ਘੋੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੋੜੀ (ਨਾਂ,ਇ) 1 ਘੋੜੇ ਦੀ ਮਦੀਨ 2 ਹਲਟ ਦੀ ਲੱਠ ਨੂੰ ਸਥਿਰ ਰੱਖਣ ਹਿਤ ਝੱਲਣ ਉੱਤੇ ਲਾਈ ਜੱਫੇਦਾਰ ਲੱਕੜ 3 ਊਠ ਨੁੂੰ ਖੂਹ ਜਾਂ ਹਲ਼ ਅੱਗੇ ਜੋਤਣ ਸਮੇਂ ਉਸਦੀ ਕੁਹਾਂਡ ਤੋਂ ਅੱਗੇ ਰੱਖਿਆ ਜਾਣ ਵਾਲਾ ਲੱਕੜ ਦਾ ਢਾਂਚਾ 4 ਵਿਆਹ ਦੇ ਸਗਨਾਂ ਸਮੇਂ ਗਾਏ ਜਾਣ ਵਾਲੇ ਗੀਤ 5 ਸੇਵੀਆਂ ਵੱਟਣ ਦੀ ਮਸ਼ੀਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19489, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘੋੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੋੜੀ. ਸੰਗ੍ਯਾ—ਘੋਟਿਕਾ. ਘੋੜੇ ਦੀ ਮਦੀਨ. ਅਸ਼੍ਵਿਨੀ। ੨ ਕਾਠ ਦੀ ਟਿਕਟਿਕੀ , ਜਿਸ ਤੇ ਵਸਤ੍ਰ ਸੁਕਾਈਦੇ ਹਨ। ੩ ਕਾਠੀ ਆਦਿਕ ਰੱਖਣ ਦੀ ਤਿਪਾਈ। ੪ ਸ਼ਾਦੀ ਸਮੇਂ ਦੀ ਇੱਕ ਰਸਮ. ਦੇਖੋ, ਘੋੜੀਆਂ । ੫ ਘੋੜੀ ਦੀ ਰਸਮ ਸਮੇਂ ਦਾ ਗੀਤ । ੬ ਸਿਰੰਦਾ ਸਿਤਾਰ ਆਦਿ ਸਾਜਾਂ ਦੀ ਉਹ ਟਿਕਟਿਕੀ, ਜਿਸ ਉੱਪਰ ਤਾਰਾਂ ਰੱਖੀਦੀਆਂ ਹਨ. ਦੇਖੋ, ਸੁਰਧਰੀ ਅਤੇ ਜਵਾਹਰੀ। ੭ ਸੇਮੀਆਂ ਵੱਟਣ ਦੀ ਮਸ਼ੀਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੋੜੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਘੋੜੀ/ ਘੋੜੀਆਂ : ਗੁਰੂ ਗ੍ਰੰਥ ਸਾਹਿਬ ਵਿਚ ‘ਘੋੜੀਆਂ’ ਨਾਂ ਅਧੀਨ ਦੋ ਸ਼ਬਦ ਦਰਜ ਹਨ। ਘੋੜੀ ਵਾਸਤਵ ਵਿਚ ਲੜਕੇ ਦੇ ਵਿਆਹ ਨਾਲ ਸੰਬੰਧਿਤ ਲੋਕ–ਗੀਤ ਦਾ ਇਕ ਰੂਪ ਹੈ। ਵਿਆਹ ਦੇ ਮੌਕੇ ਜੰਝ ਤੁਰਨ ਵੇਲੇ ਲਾੜ੍ਹੇ ਨੂੰ ਘੋੜੀ ਉੱਤੇ ਚੜ੍ਹਾਇਆ ਜਾਂਦਾ ਹੈ। ਉਦੋਂ ਜੋ ਗੀਤ ਗਾਏ ਜਾਂਦੇ ਹਨ, ਉਨ੍ਹਾਂ ਨੂੰ ਘੋੜੀ ਚੜ੍ਹਨ ਦੀ ਰਸਨ ਨਾਲ ਸੰਬਧਿਤ ਹੋਣ ਕਰਕੇ ਘੋੜੀਆਂ ਕਿਹਾ ਜਾਂਦਾ ਹੈ। ਇਨ੍ਹਾਂ ਘੋੜੀਆਂ ਅਤੇ ਇਸ ਪ੍ਰਕਾਰ ਦੇ ਹੋਰ ਲੋਕ–ਗੀਤਾਂ ਨੂੰ ਲੋਕ ਸਮੂੰਹ ਪ੍ਰਵਾਨਗੀ ਦੇ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦਾ ਆਇਆ ਹੈ।
ਵਿਆਹ ਵੇਲੇ ਘੋੜੀ ਉੱਤੇ ਚੜ੍ਹਨਾ ਉਸ ਵੇਲੇ ਦੀ ਮਰਯਾਦਾ ਦਾ ਸੂਚਕ ਹੈ ਜਦੋਂ ਘੋੜੀ ਹੀ ਸਵਾਰੀ ਦਾ ਉੱਤਮ ਸਾਧਨ ਸਮਝੀ ਜਾਂਦੀ ਸੀ ਅਤੇ ਇਸ ਉੱਤੇ ਸਵਾਰੀ ਕਰਨ ਗੌਰਵ ਅਤੇ ਮਾਣ ਦਾ ਪ੍ਰਤੀਕ ਸੀ। ਸਮੇਂ ਦੀ ਚਾਲ ਤੇ ਫ਼ਾਸਲੇ ਦੀ ਦੂਰੀ ਕਰਕੇ ਚਾਹੇ ਜੰਝ ਬੱਸਾਂ, ਕਾਰਾਂ ਜਾਂ ਹਵਾਈ ਜਹਾਜ਼ ਵਿਚ ਜਾਵੇ ਪਰ ਪੰਜਾਬੀ ਸਭਿਆਚਾਰ ਦੀਆਂ ਪਰੰਪਰਾਗਤ ਗੀਤਾਂ ਦਾ ਸਤਿਕਾਰ ਅਜੇ ਵੀ ਉਸੇ ਤਰ੍ਹਾਂ ਕਾਇਮ ਰੱਖਿਆ ਜਾਂਦਾ ਹੈ ਅਤੇ ਲਾੜ੍ਹੇ ਨੂੰ ਘਰੋਂ ਤੁਰਨ ਲੱਗਿਆਂ ਘੋੜੀ ਤੇ ਬੈਠਾਉਣ ਦਾ ਸ਼ੁਭ ਸਗਨ ਕੀਤਾ ਜਾਂਦਾ ਹੈ। ਮਾਲਣ ਸਿਹਰਾ ਗੁੰਦ ਕੇ ਲਿਆਉਂਦੀ ਹੈ ਜੋ ਲਾੜੇ ਦੇ ਸਿਰ ਉੱਤੇ ਸਜਾਇਆ ਜਾਂਦਾ ਹੈ। ਉਸ ਵੇਲੇ ਭੈਣਾਂ ਘੋੜੀ ਦੀ ਵਾਗ ਗੁੰਦਦੀਆਂ ਹਨ, ਭਰਜਾਈਆਂ ਇਸ ਸ਼ੁੱਭ ਮੌਕੇ ਉੱਤੇ ਦਿਉਰ ਦੀਆਂ ਅੱਖਾਂ ਵਿਚ ਸੁਰਮਾ ਪਾਉਂਦੀਆਂ ਹਨ ਅਤੇ ਇਨ੍ਹਾਂ ਸਭ ਸ਼ਗਨਾਂ ਬਾਰੇ ਗੀਤ ਗਾਏ ਜਾਂਦੇ ਹਨ ਜਿਨ੍ਹਾਂ ਵਿਚ ਬਾਬੇ, ਨਾਨੇ, ਪਿਤਾ, ਭਰਾ, ਤਾਏ, ਚਾਚੇ, ਮਾਮੇ ਤੇ ਇਸ ਤਰ੍ਹਾਂ ਦਾਦੀ, ਨਾਨੀ ਆਦਿ ਸਾਰੇ ਰਿਸ਼ਤੇਦਾਰਾਂ ਦੇ ਚਾਅ ਅਤੇ ਸ਼ੁਭ–ਇੱਛਾਵਾਂ ਨੂੰ ਗੁੰਦਿਆ ਹੁੰਦਾ ਹੈ। ‘ਘੋੜੀ’ ਲੋਕ ਗੀਤ ਰੂਪ ਦੇ ਕੁਝ ਪ੍ਰਚੱਲਿਤ ਨਮੂਨੇ ਪ੍ਰਸਤੁਤ ਹਨ:
(1) ਉਠ ਹੀ ਰਵੇਲ ਘੋੜੀ, ਬਾਬੇ ਵਿਹੜੇ ਜਾ
ਬਾਬੇ ਦਾ ਮਨ ਸ਼ਾਦੀਆ, ਤੇਰੀ ਦਾਦੀ ਦੇ ਮਨ ਚਾ
ਘੋੜੀ ਚੁਗਦੀ ਹਰਿਆ ਘਾਹ, ਘੋੜੀ ਪਈ ਸਵਲੜੇ ਰਾਹ
ਘੋੜੀ ਸਾਂਵਲੀ ਸਈਓ।
(2) ਨਿੱਕੀ ਨਿੱਕੀ ਬੂੰਦ ਵੀਰਾ ਮੀਂਹ ਵੇ ਵਰ੍ਹੇ
ਤੇਰੀ ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।
ਇਸ ਲੋਕ ਗੀਤ ਦੀ ਭਾਵ–ਭੂਮੀ ਤੋਂ ਪ੍ਰੇਰਿਤ ਹੋ ਕੇ ਗੁਰੂ ਰਾਮਦਾਸ ਜੀ ਨੇ ਦੋ ਘੋੜੀਆਂ ਦੀ ਰਚਨਾ ਵਡਹੰਸ ਰਾਗ (‘ਆਦਿ ਗ੍ਰੰਥ’, ਪੰਨੇ ੫੭੫–੫੭੬) ਵਿਚ ਕੀਤੀ ਹੈ। ਇਨ੍ਹਾਂ ਸ਼ਬਦਾਂ ਵਿਚ ਗੁਰੂ ਸਾਹਿਬ ਨੇ ਮਨੁੱਖੀ ਦੇਹ ਨੂੰ (ਤੇਜਣਿ) ਘੋੜੀ ਮੰਨਿਆ ਹੈ ਅਤੇ ਜੀਵਾਤਮਾ ਨੂੰ ਲਾੜਾ ਕਲਪਿਤ ਕੀਤਾ ਹੈ ਜੋ ਪਰਮਾਤਮਾ ਦੀ ਪ੍ਰਾਪਤੀ ਲਈ ਸਾਧ–ਸੰਗਤ ਦੀ ਜੰਝ ਸਹਿਤ ਹਰੀ ਪ੍ਰਾਪਤੀ ਪੱਥ ਉੱਤੇ ਅੱਗੇ ਵੱਧਦਾ ਹੈ। ਪਰਮਾਤਮਾ ਦੀ ਪ੍ਰਾਪਤੀ ਹੋਣ ਤੇ ਮਨੁੱਖ ਜੀਵਨ ਵਿਚ ਸਫਲ–ਮਨੋਰਥ ਮਹਾਪੁਰਸ਼ਾਂ ਨੂੰ ਵਧਾਈਆਂ ਮਿਲਦੀਆਂ ਹਨ :
ਚੜਿ ਦੇਹੜਿ ਘੋੜੀ ਬਿਖਮੁ ਲਘਾਇ ਮਿਲ ਗੁਰਮੁਖ ਪਰਮਨੰਦਾ।
ਹਰਿ ਹਰਿ ਕਾਜੁ ਰਚਾਇਆ ਪੂਰੇ ਮਿਲੀ ਸੰਤ ਜਨਾ ਜੰਝ ਆਈ।
ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਧਾਈ।
ਜਨ ਨਾਨਕ ਹਰਿ ਕਿਰਪਾ ਧਾਰੀ ਦੇਰ ਘੋੜੀ ਚੜਿ ਹਰ ਪਾਇਆ।
[ਸਹਾ. ਗ੍ਰੰਥ––ਮ. ਕੋ.; ਕਰਨੈਲ ਸਿੰਘ ਬਿੰਦ : ‘ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿੱਤ’]
ਲੇਖਕ : ਡਾ.ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First