ਚਤੁਰਭੁਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਤੁਰਭੁਜ. ਸੰ. चतुर्भुज. ਵਿ—ਚਾਰ ਬਾਹਾਂ ਵਾਲਾ। ੨ ਸੰਗ੍ਯਾ—ਵਿਨੁ, ਜਿਸ ਦੀਆਂ ਚਾਰ ਬਾਹਾਂ ਹਨ। ੩ ਕਰਤਾਰ , ਜੋ ਚਾਰ ਦਿਸ਼ਾ ਨੂੰ ਭੁਜ (ਪਾਲਨ) ਕਰਦਾ ਹੈ. “ਚਤੁਰਾਈ ਨ ਚਤੁਰਭੁਜ ਪਾਈਐ.” (ਗਉ ਕਬੀਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਤੁਰਭੁਜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚਤੁਰਭੁਜ: ਗੁਰਬਾਣੀ ਵਿਚ ਵਰਤਿਆ ਜਾਣ ਵਾਲਾ ਇਕ ਪਰਮਾਤਮਾ ਵਾਚਕ ਸ਼ਬਦ। ਸੰਤ ਕਬੀਰ ਨੇ ਗਉੜੀ ਰਾਗ ਵਿਚ ਇਸ ਸ਼ਬਦ ਦੀ ਅਜਿਹੀ ਵਰਤੋਂ ਕਰਦਿਆਂ ਲਿਖਿਆ ਹੈ— ਰੇ ਜਨ ਮਨੁ ਮਾਧਉ ਸਿਉ ਲਾਈਐ। ਚਤੁਰਾਈ ਨ ਚਤੁਰਭੁਜ ਪਾਈਐ। (ਗੁ.ਗ੍ਰੰ.324)।
ਇਸ ਸ਼ਬਦ ਦਾ ਸ਼ਾਬਦਿਕ ਅਰਥ ਹੈ ਚਾਰ ਭੁਜਾਵਾਂ ਵਾਲਾ। ਹਿੰਦੂ-ਧਰਮ ਦੇ ਸੁਪ੍ਰਸਿੱਧ ਦੇਵਤਾ ਵਿਸ਼ਣੂ ਦੀਆਂ ਚੂੰਕਿ ਚਾਰ ਭੁਜਾਵਾਂ ਸਨ , ਇਸ ਲਈ ਉਨ੍ਹਾਂ ਦਾ ਇਕ ਨਾਂ ‘ਚਤੁਰਭੁਜ’ ਪ੍ਰਚਲਿਤ ਹੋ ਗਿਆ। ਸਮਾਂ ਬੀਤਣ ਨਾਲ ਵਿਦਵਾਨਾਂ ਨੇ ‘ਭੁਜ’ ਦੀ ਵਿਆਖਿਆ ‘ਪਾਲਨਾ ਕਰਨਾ’ ਕਰਕੇ ਵਿਸ਼ਣੂ ਨੂੰ ਸੰਸਾਰ ਦੀਆਂ ਚੌਹਾਂ ਦਿਸ਼ਾਵਾਂ ਦਾ ਪਾਲਣ -ਪੋਸ਼ਣ ਕਰਨ ਵਾਲਾ ਪ੍ਰਤਿਸ਼ਠਿਤ ਕਰ ਦਿੱਤਾ।
ਭਗਤੀ-ਲਹਿਰ ਦੇ ਚਲਣ ਤਕ ਇਹ ਸ਼ਬਦ ਵੈਸ਼ਣਵਾਂ ਵਿਚ ਪਰਮ-ਸੱਤਾ ਲਈ ਪੂਰੀ ਤਰ੍ਹਾਂ ਪ੍ਰਚਲਿਤ ਸੀ। ਵੈਸ਼ਣਵ-ਭਗਤੀ ਵਿਚ ਪਰਮਾਤਮਾ ਲਈ ਵਰਤੇ ਗਏ ਬਹੁਤ ਸਾਰੇ ਨਾਂਵਾਂ ਨੂੰ ਸੰਤਾਂ/ਭਗਤਾਂ ਨੇ ਵੀ ਉਸੇ ਤਰ੍ਹਾਂ ਆਪਣੇ ਇਸ਼ਟ-ਦੇਵ ਨਿਰਗੁਣ ਬ੍ਰਹਮ ਲਈ ਵਰਤ ਲਿਆ। ਇਸੇ ਪਰੰਪਰਾ ਵਿਚ ‘ਚਤੁਰਭੁਜ’ ਸ਼ਬਦ ਦੀ ਵਰਤੋਂ ਪਾਰਬ੍ਰਹਮ ਲਈ ਸੰਤ ਕਬੀਰ ਨੇ ਕੀਤੀ ਪ੍ਰਤੀਤ ਹੁੰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First