ਚੀਫ਼ ਖ਼ਾਲਸਾ ਦੀਵਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੀਫ਼ ਖ਼ਾਲਸਾ ਦੀਵਾਨ: ਸਿੰਘ ਸਭਾ ਲਹਿਰ ਦਾ ਅੰਤਿਮ ਰੂਪ ਅਥਵਾ ਸਿਖਰ ਚੀਫ਼ ਖ਼ਾਲਸਾ ਦੀਵਾਨ ਹੈ। ਅੰਮ੍ਰਿਤਸਰ ਵਿਚ ਸੰਨ 1873 ਈ. ਵਿਚ ਸਿੰਘ ਸਭਾ ਦੀ ਸਥਾਪਨਾ ਕੀਤੀ ਗਈ ਅਤੇ ਕਈ ਸ਼ਹਿਰਾਂ ਵਿਚ ਉਸ ਦੀਆਂ ਸ਼ਾਖਾਵਾਂ ਸਥਾਪਿਤ ਕੀਤੀਆਂ ਗਈਆਂ। ਉਸ ਸਿੰਘ ਸਭਾ ਦੇ ਸਮਾਨਾਂਤਰ ਸੰਨ 1879 ਈ. ਵਿਚ ਗਰਮ ਦਲੀਏ ਸਿੰਘਾਂ ਨੇ ਲਾਹੌਰ ਵਿਚ ਆਪਣੀ ਵਖਰੀ ਸਿੰਘ ਸਭਾ ਦੀ ਸਥਾਪਨਾ ਕੀਤੀ। ਉਸ ਦੀਆਂ ਵੀ ਅਨੇਕ ਸ਼ਾਖਾਵਾਂ ਸਥਾਪਿਤ ਹੋ ਗਈਆਂ। ਬਾਦ ਵਿਚ ਉਨ੍ਹਾਂ ਸਿੰਘ ਸਭਾਵਾਂ ਨੂੰ ਦੀਵਾਨਾਂ ਦੇ ਰੂਪ ਵਿਚ ਬਦਲ ਦਿੱਤਾ ਗਿਆ ਅਤੇ ਉਨ੍ਹਾਂ ਨਾਲ ਸੰਬੰਧਿਤ ਸ਼ਾਖਾਵਾਂ ਨੂੰ ਸਿੰਘ ਸਭਾਵਾਂ ਕਿਹਾ ਜਾਣ ਲਗਿਆ। ਲਾਹੌਰ ਸਿੰਘ ਸਭਾ ਵਾਲੇ ਜ਼ਿਆਦਾ ਉਦਾਰ ਅਤੇ ਨਵੇਂ ਵਿਚਾਰਾਂ ਵਾਲੇ ਸਨ ਜਦ ਕਿ ਅੰਮ੍ਰਿਤਸਰ ਸਿੰਘ ਸਭਾ ਦੇ ਲੀਡਰ ਸਨਾਤਨੀ ਵਿਚਾਰਾਂ ਵਾਲੇ ਸਨ। ਲਾਹੌਰ ਸਿੰਘ ਸਭਾ ਦੀਆਂ ਸ਼ਾਖਾਵਾਂ ਜ਼ਿਆਦਾ ਪ੍ਰਤਿਸ਼ਠਿਤ ਹੋਈਆਂ ਅਤੇ ਉਸ ਦੀਆਂ ਲਗਭਗ ਸਾਰੇ ਪੰਜਾਬ ਵਿਚ ਸ਼ਾਖਾਵਾਂ ਸਥਾਪਿਤ ਹੋ ਗਈਆਂ। ਉਨ੍ਹਾਂ ਦੋਹਾਂ ਦੀਵਾਨਾਂ ਨੂੰ ਪਰਸਪਰ ਮਿਲਾਉਣ ਦੇ ਵੀ ਬਹੁਤ ਯਤਨ ਕੀਤੇ ਗਏ, ਪਰ ਸਿਰੇ ਨ ਚੜ੍ਹ ਸਕੇ

            ਸੰਨ 1901 ਈ. ਤਕ ਖ਼ਾਲਸਾ ਦੀਵਾਨ ਲਾਹੌਰ ਦੇ ਸਾਰੇ ਮੁੱਖ ਕਰਤੇ-ਧਰਤੇ ਚਲ ਵਸੇ। ਉਸ ਵਕਤ ਦੀ ਸਥਿਤੀ ਨੂੰ ਵੇਖਦੇ ਹੋਇਆਂ ਸੂਝਵਾਨ ਸਿੱਖਾਂ ਨੇ ਦੋਹਾਂ ਦੀਵਾਨਾਂ ਨੂੰ ਮਿਲਾ ਕੇ ਇਕ ਸਮੁੱਚੀ ਸੰਸਥਾ ਬਣਾਉਣ ਦੀ ਸੋਚੀ। ਇਸ ਸੰਬੰਧ ਵਿਚ ਸੰਨ 1901 ਈ. ਦੀ ਵਿਸਾਖੀ ਦੇ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਰਿਸਰ ਵਿਚ ਸਥਿਤ ਮਲਵਈ ਬੁੰਗੇ ਵਿਚ ਬਹੁਤ ਭਾਰਾ ਇਕੱਠ ਹੋਇਆ ਅਤੇ ਇਕ ਸਰਬ ਸਾਂਝੀ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਉਸ ਅਵਸਰ ਉਤੇ ਨਵੀਂ ਸੰਸਥਾ ਦਾ ਸੰਵਿਧਾਨ ਤਿਆਰ ਕਰਨ ਲਈ ਇਕ ਕਮੇਟੀ ਬਣਾਈ ਗਈ ਜਿਸ ਦੇ ਤਿਆਰ ਕੀਤੇ ਸੰਵਿਧਾਨ ਦਾ ਮੁਸਵਦਾ 21 ਸਤੰਬਰ 1902 ਈ. ਨੂੰ ਪ੍ਰਵਾਨ ਕੀਤਾ ਗਿਆ ਅਤੇ ਨਵੀਂ ਸਾਂਝੀ ਸੰਸਥਾ ਦਾ ਨਾਂ ‘ਚੀਫ਼ ਖ਼ਾਲਸਾ ਦੀਵਾਨ’ ਰਖਿਆ ਗਿਆ। ਇਸ ਦੀ ਉਦਘਾਟਨੀ ਬੈਠਕ 30 ਅਕਤੂਬਰ 1902 ਈ. ਨੂੰ ਮਲਵਈ ਬੁੰਗਾ ਵਿਚ ਹੋਈ। ਭਾਈ ਅਰਜਨ ਸਿੰਘ ਬਾਗੜੀਆ ਨੂੰ ਇਸ ਦਾ ਪ੍ਰਧਾਨ ਅਤੇ ਸ. ਸੁੰਦਰ ਸਿੰਘ ਮਜੀਠੀਆ ਨੂੰ ਸਕੱਤਰ ਚੁਣਿਆ ਗਿਆ। ਉਦੋਂ 29 ਸਿੰਘ ਸਭਾਵਾਂ ਇਸ ਨਵੇਂ ਬਣੇ ਦੀਵਾਨ ਨਾਲ ਸੰਬੰਧਿਤ ਹੋਈਆਂ, ਪਰ ਇਕ ਸਾਲ ਵਿਚ ਹੀ ਇਨ੍ਹਾਂ ਦੀ ਗਿਣਤੀ 53 ਤਕ ਪਹੁੰਚ ਗਈ। ਹਰ ਅੰਮ੍ਰਿਤਧਾਰੀ ਸਿੰਘ ਇਸ ਦਾ ਮੈਂਬਰ ਬਣ ਸਕਦਾ ਸੀ ਅਤੇ ਉਸ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਦੀਵਾਨ ਦੇ ਕਾਰਜਾਂ ਲਈ ਆਪਣੀ ਕਮਾਈ ਦਾ ਦਸਵੰਧ ਜਮ੍ਹਾ ਕਰਾਏ। ਇਸ ਦੀਵਾਨ ਦੇ ਆਸ਼ਿਆਂ ਦਾ ਪ੍ਰਚਾਰ ਕਰਨ ਲਈ ਸੰਨ 1903 ਈ. ਵਿਚ ‘ਖ਼ਾਲਸਾ ਐਡਵੋਕੇਟ’ ਨਾਂ ਦੀ ਸਪਤਾਹਿਕ ਪਤ੍ਰਿਕਾ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ।

            ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਉਦੇਸ਼ ਸਿੰਘ ਸਭਾ ਵਾਲੇ ਹੀ ਸਨ। ਸਿੱਖਾਂ ਦੇ ਸਭਿਆਚਾਰਿਕ, ਵਿਦਿਅਕ ਅਤੇ ਅਧਿਆਤਮਿਕ ਵਿਕਾਸ ਵਲ ਰੁਚਿਤ ਹੋ ਕੇ ਇਸ ਦੀਵਾਨ ਨੇ ਬੜੀ ਗਰਮਜੋਸ਼ੀ ਨਾਲ ਕੰਮ ਕੀਤਾ। ਪਰ ਰਾਜਨੈਤਿਕ ਮਾਮਲਿਆਂ ਤੋਂ ਇਸ ਨੇ ਕਿਨਾਰਾਕਸ਼ੀ ਹੀ ਕੀਤੀ ਕਿਉਂਕਿ ਇਹ ਸਿੱਖ ਧਰਮ ਦੇ ਵਿਕਾਸ ਵਿਚ ਸਰਕਾਰ ਪੱਖੀ ਹੋ ਕੇ ਚਲਦੇ ਸਨ; ਰਾਜਨੈਤਿਕ ਮਾਮਲਿਆਂ ਵਿਚ ਸਰਕਾਰ ਨਾਲ ਵਿਰੋਧ ਹੋ ਜਾਣਾ ਕੁਦਰਤੀ ਸੀ। ਸ. ਸੁੰਦਰ ਸਿੰਘ ਮਜੀਠੀਆ ਜੋ ਇਸ ਦੀਵਾਨ ਦੀ ਰੂਹ ਸੀ, ਸਰਕਾਰੇ ਦਰਬਾਰੇ ਬਹੁਤ ਪ੍ਰਤਿਸ਼ਠਿਤ ਸੀ। ਉਸ ਨੇ ਸਰਕਾਰ ਨਾਲ ਸੰਵਾਦ ਰਚਾ ਕੇ ਕਈ ਅਹਿਮ ਕੰਮ ਕਰਵਾਏ। ਆਨੰਦ ਮੈਰਿਜ ਐਕਟ ਪਾਸ ਕਰਾਉਣ ਵਿਚ ਉਸ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਦੀਵਾਨ ਨੂੰ ਵਿਵਸਥਿਤ ਰੂਪ ਦੇਣ ਲਈ ਪੰਜ ਕਮੇਟੀਆਂ ਬਣਾਈਆਂ ਗਈਆਂ। ਸੰਨ 1904 ਈ. ਵਿਚ ਸੈਂਟ੍ਰਲ ਖ਼ਾਲਸਾ ਯਤੀਮ- ਖ਼ਾਨਾ ਅੰਮ੍ਰਿਤਸਰ ਵਿਚ ਖੋਲ੍ਹਿਆ ਗਿਆ। ਇਸ ਤੋਂ ਬਾਦ ਸ਼ਿਕਾਰਪੁਰ (ਸਿੰਧ) ਅਤੇ ਘਰਜਾਖ (ਗੁਜਰਾਂਵਾਲਾ) ਵਿਚ ਵੀ ਯਤੀਮਖ਼ਾਨੇ ਸਥਾਪਿਤ ਕੀਤੇ ਗਏ। ਇਸ ਤੋਂ ਬਾਦ ਸੰਨ 1908 ਈ. ਵਿਚ ਖ਼ਾਲਸਾ ਵਿਦਿਆਲਾ, ਤਰਨਤਾਰਨ ਸਥਾਪਿਤ ਕੀਤਾ ਗਿਆ। ਫਿਰ ਵਿਧਵਾ ਆਸ਼੍ਰਮ ਅੰਮ੍ਰਿਤਸਰ (ਸੰਨ 1912), ਸੈਂਟ੍ਰਲ ਖ਼ਾਲਸਾ ਹਸਪਤਾਲ , ਤਰਨਤਾਰਨ (1915), ਸੂਰਮਾ ਸਿੰਘ ਆਸ਼੍ਰਮ, ਬਿਰਧ ਘਰ , ਹੋਮਿਓਪੈਥਿਕ ਹਸਪਤਾਲ ਆਦਿ ਸਥਾਪਿਤ ਕੀਤੇ ਗਏ।

            ਚੀਫ਼ ਖ਼ਾਲਸਾ ਦੀਵਾਨ ਦੀ ਸਭ ਤੋਂ ਵੱਡੀ ਪ੍ਰਾਪਤੀ ਸੰਨ 1908 ਈ. ਵਿਚ ਸਿੱਖ ਐਜੂਕੇਸ਼ਨਲ ਕਾਨਫ੍ਰੰਸ ਦੀ ਸਥਾਪਨਾ ਹੈ ਜੋ ਹੁਣ ਤਕ ਅਰਥ-ਪੂਰਣ ਕੰਮ ਕਰਦੀ ਹੋਈ ਵਿਦਿਅਕ ਖੇਤਰ ਵਿਚ ਆਪਣਾ ਉਚੇਚਾ ਯੋਗਦਾਨ ਪਾ ਰਹੀ ਹੈ। ਭਾਈ ਵੀਰ ਸਿੰਘ ਨੇ ਇਸ ਦੀਵਾਨ ਦੀ ਪ੍ਰਗਤੀ ਵਿਚ ਵਿਸ਼ੇਸ਼ ਹਿੱਸਾ ਪਾਉਣ ਦਾ ਸਾਰੀ ਉਮਰ ਉਦਮ ਕੀਤਾ। ਉਨ੍ਹਾਂ ਨੇ ਆਪਣੀਆਂ ਲਿਖਿਤਾਂ ਅਤੇ ਹੋਰ ਸਮਭਾਵੀ ਵਿਚਾਰਕਾਂ ਦੀਆਂ ਰਚਨਾਵਾਂ ਦੁਆਰਾ ਸਿੱਖਾਂ ਅੰਦਰ ਆਪਣੇ ਧਰਮ ਸੰਬੰਧੀ ਜਾਗਰੁਕਤਾ ਪੈਦਾ ਕੀਤੀ ਅਤੇ ਇਸ ਨੂੰ ਸੁਤੰਤਰ ਧਰਮ ਮੰਨਣ ਲਈ ਲੋਕਾਂ ਨੂੰ ਤਿਆਰ ਕੀਤਾ। ਸਿੱਖਾਂ ਦੀ ਨਵੇਕਲੀ ਪਛਾਣ ਲਈ ‘ਗੁਰਮਤ ਪ੍ਰਕਾਸ਼: ਭਾਗ ਸੰਸਕਾਰ ’ ਨਾਂ ਦਾ ਆਚਾਰ ਸੰਘਤਾ ਨੂੰ ਤਿਆਰ ਕਰਵਾਇਆ ਗਿਆ। ਪਰ ਗੁਰਦੁਆਰਾ ਸੁਧਾਰ ਲਹਿਰ ਦੇ ਚਲ ਪੈਣ ਕਾਰਣ ਧਰਮ- ਪ੍ਰਚਾਰ ਦਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲ ਲਿਆ ਅਤੇ ਸਿੱਖਾਂ ਦੀਆਂ ਰਾਜਨੈਤਿਕ ਅਕਾਖਿਆਵਾਂ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਮੈਦਾਨ ਵਿਚ ਆ ਗਿਆ। ਇਸ ਤਰ੍ਹਾਂ ਸੰਨ 1920 ਈ. ਤੋਂ ਚੀਫ਼ ਖ਼ਾਲਸਾ ਦੀਵਾਨ ਦਾ ਮੁੱਖ ਕਾਰਜ ਵਿਦਿਅਕ ਪ੍ਰਚਾਰ ਤਕ ਸੀਮਿਤ ਹੋ ਗਿਆ। ਹੁਣ ਭਾਵੇਂ ਇਹ ਦੀਵਾਨ ਸਮੇਂ ਦਾ ਹਾਣੀ ਨਹੀਂ ਰਿਹਾ, ਪਰ ਇਹ ਕਹਿਣੋਂ ਸੰਕੋਚ ਨਹੀਂ ਕੀਤਾ ਜਾ ਸਕਦਾ ਕਿ ਇਸ ਦੀ ਦੇਣ ਬੜੀ ਗੌਰਵਸ਼ਾਲੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚੀਫ਼ ਖ਼ਾਲਸਾ ਦੀਵਾਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੀਫ਼ ਖ਼ਾਲਸਾ ਦੀਵਾਨ: ਸਿੱਖ ਲੀਗ (1919), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (1920), ਅਤੇ ਸ਼੍ਰੋਮਣੀ ਅਕਾਲੀ ਦਲ (1920) ਵਰਗੀਆਂ ਮਹੱਤਵਪੂਰਨ ਬੁਨਿਆਦੀ ਜਥੇਬੰਦੀਆਂ ਦੇ ਉਥਾਨ ਤੋਂ ਪਹਿਲਾਂ ਹੀ 30 ਅਕਤੂਬਰ 1902 ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਹੋ ਗਈ ਸੀ। ਉਸ ਸਮੇਂ ਇਹ ਸਿੱਖਾਂ ਦੀ ਪ੍ਰਮੁਖ ਕੌਂਸਲ ਸੀ ਜੋ ਧਾਰਮਿਕ ਅਤੇ ਵਿੱਦਿਅਕ ਮਾਮਲਿਆਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਹਨਾਂ ਦੇ ਰਾਜਨਿਤਿਕ ਹੱਕਾਂ ਲਈ ਅਵਾਜ਼ ਬੁਲੰਦ ਕਰਦੀ ਸੀ ਇਹ ਪ੍ਰਬੰਧ ਚਿਰ-ਸਥਾਈ ਸਾਬਤ ਹੋਇਆ ਹੈ ਅਤੇ ਇਸਨੇ ਵਿੱਦਿਅਕ ਖੇਤਰ ਵਿਚ ਅਜੇ ਵੀ ਪਹਿਲ ਕਦਮੀ ਦਾ ਹੱਕ ਸਾਂਭਿਆ ਹੋਇਆ ਹੈ ਭਾਵੇਂ ਕਿ ਦੂਜੇ ਖੇਤਰਾਂ ਵਿਚ ਇਸ ਦੀ ਕਾਰਗੁਜ਼ਾਰੀ ਸਹਿਜੇ-ਸਹਿਜੇ ਸਿਮਟਦੀ ਗਈ ਹੈ। ਇਸਨੇ ਖ਼ਾਲਸਾ ਦੀਵਾਨ , ਅੰਮ੍ਰਿਤਸਰ ਅਤੇ ਖ਼ਾਲਸਾ ਦੀਵਾਨ , ਲਾਹੌਰ ਦੇ ਬਦਲ ਵਜੋਂ ਸਿੱਖਾਂ ਦੀ ਅਸਲ ਕੇਂਦਰੀ ਸੰਸਥਾ ਦਾ ਸਥਾਨ ਗ੍ਰਹਿਣ ਕਰਨਾ ਸੀ ਕਿਉਂਕਿ, ਇਹਨਾਂ ਦੋਵੇਂ ਸੰਸਥਾਵਾਂ ਵਿਚ ਪਈ ਦੁਫੇੜ ਕਾਰਨ ਉਹਨਾਂ ਨਾਲ ਸੰਬੰਧਿਤ ਹੋ ਚੁੱਕੀਆਂ ਸਿੰਘ ਸਭਾਵਾਂ ਦੇ ਕੰਮ ਵਿਚ ਵਿਘਨ ਪੈ ਰਿਹਾ ਸੀ।

 

     1901 ਦੀ ਵਸਾਖੀ ਨੂੰ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ ਮਲਵਈ ਬੁੰਗੇ ਵਿਖੇ ਇਕ ਆਮ ਸਭਾ ਹੋਈ ਜਿਸ ਵਿਚ ਇਹੋ ਜਿਹੀ ਸਭ ਨੂੰ ਜੋੜਨ ਵਾਲੀ ਸੰਸਥਾ ਦਾ ਸੰਵਿਧਾਨ ਤਿਆਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ। ਤਿਆਰ ਕੀਤੇ ਖਰੜੇ ਨੂੰ ਅਖੀਰ 21 ਸਤੰਬਰ 1902 ਨੂੰ ਸਵੀਕਾਰ ਕਰ ਲਿਆ ਗਿਆ। ਚੀਫ਼ ਖ਼ਾਲਸਾ ਦੀਵਾਨ ਨਾਂ ਦੀ ਤਿਆਰ ਕੀਤੀ ਇਸ ਸੰਸਥਾ ਦਾ ਪਹਿਲਾ ਸੈਸ਼ਨ 30 ਅਕਤੂਬਰ 1902 ਨੂੰ ਦਿਵਾਲੀ ਵਾਲੇ ਦਿਨ ਮਲਵਈ ਬੁੰਗੇ ਵਿਚ ਹੋਇਆ ਜਿਸ ਦਾ ਅਰੰਭ ਭਸੌੜ ਦੇ ਬਾਬੂ ਤੇਜਾ ਸਿੰਘ ਨੇ ਅਰਦਾਸ ਕਰਕੇ ਕੀਤਾ। ਭਾਈ ਅਰਜਨ ਸਿੰਘ ਬਾਗੜੀਆਂ ਪ੍ਰਧਾਨ, ਸੁੰਦਰ ਸਿੰਘ ਮਜੀਠੀਆ ਸਕੱਤਰ ਅਤੇ ਸੋਢੀ ਸੁਜਾਨ ਸਿੰਘ ਐਡੀਸ਼ਨਲ ਸਕੱਤਰ ਚੁਣੇ ਗਏ। ਅੰਮ੍ਰਿਤਸਰ, ਰਾਵਲਪਿੰਡੀ, ਆਗਰਾ , ਭਸੌੜ, ਬਡਬਰ, ਮੁਲਤਾਨ , ਦਾਖਾ ਅਤੇ ਕੈਰੋਂ ਦੀਆਂ ਸਿੰਘ ਸਭਾਵਾਂ ਸਮੇਤ ਕੁੱਲ 29 ਸਿੰਘ ਸਭਾਵਾਂ ਚੀਫ਼ ਖ਼ਾਲਸਾ ਦੀਵਾਨ ਨਾਲ ਸੰਬੰਧਿਤ ਹੋਈਆਂ ਅਤੇ ਇਕ ਸਾਲ ਵਿਚ ਇਹਨਾਂ ਦੀ ਗਿਣਤੀ 53 ਤਕ ਪਹੁੰਚ ਗਈ। ਸਿੱਖਾਂ ਦਾ ਬੌਧਿਕ, ਅਧਿਆਤਮਿਕ, ਵਿੱਦਿਅਕ ਅਤੇ ਸੱਭਿਆਚਾਰਿਕ ਜੀਵਨ ਦਾ ਵਿਸਤਾਰ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦਾ ਪ੍ਰਚਾਰ , ਸਿੱਖ ਇਤਿਹਾਸ ਦਾ ਵਿਸਤਾਰ ਅਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਇਹਨਾਂ ਦਾ ਪ੍ਰਮੁਖ ਉਦੇਸ਼ ਸੀ ਜਿਸਨੂੰ, ਸਰਕਾਰ ਨੂੰ ਯਾਦਗਾਰੀ ਲਈ ਪੱਤਰ ਅਤੇ ਮੈਮੋਰੰਡਮ ਦੇ ਕੇ ਪੂਰਾ ਕੀਤਾ ਜਾਣਾ ਸੀ। ਇਹਨਾਂ ਨੇ ਲੜਕੇ ਅਤੇ ਲੜਕੀਆਂ ਵਿਚ ਸਿੱਖਿਆ ਦੇ ਪ੍ਰਸਾਰ , ਸਿੱਖ ਇਤਿਹਾਸ, ਧਰਮ ਗ੍ਰੰਥਾਂ ਅਤੇ ਸਿਧਾਂਤਾਂ ਨਾਲ ਸੰਬੰਧਿਤ ਪੁਸਤਕਾਂ ਛਪਵਾਉਣ, ਦੂਜੀਆਂ ਭਾਸ਼ਾਵਾਂ ਤੋਂ ਪੰਜਾਬੀ ਵਿਚ ਅਨੁਵਾਦ ਦੇ ਕੰਮ ਦੇ ਨਾਲ-ਨਾਲ ਕਮਿਊਨਿਟੀ ਵੈਲਫੇਅਰ ਉੱਤੇ ਵਿਸ਼ੇਸ਼ ਧਿਆਨ ਦਿੱਤਾ। ਦੀਵਾਨ ਦੀ ਮੈਂਬਰਸ਼ਿਪ ਸਮੂਹ ਅੰਮ੍ਰਿਤਧਾਰੀ ਸਿੱਖਾਂ ਲਈ ਖੁੱਲ੍ਹੀ ਸੀ ਜਿਸਦਾ ਭਾਵ ਸੀ ਕਿ ਖ਼ਾਲਸਾ ਪੰਥ ਦਾ ਮੈਂਬਰ ਹੋਣ ਦੇ ਨਾਲ-ਨਾਲ ਗੁਰਮੁੱਖੀ ਪੜ੍ਹਨ ਅਤੇ ਲਿਖਣ ਦੀ ਸਮੱਰਥਾ ਹੋਵੇ। ਮੈਬਰਾਂ ਲਈ ਕੌਮ ਦੀਆਂ ਸਾਂਝੀਆਂ ਲੋੜਾਂ ਹਿਤ ਦਸਵੰਧ ਦੇਣਾ ਲਾਜ਼ਮੀ ਸੀ। ਇਸ ਵਿਚਾਰਧਾਰਾ ਨਾਲ ਸਹਿਮਤ ਕਿਸੇ ਵੀ ਸਿੰਘ ਸਭਾ ਜਾਂ ਹੋਰ ਸਿੱਖ ਸੁਸਾਇਟੀ ਨੂੰ ਦੀਵਾਨ ਵਿਚ ਸ਼ਾਮਲ ਕੀਤਾ ਜਾ ਸਕਦਾ ਸੀ।

     ਸਿਧਾਂਤਿਕ ਤੌਰ ਤੇ ਚੀਫ਼ ਖ਼ਾਲਸਾ ਦੀਵਾਨ ਪੰਜ ਪ੍ਰਮੁਖ ਕਮੇਟੀਆਂ ਦੇ ਫ਼ੈਸਲਿਆਂ ਅਤੇ ਦ੍ਰਿਸ਼ਟੀਕੋਣਾਂ ਨੂੰ ਕਾਰਜ ਰੂਪ ਵਿਚ ਲਾਗੂ ਕਰਦਾ ਸੀ। ਮੈਂਬਰ ਸੰਸਥਾਵਾਂ ਦੀ ਇਕ ਵੱਡੀ ਕਮੇਟੀ ਬਣਾਈ ਗਈ ਜਿਸ ਦੇ ਮੈਬਰਾਂ ਦੀ ਨਾਮਜ਼ਦਗੀ ਤਖ਼ਤਾਂ , ਸ਼ਾਹੀ ਸਿੱਖ ਰਿਆਸਤਾਂ ਅਤੇ ਉਹਨਾਂ ਵਿਅਕਤੀਆਂ ਦੁਆਰਾ ਕੀਤੀ ਜਾਂਦੀ ਹੈ ਜੋ ਲੋੜ ਅਨੁਸਾਰ ਕੀਤੇ ਜਾਣ ਵਾਲੇ ਖ਼ਰਚ ਦੀ ਪੂਰਤੀ ਕਰਨ ਦੀ ਸਮਰੱਥਾ ਰੱਖਦੇ ਹੋਣ। ਇਹ ਕਮੇਟੀ ਇਕ ਕਾਰਜਕਾਰੀ ਕਮੇਟੀ ਦੀ ਚੋਣ ਕਰਦੀ ਜੋ ਕਿ ਮਹੀਨੇ ਵਿਚ ਇਕ ਵਾਰ ਮੀਟਿੰਗ ਕਰਕੇ ਆਮ ਕੰਮਕਾਰ ਦਾ ਜਾਇਜਾ ਲੈਂਦੀ ਅਤੇ ਬਾਕੀ ਦੀਆਂ ਤਿੰਨ ਕਮੇਟੀਆਂ ਮਾਲੀ , ਸਲਾਹਕਾਰ (ਨਿਆਇਕ, ਪ੍ਰਬੰਧਕ ਅਤੇ ਧਾਰਮਿਕ), ਅਤੇ ਲਾਈਫ (ਆਜੀਵਨ) ਮੈਂਬਰਾਂ ਨਾਲ ਸੰਬੰਧਿਤ ਸਨ। ਚੀਫ਼ ਖ਼ਾਲਸਾ ਦੀਵਾਨ, ਆਮ ਤੌਰ ਤੇ, ਮੱਤ-ਭੇਦਾਂ ਅਤੇ ਚਿੱਠੀਆਂ ਤੇ ਵਿਚਾਰ ਕਰਨ ਲਈ ਬਹੁਤ ਸਾਰਾ ਸਮਾਂ ਲਾਉਂਦਾ ਅਤੇ ਦਸਤਾਵੇਜ਼ ਜਾਰੀ ਕਰਦਾ ਜਾਂ ਇਹਨਾਂ ਨੂੰ ਆਮ ਟਿੱਪਣੀਆਂ ਲਈ ਰਸਾਲਿਆਂ ਵਿਚ ਪ੍ਰਕਾਸ਼ਿਤ ਕਰਾਉਂਦਾ। ਉਦਾਹਰਨ ਵਜੋਂ, ਦੀਵਾਨ ਨੇ ਪਬਲਿਕ ਮੀਟਿੰਗਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਬਾਰੇ ਇਕ ਪ੍ਰਸ਼ਨੋਤਰੀ ਜਾਰੀ ਕੀਤੀ ਜਿਸ ਦੇ ਜੁਆਬ (1600 ਤੋਂ ਉੱਪਰ) ਦੇ ਆਧਾਰ ਤੇ ਇਹ ਫ਼ੈਸਲਾ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਭਾ ਦੇ ਨਾਲ ਲੱਗਦੇ ਕਮਰੇ ਵਿਚ ਪ੍ਰਕਾਸ਼ ਕੀਤਾ ਜਾ ਸਕਦਾ ਹੈ ਪਰ ਪਬਲਿਕ ਮੀਟਿੰਗ ਹਾਲ ਵਿਚ ਨਹੀਂ

     ਗੁਰੂ ਸਾਹਿਬਾਨ ਦੇ ਸੰਦੇਸ਼ ਦਾ ਪ੍ਰਚਾਰ ਕਰਨ ਲਈ ਚੀਫ਼ ਖ਼ਾਲਸਾ ਦੀਵਾਨ ਨੇ ਪ੍ਰਚਾਰਕਾਂ ਦਾ ਇਕ ਗਰੁੱਪ ਭਰਤੀ ਕੀਤਾ। ਜਦੋਂ ਕੌਨਾਟ ਦੇ ਡਿਊਕ ਨੇ ਅੰਗਰੇਜ਼ੀ ਰਾਜ ਦੇ ਪ੍ਰਤਿਨਿਧ ਵਜੋਂ ਭਾਰਤ ਯਾਤਰਾ ਕੀਤੀ ਤਾਂ 1903 ਦੇ ਦਿੱਲੀ ਦਰਬਾਰ ਨੂੰ ਪ੍ਰੋਗਰਾਮ ਸ਼ੁਰੂ ਕਰਨ ਦਾ ਸ਼ਾਹੀ ਮੌਕਾ ਸਮਝਿਆ ਗਿਆ ਅਤੇ ਸ਼ਹਿਰ ਵਿਚ ਦੀਵਾਨ ਦੁਆਰਾ ਲੋਕਾਂ ਨੂੰ ਸਿੱਖਾਂ ਦੇ ਵਿਸ਼ਵਾਸਾਂ ਅਤੇ ਰੀਤੀ-ਰਿਵਾਜਾਂ ਤੋਂ ਜਾਣੂ ਕਰਾਉਣ ਲਈ ਬਹੁਤ ਸਾਰੇ ਧਾਰਮਿਕ ਦੀਵਾਨ ਆਯੋਜਿਤ ਕੀਤੇ ਗਏ। ਗੁਰੂ ਨਾਨਕ ਦੇਵ ਜੀ ਦੀ ‘ਜਪੁ‘ਬਾਣੀ ਦਾ ਅੰਗਰੇਜ਼ੀ ਅਨੁਵਾਦ ਵੰਡਿਆ ਗਿਆ। ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਦੀਵਾਨ ਦੇ ਪ੍ਰਚਾਰਕਾਂ ਨੇ ਗੁਆਂਢੀ ਰਿਆਸਤਾਂ, ਜਿਵੇਂ ਕਿ ਉੱਤਰ- ਪੱਛਮੀ ਸਰਹੱਦੀ ਖੇਤਰ ਅਤੇ ਸਿੰਧ, ਦਾ ਨਿਯਮਿਤ ਦੌਰਾ ਕੀਤਾ।ਰਾਗੀਆਂ, ਗ੍ਰੰਥੀਆਂ ਅਤੇ ਪ੍ਰਚਾਰਕਾਂ ਨੂੰ ਸਿੱਖਿਅਤ ਕਰਨ ਲਈ ਦੀਵਾਨ ਨੇ 1906 ਵਿਚ ਅੰਮ੍ਰਿਤਸਰ ਕੋਲ ਤਰਨ ਤਾਰਨ ਵਿਖੇ ‘ਖ਼ਾਲਸਾ ਪ੍ਰਚਾਰਕ ਵਿਦਿਆਲਾ’ ਖੋਲ੍ਹਿਆ। 1903 ਵਿਚ, ਇਸਨੇ ਆਪਣਾ ਹਫ਼ਤਾਵਰੀ ਅਖ਼ਬਾਰ ਖ਼ਾਲਸਾ ਐਡਵੋਕੇਟ ਸ਼ੁਰੂ ਕੀਤਾ।

     ਧਰਮ ਸੁਧਾਰ , ਚੀਫ਼ ਖ਼ਾਲਸਾ ਦੀਵਾਨ ਦਾ ਇਕ ਪ੍ਰਮੁਖ ਉਦੇਸ਼ ਸੀ ਅਤੇ ਇਸ ਉਦੇਸ਼ ਦੀ ਪੂਰਤੀ ਲਈ ਇਸਨੇ ਸਿੱਖ ਰਸਮਾਂ ਅਤੇ ਵਿਹਾਰਿਕ ਨਿਯਮਾਂ ਦਾ ਵਰਗੀਕਰਨ ਕੀਤਾ। ਅਖੀਰ 20 ਅਕਤੂਬਰ 1910 ਨੂੰ ਇਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਭਸੌੜ ਦੇ ਭਾਈ ਤੇਜਾ ਸਿੰਘ, ਪਟਿਆਲੇ ਦੇ ਸੰਤ ਗੁਰਬਖ਼ਸ਼ ਸਿੰਘ , ਭਾਈ ਵੀਰ ਸਿੰਘ, ਭਾਈ ਜੋਧ ਸਿੰਘ ਐਮ.ਏ., ਭਾਈ ਤਖ਼ਤ ਸਿੰਘ, ਤ੍ਰਿਲੋਚਨ ਸਿੰਘ ਐਮ.ਏ. ਅਤੇ ਦੀਵਾਨ ਦੇ ਸਕੱਤਰ ਨੂੰ ਸ਼ਾਮਲ ਕੀਤਾ ਗਿਆ। ਕਮੇਟੀ ਦੁਆਰਾ ਤਿਆਰ ਕੀਤੇ ਖਰੜੇ ਨੂੰ ਸਿੰਘ ਸਭਾਵਾਂ, ਸਿੱਖ ਸੁਸਾਇਟੀਆਂ ਅਤੇ ਪ੍ਰਮੁਖ ਸ਼ਖ਼ਸੀਅਤਾਂ ਵਿਚਕਾਰ ਵੱਡੇ ਪੱਧਰ ਤੇ ਵੰਡਿਆ ਗਿਆ। ਇਸ ਪ੍ਰਕਿਆ ਨੂੰ ਦੋ ਵਾਰ ਦੁਹਰਾਇਆ ਗਿਆ ਅਤੇ ਲੰਮੀਆਂ ਵਿਚਾਰਾਂ ਤੋਂ ਬਾਅਦ ਇਹਨਾਂ ਸਿਧਾਂਤਾਂ ਨੂੰ ਅੰਤਿਮ ਰੂਪ ਦੇ ਕੇ ਮਾਰਚ 1915 ਵਿਚ ਗੁਰਮਤ ਪ੍ਰਕਾਸ਼: ਭਾਗ ਸੰਸਕਾਰ ਸਿਰਲੇਖ ਹੇਠ ਛਪਵਾਇਆ। ਇਤਿਹਾਸਿਕ ਤੌਰ ਤੇ ਇਹ ਇਕ ਮਹੱਤਵਪੂਰਨ ਦਸਤਾਵੇਜ਼ ਸੀ ਜੋ ਕਿ ਰਵਾਇਤੀ ਰਹਿਤਨਾਮਿਆਂ ਅਤੇ 1950 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਾਰੀ ਸਿੱਖ ਰਹਿਤ ਮਰਯਾਦਾ ਵਿਚਕਾਰ ਪੁਲ ਦਾ ਕੰਮ ਕਰਦਾ ਸੀ।

     ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਉਥਾਨ ਦਾ ਪ੍ਰੋਗਰਾਮ ਚੀਫ਼ ਖ਼ਾਲਸਾ ਦੀਵਾਨ ਦੇ ਧਰਮ ਸੁਧਾਰ ਨਾਲ ਸੰਬੰਧਿਤ ਸੀ। ਇਸ ਉਦੇਸ਼ ਲਈ ਦੀਵਾਨ ਨੇ ਪੰਜਾਬੀ ਪ੍ਰਚਾਰਕ ਸਬ-ਕਮੇਟੀ ਦੀ ਸਥਾਪਨਾ ਕੀਤੀ ਅਤੇ ਗੁਰਮੁਖੀ ਲਿਪੀ ਵਿਚ ਪੰਜਾਬੀ ਨੂੰ ਪ੍ਰਚਾਰਨ ਲਈ ਦ੍ਰਿੜਤਾਪੂਰਵਕ ਯਤਨ ਕੀਤੇ ਇਸਨੂੰ ਸਰਕਾਰੀ ਦਫ਼ਤਰਾਂ, ਵਿਸ਼ੇਸ਼ ਤੌਰ ਤੇ ਡਾਕ ਅਤੇ ਰੇਲਵੇ ਵਿਭਾਗਾਂ ਵਿਚ ਪ੍ਰਵਾਨ ਕਰਾਉਣਾ ਇਹਨਾਂ ਦੇ ਮੁਢਲੇ ਕਾਰਜਾਂ ਵਿਚ ਸ਼ਾਮਲ ਸੀ। ਦੀਵਾਨ ਨੇ ਲਾਇਬ੍ਰੇਰੀਆਂ ਅਤੇ ਗੁਰਮੁਖੀ ਸਕੂਲ ਖੋਲ੍ਹਣ ਦੇ ਨਾਲ-ਨਾਲ ਬਾਲਗ਼ਾਂ ਲਈ ਸ਼ਾਮ ਦੀਆਂ ਕਲਾਸਾਂ ਦਾ ਪ੍ਰਬੰਧ ਕੀਤਾ। 1908 ਵਿਚ ਇਸਨੇ ਪੱਥਰ ਦੇ ਛਾਪੇ ਨਾਲ ਤਿਆਰ ਹੋਣ ਵਾਲੇ ਪੰਜਾਬੀ ਪੋਸਟਰ ਮੁਫ਼ਤ ਵੰਡਣ ਲਈ ਖ਼ਾਲਸਾ ਹੈਂਡਬਿੱਲ ਸੁਸਾਇਟੀ ਦੀ ਸਥਾਪਨਾ ਕੀਤੀ। 1908 ਵਿਚ ਕੀਤੀ ਗਈ ਸਿੱਖ ਵਿੱਦਿਅਕ ਕਾਨਫ਼ਰੰਸ ਵਿਚ ਦੀਵਾਨ ਦੀਆਂ ਪ੍ਰਮੁਖ ਸ਼ਖ਼ਸੀਅਤਾਂ ਦੇ ਕਹਿਣ ਤੇ ਪੰਜਾਬੀ ਦੇ ਵਿਕਾਸ ਨੂੰ ਮੁੱਖ ਮੁੱਦਾ ਬਣਾਇਆ ਗਿਆ। ਦੀਵਾਨ ਦੀਆਂ ਪ੍ਰਮੁਖ ਸ਼ਖ਼ਸੀਅਤਾਂ ਵਿਚ ਸੁੰਦਰ ਸਿੰਘ ਮਜੀਠੀਆ ਅਤੇ ਹਰਬੰਸ ਸਿੰਘ ਅਟਾਰੀ ਆਦਿ ਸ਼ਾਮਲ ਸਨ ਜੋ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਹੋਏ ਸਿੰਧ ਵਿਚੋਂ ਲੰਘੇ ਅਤੇ ਦਸੰਬਰ 1907 ਵਿਚ ਕਰਾਚੀ ਵਿਖੇ ਹੋਈ ਇਸਲਾਮੀ ਵਿੱਦਿਅਕ ਕਾਨਫਰੰਸ ਤੋਂ ਇਹ ਵਿਚਾਰ ਲੈ ਕੇ ਵਾਪਸ ਮੁੜੇ ਕਿ ਇਹੋ ਜਿਹੀ ਇਕ ਸੰਸਥਾ ਸਿੱਖਾਂ ਲਈ ਤਿਆਰ ਕੀਤੀ ਜਾਵੇ। ਪੰਜਾਬੀ ਵਜੋਂ ਦੀਵਾਨ ਦੇ ਕੰਮ ਦੀ ਦਿਸ਼ਾ ਨਿਰਧਾਰਿਤ ਕਰਦੇ ਹੋਏ ਸਿੱਖ ਵਿੱਦਿਅਕ ਕਾਨਫ਼ਰੰਸ ਨੇ ਸਿੱਖਾਂ ਵਿਚ ਪੱਛਮੀ ਤਰਜ ਦੀ ਸਿੱਖਿਆ ਦੇ ਪ੍ਰਸਾਰ ਲਈ ਬਹੁਤ ਕੰਮ ਕੀਤਾ। ਇਕ-ਇਕ ਕਸਬੇ ਵਿਚ ਵਾਰੀ-ਵਾਰੀ ਹੋਣ ਵਾਲੇ ਇਸਦੇ ਸਲਾਨਾ ਸਮਾਗਮਾਂ ਵਿਚ ਲੋਕ-ਉਤਸ਼ਾਹ ਵੇਖਣ ਨੂੰ ਮਿਲਦਾ। ਵੱਡੀ ਗਿਣਤੀ ਵਿਚ ਲੋਕ ਇੱਥੇ ਹਾਜ਼ਰੀ ਭਰਦੇ ਅਤੇ ਸਿੱਖ ਵਿੱਦਿਆ ਦੀਆਂ ਸਮੱਸਿਆਵਾਂ ਤੇ ਵਿਚਾਰ ਤੋਂ ਇਲਾਵਾ ਉੱਥੇ ਧਾਰਮਿਕ ਸੈਸ਼ਨ ਵੀ ਕੀਤੇ ਜਾਂਦੇ ਜਿਸ ਵਿਚ ਸਿੱਖ ਕੀਰਤਨ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਂਦੇ। ਅਜੇ ਵੀ ਇਹ ਕਾਨਫ਼ਰੰਸ ਚੀਫ਼ ਖ਼ਾਲਸਾ ਦੀਵਾਨ ਦੀ ਕਿਰਿਆਸ਼ੀਲ ਸੰਸਥਾ ਵਜੋਂ ਕੰਮ ਕਰ ਰਹੀ ਹੈ।

     ਸਰਕਾਰੀ ਨੌਕਰੀਆਂ ਅਤੇ ਰਾਜਨੀਤੀ ਵਿਚ ਸਿੱਖਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਯਕੀਨੀ ਦਿਵਾਉਣ ਲਈ ਚੀਫ਼ ਖ਼ਾਲਸਾ ਦੀਵਾਨ ਨੇ ਪ੍ਰਤਿਨਿਧਾਂ ਅਤੇ ਮੈਮੋਰੰਡਮਾਂ ਰਾਹੀਂ ਅੰਗਰੇਜ਼ ਅਧਿਕਾਰੀਆਂ ਤੇ ਦਬਾਉ ਬਣਾਈ ਰੱਖਿਆ। 1913 ਵਿਚ ਇਸਦੇ ਇਕ ਆਗੂ ਸੁੰਦਰ ਸਿੰਘ ਮਜੀਠੀਆ ਨੇ ਸਿੱਖ ਮੰਗਾਂ ਅਤੇ ਹੱਕਾਂ ਨੂੰ ਰਾਇਲ ਕਮਿਸ਼ਨ ਸਾਮ੍ਹਣੇ ਪੇਸ਼ ਕੀਤਾ। 1909 ਵਿਚ ਨਾਭਾ ਰਿਆਸਤ ਦੇ ਉੱਤਰਾਧਿਕਾਰੀ ਟਿੱਕਾ ਰਿਪੁਦਮਨ ਸਿੰਘ ਨੂੰ ਬਦਲ ਕੇ ਉਸਦੀ ਥਾਂ ਸੁੰਦਰ ਸਿੰਘ ਨੂੰ ਇੰਪੀਰੀਅਲ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ। ਕੌਂਸਲ ਵਿਚ ਉਸਨੇ 1908 ਵਿਚ ਆਪਣੇ ਪੂਰਵਧਿਕਾਰੀ ਦੁਆਰਾ ਪੇਸ਼ ਕੀਤੇ ਅਨੰਦ ਮੈਰਿਜ ਬਿੱਲ ਦੀ ਅਗਵਾਈ ਕੀਤੀ। ਸਿੱਖ ਰੀਤੀ-ਰਿਵਾਜਾਂ ਦੇ ਸੁਧਾਰ ਸੰਬੰਧੀ ਇਹ ਇਕ ਵੱਡਾ ਕਦਮ ਸੀ।

     ਦੀਵਾਨ ਨੇ 31 ਮਾਰਚ 1911 ਨੂੰ ਪੰਜਾਬ ਫੇਰੀ ਤੇ ਆਏ ਵਾਇਸਰਾਇ ਲਾਰਡ ਹਾਰਡਿੰਗ ਨੂੰ ਇਕ ਮੈਮੋਰੰਡਮ ਪੇਸ਼ ਕਰਦੇ ਹੋਏ ਮੰਗ ਕੀਤੀ ਕਿ ਸਿੱਖਾਂ ਨੂੰ ਨੌਕਰੀਆਂ, ਇੰਪੀਰੀਅਲ ਅਤੇ ਖੇਤਰੀ ਕੌਂਸਲਾਂ ਵਿਚ ਪ੍ਰਤਿਨਿਧਤਾ ਦਿੱਤੀ ਜਾਵੇ। 1916 ਅਤੇ 1917 ਵਿਚ, ਦੀਵਾਨ ਦੇ ਮਤੇ ਹੌਲੀ-ਹੌਲੀ ਬੇਨਤੀਆਂ ਤੋਂ ਮੰਗਾਂ ਵੱਲ ਮੁੜ ਗਏ। ਪੰਜਾਬੀ ਭਾਸ਼ਾ , ਨੌਕਰੀਆਂ ਅਤੇ ਫ਼ੌਜ਼ ਵਿਚ ਕਮਿਸ਼ਨ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਇਕ ਲੜੀ ਸਰਕਾਰ ਨੂੰ ਭੇਜੀ ਗਈ।

     26 ਦਸੰਬਰ 1916 ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਸਕੱਤਰ ਵਜੋਂ ਸੁੰਦਰ ਸਿੰਘ ਮਜੀਠੀਆ ਨੇ ਇਕ ਚਿੱਠੀ ਪੰਜਾਬ ਸਰਕਾਰ ਨੂੰ ਭੇਜਦੇ ਹੋਏ ਸਿੱਖ ਕੌਮ ਦੀਆਂ ਸਰਕਾਰੀ ਨੌਕਰੀਆਂ ਅਤੇ ਵਿਧਾਨਿਕ ਸੰਸਥਾਵਾਂ ਵਿਚ ਪ੍ਰਤਿਨਿਧਤਾ ਸੰਬੰਧੀ ‘‘ਰੁਤਬੇ ਅਤੇ ਮਹੱਤਵ ਅਨੁਸਾਰ ਪ੍ਰਭਾਵਸ਼ਾਲੀ ਅਤੇ ਅਨੁਕੂਲ ਹੋਣੀਆਂ ਚਾਹੀਦੀਆਂ ਹਨ’’। 18 ਸਤੰਬਰ 1918 ਨੂੰ ਚੀਫ਼ ਖ਼ਾਲਸਾ ਦੀਵਾਨ ਨੇ ਮੋਂਟੇਗੁ-ਚੈਮਸਫ਼ੋਰਡ ਸੁਧਾਰ ਯੋਜਨਾ ਤੇ ਵਿਚਾਰ ਲਈ ਸਿੱਖਾਂ ਦਾ ਇਕ ਪ੍ਰਤੀਨਿਧ ਸਮਾਗਮ ਬੁਲਾਇਆ। ਕੌਮ ਦੀ ਤਰਫ਼ੋਂ ਤਿਆਰ ਕੀਤੇ ਇਕ ਮੈਮੋਰੰਡਮ ਵਿਚ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ। ਮੋਂਟੇਗੁ- ਚੈਮਸਫ਼ੋਰਡ ਰਿਪੋਰਟ ਦੀ ਪ੍ਰਕਾਸ਼ਨਾ ਤੋਂ ਬਾਅਦ ਭਾਰਤ ਵਿਚ ਨਵੇਂ ਕਾਨੂੰਨ ਦੀ ਬਣਤਰ ਦੇ ਸੁਆਲਾਂ ਦੇ ਹੱਲ ਲਈ ਫ਼ਰੈਂਚਾਈਜ਼ ਕਮੇਟੀ ਦਾ ਗਠਨ ਕੀਤਾ ਗਿਆ, ਇਸ ਵਿਚ ਤਿੰਨ ਭਾਰਤੀ ਮੈਂਬਰ ਲਏ ਗਏ, ਪਰ ਉਹਨਾਂ ਵਿਚੋਂ ਇਕ ਵੀ ਸਿੱਖ ਨਹੀਂ ਸੀ। ਸਿੱਖਾਂ ਵੱਲੋਂ ਵਿਰੋਧ ਕਰਨ ਤੇ ਸੁੰਦਰ ਸਿੰਘ ਮਜੀਠੀਏ ਨੂੰ ਪੰਜਾਬ ਵਾਸਤੇ ਚੁਣੇ ਗਏ ਮੈਂਬਰ ਦੇ ਤੌਰ ਤੇ ਸ਼ਾਮਲ ਕੀਤਾ ਗਿਆ, ਪਰੰਤੂ ਸਿੱਖਾਂ ਦੀਆਂ ਪੰਜਾਬ ਵਿਚ ਗ਼ੈਰ-ਸਰਕਾਰੀ ਭਾਰਤੀ ਸੀਟਾਂ ਦਾ ਤੀਜਾ ਹਿੱਸਾ, ਭਾਰਤ ਦੀ ਵਿਧਾਨ ਸਭਾ ਵਿਚ 67 ਗ਼ੈਰ- ਸਰਕਾਰੀ ਮੈਂਬਰਾਂ ਵਿਚੋਂ ਸੱਤ ਸੀਟਾਂ ਅਤੇ ਸਟੇਟ ਕੌਂਸਲ ਵਿਚ ਚਾਰ ਸੀਟਾਂ ਦੀਆਂ ਮੰਗਾਂ ਬਹੁਤਾ ਕਰਕੇ ਨਾਮਨਜ਼ੂਰ ਹੀ ਰਹੀਆਂ।

     ਵੀਹਵੀਂ ਸਦੀ ਦੇ ਮੁੱਢ ਵਿਚ ਭਾਰਤੀਆਂ ਦੀ ਰਾਜਨੀਤਿਕ ਚੇਤਨਾ ਨੇ ਵੱਖ-ਵੱਖ ਲੋਕ ਲਹਿਰਾਂ ਨੂੰ ਜਨਮ ਦਿੱਤਾ। ਚੀਫ਼ ਖ਼ਾਲਸਾ ਦੀਵਾਨ ਨੂੰ ਪੰਜਾਬ ਵਿਚ ਨਰਮ-ਖ਼ਿਆਲੀ, ਸਰਕਾਰ ਪੱਖੀ ਅਤੇ ਉੱਚ ਵਰਗ ਵਜੋਂ ਵੇਖਿਆ ਗਿਆ ਜੋ ਕਿ ਗਤੀਸ਼ੀਲ , ਸਰਕਾਰ ਵਿਰੋਧੀ ਅਤੇ ਜਨ-ਆਧਾਰਿਤ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਸਨ। ਇਹਨਾਂ ਨੇ ਛੇਤੀ ਹੀ ਦੀਵਾਨ ਦੇ ਧਾਰਮਿਕ ਅਤੇ ਰਾਜਨੀਤਿਕ ਖੇਤਰਾਂ ਵਿਚ ਦਖ਼ਲ ਦਿੱਤਾ। 1925 ਵਿਚ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਪ੍ਰਮੁਖ ਇਤਿਹਾਸਿਕ ਗੁਰਧਾਮਾਂ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ। ਉਸ ਸਮੇਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪ੍ਰਮੁਖ ਰਾਜਨੀਤਿਕ ਪਾਰਟੀ ਬਣ ਗਈ। ਚੀਫ਼ ਖ਼ਾਲਸਾ ਦੀਵਾਨ ਦੀਆਂ ਗਤੀਵਿਧੀਆਂ ਅਤੇ ਪ੍ਰਭਾਵਸ਼ਾਲੀ ਖੇਤਰ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ। ਹੁਣ ਇਹ ਦੀਵਾਨ ਸਿੱਖ ਕੌਮ ਦੇ ਧਾਰਮਿਕ ਅਤੇ ਰਾਜਨੀਤਿਕ ਮਸਲਿਆਂ ਉੱਤੇ ਮਤਿਆਂ ਅਤੇ ਮੈਮੋਰੰਡਮਾਂ ਰਾਹੀਂ ਆਪਣੇ ਵਿਚਾਰ ਪੇਸ਼ ਕਰਨ ਤਕ ਸੀਮਿਤ ਹੋ ਕੇ ਰਹਿ ਗਿਆ ਹੈ।

     ਪਿਛੋਕੜ ਦੀ ਝਾਤ ਵਿਚ ਚੀਫ਼ ਖ਼ਾਲਸਾ ਦੀਵਾਨ ਦੀਆਂ ਸਿੱਖ ਜੀਵਨ- ਜਾਚ ਵਿਚ ਤਿੰਨ ਪ੍ਰਮੁਖ ਪ੍ਰਾਪਤੀਆਂ ਲਈ ਪਾਇਆ ਯੋਗਦਾਨ ਵੇਖਣ ਨੂੰ ਮਿਲਦਾ ਹੈ। ਪਹਿਲਾਂ ਇਹ ਕਿ ਹਿੰਦੂ ਪ੍ਰਭਾਵ ਤੋਂ ਮੁਕਤ ਪਰੰਪਰਾ , ਵੱਖਰੇ ਧਰਮ ਅਤੇ ਰੀਤੀ-ਰਿਵਾਜਾਂ ਦੇ ਤੌਰ ਤੇ ਸਿੱਖ ਧਰਮ ਦੇ ਸਿੰਘ ਸਭਾ ਦ੍ਰਿਸ਼ਟੀਕੋਣ ਨੂੰ ਸੰਗਠਿਤ ਕਰਨਾ। ਇਸ ਚੇਤਨਾ ਦੇ ਸਿੱਟੇ ਵਜੋਂ ਸਿੱਖਾਂ ਨੇ ਇਕ-ਦੂਜੇ ਅਤੇ ਸੰਸਾਰ ਵਿਚਲੇ ਸਮੂਹ ਸਿੱਖ ਭਾਈਚਾਰੇ ਨੂੰ ਸੰਗਠਿਤ ਕਰਨ ਵੱਲ ਰੁਚਿਤ ਕੀਤਾ। ਇਸ ਚੇਤਨਾ ਤੋਂ ਬਗ਼ੈਰ ਸੰਸਾਰ ਭਰ ਵਿਚ ਫੈਲੇ ਸਮੂਹ ਸਿੱਖਾਂ ਨੂੰ ਸੰਗਠਿਤ ਕਰਨਾ ਅਸੰਭਵ ਸੀ। ਇਸ ਤੋਂ ਬਿਨਾਂ ਸਿੱਖ ਹਿਤਾਂ ਦੀ ਸੁਰੱਖਿਆ ਲਈ ਨਾ ਤਾਂ ਕੋਈ ਮੁਹਿੰਮ ਚੱਲਣੀ ਸੀ ਅਤੇ ਨਾ ਹੀ ਗੁਰਦੁਆਰਿਆਂ ਤੇ ਕੌਮੀ ਪ੍ਰਬੰਧ ਦਾ ਦਾਅਵਾ ਕੀਤਾ ਜਾ ਸਕਦਾ ਸੀ।

     ਦੂਜਾ , ਦੀਵਾਨ ਨੇ ਵੱਖ-ਵੱਖ ਸਿੱਖ ਸੰਸਥਾਵਾਂ ਨੂੰ ਇੱਕਠੇ ਕੀਤਾ ਅਤੇ ਉਹਨਾਂ ਨੂੰ ਪ੍ਰਭਾਵਸ਼ਾਲੀ ਸੰਚਾਰ ਪ੍ਰਬੰਧ ਨਾਲ ਜੋੜਿਆ। ਸਮੇਂ ਅਤੇ ਦੂਰੀ ਨਾਲ ਖਿੰਡੇ ਹੋਏ ਵਿਚਾਰਾਂ ਅਤੇ ਸੂਚਨਾਵਾਂ ਨੂੰ ਇਕੱਤਰ ਕਰਨ ਲਈ ਯਤਨ ਕੀਤੇ ਗਏ। ਇਸ ਨੇ ਸਿੱਖ ਮਿਸ਼ਨ ਅਤੇ ਪਛਾਣ ਦੀ ਭਾਵਨਾ ਨੂੰ ਉਜਾਗਰ ਕੀਤਾ ਅਤੇ ਸੰਯੁਕਤ ਕਾਰਜ ਅਤੇ ਮੱਤ-ਭੇਦਾਂ ਦੇ ਨਵੇਂ ਰਸਤੇ ਖੋਲ੍ਹੇ। ਧਾਰਮਿਕ ਇੱਕਠ, ਕਾਨਫ਼ਰੰਸਾਂ, ਜ਼ਿਲਾ ਅਤੇ ਖੇਤਰੀ ਮੀਟਿੰਗਾਂ, ਟ੍ਰੈਕਟ ਅਤੇ ਸਭ ਤੋਂ ਮਹੱਤਵਪੂਰਨ ਮੈਗਜ਼ੀਨ ਅਤੇ ਅਖ਼ਬਾਰ ਸਮੁੱਚੇ ਤੌਰ ਤੇ ਸਿੰਘ ਸਭਾ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਸਮੇਂ ਦੀ ਆਲੋਚਨਾਤਮਿਕ ਵਿਰਾਸਤ ਹਨ। ਇਹਨਾਂ ਤੋਂ ਬਗ਼ੈਰ ਸਿੱਖ ਰੀਤੀ-ਰਿਵਾਜਾਂ ਦਾ ਪ੍ਰਸਾਰ, ਵਿਚਾਰਾਂ ਦਾ ਆਦਾਨ- ਪ੍ਰਦਾਨ ਅਤੇ ਸੰਚਾਰ ਦਾ ਫੈਲਾਉ, ਅਨੰਦ ਮੈਰਿਜ ਦੇ ਸੰਵਿਧਾਨ ਲਈ ਸਰਗਰਮ ਪ੍ਰਚਾਰ ਅਤੇ ਕੌਮ ਲਈ ਕੋਈ ਵੀ ਚੁਣੌਤੀ ਪੈਦਾ ਕਰਨੀ ਸੰਭਵ ਨਹੀਂ ਸੀ।

     ਚੀਫ਼ ਖ਼ਾਲਸਾ ਦੀਵਾਨ ਨੇ ਅਖੀਰ ਵਿਚ ਸਿੱਖਾਂ ਨੂੰ ਘੱਟ ਗਿਣਤੀ ਕੌਮ ਵਜੋਂ ਜਿਊਂਦਾ ਰੱਖਣ ਅਤੇ ਉਹਨਾਂ ਦੀ ਅੰਦਰੂਨੀ ਫੁੱਟ ਨਾਲ ਸਿੱਝਣ ਲਈ ਯੋਜਨਾ ਤਿਆਰ ਕਰਨ ਵਿਚ ਨਿਰਨੇਜਨਕ ਯੋਗਦਾਨ ਪਾਇਆ। ਮੇਲ ਮਿਲਾਪ , ਗੱਲਬਾਤ ਅਤੇ ਸਮਝੌਤਾ ਦੀਵਾਨ ਦੀ ਯੋਜਨਾ ਦਾ ਪ੍ਰਮਾਣ-ਚਿੰਨ੍ਹ ਸੀ। ਪਰ ਸਿੱਖ, ਪੂਰਨ ਤੌਰ ਤੇ ਆਤਮ- ਨਿਰਭਰ ਨਾ ਹੋ ਸਕੇ। ਸੁੰਦਰ ਸਿੰਘ ਮਜੀਠੀਆ ਵਰਗੇ ਚੀਫ਼ ਖ਼ਾਲਸਾ ਦੀਵਾਨ ਦੇ ਕੁਝ ਲੀਡਰਾਂ ਨੇ ਅੰਗਰੇਜ਼ਾਂ ਅਤੇ ਦੂਜੇ ਰਾਜਨੀਤਿਕ ਗਰੁੱਪਾਂ ਰਾਹੀਂ ਸਿੱਖ ਹਿਤਾਂ ਦੀ ਰਾਖੀ ਲਈ ਯਤਨ ਕਰਨ ਦੇ ਨਾਲ-ਨਾਲ ਸੰਵਿਧਾਨਿਕ ਖੁੱਲ੍ਹਾਂ ਦੇ ਪ੍ਰਬੰਧ ਲਈ ਸਾਂਝੇ ਤੌਰ ਤੇ ਯੋਗਦਾਨ ਪਾਇਆ। ਸੰਸਥਾ ਦੇ ਤੌਰ ਤੇ ਚੀਫ਼ ਖ਼ਾਲਸਾ ਦੀਵਾਨ ਨੇ ਵਿੱਦਿਆ, ਸਹਿਨਸ਼ੀਲਤਾ ਅਤੇ ਸੰਸਥਾਗਤ-ਉਸਾਰੀ ਰਾਹੀਂ ਸਿੱਖ ਧਰਮ ਦੇ ਪ੍ਰਸਾਰ ਵਿਚ ਮਹੱਤਵਪੂਰਨ ਕੰਮ ਕੀਤੇ। ਸਿੱਖਾਂ ਦੀਆਂ ਨਵੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਅੱਜ ਵੀ ਦੁਫੇੜ, ਘੱਟ ਗਿਣਤੀਆਂ ਵਜੋਂ ਰਾਜਨੀਤਿਕ ਬਦਲ ਅਤੇ ਸਿੱਖ ਪਛਾਣ ਦੇ ਵੱਖਰੇਪਣ ਨੂੰ ਕਾਇਮ ਰੱਖਣ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੀਆਂ ਹਨ।


ਲੇਖਕ : ਧ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚੀਫ਼ ਖ਼ਾਲਸਾ ਦੀਵਾਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੀਫ਼ ਖ਼ਾਲਸਾ ਦੀਵਾਨ : ਖ਼ਾਲਸਾ ਦੀਵਾਨ ਸਿੱਖ ਜਗਤ ਦੀ ਇਕ ਸਭ ਤੋਂ ਪੁਰਾਣੀ ਅਤੇ ਗੌਰਵਮਈ ਸੰਸਥਾ ਹੈ। ਸੰਨ 1902 ਵਿਚ ਗੁਰਪੁਰਵਾਸੀ ਸਰ ਸੁੰਦਰ ਸਿੰਘ ਮਜੀਠੀਆ, ਉਸ ਦੇ ਸਮਕਾਲੀ ਪਤਵੰਤੇ ਸਿੱਖ ਆਗੂਆਂ ਅਤੇ ਅਗਾਂਹਵਧੂ ਸਹਿਯੋਗੀਆਂ ਦੇ ਉੱਦਮ ਸਦਕਾ ਖ਼ਾਲਸਾ ਦੀਵਾਨ, ਅੰਮ੍ਰਿਤਸਰ ਅਤੇ ਖ਼ਾਲਸਾ ਦੀਵਾਨ, ਲਾਹੌਰ ਦੇ ਸੁਮੇਲ ਨਾਲ ਚੀਫ਼ ਖਾਲਸਾ ਦੀਵਾਨ ਹੋਂਦ ਵਿਚ ਆਇਆ। ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਸਥਾਪਨਾ ਦਾ ਫ਼ੈਸਲਾ ਕਰਨਾ ਅਤੇ ਇਸ ਯੋਜਨਾ ਨੂੰ ਨੇਪਰੇ ਚਾੜ੍ਹਨਾ ਇਸ ਸੰਸਥਾ ਦੀ ਸਭ ਤੋਂ ਪਹਿਲੀ ਮਹਾਨ ਪ੍ਰਾਪਤੀ ਸੀ।

          ਇਸ ਸੰਸਥਾ ਦੇ ਮਨੋਰਥਾਂ ਵਿਚ ਖ਼ਾਲਸਾ ਪੰਥ ਦੀ ਅਧਿਆਤਮਕ, ਮਾਨਸਿਕ, ਸਭਿਆਚਾਰਕ, ਸਮਾਜਿਕ, ਵਿਦਿਅਕ ਤੇ ਮਾਇਕ ਉੱਨਤੀ ਅਤੇ ਵਾਧੇ ਵਾਸਤੇ ਸੰਘਰਸ਼ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਕਰਨਾ, ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖ ਮਰਿਆਦਾ ਦਾ ਪ੍ਰਸਾਰ ਕਰਨਾ, ਸਿੱਖ ਗੁਰੂ ਸਾਹਿਬਾਨ ਵਿਚ ਵਿਸ਼ਵਾਸ ਰੱਖਣ ਵਾਲਿਆਂ ਦੀ ਰਾਖੀ ਕਰਨਾ ਅਤੇ ਜਾਤ-ਪਾਤ, ਰੰਗ ਅਤੇ ਕੌਮ ਦੇ ਵਖਰੇਵੇਂ ਤੋਂ ਉਪਰ ਉਠ ਕੇ ਮਾਨਵ-ਜਾਤੀ ਦੇ ਸੇਵਾ ਕਰਨਾ ਆਦਿ ਸ਼ਾਮਲ ਹਨ।

          ਆਪਣੇ ਇਨ੍ਹਾਂ ਮਨੋਰਥਾਂ ਦੀ ਪੂਰਤੀ ਲਈ ਇਸ ਸੰਸਥਾ ਵੱਲੋਂ ਨਿਮਨ ਉਪਰਾਲੇ ਕੀਤੇ ਗਏ :––

          (ੳ) ਸਿੰਘ ਸਭਾ ਲਹਿਰ ਵੱਲੋਂ ਚਲਾਏ ਸਿੱਖ-ਪ੍ਰਚਾਰ ਦੇ ਪ੍ਰੋਗਰਾਮ ਨੂੰ ਅਪਣਾਉਂਦਿਆਂ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਪ੍ਰਚਾਰ-ਵਹੀਰ ਦੀ ਸਥਾਪਨਾ ਅਤੇ ਪ੍ਰਚਾਰਕਾਂ ਦੀ ਨਿਯੁਕਤੀ ਕੀਤੀ ਗਈ। (ਅ) ਪ੍ਰਚਾਰਕਾਂ, ਰਾਗੀਆਂ ਅਤੇ ਗ੍ਰੰਥੀਆਂ ਦੀ ਵਿਸ਼ੇਸ਼ ਸਿਖਲਾਈ ਲਈ ਤਰਨਤਾਰਨ ਵਿਖੇ ਸੰਨ 1808 ਵਿਚ ਖ਼ਾਲਸਾ ਪ੍ਰਚਾਰਕ ਵਿਦਿਆਲਾ ਖੋਲ੍ਹਿਆ ਗਿਆ। (ੲ) ਸੰਨ 1904 ਵਿਚ ਅੰਮ੍ਰਿਤਸਰ ਵਿਖੇ ਸੈਂਟਰਲ ਖ਼ਾਲਸਾ ਯਤੀਮਖਾਨਾ ਖੋਲ੍ਹਿਆ ਗਿਆ। ਇਸ ਵਿਚ ਇਸ ਸਮੇਂ ਲਗਭਗ 200 ਯਤੀਮ ਤੇ ਨਿਆਸਰੇ ਬੱਚੇ ਸਵੈਮਾਨ ਦਾ ਜੀਵਨ ਬਤੀਤ ਕਰਨ ਲਈ ਤਿਆਰ ਕੀਤੇ ਜਾ ਰਹੇ ਹਨ। (ਸ) ਵਿਦਿਆ ਦੇ ਪ੍ਰਸਾਰ ਹਿਤ 1908 ਵਿਚ ਸਰਬ ਹਿੰਦ ਸਿੱਖ ਐਜੂਕੇਸ਼ਨਲ ਕਾਨਫਰੰਸ ਸਥਾਪਿਤ ਕੀਤੀ ਗਈ, ਜਿਸ ਦੇ ਅਧੀਨ ਹੁਣ ਤਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਸਮਾਗਮ ਕਰਵਾਏ ਜਾ ਚੁੱਕੇ ਹਨ। ਇਸ ਸੰਸਥਾ ਵੱਲੋਂ ਇਸ ਸਮੇਂ ਪੇਂਡੂ ਇਲਾਕਿਆਂ ਵਿਚ 23 ਅੰਗਰੇਜ਼ੀ ਮਾਧਿਅਮ ਕੁਆਲਿਟੀ ਸਕੂਲ ਖੋਲ੍ਹੇ ਹੋਏ ਹਨ। (ਹ) ਨੇਤਰ-ਹੀਣ ਬੱਚਿਆਂ ਦੀ ਸੇਵਾ ਸੰਭਾਲ ਤੇ ਉਨ੍ਹਾਂ ਨੂੰ ਵਿਦਿਆ ਦੇਣ ਅਤੇ ਕੀਰਤਨ ਦੀ ਸਿਖਲਾਈ ਲਈ ਸੂਰਮਾ ਸਿੰਘ ਆਸ਼ਰਮ, ਅੰਮ੍ਰਿਤਸਰ ਖੋਲ੍ਹਿਆ ਗਿਆ ਹੈ, ਜਿਸ ਵਿਚੋਂ ਰਾਗੀ ਗੋਪਾਲ ਸਿੰਘ ਵਰਗੇ ਮਹਾਨ ਕੀਰਤਨੀਆਂ ਨੇ ਸਿਖਲਾਈ ਪ੍ਰਾਪਤ ਕੀਤੀ। (ਕ) ਭਾਈ ਵੀਰ ਸਿੰਘ ਦੀ ਅੰਤਿਮ ਇੱਛਾ ਦੀ ਪੂਰਤੀ ਹਿਤ 1955 ਵਿਚ ਤਰਨਤਾਰਨ ਵਿਖੇ ਭਾਈ ਵੀਰ ਸਿੰਘ ਬਿਰਧ-ਘਰ ਖੋਲ੍ਹਿਆ ਗਿਆ। (ਖ) ਰੋਗੀਆਂ ਦੀ ਸੇਵਾ ਤੇ ਇਲਾਜ ਲਈ ਸੈਂਟਰਲ ਖ਼ਾਲਸਾ ਹਸਪਤਾਲ, ਤਰਨਤਾਰਨ, ਹੋਮੀਓਪੈਥਿਕ ਹਸਪਤਾਲ, ਅੰਮ੍ਰਿਤਸਰ; ਡੈਂਟਲ ਕਲੀਨਿਕ, ਅੰਮ੍ਰਿਤਸਰ; ਗੁਰੂ ਰਾਮਦਾਸ ਐਲੋਪੈਥਿਕ ਡਿਸਪੈਂਸਰੀ, ਅੰਮ੍ਰਿਤਸਰ ਤੇ ਗੁਰੂ ਨਾਨਕ ਹਸਪਤਾਲ, ਕਾਨ੍ਹਪੁਰ ਖੋਲ੍ਹੇ ਗਏ ਹਨ। (ਗ) ਸ਼ਹਿਰੀ ਇਲਾਕਿਆਂ ਵਿਚ 15 ਅਤੇ ਪੇਂਡੂ ਇਲਾਕਿਆਂ ਵਿਚ 8 ਅੰਗਰੇਜ਼ੀ ਮਾਧਿਅਮ ਸਕੂਲ ‘ਸ੍ਰੀ ਹਰਿ ਕ੍ਰਿਸ਼ਨ ਪਬਲਿਕ ਸਕੂਲ’ ਦੇ ਨਾਂ ਹੇਠ ਚਲਾਏ ਜਾ ਰਹੇ ਹਨ। (ਘ) ਮਾਤਾ ਟੇਕਾਦੇਵੀ ਦੀ ਯਾਦ ਵਿਚ ਬੀਬੀਆਂ ਲਈ ਟੇਕਾਦੇਵੀ ਦਸਤਕਾਰੀ ਸਕੂਲ ਚਲਾਇਆ ਜਾ ਰਿਹਾ ਹੈ। (ਙ) ਇਸ ਸੰਸਥਾ ਵੱਲੋਂ ਕੀਤੀ ਜਾ ਰਹੀ ਸੇਵਾ ਤੇ ਹੋਰ ਕਾਰਵਾਈਆਂ ਨੂੰ ਉਜਾਗਰ ਕਰਨ ਲਈ 1903 ਤੋਂ ‘ਖ਼ਾਲਸਾ ਐਡਵੋਕੇਟ’ ਨਾਂ ਦੀ ਹਫ਼ਤਾਵਾਰੀ ਅਖ਼ਬਾਰ ਕੱਢੀ ਜਾ ਰਹੀ ਹੈ। (ਚ) ਇਸ ਸੰਸਥਾ ਵੱਲੋਂ ਖ਼ਾਲਸਾ ਐਡਵੋਕੇਟ ਅਤੇ ਪ੍ਰਚਾਰ ਹਿਤ ਹੋਰ ਸਾਹਿਤ ਛਾਪਣ ਲਈ 1956 ਤੋਂ ਗੁਰਸੇਵਕ ਪ੍ਰਿੰਟਿੰਗ ਪ੍ਰੈਸ ਚਲਾਈ ਜਾ ਰਹੀ ਹੈ। (ਛ) ਭਾਈ ਵੀਰ ਸਿੰਘ ਜੀ ਨੇ ਪ੍ਰਚਾਰ ਹਿਤ ਇਕ ਸੁਸਾਇਟੀ ਕਾਇਮ ਕੀਤੀ ਸੀ ਜੋ 1893 ਤੋਂ ਮਾਸਿਕ ਟ੍ਰੈਕਟ ‘ਨਿਰਗੁਣਿਆਰਾ’ ਪ੍ਰਕਾਸ਼ਿਤ ਕਰਦੀ ਆ ਰਹੀ ਹੈ। ਚੀਫ਼ ਖ਼ਾਲਸਾ ਦੀਵਾਨ ਸੰਸਥਾ ਉਸ ਦੀ ਪ੍ਰਬੰਧ ਕਰਤਾ ਹੈ। (ਜ) ਸੇਵਾ ਕਾਰਜ ਲਈ ਇਸ ਸੰਸਥਾ ਨੇ ਤਰਨਤਾਰਨ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਕਾਨ੍ਹਪੁਰ, ਦਿੱਲੀ, ਬੰਬਈ ਆਦਿ ਵਿਖੇ ਸਥਾਨਕ ਕਮੇਟੀਆਂ ਕਾਇਮ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦੀ ਕਾਰਜਵਿਧੀ ਤੇ ਬਣਤਰ ਇਸ ਸੰਸਥਾ ਦੇ ਅਨੁਕੂਲ ਹੈ। (ਝ) ਇਸ ਸੰਸਥਾ ਵੱਲੋਂ ਇਕ ਸਹਾਇਕ ਟ੍ਰਸਟ ਕਾਇਮ ਕੀਤਾ ਗਿਆ ਹੈ ਜੋ ਵੱਖ-ਵੱਖ ਸੰਸਥਾਵਾਂ ਨੂੰ ਉਨ੍ਹਾਂ ਦੇ ਪੱਕੇ ਫੰਡਾਂ ਤੇ, ਜੋ ਇਸ ਟ੍ਰਸਟ ਦੇ ਕੰਟਰੋਲ ਅਧੀਨ ਹਨ, ਵਿਆਜ ਦਿੰਦਾ ਹੈ, ਜਿਸ ਨਾਲ ਦਾਨੀਆਂ ਵੱਲੋਂ ਪੁੱਜੀਆਂ ਰਕਮਾਂ ਨੂੰ ਮਿਲਾ ਕੇ ਇਹ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ।

          ਇਹ ਇਕ ਨਿਰੋਲ ਧਾਰਮਿਕ, ਸਮਾਜਿਕ ਤੇ ਵਿਦਿਅਕ ਸੰਸਥਾ ਹੈ, ਜੋ ਸਮਾਜ ਭਲਾਈ ਦੇ ਕਾਰਜਾਂ ਵਿਚ ਹਿੱਸਾ ਪਾਉਂਦੀ ਹੈ। ਸੰਨ 1984 ਵਿਚ ਸਿੱਖਾਂ ਵਿਰੁੱਧ ਹੋਏ ਦੰਗਿਆਂ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਮੁੜ-ਵਸਾਉਣ ਅਤੇ 1988 ਦੇ ਹੜ੍ਹ-ਪੀੜਤਾਂ ਦੀ ਸੇਵਾ ਕਰਨ ਵਿਚ ਇਸ ਨੇ ਮਹੱਤਵਪੂਰਨ ਰੋਲ ਅਦਾ ਕੀਤਾ।

          ਸ. ਦਿਲਬੀਰ ਸਿੰਘ, ਆਨਰੇਰੀ ਸਕੱਤਰ, ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਪਲਾਈ ਕੀਤੀ ਜਾਣਕਾਰੀ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-23, ਹਵਾਲੇ/ਟਿੱਪਣੀਆਂ: no

ਚੀਫ਼ ਖ਼ਾਲਸਾ ਦੀਵਾਨ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚੀਫ਼ ਖ਼ਾਲਸਾ ਦੀਵਾਨ : ਖ਼ਾਲਸਾ ਦੀਵਾਨ ਸਿੱਖ ਜਗਤ ਦੀ ਇਕ ਸਭ ਤੋਂ ਪੁਰਾਣੀ ਅਤੇ ਗੌਰਵਮਈ ਸੰਸਥਾ ਹੈ। ਸੰਨ 1902 ਵਿਚ ਗੁਰਪੁਰਵਾਸੀ ਸਰ ਸੁੰਦਰ ਸਿੰਘ ਮਜੀਠੀਆ, ਉਸ ਦੇ ਸਮਕਾਲੀ ਪਤਵੰਤੇ ਸਿੱਖ ਆਗੂਆਂ ਅਤੇ ਅਗਾਂਹਵਧੂ ਸਹਿਯੋਗੀਆਂ ਦੇ ਉੱਦਮ ਸਦਕਾ ਖ਼ਾਲਸਾ ਦੀਵਾਨ, ਅੰਮ੍ਰਿਤਸਰ ਅਤੇ ਖ਼ਾਲਸਾ ਦੀਵਾਨ, ਲਾਹੌਰ ਦੇ ਸੁਮੇਲ ਨਾਲ ਚੀਫ਼ ਖਾਲਸਾ ਦੀਵਾਨ ਹੋਂਦ ਵਿਚ ਆਇਆ। ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਸਥਾਪਨਾ ਦਾ ਫ਼ੈਸਲਾ ਕਰਨਾ ਅਤੇ ਇਸ ਯੋਜਨਾ ਨੂੰ ਨੇਪਰੇ ਚਾੜ੍ਹਨਾ ਇਸ ਸੰਸਥਾ ਦੀ ਸਭ ਤੋਂ ਪਹਿਲੀ ਮਹਾਨ ਪ੍ਰਾਪਤੀ ਸੀ।

ਇਸ ਸੰਸਥਾ ਦੇ ਮਨੋਰਥਾਂ ਵਿਚ ਖ਼ਾਲਸਾ ਪੰਥ ਦੀ ਅਧਿਆਤਮਕ, ਮਾਨਸਿਕ, ਸਭਿਆਚਾਰਕ, ਸਮਾਜਕ, ਵਿਦਿਅਕ ਤੇ ਮਾਇਕ ਉੱਨਤੀ ਅਤੇ ਵਾਧੇ ਵਾਸਤੇ ਸੰਘਰਸ਼ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਕਰਨਾ, ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖ ਮਰਿਆਦਾ ਦਾ ਪ੍ਰਸਾਰ ਕਰਨਾ, ਸਿੱਖ ਗੁਰੂ ਸਾਹਿਬਾਨ ਵਿਚ ਵਿਸ਼ਵਾਸ ਰੱਖਣ ਵਾਲਿਆਂ ਦੀ ਰਾਖੀ ਕਰਨਾ ਅਤੇ ਜਾਤ-ਪਾਤ, ਰੰਗ ਅਤੇ ਕੌਮ ਦੇ ਵਖਰੇਵੇਂ ਤੋਂ ਉੱਪਰ ਉਠ ਕੇ ਮਾਨਵ-ਜਾਤੀ ਦੀ ਸੇਵਾ ਕਰਨਾ ਆਦਿ ਸ਼ਾਮਲ ਹਨ।

ਆਪਣੇ ਇਨ੍ਹਾਂ ਮਨੋਰਥਾਂ ਦੀ ਪੂਰਤੀ ਲਈ ਇਸ ਸੰਸਥਾ ਵੱਲੋਂ ਨਿਮਨ ਉਪਰਾਲੇ ਕੀਤੇ ਗਏ :–

(ੳ) ਸਿੰਘ ਸਭਾ ਲਹਿਰ ਵੱਲੋਂ ਚਲਾਏ ਸਿੱਖ-ਪ੍ਰਚਾਰ ਦੇ ਪ੍ਰੋਗਰਾਮ ਨੂੰ ਅਪਣਾਉਂਦਿਆ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਪ੍ਰਚਾਰ ਵਹੀਰ ਦੀ ਸਥਾਪਨਾ ਅਤੇ ਪ੍ਰਚਾਰਕਾਂ ਦੀ ਨਿਯੁਕਤੀ ਕੀਤੀ ਗਈ। (ਅ) ਪ੍ਰਚਾਰਕਾਂ, ਰਾਗੀਆਂ ਅਤੇ ਗ੍ਰੰਥੀਆਂ ਦੀ ਵਿਸ਼ੇਸ਼ ਸਿਖਲਾਈ ਲਈ ਤਰਨਤਾਰਨ ਵਿਖੇ 1808 ਈ. ਵਿਚ ਖ਼ਾਲਸਾ ਪ੍ਰਚਾਰਕ ਵਿਦਿਆਲਾ ਖੋਲ੍ਹਿਆ ਗਿਆ। (ੲ) ਸੰਨ 1904 ਵਿਚ ਅੰਮ੍ਰਿਤਸਰ ਵਿਖੇ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਖੋਲ੍ਹਿਆ ਗਿਆ। ਇਸ ਵਿਚ ਇਸ ਸਮੇਂ ਲਗਭਗ 200 ਯਤੀਮ ਤੇ ਨਿਆਸਰੇ ਬੱਚੇ ਸਵੈਮਾਣ ਦਾ ਜੀਵਨ ਬਤੀਤ ਕਰਨ ਲਈ ਤਿਆਰ ਕੀਤੇ ਜਾ ਰਹੇ ਹਨ । (ਸ) ਵਿਦਿਆ ਦੇ ਪ੍ਰਸਾਰ ਹਿਤ 1908 ਈ. ਵਿਚ ਸਰਬ ਹਿੰਦ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਸਥਾਪਤ ਕੀਤੀ ਗਈ ਜਿਸ ਦੇ ਅਧੀਨ ਹੁਣ ਤਕ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਈ ਸਮਾਗਮ ਕਰਵਾਏ ਜਾ ਚੁੱਕੇ ਹਨ। ਇਸ ਸੰਸਥਾ ਵੱਲੋਂ ਇਸ ਸਮੇਂ ਪੇਂਡੂ ਇਲਾਕਿਆਂ ਵਿਚ 23 ਅੰਗਰੇਜ਼ੀ ਮਾਧਿਅਮ ਕੁਆਲਿਟੀ ਸਕੂਲ ਖੋਲ੍ਹੇ ਹੋਏ ਹਨ। (ਹ) ਨੇਤਰਹੀਣ ਬੱਚਿਆਂ ਦੀ ਸੇਵਾ ਸੰਭਾਲ ਤੇ ਉਨ੍ਹਾਂ ਨੂੰ ਵਿਦਿਆ ਦੇਣ ਅਤੇ ਕੀਰਤਨ ਦੀ ਸਿਖਲਾਈ ਲਈ ਸੂਰਮਾ ਸਿੰਘ ਆਸ਼ਰਮ, ਅੰਮ੍ਰਿਤਸਰ ਖੋਲ੍ਹਿਆ ਗਿਆ ਹੈ ਜਿਸ ਵਿਚੋਂ ਰਾਗੀ ਗੋਪਾਲ ਸਿੰਘ ਵਰਗੇ ਮਹਾਨ ਕੀਰਤਨੀਆਂ ਨੇ ਸਿਖਲਾਈ ਪ੍ਰਾਪਤ ਕੀਤੀ। (ਕ) ਭਾਈ ਵੀਰ ਸਿੰਘ ਜੀ ਦੀ ਅੰਤਿਮ ਇੱਛਾ ਦੀ ਪੂਰਤੀ ਹਿਤ 1955 ਈ. ਵਿਚ ਤਰਨਤਾਰਨ ਵਿਖੇ ਭਾਈ ਵੀਰ ਸਿੰਘ ਬਿਰਧ-ਘਰ ਖੋਲ੍ਹਿਆ ਗਿਆ। (ਖ) ਰੋਗੀਆਂ ਦੀ ਸੇਵਾ ਤੇ ਇਲਾਜ ਲਈ ਸੈਂਟਰਲ ਖ਼ਾਲਸਾ ਹਸਪਤਾਲ, ਤਰਨਤਾਰਨ; ਹੋਮਿਓਪੈਥਿਕ ਹਸਪਤਾਲ, ਅੰਮ੍ਰਿਤਸਰ; ਡੈਂਟਲ ਕਲੀਨਿਕ, ਅੰਮ੍ਰਿਤਸਰ; ਗੁਰੂ ਰਾਮਦਾਸ ਐਲੋਪੈਥਿਕ ਡਿਸਪੈਂਸਰੀ, ਅੰਮ੍ਰਿਤਸਰ ਤੇ ਗੁਰੂ ਨਾਨਕ ਹਸਪਤਾਲ, ਕਾਨ੍ਹਪੁਰ ਖੋਲ੍ਹੇ ਗਏ ਹਨ। (ਗ) ਸ਼ਹਿਰੀ ਇਲਾਕਿਆਂ ਵਿਚ 15 ਅਤੇ ਪੇਂਡੂ ਇਲਾਕਿਆਂ ਵਿਚ 8 ਅੰਗਰੇਜ਼ੀ ਮਾਧਿਅਮ ਸਕੂਲ ‘ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ’ ਦੇ ਨਾਂ ਹੇਠ ਚਲਾਏ ਜਾ ਰਹੇ ਹਨ। (ਘ) ਮਾਤਾ ਟੇਕਾਦੇਵੀ ਦੀ ਯਾਦ ਵਿਚ ਬੀਬੀਆਂ ਲਈ ਟੇਕਾਦੇਵੀ ਦਸਤਕਾਰੀ ਸਕੂਲ ਚਲਾਇਆ ਜਾ ਰਿਹਾ ਹੈ। (ਙ) ਇਸ ਸੰਸਥਾ ਵੱਲੋਂ ਕੀਤੀ ਜਾ ਰਹੀ ਸੇਵਾ ਤੇ ਹੋਰ ਕਾਰਵਾਈਆਂ ਨੂੰ  ਉਜਾਗਰ ਕਰਨ ਲਈ 1903 ਈ. ਤੋਂ ‘ਖ਼ਾਲਸਾ ਐਡਵੋਕੇਟ’ ਨਾਂ ਦਾ ਹਫ਼ਤਾਵਾਰੀ ਅਖ਼ਬਾਰ ਕਢਿਆ ਜਾ ਰਿਹਾ ਹੈ। (ਚ) ਇਸ ਸੰਸਥਾ ਵੱਲੋਂ ਖ਼ਾਲਸਾ ਐਡਵੋਕੇਟ ਅਤੇ ਪ੍ਰਚਾਰ ਹਿਤ ਹੋਰ ਸਾਹਿਤ ਛਾਪਣ ਲਈ 1956 ਈ. ਤੋਂ ਗੁਰਸੇਵਕ ਪ੍ਰਿੰਟਿੰਗ ਪ੍ਰੈਸ ਚਲਾਈ ਜਾ ਰਹੀ ਹੈ। (ਛ) ਭਾਈ ਵੀਰ ਸਿੰਘ ਜੀ ਨੇ ਪ੍ਰਚਾਰ ਹਿਤ ਇਕ ਸੁਸਾਇਟੀ ਕਾਇਮ ਕੀਤੀ ਸੀ ਜੋ 1893 ਈ. ਤੋਂ ਮਾਸਿਕ ਟ੍ਰੈਕਟ ‘ਨਿਰਗੁਣਿਆਰਾ’ ਪ੍ਰਕਾਸ਼ਿਤ ਕਰਦੀ ਆ ਰਹੀ ਹੈ। ਚੀਫ਼ ਖ਼ਾਲਸਾ ਦੀਵਾਨ ਸੰਸਥਾ ਉਸ ਦੀ ਪ੍ਰਬੰਧ ਕਰਤਾ ਹੈ। (ਜ) ਸੇਵਾ ਕਾਰਜ ਲਈ ਇਸ ਸੰਸਥਾ ਨੇ ਤਰਨਤਾਰਨ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਕਾਨ੍ਹਪੁਰ, ਦਿੱਲੀ, ਬੰਬਈ ਆਦਿ ਵਿਖੇ ਸਥਾਨਕ ਕਮੇਟੀਆਂ ਕਾਇਮ ਕੀਤੀਆਂ ਹੋਈਆਂ ਹਨ ਜਿਨ੍ਹਾਂ ਦੀ ਕਾਰਜਵਿਧੀ ਤੇ ਬਣਤਰ ਇਸ ਸੰਸਥਾ ਦੇ ਅਨੁਕੂਲ ਹੈ। (ਝ) ਇਸ ਸੰਸਥਾ ਵੱਲੋਂ ਇਕ ਸਹਾਇਕ ਟ੍ਰਸਟ ਕਾਇਮ ਕੀਤਾ ਗਿਆ ਹੈ ਜੋ ਵੱਖ ਵੱਖ ਸੰਸਥਾਵਾਂ ਨੂੰ ਉਨ੍ਹਾਂ ਦੇ ਪੱਕੇ ਫੰਡਾਂ ਉੱਤੇ ਜੋ ਇਸ ਟ੍ਰਸਟ ਦੇ ਕੰਟਰੋਲ ਅਧੀਨ ਹਨ, ਵਿਆਜ ਦਿੰਦਾ ਹੈ ਜਿਸ ਨਾਲ ਦਾਨੀਆਂ ਵੱਲੋਂ ਪੁੱਜੀਆਂ ਰਕਮਾਂ ਨੂੰ ਮਿਲਾ ਕੇ ਇਹ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ। 

ਇਹ ਇਕ ਨਿਰੋਲ ਧਾਰਮਿਕ, ਸਮਾਜਕ ਤੇ ਵਿਦਿਅਕ ਸੰਸਥਾ ਹੈ ਜੋ ਸਮਾਜ ਭਲਾਈ ਤੇ ਕਾਰਜਾਂ ਵਿਚ ਹਿੱਸਾ ਪਾਉਂਦੀ ਹੈ। ਸੰਨ 1984 ਵਿਚ ਸਿੱਖਾਂ ਵਿਰੁੱਧ ਹੋਏ ਦੰਗਿਆਂ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਮੁੜ-ਵਸਾਉਣ ਅਤੇ 1988 ਤੇ 1993 ਈ. ਤੇ ਹੜ੍ਹ-ਪੀੜਤਾਂ ਦੀ ਸੇਵਾ ਕਰਨ ਵਿਚ ਇਸ ਨੇ ਮਹੱਤਵਪੂਰਨ ਰੋਲ ਅਦਾ ਕੀਤਾ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4634, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-11-53-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.