਆ ਗਿਆ ਹੈ।

            ਪਹਿਲੇ ਅਧਿਆਇ ਵਿਚ ਕੁਲ 12 ਛੰਦ ਹਨ। ਇਨ੍ਹਾਂ ਵਿਚ ਰਚੈਤਾ ਨੇ ਪਰਮਾਤਮਾ ਦੀ ਉਸਤਤਿ ਕਰਨ ਤੋਂ ਬਾਦ ਦੇਵੀ ਦੇ ਮਹੱਤਵ ਅਤੇ ਵੀਰਤਾ ਦੇ ਪ੍ਰਕਾਸ਼ ਪਾਇਆ ਹੈ। ਇਸ ਪਿਛੋਂ ਗ੍ਰੰਥ-ਰਚਨਾ ਲਈ ਆਗਿਆ ਪ੍ਰਾਪਤ ਕਰਨਾ, ਸੁਰਥ ਰਾਜੇ ਦਾ ਰਾਜ ਤਿਆਗ ਕੇ ਮੇਧਾ ਰਿਸ਼ੀ ਦੇ ਆਸ਼੍ਰਮ ਵਿਚ ਜਾਣਾ ਅਤੇ ਚੰਡੀ ਦੀ ਕਥਾ ਸੁਣਨਾ, ਸ਼ੇਸ਼ਸ਼ੱਯਾ ਉਤੇ ਲੇਟੇ ਵਿਸ਼ਣੂ ਦੇ ਕੰਨਾਂ ਦੀ ਮੈਲ ਤੋਂ ਮਧੁ ਅਤੇ ਕੈਟਭ ਨਾਂ ਦੇ ਦੈਂਤਾਂ ਦਾ ਜਨਮ ਅਤੇ ਵਿਸ਼ਣੂ ਦੁਆਰਾ ਉਨ੍ਹਾਂ ਦੇ ਬਧ ਦਾ ਵਰਣਨ ਹੈ। ਇਸ ਕਥਾ-ਪ੍ਰਸੰਗ ਦਾ ਆਧਾਰ ‘ਮਾਰਕੰਡੇ ਪੁਰਾਣ’ ਦਾ 81ਵਾਂ ਅਧਿਆਇ ਹੈ। ਉਥੇ 77 ਸਲੋਕਾਂ ਵਿਚ ਵਰਣਿਤ ਕਥਾ-ਪ੍ਰਸੰਗ ਨੂੰ ਇਥੇ ਕੇਵਲ ਛੇ ਛੰਦਾਂ ਵਿਚ ਸਮੋਇਆ ਗਿਆ ਹੈ। ਦੋਹਾਂ ਰਚਨਾਵਾਂ ਦੀਆਂ ਕੁਝ ਘਟਨਾਵਾਂ ਸਮਾਨ ਹਨ ਪਰ ‘ਮਾਰਕੰਡੇ ਪੁਰਾਣ’ ਵਾਲੇ ਪ੍ਰਸੰਗ ਵਿਚ ਵਿਸਥਾਰ ਬਹੁਤ ਅਧਿਕ ਹੈ।

            ਦੂਜੇ ਅਧਿਆਇ ਵਿਚ ਕੁਲ 40 ਛੰਦ ਹਨ। ਇਸ ਵਿਚ ਮਹਿਖਾਸੁਰ ਨਾਲ ਹੋਏ ਚੰਡੀ ਦੇ ਯੁੱਧ ਅਤੇ ਅੰਤ ਵਿਚ ਦੈਂਤ ਦੇ ਬਧ ਦਾ ਵਰਣਨ ਹੋਇਆ ਹੈ। ਰਚੈਤਾ ਨੇ ਦਸਿਆ ਹੈ ਕਿ ਮਹਿਖਾਸੁਰ ਨੇ ਸ਼ਕਤੀ ਇਕੱਠੀ ਕਰਕੇ ਦੇਵਤਿਆਂ ਨੂੰ ਹਰਾ ਦਿੱਤਾ। ਬਚੇ ਹੋਏ ਦੇਵਤੇ ਕੈਲਾਸ਼ ਪਰਬਤ ਉਤੇ ਦੇਵੀ ਦੁਰਗਾ ਦੀ ਸ਼ਰਣ ਵਿਚ ਗਏ। ਇਸ਼ਨਾਨ ਲਈ ਨਿਕਲੀ ਦੁਰਗਾ ਨੂੰ ਆਪਣਾ ਦੁਖੜਾ ਸੁਣਾਇਆ। ਦੁਰਗਾ ਨੇ ਉਨ੍ਹਾਂ ਨੂੰ ਸਹਾਇਤਾ ਦਾ ਵਿਸ਼ਵਾਸ ਦਿਵਾਇਆ ਅਤੇ ਦੈਂਤਾਂ ਦੀ 45 ਪਦਮ ਸੈਨਾ ਨਾਲ ਘੋਰ ਯੁੱਧ ਕਰਕੇ ਮਹਿਖਾਸੁਰ ਨੂੰ ਮਾਰਿਆ ਅਤੇ ਇੰਦ੍ਰ ਨੂੰ ਰਾਜ ਸਿੰਘਾਸਨ ਉਤੇ ਬਿਠਾਇਆ। ਇਹ ਸਾਰਾ ਪ੍ਰਸੰਗ ਮੋਟੇ ਤੌਰ ’ਤੇ ‘ਮਾਰਕੰਡੇ ਪੁਰਾਣ’ ਦੇ 82ਵੇਂ ਅਤੇ 83ਵੇਂ ਅਧਿਆਵਾਂ ਨਾਲ ਮੇਲ ਖਾਂਦਾ ਹੈ।

            ਤੀਜੇ ਅਧਿਆਇ ਦੇ 48 ਛੰਦਾਂ ਵਿਚ ਸ਼ੁੰਭ ਅਤੇ ਨਿਸ਼ੁੰਭ ਨਾਂ ਦੇ ਦੋ ਦੈਂਤ ਭਰਾਵਾਂ ਦਾ ਤੇਜਸਵੀ ਹੋਣਾ ਅਤੇ ਉਨ੍ਹਾਂ ਦੇ ਨਾਸ਼ ਵਾਸਤੇ ਚੰਡੀ ਦਾ ਯੁੱਧ ਲਈ ਤਿਆਰ ਹੋਣਾ ਆਦਿ ਦਾ ਬਿਆਨ ਹੈ। ਦੁਰਗਾ ਦਾ ਅਤਿਅੰਤ ਸੁੰਦਰ ਰੂਪ ਧਾਰ ਕੇ ਹਿਮਾਲਾ ਪਰਬਤ ਉਤੇ ਬੈਠਣਾ, ਉਸ ਨੂੰ ਵੇਖ ਕੇ ਆਏ ਇਕ ਦੈਂਤ ਦਾ ਆਪਣੇ ਨਾਇਕ ਸ਼ੁੰਭ ਨੂੰ ਉਸ ਦੀ ਸੁੰਦਰਤਾ ਬਾਰੇ ਦਸਣਾ, ਸ਼ੁੰਭ ਦਾ ਆਪਣੇ ਨਾਇਕ ਧੂਮ੍ਰ ਲੋਚਨ ਨੂੰ ਦੁਰਗਾ ਦੇ ਪਕੜਨ ਲਈ ਭੇਜਣਾ, ਧੂਮ੍ਰ ਲੋਚਨ ਨਾਲ ਦੇਵੀ ਦਾ ਘੋਰ ਯੁੱਧ ਅਤੇ ਧੂਮ੍ਰ ਲੋਚਨ ਦਾ ਬਧ। ਦੇਵੀ ਦਾ ਮੱਥਾ ਫੋੜ ਕੇ ਕਾਲੀ ਵੀ ਪ੍ਰਗਟ ਹੋਈ ਦਸੀ ਗਈ ਹੈ ਜਿਸ ਨੇ ਯੁੱਧ ਨੂੰ ਹੋਰ ਵੀ ਭਿਆਨਕ ਰੂਪ ਦੇ ਦਿੱਤਾ। ਮੂਲ ਕਥਾ-ਪ੍ਰਸੰਗ (ਅਧਿਆਇ 84, 85, 86) ਨਾਲੋਂ ਇਥੇ ਅੰਤਰ ਇਹ ਹੈ ਕਿ ਦੇਵੀ ਨੂੰ ਵੇਖਣ ਵਾਲੇ ਪਹਿਲੇ ਦੋ ਦੈਂਤ ਚੰਡ ਅਤੇ ਮੁੰਡ ਹਨ। ਮੂਲ ਕਥਾ ਵਿਚ ਕਾਲੀ ਦੇ ਪ੍ਰਗਟ ਹੋਣ ਦਾ ਵੀ ਕੋਈ ਉਲੇਖ ਨਹੀਂ ਹੈ। ਚੰਡੀ ਚਰਿਤ੍ਰ ਵਿਚ ਯੁੱਧ ਦਾ ਵਰਣਨ ਅਤੇ ਯੁੱਧ ਦਾ ਚਿਤ੍ਰਣ ਬੜੇ ਸੁਭਾਵਿਕ ਤਰੀਕੇ ਨਾਲ ਹੋਇਆ ਹੈ।

            ਚੌਥੇ ਅਧਿਆਇ ਵਿਚ ਕੁਲ 16 ਛੰਦ ਹਨ। ਇਸ ਵਿਚ ਧੂਮ੍ਰ ਲੋਚਨ ਦੇ ਮਰਨ ਉਪਰੰਤ ਜੀਵਿਤ ਬਚ ਰਹੇ ਇਕ ਦੈਂਤ ਰਾਹੀਂ ਸ਼ੁੰਭ ਨੂੰ ਯੁੱਧ ਦੀ ਸਥਿਤੀ ਦੀ ਸੂਚਨਾ ਮਿਲੀ ਦਸੀ ਗਈ ਹੈ। ਫਿਰ ਸ਼ੁੰਭ ਆਪਣੇ ਸੈਨਾ ਨਾਇਕਾਂ ਚੰਡ ਅਤੇ ਮੁੰਡ ਨੂੰ ਚਤੁਰੰਗਣੀ ਸੈਨਾ ਸਹਿਤ ਯੁੱਧ-ਭੂਮੀ ਨੂੰ ਭੇਜਦਾ ਹੈ। ਭਿਆਨਕ ਯੁੱਧ ਕਰਨ ਉਪਰੰਤ ਦੋਵੇਂ ਦੈਂਤ- ਨਾਇਕ ਮਾਰੇ ਜਾਂਦੇ ਹਨ। ਮੂਲ ਕਥਾ ਦੇ 86ਵੇਂ ਅਤੇ 87ਵੇਂ ਅਧਿਆਵਾਂ ਵਿਚ ਚੰਡ ਅਤੇ ਮੁੰਡ ਨਾਲ ਦੁਰਗਾ ਦਾ ਯੁੱਧ ਨਹੀਂ ਹੁੰਦਾ , ਸਗੋਂ ਉਸ ਦੇ ਮੱਥੇ ਵਿਚੋਂ ਪ੍ਰਗਟ ਹੋਈ ਭਿਆਨਕ ਮੁਖ ਵਾਲੀ ਕਾਲੀ ਨਾਲ ਹੁੰਦਾ ਹੈ। ਕਾਲੀ ਉਨ੍ਹਾਂ ਦੋਹਾਂ ਨੂੰ ਮਾਰ ਕੇ ਉਨ੍ਹਾਂ ਦਾ ਸਿਰ ਦੁਰਗਾ ਅਗੇ ਸੁਟਦੀ ਹੈ।

            ਪੰਜਵੇਂ ਅਧਿਆਇ ਦੇ 52 ਛੰਦਾਂ ਵਿਚ ਦਸਿਆ ਗਿਆ ਹੈ ਕਿ ਚੰਡ ਅਤੇ ਮੁੰਡ ਦੇ ਮਾਰੇ ਜਾਣ ਤੋਂ ਬਾਦ ਸ਼ੁੰਭ -ਨਿਸ਼ੁੰਭ ਨੇ ਰਕਤਬੀਜ ਨਾਂ ਦੇ ਦੈਂਤ ਨੂੰ ਭਾਰੀ ਸੈਨਾ ਦੇ ਕੇ ਯੁੱਧ ਕਰਨ ਲਈ ਭੇਜਿਆ। ਦੁਰਗਾ ਅਤੇ ਰਕਤਬੀਜ ਦਾ ਘੋਰ ਯੁੱਧ ਹੋਇਆ। ਰਕਤਬੀਜ ਦੀਆਂ ਧਰਤੀ ਉਤੇ ਡਿਗੀਆਂ ਲਹੂ ਦੀਆਂ ਬੂੰਦਾਂ ਤੋਂ ਜਦੋਂ ਹੋਰ ਰਕਤਬੀਜ ਪੈਦਾ ਹੋਣ ਲਗੇ ਤਾਂ ਦੁਰਗਾ ਨੇ ਆਪਣੇ ਮਸਤਕ ਤੋਂ ਕਾਲੀ ਨੂੰ ਪ੍ਰਗਟ ਕਰਕੇ ਆਦੇਸ਼ ਦਿੱਤਾ ਕਿ ਉਹ ਰਕਤਬੀਜ ਦਾ ਲਹੂ ਪੀ ਕੇ ਬਧ ਕਰ ਦੇਵੇ। ਇਸ ਤਰ੍ਹਾਂ ਦੁਰਗਾ ਅਤੇ ਕਾਲੀ ਨੇ ਮਿਲ ਕੇ ਰਕਤਬੀਜ ਦਾ ਅੰਤ ਕਰ ਦਿੱਤਾ। ਮੂਲ ਕਥਾ (ਅਧਿਆਇ 88) ਵਿਚ ਚੰਡ ਅਤੇ ਮੁੰਡ ਦੇ ਮਾਰੇ ਜਾਣ ਤੋਂ ਬਾਦ ਰਕਤਬੀਜ ਨੂੰ ਤੁਰੰਤ ਯੁੱਧ-ਭੂਮੀ ਨੂੰ ਨਹੀਂ ਭੇਜਿਆ ਜਾਂਦਾ, ਸਗੋਂ ਦੈਂਤਾਂ ਦੀ ਹਾਲਤ ਨੂੰ ਪਤਲਾ ਵੇਖ ਕੇ ਰਕਤਬੀਜ ਯੁੱਧ-ਭੂਮੀ ਵਿਚ ਕੁਦ ਪਿਆ ਅਤੇ ਅੰਤ ਵਿਚ ਮਾਰਿਆ ਗਿਆ। ਇਸ ਚੰਡੀ ਚਰਿਤ੍ਰ ਵਿਚ ਅਧਿਕ ਬਲ ਯੁੱਧ- ਵਰਣਨ ਦੇ ਸੁਭਾਵਿਕ ਅਤੇ ਯੁਗ ਅਨੁਸਾਰੀ ਰੂਪ ਉਤੇ ਦਿੱਤਾ ਗਿਆ ਹੈ ਅਤੇ ਅਮਾਨਵੀ ਸ਼ਕਤੀਆਂ ਦੀ ਅਣਹੋਂਦ ਕਾਰਣ ਅਧਿਕ ਪ੍ਰੇਰਣਾ-ਦਾਇਕ ਸਿੱਧ ਹੋਇਆ ਹੈ।

          30 ਛੰਦਾਂ ਦੇ ਛੇਵੇਂ ਅਧਿਆਇ ਵਿਚ ਰਚੈਤਾ ਨੇ ਦਸਿਆ ਹੈ ਕਿ ਰਕਤਬੀਜ ਦੇ ਮਾਰੇ ਜਾਣ ਅਤੇ ਦੈਂਤ ਦਲ ਦੀ ਹੋਈ ਹਾਰ ਤੋਂ ਕ੍ਰੋਧ੍ਤਿ ਹੋਏ ਦੋਵੇਂ ਦੈਂਤ ਨਾਇਕ ਸ਼ੁੰਭ ਅਤੇ ਨਿਸ਼ੁੰਭ ਵਿਸ਼ਾਲ ਸੈਨਾ ਲੈ ਕੇ ਯੁੱਧ-ਭੂਮੀ ਨੂੰ ਜਾਂਦੇ ਹਨ। ਦੁਰਗਾ ਅਤੇ ਕਾਲੀ ਦੈਂਤ ਸੈਨਾ ਨਾਲ ਖੂਬ ਯੁੱਧ ਕਰਦੀਆਂ ਹਨ। ਇਸ ਭਿਆਨਕ ਯੁੱਧ ਨੂੰ ਵੇਖ ਕੇ ਵਿਸ਼ਣੂ ਆਦਿ ਦੇਵਤੇ ਵੀ ਡਰ ਜਾਂਦੇ ਹਨ ਅਤੇ ਦੇਵੀ ਦੀ ਸਹਾਇਤਾ ਲਈ ਹੋਰ ਦੇਵ-ਸ਼ਕਤੀਆਂ ਭੇਜਦੇ ਹਨ ਜੋ ਦੁਰਗਾ ਵਿਚ ਲੀਨ ਹੋ ਜਾਂਦੀਆਂ ਹਨ। ਦੁਰਗਾ ਅਤੇ ਦੈਂਤ ਰਾਜੇ ਨਿਸ਼ੁੰਭ ਦਾ ਘੋਰ ਯੁੱਧ ਹੁੰਦਾ ਹੈ ਅਤੇ ਅੰਤ ਵਿਚ ਨਿਸ਼ੁੰਭ ਦੇਵੀ ਹੱਥੋਂ ਮਾਰਿਆ ਜਾਂਦਾ ਹੈ। ਮੂਲ ਕਥਾ (ਅਧਿਆਇ 89) ਵਿਚ ਦੋਵੇਂ ਦੈਂਤ ਨਾਇਕ, ਸ਼ੁੰਭ ਅਤੇ ਨਿਸ਼ੁੰਭ, ਇਕਠਿਆਂ ਯੁੱਧ ਕਰਦੇ ਹਨ। ‘ਚੰਡੀ ਚਰਿਤ੍ਰ’ ਦਾ ਯੁੱਧ ਵਰਣਨ ਅਧਿਕ ਪ੍ਰਭਾਵਸ਼ਾਲੀ ਅਤੇ ਸਜੀਵ ਹੈ।

            ਸੱਤਵਾਂ ਅਧਿਆਇ 22 ਛੰਦਾਂ ਦਾ ਹੈ। ਇਸ ਵਿਚ ਰਚੈਤਾ ਨੇ ਦਸਿਆ ਹੈ ਕਿ ਸ਼ੁੰਭ ਨੂੰ ਜਦੋਂ ਆਪਣੀ ਸੈਨਾ ਦੀ ਹਾਰ ਅਤੇ ਭਰਾ ਦੇ ਬਧ ਦਾ ਸਮਾਚਾਰ ਮਿਲਦਾ ਹੈ ਤਾਂ ਉਹ ਕ੍ਰੋਧਿਤ ਹੋ ਕੇ ਆਪਣੀ ਸਾਰੀ ਸੈਨਿਕ ਸ਼ਕਤੀ ਨਾਲ ਯੁੱਧ ਵਿਚ ਕੁਦ ਪੈਂਦਾ ਹੈ ਅਤੇ ਆਪਣੇ ਭਰਾ ਦੀ ਲਾਸ਼ ਨੂੰ ਵੇਖ ਕੇ ਬਿਹਬਲ ਹੋ ਜਾਂਦਾ ਹੈ। ਅੰਤ ਵਿਚ ਭਿਆਨਕ ਯੁੱਧ ਉਪਰੰਤ ਦੁਰਗਾ ਸ਼ੁੰਭ ਦੇ ਦੋ ਟੁਕੜੇ ਕਰਕੇ ਧਰਤੀ ਉਤੇ ਸੁਟ ਦਿੰਦੀ ਹੈ। ਮੂਲ ਕਥਾ (ਅਧਿਆਇ 90) ਨਾਲ ਸ਼ੁੰਭ ਦੇ ਯੁੱਧ-ਪ੍ਰਸੰਗ ਦੀ ਘਟਨਾ-ਗਤ ਕਾਫ਼ੀ ਸਮਾਨਤਾ ਹੈ ? ਪਰ ਵਰਣਨ ਵਿਚ ਬਹੁਤ ਅੰਤਰ ਹੈ। ‘ਚੰਡੀ ਚਰਿਤ੍ਰ’ ਦਾ ਯੁੱਧ ਸੁਭਾਵਿਕ ਹੀ ਨਹੀਂ, ਮਾਨਵੀ ਗੁਣਾਂ ਨਾਲ ਭਰਪੂਰ ਹੈ ਅਤੇ ਉਸ ਵਕਤ ਦੀਆਂ ਹਾਲਤਾਂ ਨੂੰ ਮੁਖ ਰਖ ਕੇ ਲਿਖਿਆ ਗਿਆ ਹੈ।

            ਅੰਤਿਮ ਅਧਿਆਇ ਵਿਚ ਕੇਵਲ ਨੌਂ ਛੰਦ ਹਨ। ਦੇਵਤੇ ਮਿਲ ਕੇ ਦੇਵੀ ਦੀ ਉਸਤਤਿ ਕਰਦੇ ਹਨ। ਅੰਤ’ਤੇ ਰਚੈਤਾ ਵਰ-ਯਾਚਨਾ ਕਰਦਾ ਹੈ (231)। ਇਹ ਰਚਨਾ ‘ਕੌਤਕ ਹੇਤ’ ਕੀਤੀ ਗਈ ਹੈ। ਕੌਤਕ ਤੋਂ ਭਾਵ ਹੈ ਸਾਧਾਰਣ ਜਨਤਾ ਨੂੰ ਵਕਤ ਦੀ ਬਲਸ਼ਾਲੀ ਸਰਕਾਰ ਵਿਰੁੱਧ ਬਗ਼ਾਵਤ ਲਈ ਤਿਆਰ ਕਰਨਾ ਅਤੇ ਆਪਣੀ ਸੁਤੰਤਰਤਾ ਨੂੰ ਹਾਸਲ ਕਰਨ ਲਈ ਸਿਰ ਨੂੰ ਤਲੀ ਉਪਰ ਧਰ ਲੈਣਾ। ਇਸ ਅਧਿਆਇ ਵਿਚ ਕੋਈ ਖ਼ਾਸ ਕਥਾ-ਸੂਤਰ ਨਹੀਂ, ਇਸ ਲਈ ਮੂਲ ਕਥਾ ਤੋਂ ਇਹ ਵਰਣਨ ਲਗਭਗ ਸੁਤੰਤਰ ਹੈ।

            ਰਚੈਤਾ ਦੇ ਕਥਨ ਅਨੁਸਾਰ ਇਹ ਰਚਨਾ ਕਬਿੱਤਾਂ ਵਿਚ ਲਿਖੀ ਅਤੇ ਰਦ੍ਰਮਈ ਰਸ ਵਾਲੀ ਹੈ—ਚੰਡੀ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ ਪਰ ਇਸ ਵਿਚਲੇ ਸਾਰੇ ਦੇ ਸਾਰੇ 233 ਛੰਦ ਕਬਿੱਤ ਨਹੀਂ ਹਨ, ਸਗੋਂ ਸਵੈਯਾ, ਦੋਹਰਾ , ਸੋਰਠਾ, ਤੋਟਕ, ਰੇਖ਼ਤਾ, ਪੁਨਹੇ ਆਦਿ ਛੰਦਾਂ ਦੀ ਵੀ ਵਰਤੋਂ ਹੋਈ ਹੈ। ਸਵੈਯਾ ਛੰਦ ਦੀ ਪ੍ਰਧਾਨਤਾ ਹੈ। ਯੁੱਧ-ਵਰਣਨ ਵਿਚ ਉਕਤੀ ਦੇ ਚਮਤਕਾਰ ਅਤੇ ਅਲੰਕਾਰਾਂ ਦੀ ਸਜਾਵਟ ਦਾ ਖ਼ਾਸ ਧਿਆਨ ਰਖਿਆ ਗਿਆ ਹੈ। ਕਾਵਿ- ਕੌਸ਼ਲ ਦੀ ਦ੍ਰਿਸ਼ਟੀ ਤੋਂ ਇਹ ਉਤਮ ਰਚਨਾ ਹੈ। ਰਚੈਤਾ ਦੀ ਆਪਣੀ ਸਥਾਪਨਾ ਹੈ ਕਿ ਰਤਨ ਪ੍ਰਮੁਦ ਕਰ ਬਚਨ ਚੀਨ ਤਾ ਮੈ ਗਚੌ। ਇਸ ਦੀ ਭਾਸ਼ਾ ਮੰਜੀ ਹੋਈ ਬ੍ਰਜ ਹੈ, ਅਰਬੀ ਫ਼ਾਰਸੀ ਦੀ ਸ਼ਬਦਾਵਲੀ ਵੀ ਵਰਤੀ ਮਿਲਦੀ ਹੈ। ਵੀਰ ਅਤੇ ਰੌਦ੍ਰ ਰਸਾਂ ਦੀ ਪ੍ਰਧਾਨਤਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.