ਚਾਰ ਖਾਣੀਆਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚਾਰ ਖਾਣੀਆਂ: ਇਨ੍ਹਾਂ ਦਾ ਸੰਬੰਧ ਵਿਭਿੰਨ ਪ੍ਰਕਾਰ ਦੇ ਜੀਵਾਂ ਦੀ ਉਤਪੱਤੀ-ਪ੍ਰਕ੍ਰਿਆ ਨਾਲ ਹੈ। ‘ਖਾਣੀ’ ਤੋਂ ਭਾਵ ਹੈ ਭੇਦ , ਪ੍ਰਕਾਰ। ਭਾਰਤੀ ਚਿੰਤਕਾਂ ਨੇ ਸ੍ਰਿਸ਼ਟੀ ਦੇ ਸਾਰੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਉਤਪੱਤੀ ਦੀ ਪ੍ਰਕ੍ਰਿਆ ਦੇ ਸਰੂਪ ਤੋਂ ਚਾਰ ਮੁੱਖ ਭੇਦਾਂ ਵਿਚ ਵੰਡਿਆ ਹੈ— ਅੰਡਜ, ਜੇਰਜ, ਸਵੇਦਜ (ਸੇਤਜ) ਅਤੇ ਉਤਭਿਜ (ਉਤਭੁਜ)। ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ‘ਅੰਡਜ’ ਅਖਵਾਉਂਦੇ ਹਨ। ਜੇਰ ਤੋਂ ਪੈਦਾ ਹੋਣ ਵਾਲੇ ਪ੍ਰਾਣੀ ‘ਜੇਰਜ’ ਕਹੇ ਜਾਂਦੇ ਹਨ। ਪਸੀਨੇ ਤੋਂ ਪੈਦਾ ਹੋਣ ਵਾਲੇ ਜੰਤੂ ‘ਸਵੇਦਜ’ ਮੰਨੇ ਜਾਂਦੇ ਹਨ ਅਤੇ ਧਰਤੀ ਵਿਚੋਂ ਜੰਮਣ ਵਾਲੇ ਬ੍ਰਿਛ, ਬੇਲਾਂ ਆਦਿ ‘ਉਤਭਿਜ’ ਦੇ ਭੇਦ ਵਿਚ ਰਖੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਚਾਰ ਖਾਣੀਆਂ ਦਾ ਹਵਾਲਾ ਦਿੰਦਿਆਂ ਕਿਹਾ ਹੈ— ਖਾਣੀ ਚਾਰੇ ਬਾਣੀ ਭੇਦਾ। (ਗੁ.ਗ੍ਰੰ.839)। ਇਹ ਸਭ ਪਰਮਾਤਮਾ ਦੀਆਂ ਪੈਦਾ ਕੀਤੀਆਂ ਹੋਈਆਂ ਹਨ—ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ। (ਗੁ.ਗ੍ਰੰ.596)।
ਗੁਰਮਤਿ-ਕਾਵਿ ਵਿਚ ਸ੍ਰਿਸ਼ਟੀ ਨੂੰ ਅਨੰਤ ਮੰਨਦੇ ਹੋਇਆਂ, ਹਰ ਵਸਤੂ ਨੂੰ ਕਿਸੇ ਗਿਣਤੀ ਸੀਮਾ ਵਿਚ ਰਖਣੋਂ ਸੰਕੋਚ ਕੀਤਾ ਗਿਆ ਹੈ। ਖਾਣੀਆਂ ਦੀ ਗਿਣਤੀ ਵੀ ਕਰੋੜਾਂ ਵਿਚ ਦਸੀ ਗਈ ਹੈ। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਬਾਣੀ ਵਿਚ ਕਿਹਾ ਹੈ— ਕਈ ਕੋਟਿ ਖਾਣੀ ਅਰੁ ਖੰਡ। ਕਈ ਕੋਟਿ ਅਕਾਸ ਬ੍ਰਹਮੰਡ। (ਗੁ.ਗ੍ਰੰ.276)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਚਾਰ ਖਾਣੀਆਂ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚਾਰ ਖਾਣੀਆਂ : ਸੰਸਾਰ ਦੇ ਜੀਵਾਂ ਦੀ ਉਤਪਤੀ ਦੇ ਸ੍ਰੋਤਾਂ ਅਨੁਸਾਰ ਇਸ ਪ੍ਰਕ੍ਰਿਆ ਨੂੰ ਚਾਰ ਭੇਦਾਂ ਵਿਚ ਵੰਡਿਆ ਗਿਆ ਹੈ ਜਿਨ੍ਹਾਂ ਨੂੰ ਚਾਰ ਖਾਣੀਆਂ ਕਿਹਾ ਜਾਂਦਾ ਹੈ :– ਅੰਡਜ, ਜੇਰਜ, ਸੇਤਜ ਅਤੇ ਉਤਭੁਜ।
ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ਅੰਡਜ, ਜੇਰ ਅਥਵਾ ਵੀਰਜ ਤੋਂ ਪੈਦਾ ਹੋਣ ਵਾਲੇ ਜੀਵ ਜੇਰਜ, ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਸੇਤਜ ਅਤੇ ਧਰਤੀ ਵਿਚੋਂ ਪੈਦਾ ਹੋਣ ਵਾਲੇ ਵੇਲ ਪੌਦੇ, ਦਰਖ਼ਤ ਆਦਿ ਉਤਭੁਜ ਅਖਵਾਉਂਦੇ ਹਨ।
ਗੁਰੂ ਨਾਨਕ ਜੀ ਇਨ੍ਹਾਂ ਦਾ ਹਵਾਲਾ ਦਿੰਦਿਆਂ ਫੁਰਮਾਉਂਦੇ ਹਨ:–
ਖਾਣੀ ਚਾਰੇ ਬਾਣੀ ਭੇਦਾ ‖
ਗੁਰੂ ਗੋਬਿੰਦ ਸਿੰਘ ਜੀ ਦਾ ਚੌਪਈ ਸਾਹਿਬ ਵਿਚ ਫੁਰਮਾਨ ਹੈ:–
ਅੰਡਜ ਜੇਰਜ ਸੇਤਜ ਕੀਨੀ ‖
ਉਤਭੁਜ ਖਾਨਿ ਬਹੁਰਿ ਰਚ ਦੀਨੀ ‖
ਗੁਰੂ ਅਰਜਨ ਦੇਵ ਜੀ ਸ੍ਰਿਸ਼ਟੀ ਨੂੰ ਅਨੰਤ ਮੰਨਦੇ ਹੋਏ ਸੁਖਮਨੀ ਸਾਹਿਬ ਵਿਚ ਫੁਰਮਾਨ ਕਰਦੇ ਹਨ:–
ਕਈ ਕੋਟਿ ਖਾਣੀ ਅਰੁ ਖੰਡ ‖
ਕਈ ਕੋਟਿ ਅਕਾਸ ਬ੍ਰਹਮੰਡ ‖
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-11-31-46, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : ਸਾ. ਸੰ. ਕੋ.
ਵਿਚਾਰ / ਸੁਝਾਅ
Please Login First