ਚਮਕੌਰ ਸਾਹਿਬ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਮਕੌਰ ਸਾਹਿਬ [ਨਿਪੁ] ਇੱਕ ਪ੍ਰਸਿੱਧ ਗੁਰੂਧਾਮ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਮਕੌਰ ਸਾਹਿਬ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਮਕੌਰ ਸਾਹਿਬ. ਜਿਲਾ ਅੰਬਾਲਾ , ਤਸੀਲ ਰੋਪੜ, ਥਾਣਾ ਮੋਰੰਡਾ ਵਿੱਚ ਇੱਕ ਪਿੰਡ ਹੈ, ਜਿੱਥੇ ਤਿੰਨ ਗੁਰਦ੍ਵਾਰੇ ਹਨ—
(੧) ਆਨੰਦਪੁਰ ਛੱਡਣ ਪਿੱਛੋਂ ੭ ਪੋਹ ਸੰਮਤ ੧੭੬੧ ਨੂੰ ਚਾਲੀ ਸਿੰਘ ਅਤੇ ਸ਼ਾਹਜ਼ਾਦਾ ਅਜੀਤ ਸਿੰਘ , ਜੁਝਾਰ ਸਿੰਘ ਜੀ ਸਹਿਤ ਇਸ ਗੜ੍ਹੀ ਵਿੱਚ ਪ੍ਰਵੇਸ਼ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਦਸ਼ਾਹੀ ਸੈਨਾ ਦਾ ਟਾਕਰਾ ਕੀਤਾ, ਉਸ ਦਾ ਨਾਉਂ “ਗੜ੍ਹੀ ਸਾਹਿਬ” ਹੈ. ਇੱਥੇ ਛੋਟਾ ਜੇਹਾ ਦਰਬਾਰ ਬਣਿਆ ਹੋਇਆ ਹੈ. ਰਿਆਸਤ ਪਟਿਆਲੇ ਵੱਲੋਂ ੨੫ ਰੁਪਯੇ ਸਾਲਾਨਾ ਮਿਲਦੇ ਹਨ. ਖ਼ਾਲਸੇ ਨੂੰ ਗੁਰੁਤਾ ਦਸ਼ਮੇਸ਼ ਨੇ ਇਸੇ ਥਾਂ ਬਖ਼ਸ਼ੀ ਹੈ, ਇਸ ਕਾਰਣ ਤੋਂ, ਇਸ ਦਾ ਨਾਉਂ “ਤਿਲਕ ਅਸਥਾਨ” ਹੋ ਗਿਆ ਹੈ. ਰੇਲਵੇ ਸਟੇਸ਼ਨ ਦੋਰਾਹੇ ਤੋਂ ਇਹ ਗੁਰਦ੍ਵਾਰਾ ੨੫ ਮੀਲ ਪੂਰਵ ਹੈ।
(੨) ਕਤਲਗੜ੍ਹ. ਚਮਕੌਰ ਦੀ ਯੁੱਧਭੂਮਿ ਵਿੱਚ ਜਿਸ ਥਾਂ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬ ਜੁਝਾਰ ਸਿੰਘ ਜੀ ਅਲੌਕਿਕ ਵੀਰਤਾ ਦਿਖਾਉਂਦੇ ਹੋਏ ੮ ਪੋਹ ਸੰਮਤ ੧੭੬੧ ਨੂੰ ਸ਼ਹੀਦ ਹੋਏ ਅਤੇ ਜਿਸ ਥਾਂ ਸਾਹਿਬਜ਼ਾਦਿਆਂ ਅਰ ਸ਼ਹੀਦਾਂ ਦਾ ਸਸਕਾਰ ਹੋਇਆ. ਇੱਥੇ ਬਹੁਤ ਸੁੰਦਰ ਗੁਰਦ੍ਵਾਰਾ ਬਣਿਆ ਹੋਇਆ ਹੈ. ੮ ਪੋਹ ਨੂੰ ਭਾਰੀ ਮੇਲਾ ਹੁੰਦਾ ਹੈ. ਸੌ ਵਿੱਘੇ ਜ਼ਮੀਨ ਸਿੱਖਰਾਜ ਸਮੇਂ ਦੀ ਅਤੇ ਤਿੰਨ ਸੌ ਰੁਪਯਾ ਸਾਲਾਨਾ ਜਾਗੀਰ ਪਿੰਡ ਰਾਇਪੁਰ ਤੋਂ ਰਾਜਾ ਭੂਪ ਸਿੰਘ ਦੀ ਲਾਈ ਹੋਈ ਅਤੇ ਛੀ ਸੌ ਇਕਾਹਠ ਰੁਪਯੇ ਰਿਆਸਤ ਪਟਿਆਲੇ ਤੋਂ ਮਿਲਦੇ ਹਨ.
(੩) ਦਮਦਮਾ ਸਾਹਿਬ. ਦਸ਼ਮੇਸ਼ ਇੱਕ ਵਾਰ ਕੁਰੁਛੇਤ੍ਰ ਨੂੰ ਜਾਂਦੇ ਹੋਏ ਇੱਥੇ ਵਿਰਾਜੇ ਸਨ. ਦਰਬਾਰ ਨਾਲ ੧੭ ਘੁਮਾਉਂ ਜ਼ਮੀਨ ਹੈ.
ਚਮਕੌਰ ਸਾਹਿਬ ਵਿੱਚ ਧਰਮਵੀਰ ਜੀਵਨ ਸਿੰਘ ਜੀ ਦਾ ਸ਼ਹੀਦਬੁੰਗਾ ਭੀ ਪਵਿਤ੍ਰ ਅਸਥਾਨ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਮਕੌਰ ਸਾਹਿਬ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚਮਕੌਰ ਸਾਹਿਬ: ਸਿੱਖ-ਇਤਿਹਾਸ ਨਾਲ ਸੰਬੰਧਿਤ ਇਕ ਮਹੱਤਵਪੂਰਣ ਸਥਾਨ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਈ. ਵਿਚ ਆਨੰਦਪੁਰ ਕਿਲ੍ਹਾ ਛਡਣ ਤੋਂ ਬਾਦ ਠਿਕਾਣਾ ਕੀਤਾ। ਮੁਗ਼ਲ ਫ਼ੌਜਾਂ ਦੁਆਰਾ ਘਿਰ ਜਾਣ ਕਾਰਣ ਗੁਰੂ ਜੀ ਨੇ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ—ਅਜੀਤ ਸਿੰਘ ਅਤੇ ਜੁਝਾਰ ਸਿੰਘ— ਅਤੇ 40 ਸਿੱਖਾਂ ਸਹਿਤ ਇਥੇ ਇਕ ਹਵੇਲੀ ਅਥਵਾ ਕੱਚੀ ਗੜ੍ਹੀ ਵਿਚ ਪ੍ਰਵੇਸ਼ ਕੀਤਾ। ਦਿਨ ਭਰ ਵੈਰੀਆਂ ਨੂੰ ਹਵੇਲੀ ਤੋਂ ਦੂਰ ਰਖਣ ਲਈ ਯੁੱਧ ਚਲਦਾ ਰਿਹਾ; ਪੰਜ ਪੰਜ ਸਿੰਘਾਂ ਦੇ ਜੱਥਿਆਂ ਨੇ ਵੈਰੀ ਫ਼ੌਜ ਵਲੋਂ ਗੁਰੂ ਸਾਹਿਬ ਨੂੰ ਪਕੜਨ ਲਈ ਬਣਾਏ ਸਾਰੇ ਮਨਸੂਬਿਆਂ ਨੂੰ ਕਾਮਯਾਬ ਨ ਹੋਣ ਦਿੱਤਾ। ਇਸ ਲੜਾਈ ਵਿਚ ਦੋਹਾਂ ਸਾਹਿਬਜ਼ਾਦਿਆਂ ਨੇ ਯੁੱਧ-ਭੂਮੀ ਵਿਚ ਨਿਤਰ ਕੇ ਅਤੇ ਅਦੁੱਤੀ ਵੀਰਤਾ ਦੇ ਚਮਤਕਾਰ ਵਿਖਾ ਕੇ ਵੀਰ- ਗਤੀ ਪ੍ਰਾਪਤ ਕੀਤੀ।
ਰਾਤ ਪੈਣ ਤਕ ਗੁਰ ਸਾਹਿਬ ਪਾਸ ਕੇਵਲ ਪੰਜ ਸਿੰਘ ਰਹਿ ਗਏ। ਉਨ੍ਹਾਂ ਨੇ ਗੁਰੂ ਜੀ ਨੂੰ ਹਵੇਲੀ ਛਡ ਜਾਣ ਲਈ ਬੇਨਤੀ ਕੀਤੀ। ਪੰਚ-ਪ੍ਰਧਾਨੀ ਖ਼ਾਲਸੇ ਦੀ ਆਗਿਆ ਮੰਨ ਕੇ ਰਾਤ ਨੂੰ ਗੁਰੂ ਜੀ ਆਪਣੇ ਤਿੰਨ ਸਿੰਘਾਂ—ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ— ਸਹਿਤ ਹਵੇਲੀ ਤੋਂ ਨਿਕਲ ਗਏ। ਪਰ ਵੈਰੀ ਫ਼ੌਜ ਦੇ ਪਿਛਾ ਕਰਨ’ਤੇ ਸਾਥੀ ਸਿੰਘਾਂ ਨਾਲੋਂ ਨਿਖੜ ਕੇ ਗੁਰੂ ਜੀ ਮਾਛੀਵਾੜੇ ਜਾ ਪਹੁੰਚੇ। ਹਵੇਲੀ ਵਿਚ ਪਿਛੇ ਰਹੇ ਦੋ ਸਿੰਘਾਂ ਵਿਚੋਂ ਭਾਈ ਸੰਗਤ ਸਿੰਘ ਦੀ ਸ਼ਕਲ ਗੁਰੂ ਸਾਹਿਬ ਨਾਲ ਮਿਲਦੀ ਸੀ। ਉਸ ਨੇ ਕਲਗ਼ੀ ਲਗਾ ਕੇ ਵੈਰੀਆਂ ਨੂੰ ਗੁਰੂ ਸਾਹਿਬ ਦੇ ਹਵੇਲੀ ਅੰਦਰ ਹੋਣ ਦਾ ਭੁਲੇਖਾ ਪਾਈ ਰਖਿਆ, ਪਰ ਉਸ ਦੀ ਸ਼ਹਾਦਤ ’ਤੇ ਅਸਲੀ ਗੱਲ ਸਪੱਸ਼ਟ ਹੋ ਗਈ। ਖਿਝੇ ਹੋਏ ਵੈਰੀ ਦਲ ਨੇ ਗੁਰੂ ਸਾਹਿਬ ਨੂੰ ਪਕੜਨ ਲਈ ਮਾਛੀਵਾੜੇ ਦੇ ਜੰਗਲ ਵਲ ਮੂੰਹ ਕੀਤਾ।
ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੋਣ ਕਾਰਣ ਇਸ ਧਰਮ-ਧਾਮ ਦੀ ਸਿੱਖ ਜਗਤ ਵਿਚ ਬਹੁਤ ਮਹਾਨਤਾ ਹੈ। ਹਰ ਸਾਲ ਦਸੰਬਰ ਮਹੀਨੇ ਦੇ ਅੰਤ ਵਿਚ 6,7 ਅਤੇ 8 ਪੋਹ ਨੂੰ ਇਥੇ ਬਹੁਤ ਵੱਡਾ ਮੇਲਾ ਲਗਦਾ ਹੈ। ਚਮਕੌਰ ਸਾਹਿਬ ਵਿਚ ਛੇ ਇਤਿਹਾਸਿਕ ਗੁਰਦੁਆਰੇ ਹਨ, ਜਿਵੇਂ ਗੁਰਦੁਆਰਾ ਕਤਲਗੜ੍ਹ ਸਾਹਿਬ, ਗੁਰਦੁਆਰਾ ਗੜ੍ਹੀ ਸਾਹਿਬ, ਗੁਰਦੁਆਰਾ ਬਾਬਾ ਜੀਵਨ ਸਿੰਘ, ਗੁਰਦੁਆਰਾ ਤਾੜੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ ਅਤੇ ਗੁਰਦੁਆਰਾ ਰਣਜੀਤਗੜ੍ਹ। ਗੁਰਦੁਆਰਾ ਕਤਲਗੜ੍ਹ ਸਾਹਿਬ ਵਾਲੀ ਥਾਂ ਤੇ ਸ਼ਹੀਦ ਹੋਏ ਸਿੱਖਾਂ ਦਾ ਸਸਕਾਰ ਕੀਤਾ ਗਿਆ ਸੀ। ਗੁਰਦੁਆਰਾ ਗੜ੍ਹੀ ਸਾਹਿਬ ਵਾਲੀ ਥਾਂ’ਤੇ ਗੁਰੂ ਸਾਹਿਬ ਨੇ ਮੋਰਚੇ ਸੰਭਾਲੇ ਸਨ। ਗੁਰਦੁਆਰਾ ਬਾਬਾ ਜੀਵਨ ਸਿੰਘ ‘ਰੰਘਰੇਟੇ ਗੁਰੂ ਕੇ ਬੇਟੇ ’ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਚਮਕੌਰ ਕਸਬੇ ਵਿਚ ਪ੍ਰਵੇਸ਼ ਕਰਨ ਵੇਲੇ ਗੁਰਦੁਆਰਾ ਦਮਦਮਾ ਸਾਹਿਬ ਵਾਲੇ ਸਥਾਨ’ਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਠਿਕਾਣਾ ਕੀਤਾ ਸੀ। ਗੁਰਦੁਆਰਾ ਤਾੜੀ ਸਾਹਿਬ ਦਾ ਸੰਬੰਧ ਉਸ ਘਟਨਾ ਨਾਲ ਹੈ ਜਦੋਂ ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਵਿਚੋਂ ਨਿਕਲਣ ਵੇਲੇ ਮੁਗ਼ਲ ਸੈਨਾ ਨੂੰ ਆਗਾਹ ਕਰਨ ਲਈ ਤਾੜੀ ਵਜਾਈ ਸੀ। ਗੁਰਦੁਆਰਾ ਰਣਜੀਤਗੜ੍ਹ ਉਸ ਥਾਂ ਉਤੇ ਬਣਾਇਆ ਗਿਆ ਹੈ ਜਿਥੇ ਸੰਨ 1703 ਈ. ਵਿਚ ਅਲਿਫ਼ਖ਼ਾਨ ਅਤੇ ਸੱਯਦ ਬੇਗ ਨੇ ਗੁਰੂ ਜੀ ਉਤੇ ਅਚਾਨਕ ਹਮਲਾ ਕਰਕੇ ਹਾਰ ਖਾਈ ਸੀ। ਕਾਰ-ਸੇਵਾ ਵਾਲੇ ਬਾਬਿਆਂ ਨੇ ਇਨ੍ਹਾਂ ਗੁਰਦੁਆਰਿਆਂ ਨੂੰ ਨਵੇਂ ਸਿਰਿਓਂ ਸੁੰਦਰ ਢੰਗ ਨਾਲ ਉਸਾਰਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਚਮਕੌਰ ਸਾਹਿਬ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਮਕੌਰ ਸਾਹਿਬ (30°-53`ਉ, 76°-25` ਪੂ): ਪੰਜਾਬ ਦੇ ਰੋਪੜ ਜ਼ਿਲੇ ਵਿਚ ਸਥਿਤ ਹੈ। ਇੱਥੇ 18ਵੀਂ ਸਦੀ ਦੇ ਮੁਢਲੇ ਸਾਲਾਂ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਾਹੀ ਫ਼ੌਜਾਂ ਵਿਚਾਲੇ ਹੋਈਆਂ ਦੋ ਮੁੱਠਭੇੜਾਂ ਦਾ ਵਰਨਨ ਮਿਲਦਾ ਹੈ। ਉਹਨਾਂ ਮੰਦਭਾਗੇ ਦਿਨਾਂ ਦੀਆਂ ਘਟਨਾਵਾਂ ਦੀ ਯਾਦ ਦਿਵਾਉਂਦੇ ਛੇ ਗੁਰਧਾਮ ਸ਼ਹਿਰ ਵਿਚ ਬਣੇ ਹੋਏ ਹਨ।
ਗੁਰਦੁਆਰਾ ਦਮਦਮਾ ਸਾਹਿਬ , ਉਹ ਯਾਦਗਾਰੀ ਅਸਥਾਨ ਹੈ ਜਿੱਥੇ 6 ਦਸੰਬਰ,1705 ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਚਮਕੌਰ ਪਹੁੰਚਣ ਤੇ ਵਿਸ਼ਰਾਮ ਕੀਤਾ। ਇਸ ਥਾਂ ਤੇ ਉਸ ਸਮੇਂ ਸਥਾਨਿਕ ਜ਼ਿਮੀਂਦਾਰ , ਰਾਇ ਜਗਤ ਸਿੰਘ ਨਾਲ ਸੰਬੰਧਿਤ ਇਕ ਬਾਗ਼ ਸੀ। ਗੁਰੂ ਜੀ ਨੇ ਰਾਇ ਜਗਤ ਸਿੰਘ ਦੀ ਹਵੇਲੀ ਵਿਚ ਸ਼ਰਨ ਲੈਣ ਲਈ ਉਸ ਕੋਲ ਬੇਨਤੀ ਕਰਨ ਹਿਤ ਆਪਣੇ ਕੁਝ ਸਿੱਖ ਭੇਜੇ। ਜਗਤ ਸਿੰਘ ਨੇ ਹਾਕਮਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਨਾਂਹ ਕਰ ਦਿੱਤੀ ਪਰ ਉਸ ਹਵੇਲੀ ਦੇ ਸਹਿ ਮਾਲਕ ਉਸਦੇ ਛੋਟੇ ਭਰਾ ਰੂਪ ਚੰਦ , ਨੇ ਗੁਰੂ ਜੀ ਨੂੰ ਹਵੇਲੀ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ। ਕੁਝ ਦਸਤਾਵੇਜ਼ਾਂ ਅਨੁਸਾਰ ਜਾਇਦਾਦ ਦੇ ਮਾਲਕਾਂ ਦੇ ਨਾਂ ਬੁਧੀ ਚੰਦ ਅਤੇ ਗ਼ਰੀਬੂ ਸਨ। ਗੁਰੁਸ਼ਬਦ ਰਤਨਾਕਰ ਮਹਾਨਕੋਸ਼ ਅਨੁਸਾਰ1702 ਵਿਚ ਕੁਰੂਕਸ਼ੇਤਰ ਨੂੰ ਜਾਂਦੇ ਹੋਏ ਇਕ ਵਾਰ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਤੇ ਰੁਕੇ ਸਨ। 1930 ਵਿਚ, ਦਿੱਲੀ ਦੇ ਇਕ ਪ੍ਰਸਿੱਧ ਪਰਉਪਕਾਰੀ ਸਰਦਾਰ ਬਹਾਦਰ ਧਰਮ ਸਿੰਘ (1881-1933) ਨੇ ਇੱਥੇ ਇਕ ਛੋਟਾ ਜਿਹਾ ਗੁਰਦੁਆਰਾ ਬਣਵਾਇਆ ਅਤੇ ਅਜੋਕੀ ਇਮਾਰਤ ਦੀ ਉਸਾਰੀ 1963 ਵਿਚ ਝਾੜ ਸਾਹਿਬ ਦੇ ਪਿਆਰਾ ਸਿੰਘ ਨੇ ਕਰਵਾਈ। ਇਹ ਇਮਾਰਤ ਪੁਰਾਤਨ ‘ਗੁਰਦੁਆਰਾ ਕਤਲਗੜ੍ਹ ਸਾਹਿਬ` ਦੀ ਕੇਂਦਰੀ ਇਮਾਰਤ ਦਾ ਦੂਜਾ ਰੂਪ ਹੈ - ਇਕ ਆਇਤਾਕਾਰ ਹਾਲ ਵਿਚ ਜ਼ਮੀਨੀ ਮੰਜ਼ਲ ਤੇ ਵਰਗਾਕਾਰ ਪਵਿੱਤਰ ਅਸਥਾਨ ਅਤੇ ਇਸ ਅਸਥਾਨ ਦੇ ਕੋਨਿਆਂ ਤੇ ਸਜਾਵਟੀ ਕਲਸ ਨਾਲ ਸੁਸ਼ੋਭਿਤ ਗੁੰਬਦਨੁਮਾ ਕਮਰਾ ਬਣਾਇਆ ਹੋਇਆ ਹੈ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਥਾਨਿਕ ਕਮੇਟੀ ਰਾਹੀਂ ਕੀਤਾ ਜਾਂਦਾ ਹੈ ਜਿਸਦਾ ਦਫ਼ਤਰ ‘ਗੁਰਦੁਆਰਾ ਕਤਲਗੜ੍ਹ ਸਾਹਿਬ` ਵਿਖੇ ਸਥਿਤ ਹੈ।
ਗੁਰਦੁਆਰਾ ਗੜ੍ਹੀ ਸਾਹਿਬ, ਕਿਲ੍ਹੇ-ਨੁਮਾ ਦੋ ਮੰਜ਼ਲੀ ਹਵੇਲੀ ਵੱਲ ਸੰਕੇਤ ਕਰਦਾ ਹੈ ਜਿਸਦੇ ਆਲੇ-ਦੁਆਲੇ ਉਚੀਆਂ ਦੀਵਾਰਾਂ ਅਤੇ ਉੱਤਰ ਵੱਲ ਕੇਵਲ ਇਕ ਪ੍ਰਵੇਸ਼ ਦੁਆਰ ਬਣਿਆ ਹੋਇਆ ਹੈ। ਇਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ 7 ਦਸੰਬਰ,1705 ਦੇ ਬੇਮਿਸਾਲ ਯੁੱਧ ਵਿਚ ਕਿਲ੍ਹੇ ਵਜੋਂ ਵਰਤਿਆ ਸੀ। 6-7 ਦਸੰਬਰ ਦੀ ਰਾਤ ਨੂੰ ਗੜ੍ਹੀ ਵਿਚ ਆ ਜਾਣ ਤੋਂ ਬਾਅਦ ਗੁਰੂ ਜੀ ਨੇ ਚਾਰੇ ਕੋਨਿਆਂ ਤੇ ਅੱਠ-ਅੱਠ ਸਿੰਘਾਂ ਦੇ ਹਿਫ਼ਾਜ਼ਤੀ ਦਸਤੇ ਤਾਇਨਾਤ ਕਰ ਦਿੱਤੇ ਅਤੇ ਹੋਰ ਸਿੰਘਾਂ, ਮਦਨ ਸਿੰਘ ਅਤੇ ਕੋਠਾ ਸਿੰਘ, ਨੂੰ ਪ੍ਰਵੇਸ਼ ਦੁਆਰ ਤੇ ਨਿਯੁਕਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ , ਅਜੀਤ ਸਿੰਘ ਅਤੇ ਜੁਝਾਰ ਸਿੰਘ ਅਤੇ ਦੂਜੇ ਸਿੱਖਾਂ ਸਮੇਤ ਗੜ੍ਹੀ ਦੇ ਵਿਚਕਾਰ ਪਹਿਲੀ ਮੰਜ਼ਲ ਤੇ ਮੋਰਚਾ ਸੰਭਾਲ ਲਿਆ, ਰੋਪੜ , ਸਿਰਹਿੰਦ (ਸਰਹਿੰਦ) ਅਤੇ ਮਲੇਰਕੋਟਲਾ ਦੀਆਂ ਫ਼ੌਜਾਂ ਸਮੇਤ ਸ਼ਾਹੀ ਫ਼ੌਜ ਨੇ ਉੱਥੇ ਪਹੁੰਚ ਕੇ ਗੜ੍ਹੀ ਨੂੰ ਘੇਰਾ ਪਾ ਲਿਆ। ਸਾਰਾ ਦਿਨ ਲੜਾਈ ਚੱਲਦੀ ਰਹੀ। ਘੇਰਾ ਪਾਉਣ ਵਾਲੀ ਸ਼ਾਹੀ ਫ਼ੌਜ ਨੇ ਗੜ੍ਹੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਜਦੋਂ ਗੜ੍ਹੀ ਵਿਚੋਂ ਤੀਰ ਅਤੇ ਗੋਲਾ-ਬਰੂਦ ਖ਼ਤਮ ਹੋਣਾ ਸ਼ੁਰੂ ਹੋਇਆ ਤਾਂ ਸਿੱਖ ਛੋਟੇ-ਛੋਟੇ ਜਥਿਆਂ ਵਿਚ ਬਾਹਰ ਆ ਕੇ ਦੁਸ਼ਮਣ ਨਾਲ ਹੱਥੋ-ਹੱਥ ਲੜਾਈ ਕਰਨ ਲੱਗੇ। ਅਜਿਹੇ ਹੀ ਦੋ ਜਥਿਆਂ ਦੀ ਅਗਵਾਈ 18 ਸਾਲ ਅਤੇ 14 ਸਾਲ ਦੇ ਸਾਹਿਬਜ਼ਾਦਿਆਂ ਕ੍ਰਮਵਾਰ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੇ ਕੀਤੀ ਜੋ ਕਿ ਦੂਜੇ ਸਿੱਖਾਂ ਦੀ ਤਰ੍ਹਾਂ ਲੜਦੇ ਹੋਏ ਨਾਇਕਾਂ ਵਾਂਗ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਦੇ ਨੌਜਵਾਨ ਸੁਪੁੱਤਰਾਂ ਦੀ ਬਹਾਦਰੀ ਦੇ ਪ੍ਰਦਰਸ਼ਨ ਨੂੰ ਆਧੁਨਿਕ ਮੁਸਲਿਮ ਕਵੀ ਅੱਲਹਯਾਰ ਖ਼ਾਨ ਜੋਗੀ ਨੇ ਦਿਲ ਟੁੰਬਵੇਂ ਅੰਦਾਜ਼ ਵਿਚ ਅੰਕਿਤ ਕੀਤਾ ਹੈ। ਜੋਗੀ 20ਵੀਂ ਸਦੀ ਦੇ ਦੂਜੇ ਅਤੇ ਤੀਜੇ ਦਹਾਕੇ ਦੌਰਾਨ ਸਿੱਖਾਂ ਦੀਆਂ ਸਟੇਜਾਂ ਤੇ ਆਪਣਾ ਉਰਦੂ ਕਾਵਿ ‘‘ਸ਼ਹੀਦਾਂ- ੲ-ਵਫ਼ਾ`` ਸਿਰਲੇਖ ਹੇਠ ਉਪਰੋਕਤ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਸੁਣਾਇਆ ਕਰਦਾ ਸੀ।
ਰਾਤ ਹੋਣ ਤਕ ਗੁਰੂ ਗੋਬਿੰਦ ਸਿੰਘ ਜੀ ਕੇਵਲ ਪੰਜ ਸਿੱਖਾਂ ਨਾਲ ਗੜ੍ਹੀ ਵਿਚ ਬਾਕੀ ਰਹਿ ਗਏ ਸਨ। ਉਹਨਾਂ ਪੰਜਾਂ ਨੇ ਗੁਰੂ ਜੀ ਨੂੰ ਬਚ ਨਿਕਲਣ ਦੀ ਬੇਨਤੀ ਕੀਤੀ ਤਾਂ ਕਿ ਉਹ ਆਪਣੇ ਸਿੱਖਾਂ ਨੂੰ ਮੁੜ ਇਕੱਤਰ ਕਰਕੇ ਦਮਨ ਖ਼ਿਲਾਫ਼ ਸੰਘਰਸ਼ ਜਾਰੀ ਰੱਖ ਸਕਣ। ਗੁਰੂ ਜੀ ਸਹਿਮਤ ਹੋ ਗਏ। ਗੁਰੂ ਜੀ ਨੇ ਆਪਣਾ ਪਹਿਰਾਵਾ ਸੰਗਤ ਸਿੰਘ ਨੂੰ ਦੇ ਦਿੱਤਾ ਜੋ ਕਿ ਸਰੀਰਿਕ ਬਣਤਰ ਅਤੇ ਮੁਹਾਂਦਰੇ ਪੱਖੋਂ ਗੁਰੂ ਜੀ ਨਾਲ ਮੇਲ ਖਾਂਦਾ ਸੀ। ਗੁਰੂ ਜੀ ਰਾਤ ਦੇ ਹਨੇਰੇ ਵਿਚ ਦਿਨ ਭਰ ਦੀ ਜੰਗ ਤੋਂ ਬਾਅਦ ਥੱਕ ਕੇ ਸੁਸਤਾ ਰਹੀ ਫ਼ੌਜ ਦੇ ਘੇਰੇ ਵਿਚੋਂ ਨਿਕਲਣ ਵਿਚ ਸਫ਼ਲ ਹੋ ਗਏ। ਦਇਆ ਸਿੰਘ, ਧਰਮ ਸਿੰਘ ਅਤੇ ਮਾਨ ਸਿੰਘ ਵੀ ਬਚ ਨਿਕਲੇ ਅਤੇ ਪਿੱਛੇ ਕੇਵਲ ਦੋ ਸਿੱਖ, ਸੰਗਤ ਸਿੰਘ ਅਤੇ ਸੰਤ ਸਿੰਘ , ਬਾਕੀ ਰਹਿ ਗਏ। ਅਗਲੀ ਸਵੇਰ ਜਿਉਂ ਹੀ ਹਮਲਾ ਸ਼ੁਰੂ ਹੋਇਆ ਤਾਂ ਸ਼ਾਹੀ ਫ਼ੌਜ ਬਗ਼ੈਰ ਕਿਸੇ ਵਿਰੋਧ ਦੇ ਗੜ੍ਹੀ ਵਿਚ ਦਾਖ਼ਲ ਹੋ ਗਈ ਅਤੇ ਉੱਥੇ ਕੇਵਲ ਦੋ ਸਿੱਖਾਂ ਨੂੰ ਵੇਖ ਕੇ ਹੈਰਾਨ ਰਹਿ ਗਈ ਜਿਹਨਾਂ ਨੇ ਆਖ਼ਰੀ ਸਾਹ ਤਕ ਲੜਦੇ ਹੋਏ ਸ਼ਹੀਦੀ ਪਾਉਣ ਨੂੰ ਪਹਿਲ ਦਿੱਤੀ।
1764 ਵਿਚ, ਖ਼ਾਲਸੇ ਦੀ ਸਿਰਹਿੰਦ (ਸਰਹਿੰਦ) ਤੇ ਫ਼ਤਿਹ ਹੋਣ ਨਾਲ ਸੰਪੂਰਨ ਇਲਾਕਾ ਸਿੱਖਾਂ ਦੇ ਅਧਿਕਾਰ ਹੇਠ ਆ ਗਿਆ ਤਾਂ ਚਮਕੌਰ ਦੀ ਗੜ੍ਹੀ ਨੂੰ ਪਵਿੱਤਰ ਯਾਦਗਾਰ ਦੇ ਤੌਰ ਤੇ ਸੁਰੱਖਿਅਤ ਰੱਖ ਲਿਆ ਗਿਆ। ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ ਇੱਥੇ ਇਕ ਗੁਰਦੁਆਰੇ ਦਾ ਨਿਰਮਾਣ ਕਰਵਾਇਆ। ਇਸ ਨੂੰ ‘ਗੜ੍ਹੀ ਸਾਹਿਬ` ਕਿਹਾ ਗਿਆ; ਇਸ ਤੋਂ ਇਲਾਵਾ ਇਸ ਵਿਸ਼ਵਾਸ ਨਾਲ ਇਸਨੂੰ ਤਿਲਕ ਅਸਥਾਨ ਵੀ ਕਿਹਾ ਗਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖਾਂ ਦੇ ਆਦੇਸ਼ ਦਾ ਪਾਲਣ ਕਰਦੇ ਹੋਏ ਗੜ੍ਹੀ ਛੱਡਣ ਤੋਂ ਪਹਿਲਾਂ ਆਪਣੇ ਬਸਤਰ , ਦਸਤਾਰ ਅਤੇ ਕਲਗੀ ਭਾਈ ਸੰਗਤ ਸਿੰਘ ਨੂੰ ਦੇ ਦਿੱਤੀ ਜੋ ਕਿ ਖ਼ਾਲਸੇ ਨੂੰ ਗੁਰਗੱਦੀ ਲਈ ਉੱਤਰਾਧਿਕਾਰੀ ਹੋਣ ਵੱਲ ਸੰਕੇਤ ਕਰਦੀ ਹੈ। ਗੁਰਦੁਆਰੇ ਦੀ ਪੁਰਾਤਨ ਇਮਾਰਤ ਨੂੰ ਢਾਹ ਕੇ ਇੱਥੇ ਚਾਰ-ਮੰਜ਼ਲਾਂ ਇਮਾਰਤ ਦਾ ਨਿਰਮਾਣ ਕੀਤਾ ਗਿਆ ਹੈ। ਪਵਿੱਤਰ ਅਸਥਾਨ ਜ਼ਮੀਨੀ ਮੰਜ਼ਲ ਤੇ ਦੀਵਾਨ ਹਾਲ ਦੇ ਕੇਂਦਰ ਵਿਚ ਸੁਸ਼ੋਭਿਤ ਹੈ। ਇਮਾਰਤ ਦੀ ਸਿਖਰ ਤੇ ਕਮਲ ਗੁੰਬਦ ਬਣਾਇਆ ਗਿਆ ਹੈ ਜਿਸਨੂੰ ਚਿਪਸ ਦੀਆਂ ਚਮਕਦਾਰ ਟਾਇਲਾਂ ਨਾਲ ਢਕਿਆ ਹੋਇਆ ਹੈ। ਮੁੱਖ ਹਾਲ ਦੀਆਂ ਕੰਧਾਂ ਅਤੇ ਕੋਨਿਆਂ ਤੇ ਸਜਾਵਟੀ ਗੁੰਬਦਦਾਰ ਮੰਡਪ ਬਣੇ ਹੋਏ ਹਨ।
ਗੁਰਦੁਆਰਾ ਕਤਲਗੜ੍ਹ ਸਾਹਿਬ (ਸ਼ਹੀਦ ਗੰਜ), ਗੜ੍ਹੀ ਸਾਹਿਬ ਦੇ ਪੱਛਮ ਵੱਲ ਚਮਕੌਰ ਸਾਹਿਬ ਵਿਖੇ ਪ੍ਰਮੁਖ ਗੁਰਧਾਮ ਹੈ। ਇਹ ਅਸਥਾਨ 7 ਦਸੰਬਰ 1705 ਨੂੰ ਮੁਗ਼ਲ ਫ਼ੌਜ ਅਤੇ ਸਿੱਖਾ ਦਰਮਿਆਨ ਹੋਈ ਗਹਿਗੱਚ ਹੱਥੋ-ਹੱਥ ਲੜਾਈ ਦੀ ਯਾਦ ਦਿਵਾਉਂਦਾ ਹੈ ਜਿਸ ਵਿਚ ਗੁਰੂ ਜੀ ਦੇ ਦੋ ਸਾਹਿਬਜ਼ਾਦੇ , ਅਜੀਤ ਸਿੰਘ ਅਤੇ ਜੁਝਾਰ ਸਿੰਘ , ਅਤੇ ਪੰਜਾਂ ਵਿਚੋਂ ਤਿੰਨ ਪਿਆਰੇ ਸ਼ਹੀਦ ਹੋਏ ਸਨ। 1831 ਵਿਚ ਇੱਥੇ ਬੇਲਾ ਦੇ ਸਰਦਾਰ ਹਰਦਿਆਲ ਸਿੰਘ ਨੇ ਇਕ ਗੁਰਦੁਆਰੇ ਦੀ ਇਮਾਰਤ ਬਣਵਾਈ ਜਿਸਨੂੰ 1960 ਵਿਚ ਇਕ ਨਵੀਂ ਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ। ਨਵੀਂ ਇਮਾਰਤ ਦੀ ਕਾਰ ਸੇਵਾ ਝਾੜ ਸਾਹਿਬ ਦੇ ਸੰਤ ਪਿਆਰਾ ਸਿੰਘ ਅਤੇ ਪਿੱਛੋਂ ਅੰਮ੍ਰਿਤਸਰ ਦੇ ਸੰਤ ਬਿਸ਼ਨ ਸਿੰਘ ਦੀ ਦੇਖ-ਰੇਖ ਹੇਠ ਹੋਈ। ਉੱਚੀ ਥਾਂ ਤੇ ਸੁਸ਼ੋਭਿਤ ਤਿੰਨ ਮੰਜ਼ਲਾ ਗੁੰਬਦਦਾਰ ਪ੍ਰਮੁਖ ਇਮਾਰਤ ਨੂੰ ਮੰਜੀ ਸਾਹਿਬ ਕਿਹਾ ਜਾਂਦਾ ਹੈ। ਵੱਡੇ ਦੀਵਾਨ ਹਾਲ ਵਿਚ ਅੱਠ-ਮੀਟਰ ਵਰਗਾਕਾਰ ਪਵਿੱਤਰ ਅਸਥਾਨ ਬਣਿਆ ਹੋਇਆ ਹੈ। ਨੇੜੇ ਹੀ ਬਣੇ ਹੋਏ ਦੂਜੇ ਵਿਸ਼ਾਲ ਹਾਲ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਹੈ। ਮੰਜੀ ਸਾਹਿਬ ਇਮਾਰਤ ਦੀ ਉਸਾਰੀ ਤੋਂ ਪਹਿਲਾਂ ਇਸਨੂੰ ਰੋਜ਼ਾਨਾ ਸਤਸੰਗ ਲਈ ਵਰਤਿਆ ਜਾਂਦਾ ਸੀ। ਅਕਾਲ ਬੁੰਗਾ ਦੇ ਪੱਛਮ ਵੱਲ ਬਣੀ ਹੋਈ ਬਾਉਲੀ ਸਾਹਿਬ ਅਜੇ ਵੀ ਵਰਤੋਂ ਯੋਗ ਹੈ। ਬਾਉਲੀ ਸਾਹਿਬ ਅਤੇ ਅਕਾਲ ਬੁੰਗਾ ਦੇ ਅੱਗੇ ਉੱਤਰ ਵੱਲ ਗੁਰੂ ਕਾ ਲੰਗਰ ਹੈ। ਗੁਰਦੁਆਰੇ ਵਿਚ ਸਥਾਨਿਕ ਪ੍ਰਬੰਧਕ ਕਮੇਟੀ ਦਾ ਦਫ਼ਤਰ ਬਣਿਆ ਹੋਇਆ ਹੈ ਜਿੱਥੋਂ ਚਮਕੌਰ ਸਾਹਿਬ ਵਿਖੇ ਬਣੇ ਹੋਏ ਸਮੂਹ ਇਤਿਹਾਸਿਕ ਗੁਰਧਾਮਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਪ੍ਰਬੰਧ ਕੀਤਾ ਜਾਂਦਾ ਹੈ। ਰੋਜ਼ਾਨਾ ਸੇਵਾ ਦੇ ਨਾਲ-ਨਾਲ ਸਿੱਖ ਕੈਲੰਡਰ ਅਨੁਸਾਰ ਮਹੱਤਵਪੂਰਨ ਗੁਰਪੁਰਬਾ ਅਤੇ ਹਰ ਇਕ ਬਿਕਰਮੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਇੱਥੇ ਭਾਰੀ ਸੰਗਤ ਜੁੜਦੀ ਹੈ। ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਤਿੰਨ ਦਿਨਾਂ ਸ਼ਹੀਦੀ ਮੇਲਾ 6,7 ਅਤੇ 8 ਪੋਹ ਨੂੰ ਲੱਗਦਾ ਹੈ ਜੋ ਕਿ ਆਮ ਤੌਰ ਤੇ 20,21 ਅਤੇ 22 ਦਸੰਬਰ ਨੂੰ ਆਉਂਦਾ ਹੈ।
ਗੁਰਦੁਆਰਾ ਸ਼ਹੀਦ ਬੁਰਜ ਭਾਈ ਜੀਵਨ ਸਿੰਘ , ‘ਗੁਰਦੁਆਰਾ ਗੜ੍ਹੀ ਸਾਹਿਬ` ਦੇ ਨਾਲ ਹੀ ਬਣਿਆ ਹੋਇਆ ਹੈ ਜੋ ਕਿ ਗੜ੍ਹੀ ਦੇ ਦਰਵਾਜੇ ਦੀ ਯਾਦ ਦਿਵਾਉਂਦਾ ਹੈ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ 7 ਦਸੰਬਰ ਦੇ ਅਸਾਂਵੇਂ ਯੁੱਧ ਵਿਚ ਮਜ਼ਬੂਤ ਸੁਰੱਖਿਆ ਵਜੋਂ ਵਰਤਿਆ ਸੀ। ਗੇਟ ਦੀ ਰੱਖਿਆ ਭਾਈ ਮਦਨ ਸਿੰਘ ਅਤੇ ਭਾਈ ਕੋਠਾ ਸਿੰਘ ਨੇ ਕੀਤੀ ਪਰ ਗੁਰਦੁਆਰੇ ਦਾ ਨਾਂ ਭਾਈ ਜੀਵਨ ਸਿੰਘ ਦੇ ਨਾਂ ਤੇ ਰੱਖਿਆ ਗਿਆ। ਜੀਵਨ ਸਿੰਘ, ਭਾਈ ਜੈਤਾ ਨੂੰ ਕਿਹਾ ਜਾਂਦਾ ਹੈ ਜੋ 1675 ਵਿਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਸੀਸ ਦਿੱਲੀ ਤੋਂ ਕੀਰਤਪੁਰ ਲੈ ਕੇ ਆਇਆ ਅਤੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਤੋਂ ‘ਰੰਗਰੇਟੇ ਗੁਰੂ ਕੇ ਬੇਟੇ ’ ਦਾ ਖ਼ਿਤਾਬ ਹਾਸਲ ਕੀਤਾ। 1699 ਵਿਚ, ਇਸਨੇ ਖ਼ਾਲਸਾ ਪੰਥ ਦੀ ਸਾਜਨਾ ਸਮੇਂ ਖੰਡੇ ਦੀ ਪਾਹੁਲ ਲੈ ਕੇ ਆਪਣਾ ਨਾਂ ਜੀਵਨ ਸਿੰਘ ਰੱਖ ਲਿਆ। ਭੱਟ ਵਹੀਆਂ ਅਨੁਸਾਰ ਸਿਰਸਾ ਦੇ ਕੰਢੇ ਤੇ ਹੋਏ ਹਮਲੇ ਸਮੇਂ ਇਹ ਸੈਨਾ ਦੇ ਪਿਛਲੇ ਦਸਤੇ ਵਿਚ ਲੜਦਾ ਹੋਇਆ ਸ਼ਹੀਦ ਹੋ ਗਿਆ। ਗੁਰਦੁਆਰਾ ਸ਼ਹੀਦ ਬੁਰਜ, ਜੋ ਕਿ ਉਸ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ, ਪੁਰਾਣੀਆਂ ਸਰਹਿੰਦੀ ਇੱਟਾਂ ਦਾ ਬਣਿਆ ਹੋਇਆ ਛੋਟਾ ਜਿਹਾ ਧਾਰਮਿਕ ਅਸਥਾਨ ਹੈ ਜਿਸ ਨਾਲ ਬਾਅਦ ਵਿਚ ਇਕ ਛੋਟੇ ਜਿਹੇ ਹਾਲ ਦਾ ਵਾਧਾ ਕੀਤਾ ਗਿਆ। ਅਸਲ ਅਸਥਾਨ, ਜਿੱਥੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ, ਉਹ ਭਾਈ ਜੀਵਨ ਸਿੰਘ ਨਾਲ ਸੰਬੰਧਿਤ ਮਜ਼ਹਬੀ ਸਿੱਖ ਭਾਈਚਾਰੇ ਨੇ ਬਣਾਇਆ ਹੈ।
ਗੁਰਦੁਆਰਾ ਤਾੜੀ ਸਾਹਿਬ, ਪਹਾੜੀ ਦੇ ਹੇਠਾਂ ਗੁਰਦੁਆਰਾ ਕਤਲਗੜ੍ਹ ਦੇ ਪੱਛਮ ਵੱਲ ਬਣਿਆ ਹੋਇਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 7-8 ਦਸੰਬਰ 1705 ਦੀ ਰਾਤ ਸਮੇਂ ਚਮਕੌਰ ਦੀ ਗੜ੍ਹੀ ਨੂੰ ਛੱਡਣ ਦਾ ਫ਼ੈਸਲਾ ਕੀਤਾ ਤਾਂ ਤਿੰਨ ਸਿੱਖ , ਭਾਈ ਦਇਆ ਸਿੰਘ , ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਉਹਨਾਂ ਦੇ ਨਾਲ ਬਾਹਰ ਆ ਗਏ। ਉਹ ਸਭ ਵੱਖ-ਵੱਖ ਦਿਸ਼ਾਵਾਂ ਵੱਲ ਗਏ ਪਰ ਜਾਣ ਤੋਂ ਪਹਿਲਾਂ ਇਕ ਵਿਸ਼ੇਸ਼ ਤਾਰੇ ਦੀ ਦਿਸ਼ਾ ਵੱਲ ਚੱਲਦੇ ਹੋਏ ਨਿਸ਼ਚਿਤ ਅਸਥਾਨ ਤੇ ਮਿਲਣ ਦਾ ਫ਼ੈਸਲਾ ਕੀਤਾ। ਗੁਰੂ ਜੀ ਬਗ਼ੈਰ ਦੱਸੇ ਜਾਣਾ ਨਹੀਂ ਸਨ ਚਾਹੁੰਦੇ ਇਸ ਲਈ ਉਹਨਾਂ ਨੇ, ਜਿੱਥੇ ਹੁਣ ‘ਗੁਰਦੁਆਰਾ ਤਾੜੀ ਸਾਹਿਬ’ ਬਣਿਆ ਹੋਇਆ ਹੈ, ਟਿੱਬੀ ਤੇ ਪਹੁੰਚ ਕੇ ਤਾੜੀ ਮਾਰੀ ਅਤੇ ਉੱਚੀ ਆਵਾਜ਼ ਵਿਚ ਕਿਹਾ : ‘ਹਿੰਦ ਦਾ ਪੀਰ ਜਾ ਰਿਹਾ ਹੈ।` ਆਪੋ ਆਪਣੀਆਂ ਵੱਖਰੀਆਂ ਦਿਸ਼ਾਵਾਂ ਵੱਲ ਜਾ ਰਹੇ ਤਿੰਨਾਂ ਸਿੱਖਾਂ ਨੇ ਵੀ ਤਾੜੀ ਮਾਰੀ ਅਤੇ ਉੱਚੀ ਅਵਾਜ਼ ਵਿਚ ਗੁਰੂ ਜੀ ਦੇ ਵਾਕ ਦੁਹਰਾਏ। ਇਸ ਨਾਲ ਘੇਰਾ ਪਾਉਣ ਵਾਲੀ ਫ਼ੌਜ ਵਿਚ ਭਗਦੜ ਮਚ ਗਈ ਅਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਬਿਨਾਂ ਕਿਸੇ ਨੁਕਸਾਨ ਦੇ ਬਚ ਕੇ ਘੇਰੇ ਵਿਚੋਂ ਬਾਹਰ ਆ ਗਏ। ਟਿੱਬੀ ਤੇ ਬਣਿਆ ਹੋਇਆ ਗੁਰਦੁਆਰਾ ਉਸ ਅਸਥਾਨ ਦੀ ਯਾਦ ਦਿਵਾਉਂਦਾ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਾੜੀ ਮਾਰ ਕੇ ਚਾਲੇ ਪਾਏ ਸਨ।
ਲੇਖਕ : ਗ.ਨ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਚਮਕੌਰ ਸਾਹਿਬ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਮਕੌਰ ਸਾਹਿਬ : ਇਹ ਸਿੱਖਾਂ ਦਾ ਪ੍ਰਸਿੱਧ ਇਤਿਹਾਸਕ ਅਤੇ ਧਾਰਮਕ ਅਸਥਾਨ ਹੈ। ਇਹ ਪੰਜਾਬ ਦੇ ਰੂਪਨਗਰ (ਰੋਪੜ) ਜ਼ਿਲ੍ਹੇ ਦੀ ਇਕ ਉਪ-ਤਹਿਸੀਲ ਦਾ ਸਦਰ-ਮੁਕਾਮ ਹੈ। ਇਹ ਚੰਡੀਗੜ੍ਹ ਬੇਲਾ ਰੋਡ ਉੱਤੇ ਰੋਪੜ ਤੋਂ ਕੋਈ 15 ਕਿ. ਮੀ. ਪੱਛਮ ਵੱਲ ਨਹਿਰ ਸਰਹਿੰਦ ਉਤੇ ਵਾਕਿਆ ਹੈ।
ਚਮਕੌਰ ਸਾਹਿਬ ਦਾ ਪੁਰਾਣਾ ਨਾਂ ‘ਚੰਪਾ ਨਗਰੀ’ ਦੱਸਿਆ ਜਾਂਦਾ ਹੈ। ਇਸ ਦੇ ਮੁੱਢ ਬੱਝਣ ਬਾਰੇ ਕੋਈ ਪੱਕਾ ਪਤਾ ਨਹੀਂ ਲਗਦਾ। ਗੁਰਦੁਆਰਾ ਪ੍ਰਬੰਧਕ ਕਮੇਟੀ ਚਮਕੌਰ ਸਾਹਿਬ ਵਲੋਂ 1955 ਵਿਚ ਛਾਪੇ ਗਏ ਇਕ ਟ੍ਰੈਕਟ (ਲੇਖਕ ਗਿ. ਪ੍ਰਤਾਪ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ, ਅੰਮ੍ਰਿਸਤਰ) ਅਨੁਸਾਰ ਇਹ ਇਕ ਬਹੁਤ ਪੁਰਾਣਾ ਨਗਰ ਹੈ ਜਿਹੜਾ ਰਾਮਾਇਣ ਦੇ ਵਕਤਾਂ ਵਿਚ ਆਬਾਦ ਹੋਇਆ। ਇਥੇ ਸੰਘਣੀ ਵਸੋਂ ਹੋਣ ਕਰਕੇ ਥੇਹ ਦੀ ਚੰਗੀ ਤਰ੍ਹਾਂ ਪਰਖ ਨਹੀਂ ਕੀਤੀ ਜਾ ਸਕਦੀ ਪਰ ਮਿੱਟੀ ਦੇ ਭਾਂਡਿਆਂ ਦੀਆਂ ਠੀਕਰੀਆਂ ਤੇ ਹੋਰ ਚੀਜ਼ਾਂ, ਜੋ ਇਸ ਸਥਾਨ ਤੋਂ ਮਿਲਦੀਆਂ ਹਨ, ਤੋਂ ਇਥੋਂ ਦੇ ਇਤਿਹਾਸ ਦਾ ਕੁਝ ਪਤਾ ਲਗਦਾ ਹੈ। ਇਸ ਦੇ ਨੇੜੇ ਰੇਤ ਦੇ ਮੈਦਾਨ ਇਹ ਦੱਸਦੇ ਹਨ ਕਿ ਪੁਰਾਣੇ ਸਮਿਆਂ ਵਿਚ ਸਤਲੁਜ ਦਰਿਆ ਇਸ ਦੇ ਨਾਲੋਂ ਵਗਦਾ ਸੀ। ਸਭ ਤੋਂ ਪਹਿਲਾਂ ਇੱਥੇ ਹੱੜਪਾ ਵਾਲੇ ਲੋਕ ਵਸੇ। ਉਨ੍ਹਾਂ ਤੋਂ ਪਿਛੋਂ ਇਹ ਸ਼ਹਿਰ 600 ਈ. ਤੋਂ ਲੈ ਕੇ 1300 ਈ. ਤਕ ਉੱਜੜਿਆ ਰਿਹਾ ਪਰ ਉਸ ਤੋਂ ਪਿਛੋਂ ਫਿਰ ਵੱਸ ਗਿਆ। ਉਸ ਜ਼ਮਾਨੇ ਦੇ ਪਿਆਲੇ ਤੇ ਮਿੱਟੀ ਦੇ ਹੋਰ ਭਾਂਡੇ ਇਥੋਂ ਮਿਲਦੇ ਹਨ।
ਚਮਕੌਰ ਸਾਹਿਬ ਅਜਿਤ ਸੂਰਮੇ, ਧਰਮ ਤੇ ਦੇਸ਼ ਰਖਿਅਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਿੱਧ ਤੇ ਇਤਿਹਾਸਕ ਰਣ-ਖੇਤਰ ਹੈ। ਇੱਥੇ ਦਸਵੇਂ ਪਾਤਸ਼ਾਹ ਉਨ੍ਹਾਂ ਦੇ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ ਕੱਚੀ ਗੜ੍ਹੀ ਵਿਚੋਂ ਟਿੱਡੀ ਦਲ ਮੁਗ਼ਲ ਸੈਨਾ ਤੇ ਮੁਲਖਈਏ ਦਾ ਮੁਕਾਬਲਾ ਕੀਤਾ ਸੀ।
ਆਨੰਦਪੁਰ ਸਾਹਿਬ ਛੱਡ ਕੇ ਆਉਣ ਮਗਰੋਂ ਜਦੋਂ 7 ਪੋਹ, ਸੰਮਤ 1761 ਬਿ. (1704 ਈ.) ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਪੁੱਜੇ, ਉਦੋਂ ਇੱਥੇ ਇਕ ਕੱਚੀ ਗੜ੍ਹੀ ਹੁੰਦੀ ਸੀ। ਉਸ ਗੜ੍ਹੀ ਦਾ ਮਾਲਕ ਰਾਏ ਭਗਤ ਸਿੰਘ ਜੋ 65 ਪਿੰਡਾਂ ਦਾ ਟਿੱਕਾ ਸੀ।
ਗੁਰੂ ਜੀ ਨੇ ਕੱਚੀ ਗੜ੍ਹੀ ਵਿਚ ਮੋਰਚਾ-ਬੰਦੀ ਕੀਤੀ। ਉਨ੍ਹਾਂ ਨੇ ਗੜ੍ਹੀ ਦੀਆਂ ਚਾਰੇ ਬਾਹੀਆਂ ਤੇ ਅੱਠ-ਅੱਠ ਸਿੰਘ ਵੰਡ ਦਿੱਤੇ। ਦੋ ਸਿੰਘ ਭਾਈ ਕੋਠਾ ਸਿੰਘ ਅਤੇ ਭਾਈ ਮਦਨ ਸਿੰਘ ਦਰਵਾਜ਼ੇ ਤੇ ਖੜ੍ਹੇ ਕੀਤੇ ਗਏ। ਬਾਕੀ ਦੇ ਸਿੰਘਾਂ ਅਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪ ਉੱਪਰ ਉੱਚੀ ਅਟਾਰੀ ਵਿਚ ਚਲੇ ਗਏ। 8 ਪੋਹ, ਸੰਮਤ 1761 ਈ. ਨੂੰ ਸਾਰਾ ਦਿਨ ਸਖ਼ਤ ਲੜਾਈ ਹੁੰਦੀ ਰਹੀ। ਕਈ ਵਾਰ ਮੁਗ਼ਲ ਸੈਨਾ ਦੇ ਸਿਪਾਹੀਆਂ ਨੇ ਗੜ੍ਹੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸਾਰੀਆਂ ਬਾਰੀਆਂ ਤੇ ਤੈਨਾਤ ਸਿੰਘਾਂ ਨੇ ਬੇਸ਼ੁਮਾਰ ਸਿਪਾਹੀਆਂ ਨੂੰ ਪਾਰ ਬੁਲਾ ਦਿੱਤਾ। ਗੁਰੂ ਜੀ ਤੋਂ ਆਗਿਆ ਪਾ ਕੇ ਸਿੰਘ ਗੜ੍ਹੀ ਤੋਂ ਬਾਹਰ ਨਿਕਲ ਕੇ ਯੁੱਧ ਕਰਨ ਲੱਗੇ। ਇਸ ਜੰਗ ਵਿਚ ਗੁਰੂ ਜੀ ਨੇ ਆਪਣੇ ਦੋਵੇਂ ਵੱਡੇ ਸਾਹਿਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੂੰ ਹੋਰ ਸਿੰਘਾਂ ਸਹਿਤ ਵਾਰੋ ਵਾਰੀ ਰਣਭੂਮੀ ਵਿਚ ਭੇਜਿਆ। ਦੋਹਾਂ ਸਾਹਿਬਜ਼ਾਦਿਆਂ ਨੇ ਸੂਰਬੀਰਤਾ ਨਾਲ ਲੜਾਈ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।
ਸਿੰਘਾਂ ਦੀ ਆਗਿਆ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ਦੀ ਕਮਾਨ ਪਿੱਛੇ ਰਹਿੰਦੇ ਕੁਝ ਸਿੰਘਾਂ ਨੂੰ ਸੰਭਾਲ ਕੇ ਗੜ੍ਹੀ ਤੋਂ ਬਾਹਰ ਹੋਏ। ਉਨ੍ਹਾਂ ਨੇ ਫ਼ਤਹਿ ਗਜਾਈ ਅਤੇ ਤਾੜੀ ਮਾਰ ਕੇ ਇਹ ਕਹਿੰਦੇ ਹੋਏ ‘ਹਿੰਦੂਆਂ ਦਾ ਪੀਰ ਜਾ ਰਿਹਾ ਹੈ’, ਮੁਗ਼ਲ ਸੈਨਾ ਦੇ ਘੇਰੇ ਨੂੰ ਚੀਰ ਕੇ ਨਿਕਲ ਗਏ।
ਰਾਤ ਦੇ ਹਨੇਰੇ ਵਿਚ ਇਹ ਸੁਣ ਕੇ ਮੁਗ਼ਲ ਸੈਨਾ ਵਿਚ ਅਫ਼ਰਾ-ਤਫ਼ਰੀ ਮਚ ਗਈ। ਉਨ੍ਹਾਂ ਦੀ ਆਪਸ ਵਿਚ ਹੀ ਕਟਾ-ਵਢੀ ਸ਼ੁਰੂ ਹੋ ਗਈ। ਇਸ ਸ਼ੋਰ-ਸ਼ਰਾਬੇ ਵਿਚ ਹੀ ਗੁਰੂ ਜੀ ਅੱਗੇ ਨਿਕਲ ਗਏ। ਉਹ ਮਾਛੀਵਾੜੇ ਹੁੰਦੇ ਹੋਏ ਮਾਲਵੇ ਵੱਲ ਲੰਘ ਗਏ।
ਇਸ ਇਤਿਹਾਸਕ ਘਟਨਾ ਦੀ ਯਾਦ ਵਿਚ ਚਮਕੌਰ ਸਾਹਿਬ ਵਿਚ ਕਈ ਵੱਡੇ ਵੱਡੇ ਗੁਰਦੁਆਰੇ ਹਨ, ਜਿਨ੍ਹਾਂ ਦਾ ਵੇਰਵਾ ਨਿਮਨ ਅਨੁਸਾਰ ਹੈ :––
ਗੁਰਦੁਆਰਾ ਕਤਲਗੜ੍ਹ ਸਾਹਿਬ––ਇਹ ਚਮਕੌਰ ਸਾਹਿਬ ਦਾ ਸਭ ਤੋਂ ਵੱਡਾ ਗੁਰਦੁਆਰਾ ਅਤੇ ਕੇਂਦਰੀ ਸਥਾਨ ਹੈ। ਇਸ ਨੂੰ ‘ਸ਼ਹੀਦ ਗੰਜ’ ਵੀ ਕਹਿੰਦੇ ਹਨ। ਇਹ ਪੁਰਾਣੇ ਚਮਕੌਰ ਨਗਰ ਦੀ ਲਹਿੰਦੀ ਬਾਹੀ ਵੱਲ ਹੈ। ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਹੋਰ ਸਿੰਘਾਂ ਸਮੇਤ ਤੁਰਕ ਸੈਨਾ ਨਾਲ ਜੰਗ ਕਰਦਿਆਂ 8 ਪੋਹ, 1761 ਬਿਕਰਮੀ (1704 ਈ.) ਨੂੰ ਬਹਾਦਰੀ ਦਿਖਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਦੋਹਾਂ ਸਾਹਿਬਜ਼ਾਦਿਆਂ ਅਤੇ ਬਾਕੀ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਇਥੇ ਹੀ ਹੋਇਆ ਸੀ। ਸੰਸਕਾਰ ਵਾਲੀ ਥਾਂ ਨੂੰ ਅੰਗੀਠਾ ਸਾਹਿਬ ਕਹਿੰਦੇ ਹਨ। ਇਸ ਗੁਰਦੁਆਰੇ ਦੀ ਨਵੀਂ ਇਮਾਰਤ ਕਾਫ਼ੀ ਖੁਲ੍ਹੀ ਅਤੇ ਸੁੰਦਰ ਹੈ। ਹਰ ਸੰਗਰਾਂਦ ਨੂੰ ਇਥੇ ਬੜਾ ਭਾਰੀ ਜੋੜ ਮੇਲਾ ਹੁੰਦਾ ਹੈ ਅਤੇ ਹਰ ਸਾਲ 6, 7, 8 ਪੋਹ (ਲਗਭਗ 21, 22, 23 ਦਸੰਬਰ) ਨੂੰ ਸ਼ਹੀਦੀ ਜੋੜ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਗੁਰਦੁਆਰਾ ਦਮਦਮਾ ਸਾਹਿਬ––ਇਥੇ ਗੜ੍ਹੀ ਦੇ ਮਾਲਕ ਦਾ ਬਾਗ਼ ਸੀ। ਗੁਰੂ ਸਾਹਿਬ ਜੀ ਪਹਿਲਾਂ ਇਥੇ ਆ ਕੇ ਬਿਰਾਜੇ ਸਨ। ਇਹ ਚਮਕੌਰ ਦੇ ਮੌਜੂਦਾ ਬਾਜ਼ਾਰ ਦੇ ਲਗਭਗ ਵਿਚਕਾਰ ਕਰਕੇ ਹੈ।
ਗੁਰਦੁਆਰਾ ਗੜ੍ਹੀ ਸਾਹਿਬ (ਤਿਲਕ ਅਸਥਾਨ)––ਇਥੇ ਕੱਚੀ ਗੜ੍ਹੀ ਵਿਚ ਬੈਠ ਕੇ ਗੁਰੂ ਸਾਹਿਬ ਨੇ ਜੰਗ ਕੀਤਾ ਸੀ। ਇਸੇ ਅਸਥਾਨ ਤੇ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ (ਕਈ ਹਵਾਲਾ ਪੁਸਤਕਾਂ ਵਿਚ ਭਾਈ ਸੰਤ ਸਿੰਘ ਲਿਖਿਆ ਹੈ) ਨੂੰ ਜਿਗ੍ਹਾ ਕਲਗ਼ੀ ਦਿੱਤੀ ਸੀ। ਇਹ ਗੁਰਦੁਆਰਾ ਚਮਕੌਰ ਸਾਹਿਬ ਵਿਚ ਸਭ ਤੋਂ ਉੱਚੀ ਜਗ੍ਹਾ ਤੇ ਹੈ ਅਤੇ ਬਹੁਤ ਦੂਰੋਂ ਨਜ਼ਰ ਆਉਂਦਾ ਹੈ।
ਗੁਰਦੁਆਰਾ ਸ਼ਹੀਦ ਬੁਰਜ––ਇਥੇ ਗੜ੍ਹੀ ਦਾ ਦਰਵਾਜ਼ਾ ਸੀ। ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਪਹਿਰੇਦਾਰ ਇਥੇ ਸ਼ਹੀਦ ਹੋਏ ਅਤੇ ਭਾਈ ਜਿਊਣ ਸਿੰਘ ਦੀ ਯਾਦਗਾਰ ਕਾਇਮ ਕੀਤੀ ਗਈ।
ਗੁਰਦੁਆਰਾ ਰਣਜੀਤ ਗੜ੍ਹ ਸਾਹਿਬ––ਇਹ ਅਸਥਾਨ ਗੁਰੂ ਸਾਹਿਬ ਦੇ ਪਹਿਲੇ ਜੰਗ ਦੀ ਯਾਦਗਾਰ ਹੈ। ਇਥੇ ਕੁਰਕਸ਼ੇਤਰ ਤੋਂ ਮੁੜਦਿਆਂ ਹੋਇਆਂ ਰਣਜੀਤ ਨਗਾਰਾ ਵਜਾ ਕੇ ਯੁੱਧ ਕੀਤਾ ਸੀ। ਇਹ ਗੁਰਦੁਆਰਾ ਚਮਕੌਰ ਸਾਹਿਬ ਦੇ ਪੂਰਬ ਵਿਚ ਨਗਰ ਤੋਂ ਬਾਹਰ ਨਿਕਲ ਕੇ ਇਕ ਟਿੱਬੇ ਉੱਤੇ ਸਥਿਤ ਹੈ।
ਗੁਰਦੁਆਰਾ ਤਾੜੀ ਸਾਹਿਬ––ਇਥੇ ਗੁਰੂ ਸਾਹਿਬ ਨੇ ਵੈਰੀ ਦਲਾਂ ਵਿਚੋਂ ਨਿਕਲ ਜਾਣ ਨੂੰ ਪ੍ਰਗਟ ਕਰਨ ਲਈ ਤਾੜੀ ਵਜਾਈ ਸੀ। ਇਹ ਕੌਤਕ 7-8 ਪੋਹ ਦੀ ਰਾਤ ਨੂੰ ਵਰਤਿਆ ਸੀ। ਇਹ ਗੁਰਦੁਆਰਾ ਚਮਕੌਰ ਸਹਿਬ ਦੇ ਪੱਛਮ ਵਿਚ ਗੁਰਦੁਆਰਾ ਕਤਲਗੜ੍ਹ ਤੋਂ ਅੱਧੇ ਕੁ ਕਿਲੋਮੀਟਰ ਦੇ ਫ਼ਾਸਲੇ ਤੇ ਹੈ।
ਚਮਕੌਰ ਸਾਹਿਬ ਦਾ ਸਾਲਾਨਾ ਸ਼ਹੀਦੀ ਜੋੜ-ਮੇਲਾ ਬਹੁਤ ਪ੍ਰਸਿੱਧ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਇਥੇ ਆਉਂਦੀਆਂ ਹਨ। ਧਾਰਮਕ ਦੀਵਾਨ ਸੱਜਦੇ ਹਨ ਅਤੇ ਸਾਰੇ ਗੁਰਦੁਆਰਿਆਂ ਵਿਚ ਲੰਗਰ ਚਲਦੇ ਰਹਿੰਦੇ ਹਨ। ਸ਼ਹੀਦੀ ਜੋੜ-ਮੇਲੇ ਤੋਂ ਇਲਾਵਾ ਇਥੇ ਦੁਸਹਿਰਾ, ਵਿਸਾਖੀ ਅਤੇ ਗੁਰਪੁਰਬ ਵੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਸਾਰਾ ਸਾਲ ਇਥੇ ਯਾਤਰੂ ਦਰਸ਼ਨਾਂ ਵਾਸਤੇ ਆਉਂਦੇ ਰਹਿੰਦੇ ਹਨ। ਗੁਗਾ ਨੌਮੀ (ਮਾੜੀ ਦਾ ਮੇਲਾ) ਅਤੇ ਲਾਲਾਂ ਵਾਲੇ ਪੀਰ ਦੇ ਮੇਲੇ ਵੀ ਇਥੇ ਭਰਦੇ ਹਨ।
ਹ. ਪੁ.––ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਦੁਆਰਿਆਂ ਦਾ ਸੰਖੇਪ ਹਾਲ––ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਚਮਕੌਰ ਸਾਹਿਬ; ਨਿਰਾਲੀ ਚਮਕ––ਡਾ. ਰਤਨ ਸਿੰਘ ਗਿਆਨੀ ਸਹੌੜਾ ਵਾਲੇ; ਮ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਚਮਕੌਰ ਸਾਹਿਬ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚਮਕੌਰ ਸਾਹਿਬ : ਇਹ ਸਿੱਖਾਂ ਦਾ ਪ੍ਰਸਿੱਧ ਇਤਿਹਾਸਕ ਅਤੇ ਧਾਰਮਕ ਅਸਥਾਨ ਹੈ ਜੋ ਪੰਜਾਬ ਦੇ ਰੂਪਨਗਰ (ਰੋਪੜ) ਜ਼ਿਲ੍ਹੇ ਦੀ ਇਕ ਉਪ-ਤਹਿਸੀਲ ਦਾ ਸਦਰ ਮੁਕਾਮ ਹੈ।
ਇਥੇ ਦਸਵੇਂ ਪਾਤਸ਼ਾਹ, ਉਨ੍ਹਾਂ ਦੇ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ ਕੱਚੀ ਗੜ੍ਹੀ ਵਿਚੋਂ ਟਿੱਡੀ ਦਲ ਮੁਗ਼ਲ ਸੈਨਾ ਤੇ ਮੁਲਖਈਏ ਦਾ ਮੁਕਾਬਲਾ ਕੀਤਾ ਸੀ। ਆਨੰਦਪੁਰ ਸਾਹਿਬ ਛੱਡ ਕੇ ਆਉਣ ਮਗਰੋਂ ਜਦੋਂ 7 ਪੋਹ, ਸੰਮਤ 1761 (1704 ਈ.) ਨੂੰ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਪੁੱਜੇ, ਉਦੋਂ ਇਥੇ ਇਕ ਕੱਚੀ ਗੜ੍ਹੀ ਹੁੰਦੀ ਸੀ। ਉਸ ਗੜ੍ਹੀ ਦਾ ਮਾਲਕ ਜਗਤ ਸਿੰਘ ਜੀ ਜੋ 65 ਪਿੰਡਾਂ ਦਾ ਟਿੱਕਾ (ਮਾਲਕ) ਸੀ।
ਇਸ ਜਗ੍ਹਾ ਹੀ ਗੁਰੂ ਜੀ ਦੀ ਮੁਗ਼ਲ ਸੈਨਾ ਨਾਲ ਹੋਈ ਟੱਕਰ ਸਮੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋੋਏ। ਗੁਰੂ ਜੀ ਇਥੇ ਸਿੰਘਾਂ ਦੀ ਆਗਿਆ ਅਨੁਸਾਰ ਪਿੱਛੋਂ ਰਹਿੰਦੇ ਕੁਝ ਸਿੰਘਾਂ ਨੂੰ ਗੜ੍ਹੀ ਦੀ ਕਮਾਨ ਸੰਭਾਲ ਕੇ ਗੜ੍ਹੀ ਤੋਂ ਬਾਹਰ ਨਿਕਲ ਗਏ। ਉਨ੍ਹਾਂ ਨੇ ਫ਼ਤਹਿ ਗਜਾਈ ਤੇ ਤਾੜੀ ਮਾਰ ਕੇ ਇਹ ਕਹਿੰਦੇ ਹੋਏ ਕਿ ਹਿੰਦ ਦਾ ਪੀਰ ਜਾ ਰਿਹਾ ਹੈ, ਮੁਗ਼ਲ ਸੈਨਾ ਦੇ ਘੇਰੇ ਨੂੰ ਚੀਰ ਕੇ ਨਿਕਲ ਗਏ। ਇਥੋਂ ਉਹ ਮਾਛੀਵਾੜੇ ਹੁੰਦੇ ਹੋਏ ਮਾਲਵੇ ਵੱਲ ਲੰਘ ਗਏ।
ਇਸ ਇਤਿਹਾਸਕ ਘਟਨਾ ਦੀ ਯਾਦ ਵਿਚ ਚਮਕੌਰ ਸਾਹਿਬ ਵਿਚ ਕਈ ਵੱਡੇ ਵੱਡੇ ਗੁਰਦੁਆਰੇ ਹਨ ਜਿਨ੍ਹਾਂ ਦਾ ਵੇਰਵਾ ਨਿਮਨ ਅਨੁਸਾਰ ਹੈ-
ਗੁਰਦੁਆਰਾ ਕਤਲਗੜ੍ਹ ਸਾਹਿਬ
ਗੁਰਦੁਆਰਾ ਕਤਲਗੜ੍ਹ ਸਾਹਿਬ – ਇਹ ਚਮਕੌਰ ਸਾਹਿਬ ਦਾ ਸਭ ਤੋਂ ਵੱਡਾ ਗੁਰਦੁਆਰਾ ਅਤੇ ਕੇਂਦਰੀ ਸਥਾਨ ਹੈ। ਇਸ ਨੂੰ ਸ਼ਹੀਦ ਗੰਜ ਵੀ ਕਿਹਾ ਜਾਂਦਾ ਹੈ। ਇਹ ਗੁਰਦੁਆਰਾ ਉਸ ਪਾਵਨ ਅਸਥਾਨ ਤੇ ਬਣਿਆ ਹੋਇਆ ਹੈ ਜਿਥੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਣ ਵਾਲੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਅਤੇ ਹੋਰ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਇਸ ਲਈ ਸੰਸਕਾਰ ਵਾਲੀ ਥਾਂ ਨੂੰ ਅੰਗੀਠਾ ਸਾਹਿਬ ਵੀ ਕਿਹਾ ਜਾਂਦਾ ਹੈ। ਇਸ ਗੁਰਦੁਆਰੇ ਦੀ ਨਵੀਂ ਇਮਾਰਤ ਕਾਫ਼ੀ ਖੁਲ੍ਹੀ ਅਤੇ ਸੁੰਦਰ ਹੈ। ਹਰ ਸੰਗਰਾਂਦ ਨੂੰ ਇਥੇ ਬੜਾ ਭਾਰੀ ਮੇਲਾ ਲਗਦਾ ਹੈ ਅਤੇ ਹਰ ਸਾਲ 6,7,8 ਪੋਹ ਨੂੰ ਸ਼ਹੀਦੀ ਜੋੜ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਗੁਰਦੁਆਰਾ ਦਮਦਮਾ ਸਾਹਿਬ
ਗੁਰਦੁਆਰਾ ਦਮਦਮਾ ਸਾਹਿਬ – ਇਸ ਜਗ੍ਹਾ ਗੜ੍ਹੀ ਦੇ ਮਾਲਕ ਦਾ ਬਾਗ਼ ਸੀ। ਗੁਰੂ ਸਾਹਿਬ ਪਹਿਲਾਂ ਇਥੇ ਆ ਕੇ ਬਿਰਾਜੇ ਸਨ। ਇਹ ਚਮਕੌਰ ਦੇ ਮੌਜੂਦਾ ਬਾਜ਼ਾਰ ਦੇ ਲਗਭਗ ਵਿਚਕਾਰ ਸਥਿਤ ਹੈ।
ਗੜ੍ਹੀ ਸਾਹਿਬ
ਗੜ੍ਹੀ ਸਾਹਿਬ – ਜਿਸ ਕੱਚੀ ਗੜ੍ਹੀ ਵਿਚ ਪ੍ਰਵੇਸ਼ ਕਰ ਕੇ ਗੁਰੂ ਜੀ ਨੇ ਮੁੱਠੀ ਭਰ ਸਿੰਘਾਂ ਨਾਲ ਬੇਸ਼ੁਮਾਰ ਲਸ਼ਕਰ ਦਾ ਸਾਰਾ ਦਿਨ ਟਾਕਰਾ ਕੀਤਾ, ਉਸ ਦਾ ਨਾਂ ਗੜ੍ਹੀ ਸਾਹਿਬ ਹੈ।
ਗੁਰਦੁਆਰਾ ਸ਼ਹੀਦ ਬੁਰਜ
ਗੁਰਦੁਆਰਾ ਸ਼ਹੀਦ ਬੁਰਜ – ਇਥੇ ਗੜ੍ਹੀ ਦਾ ਦਰਵਾਜ਼ਾ ਸੀ। ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਪਹਿਰੇਦਾਰ ਇਥੇ ਸ਼ਹੀਦ ਹੋਏ। ਇਥੇ ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਦੀ ਯਾਦਗਾਰ ਵੀ ਕਾਇਮ ਕੀਤੀ ਗਈ ਹੈ।
ਤਾੜੀ ਸਾਹਿਬ
ਤਾੜੀ ਸਾਹਿਬ – ਇਥੇ ਗੁਰੂ ਸਾਹਿਬ ਨੇ ਵੈਰੀ ਦਲਾਂ ਵਿਚੋਂ ਨਿਕਲ ਜਾਣ ਨੂੰ ਪ੍ਰਗਟ ਕਰਨ ਲਈ ਤਾੜੀ ਵਜਾਈ ਸੀ।
ਗੁਰਦੁਆਰਾ ਰਣਜੀਤ ਗੜ੍ਹ ਸਾਹਿਬ
ਗੁਰਦੁਆਰਾ ਰਣਜੀਤ ਗੜ੍ਹ ਸਾਹਿਬ – ਇਸ ਅਸਥਾਨ ਤੇ ਗੁਰੂ ਸਾਹਿਬ ਦੇ ਪਹਿਲੇ ਜੰਗ ਦੀ ਯਾਦਗਾਰ ਹੈ। ਇਥੇ ਕੁਰੂਕਸ਼ੇਤਰ ਤੋਂ ਮੁੜਦਿਆਂ ਹੋਇਆਂ ਰਣਜੀਤ ਨਗਾਰਾ ਵਜਾ ਕੇ ਗੁਰੂ ਜੀ ਨੇ ਯੁੱਧ ਕੀਤਾ ਸੀ। ਇਹ ਗੁਰਦੁਆਰਾ ਚਮਕੌਰ ਸਾਹਿਬ ਦੇ ਪੂਰਬ ਵਿਚ ਨਗਰ ਤੋਂ ਬਾਹਰ ਨਿਕਲ ਕੇ ਇਕ ਟਿੱਬੇ ਤੇ ਸਥਿਤ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-03-28-31, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਤ. ਗੁ. ਖਾ.: ਗੁ. ਗੋ. ਸਿੰ. ਮਾ. : ਡਿਸ. ਗਜ਼-ਰੂਪਨਗਰ
ਵਿਚਾਰ / ਸੁਝਾਅ
Please Login First