ਘੋੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੋੜਾ (ਨਾਂ,ਪੁ) 1 ਕਮਾਦ ਨੂੰ ਲੱਗਣ ਵਾਲਾ ਕੀੜਾ 2 ਸਵਾਰੀ ਆਦਿ ਲਈ ਪਾਲਤੂ ਜਾਨਵਰ 3 ਬੰਦੂਕ ਦਾ ਕਲਾਵੱਤ ਪੁਰਜ਼ਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘੋੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੋੜਾ. ਸੰ. ਘੋਟ. ਘੋਟਕ. ਅਸ਼੍ਵ. ਤੁਰਗ. ਹਯ, ਸੈਂਧਵ. ਕਿੱਕ੍ਯਾਨ. ਵਾਜੀ. “ਘੋੜਾ ਕੀਤੋ ਸਹਜ ਦਾ.” (ਵਾਰ ਰਾਮ ੩)
ਰਾਜਪੂਤਾਨੇ ਵਿੱਚ ਰੰਗਾਂ ਅਨੁਸਾਰ ਘੋੜਿਆਂ ਦੇ ਇਹ ਨਾਉਂ ਹਨ—
ਚਿੱਟਾ—ਕਰਕ.
ਚਿੱਟਾ ਪੀਲਾ—ਖੋਂਗਾ.
ਪੀਲਾ—ਹਰਿਯ.
ਦੂਧੀਆ—ਸੇਰਾਹ.
ਕਾਲਾ—ਖੁੰਗਾਹ.
ਲਾਲ—ਕਿਯਾਹ.
ਕਾਲੀ ਪਿੰਜਣੀਆਂ ਵਾਲਾ ਚਿੱਟਾ—ਉਗਾਹ.
ਕਬਰਾ—ਹਲਾਹ.
ਪਿਲੱਤਣ ਨਾਲ ਕਾਲਾ—ਤ੍ਰਿਯੂਹ.
ਕਾਲੇ ਗੋਡਿਆਂ ਵਾਲਾ ਪੀਲਾ—ਕੁਲਾਹ.
ਲਾਲੀ ਦੀ ਝਲਕ ਨਾਲ ਪੀਲਾ—ਉਕਨਾਹ.
ਨੀਲਾ—ਨੀਲਕ.
ਗੁਲਾਬੀ—ਰੇਵੰਤ.
ਹਰੀ ਝਲਕ ਨਾਲ ਪੀਲਾ—ਹਾਲਕ.
ਛਾਤੀ ਖੁਰ ਮੁਖ ਅਯਾਲ ਪੂਛ ਜਿਸ ਦੇ ਚਿੱਟੇ ਹੋਣ—ਅਮੰਗਲ.
ਪੂਛ ਛਾਤੀ ਸਿਰ ਦੋਵੇਂ ਪਸਵਾੜੇ ਜਿਸ ਦੇ ਚਿੱਟੇ ਹੋਣ—ਪੰਚਭਦ੍ਰ.
(ਡਿੰਗਲਕੋਸ਼)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੋੜਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਘੋੜਾ ਘੋੜਾ- ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ। ਵੇਖੋ ਘੋਰ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਘੋੜਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਘੋੜਾ : ਇਹ ਮੈਮੇਲੀਆ ਸ਼੍ਰੇਣੀ ਦੀ ਈਕਵਿਡੀ ਕੁਲ ਦਾ ਥਣਧਾਰੀ ਪ੍ਰਾਣੀ ਹੈ। ਇਸ ਦੀ ਇਕੋ ਇਕ ਜਾਤੀ ਈਕਵੱਸ ਕੈਬਾਲਸ (Equus caballus) ਹੈ ਜਿਸ ਦੀਆਂ ਅਨੇਕਾਂ ਕਿਸਮਾਂ ਹਨ, ਜਿਨ੍ਹਾਂ ਨੂੰ ਨਸਲਾਂ ਕਿਹਾ ਜਾਂਦਾ ਹੈ।
ਘੋੜੇ ਦੇ ਪੂਰਵਜਾਂ ਦੇ ਸਭ ਤੋਂ ਪਹਿਲੇ ਪਥਰਾਟ ਈਓਸੀਨ ਮਹਾਂਯੁਗ (ਲਗਭਗ 50,000,000 ਸਾਲ ਪਹਿਲਾਂ) ਦੀਆਂ ਚਟਾਨਾਂ ਵਿਚੋਂ ਮਿਲੇ ਹਨ। ਪ੍ਰਾਪਤ ਹੋਏ ਪ੍ਰਮਾਣਾਂ ਤੋਂ ਪਤਾ ਚਲਦਾ ਹੈ ਕਿ ਪਹਿਲਾਂ ਇਹ ਛੋਟੀ ਲੂੰਬੜੀ ਵਰਗੇ ਤੇ ਪੈਰਾਂ ਦੀਆਂ ਚਾਰ-ਚਾਰ ਉਂਗਲਾਂ ਤੇ ਚੱਲਣ ਵਾਲੇ ਪ੍ਰਾਣੀ ਸਨ। ਇਸ ਤੋਂ ਇਲਾਵਾ ਪੰਜਵੀਂ ਉਂਗਲ ਦੇ ਅਵਸ਼ੇਸ਼ ਵੀ ਸਨ। ਇਸ ਕਿਸਮ ਦੀ ਪਥਰਾਟ ਪਿੰਜਰ, ਜਿਸ ਨੂੰ ਈਓਹਿਪੱਸ ਕਹਿੰਦੇ ਹਨ, ਅਮਰੀਕਾ ਦੀ ਮਿਸਸਿਪੀ ਘਾਟੀ ਵਿਚੋਂ ਮਿਲੇ ਹਨ। ਇਸ ਤੋਂ ਓਰੋਹਿਪੱਸ, ਪ੍ਰੋਡਹਿਪੱਸ, ਹਿਪੈਰੀਅਨ ਅਤੇ ਅੰਤ ਈਕਵੱਸ ਕੈਬਾਲਸ ਪੈਦਾ ਹੋਏ। ਇਸ ਲੜੀ ਵਿਚ ਘੋੜਾ ਆਕਾਰ ਤੇ ਬਣਤਰ ਵਿਚ ਵਿਕਸਿਤ ਹੁੰਦਾ ਗਿਆ ਅਤੇ ਹੌਲੀ ਹੌਲੀ ਉਸ ਦੇ ਖੁਰ ਵਿਚ ਲਿਪਟੀ ਇਕੋ ਉਂਗਲ ਰਹਿ ਗਈ।
ਈਕਵੱਸ ਕੈਬਾਲਸ ਸਭ ਤੋਂ ਪਹਿਲਾਂ ਮੱਧ ਏਸ਼ੀਆ ਵਿਚ ਪੈਦਾ ਹੋਈ ਜਿੱਥੇ ਇਸ ਨੂੰ ਪਰਜ਼ਵਾਲਜ਼ਕੀਜ਼ ਘੋੜਾ (E. C. przewalskii) ਕਹਿੰਦੇ ਹਨ। ਇੱਥੋਂ ਪੂਰਬ ਵੱਲ ਫੈਲ ਕੇ ਇਸ ਦੀਆਂ ਚੀਨੀ ਅਤੇ ਮੰਗੋਲੀਅਨ ਨਸਲਾਂ ਬਣੀਆਂ ਅਤੇ ਦੂਰ ਪੱਛਮ ਵੱਲ ਯੂਰਪੀ ਟਾਰਪੈਨ ਬਣੀ। ਜੰਗਲੀ ਘੋੜੇ ਪੱਛਮ ਵੱਲ ਏਸ਼ੀਆ ਕੋਚਿਨ ਤੇ ਇਥੋਂ ਮਿਸਰ ਅਤੇ ਰੂਮ ਸਾਗਰੀ ਦੇਸ਼ਾਂ ਵੱਲ ਫੈਲ ਕੇ ਉਥੋਂ ਦੀਆਂ ਸਥਾਨਕ ਨਸਲਾਂ ਬਣੀਆਂ। ਸੰਨ 1519 ਵਿਚ ਸਪੇਨ ਦੇ ਇਕ ਖੋਜੀ ਹਰਲੈਂਦ-ਕਾਰਟੈੱਜ਼ ਰਾਹੀਂ ਘੋੜਾ ਨਵੀਂ ਦੁਨੀਆ ਵਿਚ ਪਹੁੰਚਿਆ। ਪੂਰਵ ਇਤਿਹਾਸਕ ਕਾਲ ਵਿਚ ਜੰਗਲੀ ਘੋੜੇ ਦਾ ਖਾਣ ਲਈ ਸ਼ਿਕਾਰ ਕੀਤਾ ਜਾਂਦਾ ਸੀ।
ਪ੍ਰੌਢ ਨਰ ਘੋੜੇ ਨੂੰ ਸਟੈਲੀਅਨ ਅਤੇ ਮਾਦਾ ਨੂੰ ਘੋੜੀ ਕਹਿੰਦੇ ਹਨ। ਉਸ ਘੋੜੇ ਨੂੰ ਜਿਹੜਾ ਅੱਗੋਂ ਨਸਲਾਂ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ ਸਟੱਡ ਕਹਿੰਦੇ ਹਨ। ਖੱਸੀ ਕੀਤੇ ਨਰ ਨੂੰ ਨਿਪੁੰਸਕ ਕਹਿੰਦੇ ਹਨ। ਪੁਰਾਤਨ ਸਮਿਆਂ ਵਿਚ ਸਟੈਲੀਅਨ ਘੋੜਿਆਂ ਨੂੰ ਸਵਾਰੀ ਲਈ, ਘੋੜੀ ਨੂੰ ਨਸਲਾਂ ਪੈਦਾ ਕਰਨ ਲਈ ਅਤੇ ਨਿਪੁੰਸਕ ਨੂੰ ਕੰਮ ਕਰਨ ਲਈ ਅਤੇ ਜਨਾਨੀਆਂ ਦੀ ਸਵਾਰੀ ਲਈ ਵਰਤਿਆ ਜਾਂਦਾ ਸੀ ਪਰ ਹੁਣ ਸਵਾਰੀ ਲਈ ਸਟੈਲੀਅਨ ਦੀ ਥਾਂ ਨਿਪੁੰਸਕ ਨੂੰ ਵਰਤਿਆ ਜਾਂਦਾ ਹੈ। ਘੋੜੇ ਦੇ ਬੱਚਿਆਂ ਨੂੰ ਵਛੇਰਾ ਤੇ ਵਛੇਰੀ ਕਹਿੰਦੇ ਹਨ।
ਪੁਰਾਤਨ ਘੋੜੇ ਦੀ ਮੋਢੇ ਤੱਕ ਦੀ ਉਚਾਈ ਤਕਰੀਬਨ 120 ਸੈਂ. ਮੀ. ਹੁੰਦੀ ਸੀ ਤੇ ਇਹ ਫਿੱਕੇ ਭੂਰੇ ਜਿਹੇ ਰੰਗ ਦਾ ਹੁੰਦਾ ਸੀ। ਅਜੋਕੇ ਪਾਲਤੂ ਘੋੜਿਆਂ ਨੂੰ ਤਿੰਨ ਮੁੱਖ ਕਿਸਮਾਂ ਵਿਚ ਵੰਡਿਆਂ ਗਿਆ ਹੈ––ਫ਼ੌਜੀ ਘੋੜੇ, ਭਾਰੀਆਂ ਲੱਤਾਂ-ਬਾਹਾਂ ਵਾਲੇ ਅਤੇ ਤਕਰੀਬਨ 200 ਸੈਂ. ਮੀ. ਉੱਚੇ, ਟੱਟੂ, ਤਕਰੀਬਨ 144 ਸੈਂ. ਮੀ. ਉੱਚੇ ਅਤੇ ਹਲਕੇ ਘੋੜੇ, ਕਾਠੀ ਵਾਲੇ ਜਾਂ ਸਵਾਰੀ ਵਾਲੇ ਘੋੜੇ ਜਿਹੜੇ ਇਨ੍ਹਾਂ ਦੇ ਦਰਮਿਆਨੇ ਕੱਦਕਾਰ ਵਾਲੇ ਹੁੰਦੇ ਹਨ।
ਘੋੜੇ ਦੀ ਸਰੀਰਕ ਬਣਤਰ ਤੇਜ਼ ਦੌੜਨ ਵਾਲੇ ਪ੍ਰਾਣੀਆਂ ਵਰਗੀ ਹੈ। ਸਰੀਰ ਖੁਰਾਂ ਦੇ ਸਿਰਿਆਂ ਉੱਤੇ ਟਿਕਿਆ ਹੁੰਦਾ ਹੈ। ਜਿਸ ਨਾਲ ਦੌੜਨ ਵੇਲੇ ਲੱਤਾਂ ਪੂਰੀ ਤਰ੍ਹਾਂ ਫੈਲ ਸਕਦੀਆਂ ਹਨ। ਪੁਰਾਤਨ ਘੋੜੇ ਫਿੱਕੇ ਭੂਰੇ ਰੰਗ ਦੇ ਹੁੰਦੇ ਸਨ ਤੇ ਉਨ੍ਹਾਂ ਤੋਂ ਕੋਈ ਰੰਗਾਂ ਤੇ ਕਿਸਮਾਂ ਦੇ ਘੋੜੇ ਪੈਦਾ ਹੋ ਗਏ ਹਨ। ਕਾਲਾ, ਲਾਖਾ, ਕ੍ਰੀਮ ਅਤੇ ਚਿੱਟਾ ਪ੍ਰਸਿੱਧ ਰੰਗ ਹਨ। ਕਈ ਘੋੜਿਆਂ ਦੇ ਸਰੀਰ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਵੀ ਹੁੰਦੀਆਂ ਹਨ।
ਘੋੜੇ ਚੰਗੀ ਤਰ੍ਹਾਂ ਥੋੜ੍ਹੀ ਦੂਰੀ ਤੱਕ ਹੀ ਵੇਖ ਸਕਦੇ ਹਨ। ਇਨ੍ਹਾਂ ਦਾ ਮਿਹਦਾ ਜ਼ਿਆਦਾ ਛੋਟਾ ਤੇ ਆਂਦਰ ਲੰਬੀ ਹੁੰਦੀ ਹੈ। ਘੋੜੇ ਸ਼ਾਕਾਹਾਰੀ ਪ੍ਰਾਣੀ ਹਨ। ਇਨ੍ਹਾਂ ਵਿਚ ਉੱਚੇ ਤੇ ਤਾਕਤਵਰ ਦੰਦਾਂ ਦਾ ਇਕ ਸੈੱਟ ਹੁੰਦਾ ਹੈ। ਵਛੇਰਿਆਂ ਵਿਚ ਦੁੱਧ ਦੇ ਦੰਦ ਹੁੰਦੇ ਹਨ, ਜਿਹੜੇ ਢਾਈ ਸਾਲ ਦੀ ਉਮਰ ਤੋਂ ਡਿਗਣੇ ਸ਼ੁਰੂ ਹੋ ਜਾਂਦੇ ਹਨ। ਚਾਰ-ਪੰਜ ਸਾਲ ਦੀ ਉਮਰ ਤੱਕ ਸਾਰੇ (36-40) ਸਥਾਈ ਦੰਦ ਆ ਜਾਂਦੇ ਹਨ। ਘੋੜੇ ਵਿਚ 12 ਮਖ਼ਲੇ, 4 ਸੂਏ (ਜਿਹੜੇ ਆਮ ਤੌਰ ਤੇ ਘੋੜੀ ਵਿਚ ਨਹੀਂ ਹੁੰਦੇ), 12 ਪ੍ਰੀਮੋਲਰ ਤੇ 12 ਮੋਲਰ ਦੰਦ ਹੁੰਦੇ ਹਨ।
ਘੋੜਿਆਂ ਦਾ ਨਾੜੀ-ਸਿਸਟਮ ਬਹੁਤ ਜ਼ਿਆਦਾ ਵਿਕਸਿਤ ਹੁੰਦਾ ਹੈ। ਇਹ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ ਪਰ ਇਨ੍ਹਾਂ ਦੀ ਸੁਣਨ ਅਤੇ ਸੁੰਘਣ ਸ਼ਕਤੀ ਮਨੁੱਖ ਨਾਲੋਂ ਤੇਜ਼ ਹੋਣ ਕਾਰਨ ਇਹ ਪਾਣੀ, ਅੱਗ ਅਤੇ ਦੂਰ ਤੋਂ ਖ਼ਤਰੇ ਦੀ ਪਛਾਣ ਕਰ ਸਕਦੇ ਹਨ। ਇਨ੍ਹਾਂ ਦੀ ਖੋਪਰੀ ਗੋਲ ਤੇ ਦਿਮਾਗ਼ ਵੱਡਾ ਅਤੇ ਗੁੰਝਲਦਾਰ ਹੁੰਦਾ ਹੈ।
ਘੋੜੇ ਆਮ ਤੌਰ ਤੇ ਮਨੁੱਖ ਜਾਂ ਹੋਰ ਪ੍ਰਾਣੀਆਂ ਤੇ ਹਮਲਾ ਨਹੀਂ ਕਰਦੇ। ਸਿਰਫ਼ ਸਟੈਲੀਅਨ ਘੋੜੇ ਮਾਦਾ ਅਤੇ ਵਡੇਰਿਆਂ ਨੂੰ ਬਚਾਉਣ ਲਈ ਜਾਂ ਮਾਦਾ ਦੁੱਧ ਪੀਂਦੇ ਵਛੇਰਿਆਂ ਦੀ ਰਾਖੀ ਲਈ ਹਮਲਾ ਕਰਦੀ ਹੈ।
ਜਣਨ ਅਤੇ ਵਿਕਾਸ––ਘੋੜੇ ਵਿਚ 16 ਤੋਂ 18 ਮਹੀਨੇ ਦੀ ਉਮਰ ਤੋਂ ਲਿੰਗੀ ਲੱਛਣ ਵਿਕਸਿਤ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਤਕਰੀਬਨ ਤਿੰਨ ਸਾਲ ਦੀ ਉਮਰ ਵਿਚ ਘੋੜਾ ਪ੍ਰੌਢ ਅਤੇ ਪੰਜ ਸਾਲ ਦਾ ਬਾਲਗ਼ ਸਮਝਿਆ ਜਾਣ ਲਗਦਾ ਹੈ। ਇਨ੍ਹਾਂ ਵਿਚ ਸੰਤਾਨ ਪੈਦਾ ਕਰਨ ਦੀ ਸਮਰੱਥਾ ਨਸਲਾਂ ਦੇ ਹਿਸਾਬ ਨਾਲ ਵੱਖ ਵੱਖ ਹੁੰਦੀ ਹੈ। ਗਰਭ-ਕਾਲ 11 ਮਹੀਨੇ ਦਾ ਹੁੰਦਾ ਹੈ। ਆਮ ਤੌਰ ਤੇ ਇਕ ਵਾਰ ਵਿਚ ਇਕੋ ਹੀ ਬੱਚਾ ਪੈਦਾ ਹੁੰਦਾ ਹੈ ਅਤੇ ਕਈ ਵਾਰੀ ਜੌੜੇ ਤੇ ਤਿੰਨ ਬੱਚੇ ਇਕੱਠੇ ਵੀ ਹੋ ਸਕਦੇ ਹਨ। ਬੱਚੇ ਜਨਮ ਤੋਂ ਕੁਝ ਚਿਰ ਬਾਅਦ ਹੀ ਆਪਣੇ ਪੈਰਾਂ ਤੇ ਖੜ੍ਹੇ ਹੋ ਜਾਂਦੇ ਹਨ ਤੇ ਕੁਝ ਘੰਟਿਆਂ ਵਿਚ ਹੀ ਇਹ ਚਲਣਾ ਫਿਰਨਾ ਸ਼ੁਰੂ ਹੋ ਜਾਂਦੇ ਹਨ। ਘੋੜਿਆਂ ਦੀ ਉਮਰ ਆਮ ਤੌਰ ਤੇ 20 ਸਾਲ ਦੀ ਹੁੰਦੀ ਹੈ ਅਤੇ ਟੱਟੂਆਂ ਦੀ ਉਮਰ ਘੋੜਿਆਂ ਤੋਂ ਲੰਮੀ ਹੁੰਦੀ ਹੈ।
ਘੋੜਿਆਂ ਦੀਆਂ ਨਸਲਾਂ––ਪਹਿਲਾਂ ਪਾਲਤੂ ਬਣਾ ਕੇ ਰੱਖੇ ਜਾਣ ਵਾਲੇ ਘੋੜੇ ਮੱਧ ਏਸ਼ੀਆ ਵਿਚ ਵਿਕਸਿਤ ਹੋਏ। ਇਹ ਛੋਟੇ ਹਲਕੇ ਤੇ ਗਠੀਲੇ ਘੋੜੇ ਸਨ। ਸਮਾਂ ਪਾ ਕੇ ਇਨ੍ਹਾਂ ਵਿਚੋਂ ਦੋ ਗਰੁੱਪਾਂ ਅਰਥਾਤ ਦੱਖਣੀ ਅਰਬ-ਬਾਰਬ ਕਿਸਮਾਂ ਅਤੇ ਉੱਤਰੀ ਅਸਮਤਾਪੀ ਕਿਸਮਾਂ ਨੇ ਜਨਮ ਲਿਆ। ਇਹ ਘੋੜੇ ਕਦੋਂ, ਕਿੱਥੇ ਤੇ ਕਿਵੇਂ ਪੈਦਾ ਹੋਏ, ਇਸ ਬਾਰੇ ਹਾਲੇ ਤੱਕ ਪੱਕਾ ਪਤਾ ਨਹੀਂ ਲੱਗਿਆ।
ਰੋਗ––ਘੋੜਿਆਂ ਨੂੰ ਕਈ ਤਰ੍ਹਾਂ ਦੇ ਛੂਤ ਦੇ ਰੋਗ ਲਗਦੇ ਹਨ ਜਿਵੇਂ ਇਨਫ਼ਲੂਐਨਜ਼ਾ, ਗਲਗੋਟੂ, ਗਲੈਂਡਰਜ਼, ਰਿੰਗ ਵਰਮ ਅਤੇ ਸਵਾਂਮਪ ਫ਼ੀਵਰ। ਇਨ੍ਹਾਂ ਦੀ ਚਮੜੀ ਤੇ ਕਈ ਤਰ੍ਹਾਂ ਦੇ ਵਪਜੀਵੀ ਜਿਵੇਂ ਮਾਈਟ ਚਿੱਚੜ, ਜੂੰਆਂ ਆਦਿ ਵੀ ਰਹਿੰਦੇ ਹਨ। ਇਸ ਤੋਂ ਇਲਾਵਾ ਖੁਜਲੀ ਤੇ ਫੋੜੇ ਅਤੇ ਕਈ ਹੋਰ ਬੀਮਾਰੀਆਂ ਵੀ ਇਨ੍ਹਾਂ ਨੂੰ ਹੋ ਜਾਂਦੀਆਂ ਹਨ। ਇਨ੍ਹਾਂ ਦੇ ਪੇਟ ਵਿਚ ਕੀੜੇ (ਵਰਮ) ਵੀ ਹੋ ਜਾਂਦੇ ਹਨ।
ਘੋੜਿਆਂ ਨੂੰ ਸਵਾਚੀ, ਲੜਾਈ ਅਤੇ ਕੰਮ ਲਈ ਵਰਤਿਆਂ ਜਾਂਦਾ ਹੈ। ਮਰੇ ਹੋਏ ਘੋੜੇ ਤੋਂ ਬਹੁਤ ਉਪਯੋਗੀ ਵਸਤਾਂ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਦੀਆਂ ਹੱਡੀਆਂ ਅਤੇ ਕਾਰਟੀਲੇਜ ਗੂੰਦ ਬਣਾਉਣ ਵਿਚ ਵਰਤਿਆ ਜਾਂਦੀਆਂ ਹਨ। ਟੈਟਨਸ ਟਾੱਕਸਾੱਇਡ ਦਾ ਟੀਕਾ ਲਗਾਏ ਘੋੜਿਆਂ ਦੇ ਲਹੂ ਦੇ ਸੀਰਮ ਤੋਂ ਟੈਟਨਸ ਐਂਟੀਟਾੱਕਸਿਨ ਪ੍ਰਾਪਤ ਕੀਤਾ ਜਾਂਦਾ ਹੈ। ਇਨ੍ਹਾਂ ਦੀ ਚਮੜੀ ਵਧੀਆ ਕਿਸਮ ਦੇ ਬੂਟ, ਪੇਟੀਆਂ ਆਦਿ ਬਣਾਉਣ ਲਈ ਵਰਤੀ ਜਾਂਦੀ ਹੈ। ਵਛੇਰਿਆਂ ਦੀ ਖੱਲ ਤੋਂ ਕੋਟ ਵੀ ਬਣਦੇ ਹਨ। ਗੋੜੇ ਦੇ ਵਾਲਾਂ ਨੂੰ ਡਾਕਟਰੀ ਖੇਤਰ ਵਿਚ ਟਾਂਕੇ ਲਾਉਣ ਲਈ ਵਰਤਿਆਂ ਜਾਂਦਾ ਹੈ। ਇਨ੍ਹਾਂ ਦਾ ਮਲ ਖੁੰਭਾਂ ਦੀ ਖੇਤੀ ਲਈ ਇਕ ਚੰਗਾ ਖਾਦ ਹੈ ਤੇ ਸਾਈਥੀਅਨ, ਮੰਗੋਲ ਅਤੇ ਅਰਬ ਲੋਕ ਘੋੜੀ ਦਾ ਦੁੱਧ ਵੀ ਪੀਂਦੇ ਹਨ।
ਹ. ਪੁ.––ਐਨ. ਬ੍ਰਿ. ਮੈ. 8 : 1088
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First