ਘਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਰ (ਨਾਂ,ਪੁ) ਟੱਬਰ ਦੀ ਵੱਸੋਂ ਵਾਲੀ ਥਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਰ [ਨਾਂਪੁ] ਨਿਵਾਸ-ਸਥਾਨ, ਬਸੇਰਾ , ਆਲ੍ਹਣਾ , ਆਸ਼ਿਆਨਾ, ਗ੍ਰਹਿ, ਰਹਿਣ ਦੀ ਜਗ੍ਹਾ, ਮਕਾਨ , ਇਮਾਰਤ; ਕੁਲ, ਵੰਸ਼ , ਘਰਾਣਾ; ਵਤਨ , ਜਨਮ-ਭੂਮੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਘਰ (ਰਾਗ ਸੰਬੰਧੀ): ਇਸ ਦਾ ਸੰਬੰਧ ਰਾਗ ਦੀ ਤਕਨੀਕ ਨਾਲ ਹੈ। ਵਿਦਵਾਨਾਂ ਨੇ ਇਸ ਬਾਰੇ ਵਖ ਵਖ ਵਿਚਾਰ ਪ੍ਰਗਟ ਕੀਤੇ ਹਨ।
ਇਕ ਮਤ ਅਨੁਸਾਰ ‘ਘਰ’ ਤਾਲ ਦਾ ਸੂਚਕ ਸ਼ਬਦ ਹੈ। ਇਸ ਦੀ ਪੁਸ਼ਟੀ ਇਕ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ‘ਏਕ ਸੁਆਨ ਕੈ ਘਰਿ ਗਾਵਣਾ’ ਉਕਤੀ ਤੋਂ ਹੋ ਜਾਂਦੀ ਹੈ। ਦੂਜੇ , ਇਸ ਦੀ ਵਰਤੋਂ ਰਾਗ-ਬੱਧ ਬਾਣੀਆਂ ਦੇ ਪ੍ਰਕਰਣ ਵਿਚ ਹੀ ਹੋਈ ਹੈ, ਇਸ ਲਈ ਇਸ ਦਾ ਸੰਬੰਧ ਤਾਲ ਨਾਲ ਹੈ। ਤੀਜੇ , ‘ਘਰ’ ਅੰਕਣ ਦੀ ਪ੍ਰਥਾ ਈਰਾਨੀ ਤਾਲ-ਪੱਧਤੀ ਦੇ ਅਨੁਰੂਪ ਹੋਈ ਹੈ। ਈਰਾਨ ਦੀ ਤਾਲ ਤਕਨੀਕ ਵਿਚ ਤਾਲ ਦੇ ਵਖ ਵਖ ਸਰੂਪਾਂ ਨੂੰ ਇਕ ਗਾਹ , ਦੋ ਗਾਹ, ਆਦਿ ਆਖਿਆ ਗਿਆ ਹੈ। ‘ਗਾਹ’ ਦਾ ਅਰਥ ਹੈ ਸਥਾਨ, ਘਰ। ਇਸ ਲਈ ‘ਗਾਹ’ ਸ਼ਬਦ ਦੀ ‘ਘਰ’ ਸ਼ਬਦ ਨਾਲ ਬਹੁਤ ਅਨੁਰੂਪਤਾ ਹੈ। ਇਸ ਕਰਕੇ ਇਹ ਸ਼ਬਦ ਤਾਲ ਸੂਚਕ ਹੈ। ਅਮੀਰ ਖ਼ੁਸਰੋ ਨੇ ਵੀ ਜਿਨ੍ਹਾਂ 17 ਤਾਲਾਂ ਦੇ ਸਰੂਪ ਨਿਰਧਾਰਿਤ ਕੀਤੇ ਸਨ , ਉਹ ਭਾਰਤੀ ਤਾਲਾਂ ਨਾਲ ਦੂਰ ਤਕ ਸਮਾਨਤਾ ਰਖਦੇ ਸਨ। ਇਸ ਤਰ੍ਹਾਂ ‘ਘਰ’ ਨੂੰ ਤਾਲ -ਸੂਚਕ ਮੰਨਿਆ ਜਾਂਦਾ ਹੈ।
ਦੂਜੇ ਮਤ ਅਨੁਸਾਰ ਇਹ ‘ਗ੍ਰਾਮ ’ ਸੂਚਕ ਹੈ। ਭਾਈ ਵੀਰ ਸਿੰਘ (ਗੁਰੂ ਗ੍ਰੰਥ ਕੋਸ਼) ਅਨੁਸਾਰ ਸਾਜਾਂ ਵਿਚ ਤਿੰਨ ਗ੍ਰਾਮ ਹੁੰਦੇ ਹਨ, ਗ੍ਰਾਮ ਘਰੁ ਤੋਂ ਬਣਦਾ ਹੈ, ਸੋ ਤਿੰਨ ਗ੍ਰਾਮ ਦੀਆਂ ਸੁਰਾਂ ਦੇ ਟਿਕਾਣੇ ਤੋਂ ‘ਘਰੁ’ ਹਨ। ਘਰੁ ੧ ਤੋਂ ਭਾਵ ਗਾਏ ਜਾਣ ਵਾਲੇ ਰਾਗ ਦੀ ਪ੍ਰਧਾਨ ਸੁਰ ਦੀ ਸੰਖੑਯਾ ਦਾ ਸੰਕੇਤ ਹੈ। ਭਾਈ ਵੀਰ ਸਿੰਘ ਦੇ ਮਤ ਨਾਲ ਸਹਿਮਤ ਹੋਣਾ ਸਰਲ ਨਹੀਂ , ਕਿਉਂਕਿ ਗ੍ਰਾਮ ਕੇਵਲ ਤਿੰਨ ਹਨ ਜਦਕਿ ਘਰਾਂ ਦੀ ਗਿਣਤੀ 17 ਹੈ। ਇਸ ਲਈ ‘ਗ੍ਰਾਮ’ ਘਰ ਦਾ ਸੂਚਕ ਨਹੀਂ ਹੋ ਸਕਦਾ।
ਤੀਜੇ ਮਤ ਦਾ ਸੰਬੰਧ ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਲ ਹੈ। ਉਨ੍ਹਾਂ ਅਨੁਸਾਰ ‘ਘਰ’ ਮੂਰਛਨਾ ਦੇ ਭੇਦ ਕਰਕੇ ਇਕ ਹੀ ਰਾਗ ਦੇ ਸਰਗਮ ਪ੍ਰਸੑਤਾਰ ਅਨੁਸਾਰ ਗਾਉਣ ਦੇ ਪ੍ਰਕਾਰ ਹਨ। ਪਰ ਇਕ ਰਾਗ ਵਿਚ ਇਕ ਹੀ ਮੂਰਛਨਾ ਹੁੰਦੀ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਕ ਹੀ ਰਾਗ ਵਿਚ ਕਈ ‘ਘਰ-ਸੰਕੇਤ’ ਮਿਲਦੇ ਹਨ। ਇਸ ਲਈ ਇਹ ਮਤ ਵੀ ਸਹੀ ਪ੍ਰਤੀਤ ਨਹੀਂ ਹੁੰਦਾ ।
ਉਪਰੋਕਤ ਮਤਾਂ ਵਿਚ ਅਧਿਕ ਸਵੀਕ੍ਰਿਤ ਮਤ ‘ਘਰ’ ਨੂੰ ਤਾਲ ਲਈ ਵਰਤਿਆ ਗਿਆ ਦਸਣ ਵਾਲਾ ਹੈ। ਅਜ-ਕਲ ਰਾਗ ਵਿਚ ‘ਘਰ’ ਦਾ ਪ੍ਰਚਲਨ ਬਹੁਤ ਘਟ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ 1 ਤੋਂ ਲੈ ਕੇ 17 ਤਕ ਘਰਾਂ ਦੀ ਗਿਣਤੀ ਦਿੱਤੀ ਗਈ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਘਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
House_ਘਰ: ਘਰ ਦਾ ਮਤਲਬ ਹੈ ਇਮਾਰਤ। ਇਸ ਵਿਚ ਨੌਕਰਾਂ ਲਈ ਬਣਾਈ ਥਾਂ, ਵਿਹੜਾ , ਬਗ਼ੀਚਾ , ਬਾਗ਼ ਆਦਿ ਜੋ ਉਸ ਹੀ ਘਰ ਦਾ ਭਾਗ ਹਨ, ਸ਼ਾਮਲ ਹੋਣਗੇ। ਪਰ ਉਸ ਵਿਚ ਵੱਖਰਾ ਘਰ ਸ਼ਾਮਲ ਨਹੀਂ ਕੀਤਾ ਜਾ ਸਕਦਾ [ਸ਼੍ਰੀਮਤੀ ਵੀ. ਐਨ. ਕਸ਼ਪ ਬਨਾਮ ਆਰ ਪੀ. ਪੁਰੀ (1976) 12 ਡੀ. ਐਲ. ਟੀ]
ਕੋਰਪਸ ਜਿਉਰਿਸ ਸੈਕੰਡਮ, ਜਿਲਦ 41, ਪੰ. 364 ਅਨੁਸਾਰ ‘‘ਕਾਨੂੰਨੀ ਭਾਵ ਵਿਚ ਘਰ ਦਾ ਅਰਥ ਬਹੁਤ ਵਿਸ਼ਾਲ ਹੈ, ਇਹ ਮਨੁੱਖੀ ਵਾਸ ਲਈ ਮਨਸੂਬੀ ਗਈ ਇਮਾਰਤ ਤਕ ਸੀਮਤ ਨਹੀਂ ਅਤੇ ਇਸ ਦਾ ਅਰਥ ਉਹ ਇਮਾਰਤ ਜਾਂ ਛੱਪਰ ਵੀ ਹੋ ਸਕਦਾ ਹੈ ਜੋ ਪਸ਼ੂ ਰੱਖਣ ਲਈ ਚਿਤਵਿਆ ਗਿਆ ਹੋਵੇ।’’
ਕਿਸੇ ਇਮਾਰਤ, ਝੁਗੀ ਜਾਂ ਕਿਸੇ ਬਣਤਰ ਨੂੰ ਜੋ ਮਨੁੱਖੀ ਰਿਹਾਇਸ਼ ਲਈ ਵਰਤੀ ਜਾ ਸਕਦੀ ਹੋਵੇ, ਘਰ ਜਾਂ ਨਿਵਾਸ ਕਿਹਾ ਜਾ ਸਕਦਾ ਹੈ, ਪਰ ਚਿੱਟੀ ਥਾਂ, ਤਲਾਬ ਨੂੰ ਆਦਿ ਕਿਸੇ ਇਮਾਰਤ ਜਾਂ ਝੁੱਗੀ ਤੋਂ ਵੱਖਰੇ ਰੂਪ ਵਿਚ ਘਰ ਨਹੀਂ ਕਿਹਾ ਜਾ ਸਕਦਾ।
ਜੇ ਕਿਸੇ ਘਰ ਵਿਚ ਕੁਝ ਸਮੇਂ ਲਈ ਮਨੁੱਖੀ ਰਿਹਾਇਸ਼ ਨ ਹੋਵੇ ਤਦ ਵੀ ਉਹ ਘਰ ਹੀ ਰਹਿੰਦਾ ਹੈ।
ਸਰਵ ਉੱਚ ਅਦਾਲਤ ਅਨੁਸਾਰ (ਰਾਮ ਅਵਤਾਰ ਬਨਾਮ ਅਸਿਸਟੈਂਟ ਸੇਲਜ਼ ਟੈਕਸ ਅਫ਼ਸਰ ਅਕੋਲਾ [(1962)1 ਐਸ ਸੀ ਆਰ 279] ਅਨੁਸਾਰ ‘‘ਪਹਿਲਾਂ ਘਰ ਇਸ ਤਰ੍ਹਾਂ ਬਣਾਏ ਜਾਂਦੇ ਸਨ ਕਿ ਹਰੇਕ ਦੇ ਥਲੇ ਆਈ ਚਿੱਟੀ ਥਾਂ ਵਖ ਵਖ ਹੁੰਦੀ ਸੀ, ਅੱਜ ਕਲ੍ਹ ਰਵਾਜ ਹੋ ਗਿਆ ਹੈ ਕਿ ਇਕ ਘਰ ਦੇ ਉਤੇ ਵਖਰਾ ਘਰ ਪਾਇਆ ਜਾ ਸਕਦਾ ਹੈ। ਅੱਜਕੱਲ੍ਹ ਵਖੋ ਵਖਰੀਆਂ ਮੰਜ਼ਿਲਾਂ ਤੇ ਵਖ ਵਖ ਘਰ ਹੋ ਸਕਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਘਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਘਰ (ਸੰ.। ਸੰਸਕ੍ਰਿਤ ਗ੍ਰਿਹ। ਪ੍ਰਾਕ੍ਰਿਤ ਤੇ ਪੰਜਾਬੀ ਘਰ) ੧. ਰਹਿਣ ਦੀ ਜਗ੍ਹਾ, ਮਕਾਨ। ਯਥਾ-‘ਘਰੁ ਬਾਲੂ ਕਾ ਘੂਮਨ ਘੇਰਿ’ ਪਵਨ ਦੇ ਘੂਮਨ ਘੇਰ ਅਗੇ ਰੇਤ ਦੇ ਘਰ ਵਾਂਙ ਕਾਲ ਦੇ ਚੱਕਰ ਵਿਚ ਦੇਹ ਠਹਿਰਨ ਵਾਲੀ ਨਹੀਂ ।
੨. ਕਿਤੇ ਕਿਤੇ ਭਾਵ ਵਿਚ -ਸ਼ਾਸਤ੍ਰ- ਦਾ ਅਰਥ ਦੇਂਦਾ ਹੈ। ਯਥਾ-‘ਛਿਅ ਘਰ ਛਿਅ ਗੁਰ ਛਿਅ ਉਪਦੇਸ’ ਛੇ (ਘਰ) ਸ਼ਾਸਤ੍ਰ ਹਨ ਤੇ ਛੇ (ਗੁਰ) ਕਰਤੇ ਹਨ ਤੇ ਛੇ ਉਨ੍ਹਾਂ ਦੇ ਉਪਦੇਸ਼ ਹਨ।
੩. ਇਸੀ ਤਰ੍ਹਾਂ ਘਰ ਤੋਂ ਮੁਰਾਦ -ਇਸਤ੍ਰੀ- ਬੀ ਹੈ। ਯਥਾ-‘ਘਰ ਕਾ ਮਾਸੁ ਚੰਗੇਰਾ’। ਤਥਾ-‘ਖੁਸਰੇ ਕਿਆ ਘਰ ਵਾਸੁ’ ਖੁਸਰੇ ਦਾ ਇਸਤ੍ਰੀ ਪਾਸ ਵਸਣਾ ਕੀ ਹੈ ?
੪. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੇ ਉਪਰ ਕਈ ਜਗ੍ਹਾ ਸੂਚਨਾ ਮਾਤ੍ਰ ਘਰ ਲਿਖਿਆ ਹੈ। ਇਸ ਤੋਂ ਮੁਰਾਦ ੧. ਗਾਏ ਜਾਣ ਵਾਲੇ ਰਾਗ ਦੀ ਪ੍ਰਧਾਨ ਸੁਰ ਦੀ ਸੰਖ੍ਯਾ ਦੱਸਣ ਤੋਂ ਹੈ। ਬਜਾਏ ਜਾਣ ਵਾਲੇ ਸਾਜ਼ਾਂ ਵਿਚ ਤਿੰਨ ਗ੍ਰਾਮ ਹੁੰਦੇ ਹਨ, ਗ੍ਰਾਮ (ਪਿੰਡ) ਘਰਾਂ ਤੋਂ ਬਣਦਾ ਹੈ, ਸੋ ਤਿੰਨਾ ਗ੍ਰਾਮਾਂ ਦੀਆਂ ਸੁਰਾਂ ਦੇ ਟਿਕਾਣੇ ਘਰ ਹਨ।
ਕਈ ਸਿਆਣੇ ਘਰ ਦਾ ਅਰਥ ਤਾਲ ਬੀ ਦੱਸਦੇ ਹਨ। ਕਈ ਤਾਲ ਵਿਚ ਕੋਈ ਟਿਕਾਣਾ ਦੱਸਦੇ ਹਨ ਜਿਸ ਨੂੰ ਗ੍ਰਹਿ (ਘਰ) ਕਹਿੰਦੇ ਹਨ।
੫. ਘਰ ਨਾਲ ਉਚਾ ਵਿਸ਼ੇਸ਼ਣ ਲਗ ਕੇ ਬੱਦਲ ਅਰਥ ਬੀ ਕਰਦੇ ਹਨ। ਦੇਖੋ , ‘ਘਰ ਉਚਾ’
੬. ਆਪਣਾ, ਨਿਜਦਾ। ਦੇਖੋ, ‘ਘਰਕਾ ੨.’ ਤੇ ‘ਘਰਕੈ’
੭. ਘਰ ਤੋਂ ਮੁਰਾਦ ਹਿਰਦਾ ਬੀ ਹੈ। ਯਥਾ-‘ਘਰ ਮਹਿ ਘਰੁ ਦਿਖਾਇਦੇ’। ਤਥਾ-‘ਘਰ ਮਹਿ ਠਾਕੁਰੁ ਨਦਰਿ ਨ ਆਵੈ’।
੮. ਘਰ ਤੋਂ ਮੁਰਾਦ ਸਰੀਰ ਦੇ ਅੰਦਰ ਸੁਰਤ ਦੇ ਟਿਕਾਣਿਆਂ ਤੋਂ ਬੀ ਲੈਂਦੇ ਹਨ। ਇਨ੍ਹਾਂ ਨੂੰ ਕੋਈ ਨਾੜੀਆਂ ਕੋਈ ਕੋਠੜੀਆਂ ਦੱਸਦਾ ਹੈ। ਮੁਰਾਦ ਸ਼ਾਇਦ ਕੰਗ੍ਰੋੜ ਦੇ ਬਹੱਤਰ ਮੁਹਰਿਆਂ ਤੋਂ ਹੈ, ਜਿਸ ਦੇ ਵਿਚ ਨਸਾਂ (nerves=ਹਿਸ ਹਰਕਤ ਦੀਆਂ ਨਾੜੀਆਂ) ਦੇ ਸਾਮਾਨ ਹਨ ਤੇ ਉਨ੍ਹਾਂ ਦੇ ਕੇਂਦ੍ਰ ਹਨ। ਯੋਗ ਦੇ ਹਿਸਾਬ ਇੜਾ , ਪਿੰਗਲਾ , ਸੁਖਮਨਾ, ਤ੍ਰੈਏ ਕੰਗ੍ਰੋੜ ਵਿਚ ਹਨ। ਯਥਾ-‘ਬਹਤਰਿ ਘਰ ਇਕੁ ਪੁਰਖੁ ਸਮਾਇ’ ਬਹਤਰ ਘਰਾਂ ਵਾਲੇ (ਸਰੀਰ ਵਿਚ) ਵਾਹਿਗੁਰੂ ਸਮਾ ਰਿਹਾ ਹੈ, ਜਿਸ ਨੇ ਅਪਣਾ ਨਾਮ ਸਾਨੂੰ ਲਖਾ (ਫੁਰਾ) ਦਿੱਤਾ ਹੈ। ਮੁਰਾਦ ਹੈ ਕਿ ਵ੍ਯਾਪਕ ਵਾਹਿਗੁਰੂ ਜੋ ਸਾਡੇ ਪਿੰਡ ਵਿਚ ਬੀ ਸਮਾ ਰਿਹਾ ਹੈ ਉਸਦਾ ਨਾਮ ਫੁਰ ਪਿਆ ਹੈ ਤੇ ਅਸੀਂ ਲੇਖੇ ਤੋਂ ਅਲੇਖੇ ਹੋ ਗਏ ਹਾਂ।
੯. ਨੌਂ ਗੋਲਕਾਂ* ਦੇਖੋ, ‘ਨਵੈ ਘਰ’
----------
* ਦੋ ਕੰਨ , ਦੋ ਅੱਖਾਂ, ੧ ਮੂੰਹ , ੨ ਨਾਸਕਾਂ, ੧ ਤੁਚਾ, ੧ ਸ਼ਿਸ਼ਨੁ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 34038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਘਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘਰ, (ਪ੍ਰਾਕ੍ਰਿਤ : घर; ਸੰਸਕ੍ਰਿਤ : गृह) \ ਪੁਲਿੰਗ : ੧. ਰਹਿਣ ਦੀ ਥਾਂ, ਮਕਾਨ, ਕੋਠਾ, ਇਮਾਰਤ; ੨. ਕੁਲ, ਬੰਸ, ਘਰਾਣਾ; ੩. ਖੁੱਡ, ਆਲ੍ਹਣਾ, ਘੁਰਨਾ; ੪. ਵਤਣ, ਜਨਨ-ਭੂਮੀ (ਭਾਈ ਬਿਸ਼ਨਦਾਸ ਪੁਰੀ); ੫. ਸ਼ਬਦਾਂ ਦੇ ਪਿਛੇ ਆ ਕੇ ਸਥਾਨਵਾਚੀ ਸੰਗਿਆ ਬਣਾਉਂਦਾ ਹੈ ਜਿਵੇਂ : – ਤਾਰ ਘਰ, ਚਿੜੀਆ-ਘਰ; ੬. ਚੌਸਰ ਜਾਂ ਸ਼ਤਰੰਜ ਦਾ ਖ਼ਾਨਾ; ੭. ਦਰਾਜ਼, ਮੇਜ਼ ਜਾਂ ਅਲਮਾਰੀ ਦਾ ਖ਼ਾਨਾ, ਰੱਖਣਾ; ੮. ਮਨ, ਦੇਹ, ਸਰੀਰ : ‘ਘਰ ਮਲਿ ਪੰਚ ਵਰਤਦੇ’ (ਆਸਾ ਅ, ਮਹਲਾ ੩); ੯. ਰਾਸ਼ੀ, ਜਨਮ ਕੁੰਡਲੀ; ੧੦. ਉਹ ਸ਼ਾਸਤਰ ਜਿਸ ਵਿੱਚ ਕਿਸੇ ਮਤ ਦੇ ਨਿਯਮ ਹਨ, ਦਰਸ਼ਨ : ‘ਛਿਅ ਘਰ ਛਿਅ ਗੁਰ ਛਿਅ ਉਪਦੇਸ’ (ਸੋਹਿਲਾ); ੧੧. ਰੁਤਬਾ, ਪਦਵੀ : ‘ਸੋ ਘਰੁ ਗ਼ੁਰਿ ਨਾਨਕ ਕਉ ਦੀਆ’ (ਗਉੜੀ ਮਹਲਾ ੫); ੧੨. ਤਾਲ ਤੇ ਸਵਰ; ੧੩. ਦਿਲ, ਮਨ, ਅੰਤਹਕਰਣ : ‘ਘਰ ਭੀਤਰਿ ਘਰੁ ਗੁਰੂ ਦਿਖਾਇਆ’ (ਸੋਰਠ ਅਸਟਪਦੀ ਮਹਲਾ ੫); ੧੪. ਛੰਦ ਦਾ ਚਰਣ, ਤੁਕ : ‘ਦਸ ਦੁਇ ਲਘੁ ਵਸ ਘਰ ਘਰ’ (ਪਰੂਦੀਪ); ੧੫. ਕੁੰਡਾ, ਘੁਰਾ (ਸਵੈਟਰ ਦਾ); ੧੬. ਉਹ ਥਾਂ ਜਿੱਥੇ ਕੋਈ ਚੀਜ਼ ਬਹੁਤਾਤ ਵਿੱਚ ਹੋਵੇ
–ਘਰ ਉੱਜੜਨਾ, ਮੁਹਾਵਰਾ : ੧. ਤਬਾਹ ਜਾਂ ਬਰਬਾਦ ਹੋਣਾ; ੨. ਘਰ ਵਿੱਚ ਜਨਾਨੀ ਜਾਂ ਆਦਮੀ ਦਾ ਮਰ ਜਾਣਾ
–ਘਰ ਉਜਾੜ (ਉਜਾੜੂ), ਵਿਸ਼ੇਸ਼ਣ : ੧. ਘਰ ਬਰਬਾਦ ਕਰਨ ਵਾਲਾ; ੨. ਫ਼ਜ਼ੂਲ ਖਰਚ
–ਘਰ ਉਜਾੜਾ, ਪੁਲਿੰਗ : ਘਰ ਦੀ ਤਬਾਹੀ
–ਘਰ ਉਜਾੜਨਾ, ਮੁਹਾਵਰਾ : ਘਰ ਤਬਾਹ ਕਰਨਾ, ਖ਼ਾਨਾ ਖ਼ਰਾਬ ਕਰਨਾ, ਬਹੁਤ ਖਰਚ ਕਰਨਾ
–ਘਰ ਅੱਡਣਾ, ਮੁਹਾਵਰਾ : ਨਵਾਂ ਘਰ ਵਸਾਉਣਾ
–ਘਰ ਆਇਆ ਸੱਪ ਪੂਜੀਏ ਵਰਮੀ ਪੂਜਣ ਨਾ ਜਾਏ, ਅਖੌਤ : ਘਰ ਆਏ ਵੈਰੀ ਨੂੰ ਵੀ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ
–ਘਰ ਆਈ ਲੱਛਮੀ (ਦੌਲਤ) ਮੋੜਨਾ, ਮੁਹਾਵਰਾ : ੧. ਜੋ ਮਿਲ ਰਿਹਾ ਹੋਵੇ ਉਸ ਨੂੰ ਛੱਡਣਾ; ੨. ਮੁੰਡੇ ਲਈ ਆ ਰਿਹਾ ਸਾਕ ਮੋੜਨਾ
–ਘਰ ਆਏ ਦੀ ਲਾਜ ਰੱਖਣਾ, ਮੁਹਾਵਰਾ : ਚਲ ਕੇ ਘਰ ਆਉਣ ਵਾਲੇ ਦਾ ਲਿਹਾਜ਼ ਕਰਨਾ
–ਘਰ ਆਏ ਪ੍ਰਾਹੁਣੇ ਤੇ ਘੋਲ ਬੈਠੇ ਕੜ੍ਹੀ, ਅਖੌਤ : ਜਦ ਕੋਈ ਚੰਗੇ ਮੌਕੇ ਤੇ ਭੈੜਾ ਕੰਮ ਕਰੇ ਤਾਂ ਕਹਿੰਦੇ ਹਨ
–ਘਰ ਆਬਾਦ ਹੋਣਾ, ਮੁਹਾਵਰਾ : ਘਰ ਵੱਸਣਾ ਵਿਆਹ ਹੋ ਜਾਣਾ, ਘਰ ਵਿੱਚ ਵਹੁਟੀ ਦਾ ਆ ਜਾਣਾ
–ਘਰ ਆਬਾਦ ਕਰਨਾ, ਮੁਹਾਵਰਾ : ੧. ਘਰ ਵਸਾਉਣਾ; ੨. ਵਿਆਹ ਕਰਨਾ
–ਘਰ ਸੰਭਾਲਣਾ, ਮੁਹਾਵਰਾ : ਘਰ ਦਾ ਠੀਕ ਠੀਕ ਇੰਤਜ਼ਾਮ ਕਰਨਾ
–ਘਰ ਸ਼ਾਹ ਤੇ ਬਾਹਰ ਸ਼ਾਹ, ਅਖੌਤ : ਜੋ ਘਰ ਰਜਿਆ ਹੋਵੋ, ਉਹ ਸਾਰੀ ਥਾਈਂ ਰੱਜਿਆਂ ਵਾਲਾ ਕੰਮ ਕਰਦਾ ਹੈ
–ਘਰ ਸਾਫ਼ ਹੋ ਜਾਣਾ, ਮੁਹਾਵਰਾ : ੧. ਘਰ ਵਿੱਚ ਫੱਕਾ ਨਾ ਰਹਿਣਾ; ੨. ਘਰ ਦਾ ਕੋਈ ਬੰਦਾ ਨਾ ਰਹਿਣਾ
–ਘਰ ਸਿਰ ਉੱਤੇ ਚੁੱਕਣਾ, ਮੁਹਾਵਰਾ : ਬਹੁਤਾ ਰੌਲਾ ਪਾਉਣਾ, ਬਹੁਤ ਸ਼ੋਰ ਕਰਨਾ
–ਘਰ ਸੁੰਨਾ ਹੋ ਜਾਣਾ, ਮੁਹਾਵਰਾ : ਰੌਣਕੀ ਬੰਦੇ ਦਾ ਮਰ ਜਾਣਾ ਜਾਂ ਚਲੇ ਜਾਣਾ
–ਘਰਹਾਈ, ਵਿਸ਼ੇਸ਼ਣ :ਘਰ ਵਿਗਾੜੂ, ਘਰਪੱਟ, ਘਰ ਬਰਬਾਦ ਕਰਨ ਵਾਲਾ : ‘ਝਗਰੁ ਕਰੈ ਘਰਹਾਈ’ (ਗਉੜੀ ਕਬੀਰ)
–ਘਰ ਹੋਣ ਮੀਆਂ ਰੋਟੀਆਂ ਭੱਜੀਆਂ ਆਉਣ ਮੀਆਂ ਵਹੁਟੀਆਂ, ਅਖੌਤ : ਰੁਪਏ ਪੱਲੇ ਹੋਣ ਤਾਂ ਦੁਨੀਆ ਵਿੱਚ ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ
–ਘਰ ਕਰਨਾ, ਮੁਹਾਵਰਾ : ੧. (ਦਿਲ ਵਿਚ) ਬੈਠ ਜਾਣਾ, ਟਿਕ ਜਾਣਾ; ੨. ਅਸਰ ਹੋਣਾ; ੩. ਖਸਮ ਕਰਨਾ
–ਘਰ ਕੀ ਗੀਹਨਿ, ਇਸਤਰੀ ਲਿੰਗ : ਧਰਮ ਪਤਨੀ, ਘਰਵਾਲੀ : ‘ਘਰ ਕੀ ਗੀਹਨਿ ਚੰਗੀ’ (ਧਨਾ ਧੰਨਾ)
–ਘਰ ਕੁਰੰਡ ਮਾਰਨਾ, ਮੁਹਾਵਰਾ : ਬਹੁਤ ਖਰਚ ਕਰਨਾ, ਅਪਣੀ ਵਿੱਤ ਤੋਂ ਵੱਧ ਖਰਚ ਕਰਨਾ
–ਘਰ ਕੇ ਦੇਵ, ਪੁਲਿੰਗ : ੧. ਕੁਲ ਦੇਵਤਾ : ‘ਘਰ ਕੇ ਦੇਵ ਪਿਤਰ ਛੋਡੀ ਗੁਰ ਕੋ ਸਬਦੁ ਲਇਓ’ (ਬਿਲਾਵਲ ਰਾਗ, ਕਬੀਰ); ੨. ਮਾਤਾ ਪਿਤਾ ਆਦਿ ਬਜ਼ੁਰਗ
–ਘਰ ਖਫਣ ਨਹੀਂ ਰੀਝਾਂ ਮੌਤ ਦੀਆਂ, ਅਖੌਤ : ਜਦ ਕੋਈ ਆਦਮੀ ਵਿੱਤੋਂ ਵਧ ਕੰਮ ਕਰਨ ਦੇ ਯਤਨ ਕਰੇ ਤਾਂ ਆਖਦੇ ਹਨ
–ਘਰ ਖਵਾਉਣਾ, ਮੁਹਾਵਰਾ : ਅਪਣੇ ਪੱਲਿਉਂ ਕਿਸੇਂ ਨੂੰ ਖਵਾਉਣਾ, ਘਰ ਦਾ ਮਾਲ ਖੁਵਾਉਣਾ
–ਘਰ ਖਾਣ ਨੂੰ ਆਉਣਾ (ਪੈਣਾ), ਮੁਹਾਵਰਾ : ਘਰ ਵਿੱਚ ਬਿਲਕੁਲ ਜੀ ਨਾ ਲੱਗਣਾ, ਘਰ ਸੁੰਨਾ ਹੋਣਾ
–ਘਰ ਖਾਣ ਨੂੰ ਨਹੀਂ ਮਾਂ ਪੀਹਣ ਗਈ, ਅਖੌਤ : ਜਦ ਘਰ ਭੁੱਖ ਨੰਗ ਹੋਵੇ ਤੇ ਵਿਖਾਵਾ ਵੱਡਾ ਹੋਵੇ ਤਾਂ ਕਹਿੰਦੇ ਹਨ
–ਘਰ ਖਾ ਲੈਣਾ, ਮੁਹਾਵਰਾ ਟੱਬਰ ਦੇ ਬੰਦਿਆਂ ਦੀ ਮੌਤ ਦਾ ਕਾਰਨ ਸਮਝੇ ਜਾਣਾ
–ਘਰ ਗਾਲਣਾ, ਮੁਹਾਵਰਾ : ਘਰ ਬਰਬਾਦ ਕਰਨਾ (ਭਾਈ ਬਿਸ਼ਨਦਾਸ ਪੁਰੀ)
–ਘਰ ਗ੍ਰਿਸਤੀ, ਪੁਲਿੰਗ : ੧. ਘਰ ਵਾਲਾ, ਬਾਲ ਬੱਚੇਦਾਰ; ੨. ਖ਼ਾਨਾਦਾਰੀ, ਘਰ ਦਾ ਕੰਮ ਕਾਜ
–ਘਰ ਗੁਆਊ, ਵਿਸ਼ੇਸ਼ਣ : ਘਰ ਨੂੰ ਉਜਾੜਨ ਵਾਲਾ
–ਘਰ ਘਟਾਊ (ਘਟਾਵਾ), ਵਿਸ਼ੇਸ਼ਣ : ਘਰ ਦਾ ਨੁਕਸਾਨ ਕਰਨ ਵਾਲਾ
–ਘਰ ਘਰ, ਕਿਰਿਆ ਵਿਸ਼ੇਸ਼ਣ : ਸਭ ਜਗ੍ਹਾ, ਹਰ ਜਗ੍ਹਾ, ਹਰ ਘਰ ਵਿਚ, ਥਾਂ ਥਾਂ
–ਘਰ ਘਰ ਫਿਰਨਾ, ਮੁਹਾਵਰਾ : ਮਾਰੇ ਮਾਰੇ ਫਿਰਨਾ, ਕੌਲੇ ਕੱਛਦੇ ਫਿਰਨਾ
–ਘਰ ਘਰ ਵਾਲੀ ਨਾਲ, ਅਖੌਤ : ਪਤਨੀ ਨਾਲ ਹੀ ਘਰ ਦੀ ਰੌਣਕ ਹੁੰਦੀ ਹੈ
–ਘਰ ਘਰਿਸਤੀ, ਇਸਤਰੀ ਲਿੰਗ : ਘਰ ਗ੍ਰਿਸਤੀ
–ਘਰ ਘਾਟ, ਪੁਲਿੰਗ : ੧. ਘਰਬਾਰ, ਟਿਕਾਣਾ; ੨. ਟੱਬਰ, ਕਬੀਲਾ (ਭਾਈ ਬਿਸ਼ਨਦਾਸ ਪੁਰੀ)
–ਘਰ ਘੋੜਾ ਨਿਰ ਘਾਸ (ਮੰਡੀ) ਮੁੱਲ ਘੋੜਾ ਘਰ ਤੇ ਮੁੱਲ ਬਾਜ਼ਾਰ, ਅਖੌਤ : ਜਦ ਚੀਜ਼ ਕਿਧਰੇ ਹੋਵੇ ਤੇ ਮੁੱਲ ਕਿਧਰੇ ਹੋਵੇ ਤਾਂ ਕਹਿੰਦੇ ਹਨ
–ਘਰ ’ਚ ਗੰਗਾ ਵਗਣਾ, ਮੁਹਾਵਰਾ : ਸਾਰੇ ਦੇ ਸਾਰੇ ਸਾਧਨ ਮੌਜੂਦ ਹੋਣਾ ਕੋਈ ਦੁਰਲਭ ਪਦਾਰਥ ਘਰ ਹੀ ਮਿਲ ਜਾਣਾ
–ਘਰ ਚਲਾਉਣਾ, ਮੁਹਾਵਰਾ : ਘਰ ਦਾ ਨਿਰਬਾਹ ਕਰਨਾ, ਘਰ ਦਾ ਖ਼ਰਚ ਤੋਰਨਾ
–ਘਰ ਜੰਮ, ਵਿਸ਼ੇਸ਼ਣ : ਘਰ ਵਿੱਚ ਜੰਮਿਆ ਹੋਇਆ (ਜਨੌਰ ਜਾਂ ਗੁਲਾਮ)
–ਘਰ ਜਮਾਈ (ਘਰ ਜੁਆਈ), ਪੁਲਿੰਗ : ਉਹ ਜੁਆਈ ਜੋ ਵਿਆਹ ਪਿੱਛੋਂ ਸਹੁਰੇ ਦੇ ਹੀ ਘਰ ਰਹੇ
–ਘਰ ਤੰਦ ਨਾ ਤਾਣੀ ਤੇ ਜੁਲਾਹਿਆਂ ਨਾਲ ਡਾਂਗੋ ਡਾਗੀ, ਅਖੌਤ : ਜਦ ਆਪਣੇ ਘਰ ਕੋਈ ਤਿਆਰ ਨਾ ਹੋਵੇ ਤੇ ਦੂਜਿਆਂ ਨੂੰ ਗਾਹਕ ਪਾਈ ਜਾਵੇ ਤਾਂ ਵਰਤਦੇ ਹਨ
–ਘਰ ਤੀਵੀਆਂ ਦੇ ਨਾਂ ਮਰਦਾਂ ਦੇ, ਅਖੌਤ : ਜਦ ਕੰਮ ਕੋਈ ਕਰੇ ਤੇ ਵਡਿਆਈ ਕੋਈ ਦੂਜਾ ਪਰਾਪਤ ਕਰੇ ਤਾਂ ਆਖਦੇ ਹਨ, ਲੜੇ ਫ਼ੌਜ ਨਾਂ ਸਰਕਾਰ ਦਾ
–ਘਰ ਦਰ, ਪੁਲਿੰਗ : ਘਰ ਬਾਰ
–ਘਰ ਦਾ, ਵਿਸ਼ੇਸ਼ਣ :੧. ਘਰ ਨਾਲ ਸਬੰਧਤ, ਖ਼ਾਨਗੀ, ਘਰੇਲੂ; ੨. ਨਿੱਜੀ, ਜਾਤੀ, ਆਪਣਾ ; ੩. ਪਾਲਤੂ ਘਰ ਵਿੱਚ ਪਲਿਆ’
–ਘਰ ਦਾ ਘਰ, ਪੁਲਿੰਗ : ਸਾਰਾ ਘਰ, ਸਾਰਾ ਟੱਬਰ, ਟੱਬਰ ਦੇ ਸਾਰੇ ਜੀ
–ਘਰ ਦਾ ਚਰਾਗ਼, ਪੁਲਿੰਗ : ਪੁੱਤਰ
–ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ, ਅਖੌਤ : ਆਦਮੀ ਦੀ ਕਦਰ ਆਪਣੇ ਦੇਸ਼ ਵਿੱਚ ਨਹੀਂ ਹੁੰਦੀ
–ਘਰ ਦਾਣੇ ਨਹੀਂ ਅੰਮਾਂ ਪੀਹਣ ਗਈ, ਅਖੌਤ : ਜਦ ਕੋਈ ਸਮਰਥਾ ਤੋਂ ਵਧ ਕੇ ਗੱਲ ਕਰੇ ਤਾਂ ਕਹਿੰਦੇ ਹਨ
–ਘਰ ਦਾ ਧੰਦਾ, ਪੁਲਿੰਗ : ਘਰ ਦੇ ਕੰਮ ਕਾਜ, ਘਰ ਗ੍ਰਿਸਤੀ ਦੇ ਕੰਮ
–ਘਰ ਦਾ ਨਾ ਘਾਟ ਦਾ, ਵਿਸ਼ੇਸ਼ਣ : ਕਿਸੇ ਪਾਸੇ ਦਾ ਨਾ ਰਹੇ
–ਘਰ ਦਾ ਨਾ ਦਰ ਦਾ, ਵਿਸ਼ੇਸ਼ਣ : ਘਰ ਦਾ ਨਾ ਘਾਟ ਦਾ
–ਘਰ ਦਾ ਪੀਹ ਹੌਲਾ ਹੁੰਦਾ ਹੈ, (ਪੋਠੋਹਾਰੀ) / ਅਖੌਤ : ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ
–ਘਰ ਦਾ ਬੰਨ੍ਹ, ਪੁਲਿੰਗ : ਘਰ ਦਾ ਨਿਰਬਾਹ ਕਰਨ ਵਾਲਾ ਬੰਦਾ
–ਘਰ ਦਾ ਬਾਨ੍ਹਣੂ ਬੰਨ੍ਹਣਾ, ਮੁਹਾਵਰਾ : ੧. ਘਰ ਵਸਾਉਣਾ; ੨. ਵਿਆਹ ਕਰਾਉਣਾ
–ਘਰ ਦਾ ਬਾਂਨ੍ਹਾ ਬੰਨ੍ਹਣਾ (ਬਨ੍ਹਾਉਣਾ), ਮੁਹਾਵਰਾ : ਘਰ ਦਾ ਬੰਦੋਬਸਤ ਕਰਨਾ, ਖਾਨਾਅਬਾਦੀ ਕਰਨਾ, ਵਿਆਹ ਕਰਨਾ (ਭਾਈ ਮਈਆ ਸਿੰਘ)
–ਘਰ ਦਾ ਬਾਨ੍ਹਣੂੰ ਬੰਨ੍ਹਣਾ, ਮੁਹਾਵਰਾ : ਵਿਆਹ ਕਰਨਾ
–ਘਰ ਦਾ ਖੂਹਾ ਦੂਏ ਪਾਸੇ (ਬੰਨੇ) ਲਾਉਣਾ, ਮੁਹਾਵਰਾ : ਘਰ ਉਜਾੜਨਾ, ਮਾਲ ਉਡਾਉਣਾ (ਭਾਈ ਬਿਸ਼ਨਦਾਸ ਪੁਰੀ)
–ਘਰ ਦਾ ਬੂਹਾ ਦੂਜੇ ਦਾ ਹੋਣਾ, ਮੁਹਾਵਰਾ : ਘਰ ਉਜੜਨਾ (ਭਾਈ ਬਿਸ਼ਨਦਾਸ ਪੁਰੀ)
–ਘਰ ਦਾ ਭਾਗ ਵਿਹੜੇ ਤੋਂ ਪਤਾ ਲੱਗਦਾ ਹੈ, ਅਖੌਤ : ਕਿਸੇ ਚੀਜ਼ ਦਾ ਅੰਦਾਜ਼ਾ ਉਸ ਦੇ ਮੁਢਲੇ ਲਛਣਾਂ ਤੋਂ ਹੀ ਲੱਗ ਜਾਂਦਾ ਹੈ ਪਿੰਡ ਦਾ ਪਤਾ ਗੁਹਾਰਿਆਂ ਤੋਂ ਹੀ ਲੱਗ ਜਾਂਦਾ ਹੈ
–ਘਰ ਦਾ ਭੇਤੀ (ਭੇਦੀ) ਲੰਕਾ ਢਾਏ, ਅਖੌਤ : ਭੇਤ ਦਾ ਜਾਣੂ ਵਧੇਰੇ ਨੁਕਸਾਨ ਪੁਚਾ ਸਕਦਾ ਹੈ
–ਘਰ ਦੀ ਅਕਲ, ਇਸਤਰੀ ਲਿੰਗ : ੧. ਆਪਣੀ ਨਿਜੀ ਸੂਝ, ਆਪਣੀ ਨਿੱਜੀ ਅਕਲ; ੨. ਘਰਬਾਰ ਦੇ ਲਾਭ ਦੀ ਸੂਝ
–ਘਰ ਦੀ ਅੱਧੀ, ਬਾਹਰ ਦੀ ਸਾਰੀ, ਅਖੌਤ : ਘਰ ਦੀ ਅੱਧੀ ਬਾਹਰ ਦੀ ਸਾਰੀ ਨਾਲੋਂ ਚੰਗੀ ਹੈ, ਅਖੌਤ : ਦੇਸ ਦੀ ਥੋੜੀ ਆਮਦਨੀ ਪਰਦੇਸ ਦੀ ਬਹੁਤੀ ਨਾਲੋਂ ਚੰਗੀ ਹੈ
–ਘਰ ਦੀ ਖੇਤੀ, ਇਸਤਰੀ ਲਿੰਗ : ੧. ਨਿੱਜੀ ਖੇਤੀ ਬਾੜੀ, ਮਾਲਕ ਜ਼ਮੀਨ ਦੀ ਆਨ ਬੀਜੀ ਜ਼ਮੀਨ; ੨. ਆਪਣਾ ਮਾਲ
–ਘਰ ਦੀ ਗੱਲ, ਇਸਤਰੀ ਲਿੰਗ : ੧. ਸੌਖਾ ਕੰਮ, ਸਹਿਲ ਕੰਮ; ੨. ਆਪਸਦਾਰੀ ਦੀ ਗਲ
–ਘਰ ਦੀ ਜੁਗਤ, ਇਸਤਰੀ ਲਿੰਗ : ਸਰਫੇ ਨਾਲ ਘਰ ਦਾ ਖਰਚ ਕਰਨ ਦਾ ਭਾਵ (ਭਾਈ ਬਿਸ਼ਨਦਾਸ ਪੁਰੀ)
–ਘਰ ਦੀ ਜੁਗਤ ਕਸ਼ਮੀਰ ਦੀ ਖੱਟੀ, ਅਖੌਤ : ਭਾਵ ਘਰ ਨੂੰ ਜੇ ਜੁਗਤੀ ਨਾਲ ਚਲਾਇਆ ਜਾਏ ਤਾਂ ਬਹੁਤ ਆਮਦਨੀ ਹੋ ਸਕਦੀ ਹੈ
–ਘਰ ਦੀ ਬਿੱਲੀ ਘਰ ਨੂੰ ਮਿਆਊਂ, ਅਖੌਤ : ਜਦੋਂ ਕਿਸੇ ਆਪਣੇ ਬੰਦੇ ਤੋਂ ਹੀ ਨੁਕਸਾਨ ਪਹੁੰਚੇ ਤਾਂ ਕਹਿੰਦੇ ਹਨ
–ਘਰ ਦੀ ਮੁਰਗੀ ਦਾਲ ਬਰਾਬਰ (ਬਰੋਬਰ), ਅਖੌਤ : ੧. ਘਰ ਦੀ ਚੰਗੀ ਚੀਜ਼ ਦੀ ਵੀ ਕਦਰ ਨਹੀਂ ਹੁੰਦੀ
–ਘਰ ਦੇ ਜੰਮੇ ਦੇ ਦੰਦ ਗਿਣੀਏ ਕਿ ਸਾਲ, ਅਖੌਤ : ਭਾਵ ਆਪਣੀ ਔਲਾਦ ਦੀ ਉਮਰ ਦਾ ਮਾਪਿਆਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ
–ਘਰ ਦੇ ਪਿਟਣੇ, ਪੁਲਿੰਗ : ਬਹੁਤ ਘਰ ਦੇ ਧੰਦੇ
–ਘਰ ਦੇ ਪੀਰਾਂ ਨੂੰ ਤੇਲ ਦੇ ਚੂਰਮੇ, ਅਖੌਤ : ਜਦ ਕੋਈ ਜਾਣੂ ਸਿਆਣੂ ਵੱਡੇ ਆਦਮੀ ਦੀ ਪੂਰੀ ਖਾਤਰ ਨਾ ਕਰੇ ਤਾਂ ਆਖਦੇ ਹਨ, ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ
–ਘਰ ਦੇ ਭਾਂਡੇ ਸਿੱਧੇ ਹੋਣਾ, ਮੁਹਾਵਰਾ : ਮਾਲੀ ਹਾਲਤ ਚੰਗੀ ਹੋਣਾ : ‘ਇਸ ਨੂੰ ਤਾਂ ਕਹਿੰਦੇ ਨੇ ਬਗਾਨੀ ਲੱਸੀ ਦੀ ਉਮੀਦ ਉੱਤੇ ਮੁੱਛਾਂ ਮੁਣਾਈਆਂ, ਕਦੋਂ ਲੇਖ ਛਪਣ ਤੇ ਕਦੋਂ ਘਰ ਦੇ ਭਾਂਡੇ ਸਿੱਧੇ ਹੋਣ, ਸ਼ੇਖ ਚਿੱਲੀ ਵੀ ਕੋਈ ਹੋਵੇਗਾ ਤੁਸਾਂ ਵਰਗਾ’ (ਸੰਗਮ ੨੨੧)
–ਘਰ ਦੇ ਭਾਂਡੇ ਮੂਧੇ ਹੋਣਾ, ਮੁਹਾਵਰਾ : ਮਾਲੀ ਹਾਲਤ ਖਰਾਬ ਹੋਣਾ
–ਘਰ ਦੇ ਭੇਤ ਨੇ ਢਹਿਸਰ ਮਾਰਿਆ, ਅਖੌਤ : ਘਰ ਦਾ ਭੇਤੀ ਲੰਕਾ ਢਾਹੇ
–ਘਰ ਨਹੀਂ ਦਾਣੇ, ਅੰਮਾਂ ਪੀਹਣ ਗਈ, ਅਖੌਤ : ਜਦ ਕਿਸੇ ਦੇ ਪੱਲੇ ਕੁਝ ਨਾ ਹੋਵੇ ਪਰ ਡੀਂਗਾਂ ਵੱਡੀਆਂ ਵੱਡੀਆਂ ਮਾਰੇ ਤਾਂ ਆਖਦੇ ਹਨ
–ਘਰ ਨਾ ਖਾਣਕਾ ਕੁੱਤੇ ਦਾ ਨਾਂ ਮਾਣਕਾ, ਅਖੌਤ : ਉਤੋਂ ਪੂਰੀ ਠਾਠ ਬਾਠ ਹੋਣੀ ਅਤੇ ਵਿੱਚੋਂ ਕੁਝ ਵੀ ਨਾ ਹੋਣ ਦੀ ਹਾਲਤ ਵਿੱਚ ਕਹਿੰਦੇ ਹਨ
–ਘਰ ਨਾ ਬਾਰ ਮੀਆਂ ਮੁਹਲੇਦਾਰ, ਅਖੌਤ : ਘਰ ਭੁੱਖ ਤੇ ਬੂਹੇ ਡਿਉਢੀ
–ਘਰ ਨੂੰ ਅੱਗ ਲਾਉਣਾ, ਮੁਹਾਵਰਾ : ਬਹੁਤਾ ਖਰਚ ਕਰਨਾ
–ਘਰ ਪਕਦੀਆਂ ਦੇ ਸਾਰੇ ਸਾਕ ਹਨ, ਅਖੌਤ : ਜਦੋਂ ਕੋਈ ਸਾਕ ਗਰੀਬੀ ਵੇਲੇ ਵਾਤ ਨਾ ਪੁਛੇ ਤਾਂ ਵਰਤਦੇ ਹਨ
–ਘਰ ਪਾਉਣਾ, ਮੁਹਾਵਰਾ : (ਕੋਈ ਤੀਵੀਂ) ਵਹੁਟੀ ਬਣਾ ਕੇ ਰੱਖਣੀ (ਭਾਈ ਬਿਸ਼ਨਦਾਸ ਪੁਰੀ), (ਤੀਵੀਂ ਨਾਲ) ਚਾਦਰ ਪਾ ਲੈਣਾ
–ਘਰ ਪਾਟਣਾ, ਮੁਹਾਵਰਾ : ਘਰ ਦੇ ਲੋਕਾਂ ਵਿੱਚ ਫੁੱਟ ਪੈ ਜਾਣਾ, ਇਤਫਾਕ ਨਾ ਰਹਿਣਾ (ਭਾਈ ਬਿਸ਼ਨਦਾਸ ਪੁਰੀ)
–ਘਰ ਪਾਟਾ ਰਿਜਕ ਦਾ ਘਾਟਾ, ਅਖੌਤ : ਕਿਸੇ ਘਰ ਵਿੱਚ ਫੁਟ ਦੇ ਕਾਰਨ ਤਬਾਹੀ ਹੁੰਦੀ ਵੇਖਕੇ ਆਖਦੇ ਹਨ
–ਘਰ ਪਾਟਿਆ ਤਾਂ ਦਹਿਸਰ ਮਾਰਿਆ, ਅਖੌਤ : ਘਰ ਦਾ ਭੇਤੀ ਲੰਕਾ ਢਾਹੇ
–ਘਰ ਪਾ ਬਹਿਣਾ (ਪਾ ਲੈਣਾ), ਮੁਹਾਵਰਾ : ਕਿਧਰੇ ਜ਼ਰੂਰਤ ਤੋਂ ਜ਼ਿਆਦਾ ਠਹਿਰਨਾ, ਛਾਉਣੀ ਪਾ ਲੈਣਾ
–ਘਰ ਪਿੱਛੇ, ਕਿਰਿਆ ਵਿਸ਼ੇਸ਼ਣ : ਫ਼ੀ ਘਰ, ਪ੍ਰਤੀ ਘਰ
–ਘਰ ਪੁੱਟਣਾ (ਪੁੱਟ ਸੁਟਣਾ), ਮੁਹਾਵਰਾ : ਘਰ ਬਰਬਾਦ ਕਰਨਾ
–ਘਰ ਪੂਰਾ ਹੋਣਾ, ਮੁਹਾਵਰਾ : ਸੰਤੁਸ਼ਟ ਹੋਣਾ
–ਘਰ ਪੂਰਾ ਕਰਨਾ, ਮੁਹਾਵਰਾ : ਕੰਮ ਸਾਰ ਦੇਣਾ, ਝੰਗ ਲੰਘਾ ਦੇਣਾ, ਤਸੱਲੀ ਕਰ ਦੇਣਾ : ‘ਗੱਲਾਂ ਥੀਂ ਘਰ ਪੂਰਾ ਕਰਦੇ ਵਿੱਚੋਂ ਰਹਿੰਦੇ ਰੁਖੇ’ (ਰੂਪ ਬਸੰਤ ਕਾਲੀਦਾਸ)
–ਘਰ ਫੁੱਟਿਆ ਦਹਿਸਰ ਮਾਰਿਆ, ਅਖੌਤ : ਘਰ ਦੀ ਫੁੱਟ ਵੱਡਿਆਂ ਵੱਡਿਆਂ ਨੂੰ ਹੀ ਤਬਾਹ ਕਰ ਦੇਂਦੀ ਹੈ
–ਘਰ ਫੂਕ ਤਮਾਸ਼ਾ ਵੇਖਣਾ, ਮੁਹਾਵਰਾ : ਜਾਣ ਬੁਝ ਕੇ ਅਪਣਾ ਨੁਕਸਾਨ ਕਰਨਾ
–ਘਰ ਬਹਿਣਾ, ਮੁਹਾਵਰਾ : ੧. ਨੌਕਰੀ ਤੋਂ ਹਟ ਜਾਣਾ, ਬੇਰੋਜ਼ਗਾਰ ਹੋ ਜਾਣਾ; ੨. ਖਸਮ ਕਰ ਲੈਣਾ
–ਘਰ ਬਣਾਉਣਾ, ਮੁਹਾਵਰਾ : ਘਰ ਦੇ ਲਾਭ ਲਈ ਕੰਮ ਕਰਨਾ
–ਘਰ ਬੰਦ ਹੋਣਾ, ਮੁਹਾਵਰਾ : ਸ਼ਤਰੰਜ਼ ਜਾਂ ਚੌਸਰ ਵਿੱਚ ਕਿਸੇ ਮੋਹਰੇ ਦਾ ਕਿਸੇ ਘਰ ਵਿੱਚ ਨਾ ਜਾ ਸਕਣਾ
–ਘਰ ਬੰਨ੍ਹਣਾ, ਮੁਹਾਵਰਾ : ੧. ਵਿਆਹ ਕਰਨਾ; ੨. ਘਰ ਗ੍ਰਿਸਤੀ ਦਾ ਸਾਮਾਨ ਇਕੱਠਾ ਕਰਨਾ
–ਘਰ ਬਾਹਰ, ਕਿਰਿਆ ਵਿਸ਼ੇਸ਼ਣ : ਦੇਸ ਪਰਦੇਸ, ਘਰ ਦੇ ਅੰਦਰ ਤੇ ਬਾਹਰ
–ਘਰ ਬਾਰ, ਪੁਲਿੰਗ : ਟੱਬਰ, ਕਬੀਲਾ, ਘਰ ਦਾ ਮਾਲ, ਮਕਾਨ, ਘਰ ਦੀ ਸਭ ਸੰਪਤੀ, ਘਰ ਘਾਟ
–ਘਰ ਬਾਰ ਤੇਰਾ ਕੋਠੀ ਨੂੰ ਹੱਥ ਨਾ ਲਾਈਂ, ਅਖੌਤ : ਜਦ ਕੋਈ ਪੋਚਵੀਆਂ ਗੱਲਾਂ ਕਰੇ ਪਰ ਝੜੇ ਕੁਝ ਨਾ ਤਾਂ ਕਹਿੰਦੇ ਹਨ
–ਘਰ ਬਾਰ ਲੁਟਾਉਣਾ, ਮੁਹਾਵਰਾ : ਮਾਲ ਦੌਲਤ ਬਰਬਾਦ ਕਰਨਾ
–ਘਰ ਬਾਰੀ, ਪੁਲਿੰਗ : ਜਿਸ ਦਾ ਘਰ ਬਾਰ ਹੈ, ਜੋ ਘਰ ਬਾਰ ਦਾ ਮਾਲਕ ਹੈ, ਬਾਲਬੱਚੇਦਾਰ
–ਘਰ ਬਾਰਨ, ਇਸਤਰੀ ਲਿੰਗ
–ਘਰ ਬੂਹਾ, ਪੁਲਿੰਗ : ਘਰ ਬਾਰ
–ਘਰ ਬੂਹਾ ਅੱਡਣਾ, ਮੁਹਾਵਰਾ : ਘਰ ਅੱਡਣਾ
–ਘਰ ਭਰਨਾ, ਮੁਹਾਵਰਾ : ਦੂਜੇ ਥਾਉਂ ਆਪਣੇ ਘਰ ਧਨ ਲਿਆਉਣਾ, ਦੌਲਤ ਨਾਲ ਘਰ ਦੀ ਮਾਲੀ ਹਾਲਤ ਚੰਗੀ ਬਣਾ ਦੇਣਾ
–ਘਰ ਭੁੱਖ ਤੇ ਬੂਹੇ ਡਿਉਢੀ, ਅਖੌਤ : ਜਦ ਕੋਈ ਫੋਕੀ ਸ਼ੁਕਾਸ਼ਾਕੀ ਕਰੇ ਤਾਂ ਕਹਿੰਦੇ ਹਨ
–ਘਰ ਮਢਲ ਦੀ ਰੋਟੀ ਬਾਹਰ ਲੰਬੀ ਧੋਤੀ, ਅਖੌਤ : ਦਾਲ ਅਲੂਣੀ ਤੇ ਕੱਪੜੇ ਸਬੂਣੀ
–ਘਰ ਮੱਲਣਾ, ਮੁਹਾਵਰਾ : ਸ਼ਤਰੰਜ ਆਦਿ ਦੀ ਖੇਡ ਵਿੱਚ ਕਿਸੇ ਮੋਹਰੇ ਨਾਲ ਕੋਈ ਘਰ ਰੋਕ ਲੈਣਾ
–ਘਰ ਮਿਲਦਾ ਏ ਤਾਂ ਬਰ (ਵਰ) ਨਹੀਂ ਬਰ ਵਰੀ ਮਿਲਦਾ ਏ ਤਾਂ ਘਰ ਨਹੀਂ, ਅਖੌਤ : ਲੜਕੀਆਂ ਲਈ ਚੰਗਾ ਰਿਸ਼ਤਾ ਨਾ ਮਿਲਣ ਉੱਤੇ ਆਖਦੇ ਹਨ
–ਘਰ ਮੂਧਾ ਹੋਣਾ, ਮੁਹਾਵਰਾ : ਘਰ ਦੇ ਪਰਬੰਧ ਦੇ ਜ਼ੁੰਮੇਵਾਰ ਦਾ ਲਾਂਭੇ ਹੋ ਜਾਣਾ ਜਾਂ ਮਰ ਜਾਣਾ
–ਘਰ ਲੜਾਕੀ ਬਾਹਰ ਸੰਘਣੀ ਮੇਲੋ ਮੇਰਾ ਨਾਮ, ਅਖੌਤ : ਜੇ ਕੋਈ ਘਰ ਦਿਆਂ ਨਾਲ ਲੜਦੀ ਰਹੇ ਪਰ ਬਾਹਰਲਿਆਂ ਨਾਲ ਬੜਾ ਮਿੱਠਾ ਬਣਕੇ ਰਹੇ ਤਾਂ ਕਹਿੰਦੇ ਹਨ
–ਘਰ ਵੱਸਣਾ, ਮੁਹਾਵਰਾ : ਵਿਆਹ ਹੋਣਾ
–ਘਰ ਵਸਾਉਣਾ, ਮੁਹਾਵਰਾ : ਵਿਆਹ ਕਰ ਲੈਣਾ
–ਘਰ ਵਾਂਗੂ (ਬਹਿਣਾ) ਬੈਠਣਾ, ਮੁਹਾਵਰਾ : ਆਰਾਮ ਨਾਲ ਬੈਠਣਾ
–ਘਰ ਵਾਲਾ, ਪੁਲਿੰਗ : ੧. ਪਤੀ, ਖਸਮ; ੨. ਘਰ ਦਾ ਮਾਲਕ
–ਘਰ ਵਾਲਾ ਘਰ ਨਹੀਂ ਹੋਰ ਕਿਸੇ ਦਾ ਡਰ ਨਹੀਂ, ਅਖੌਤ : ਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ ਜਿਸ ਤੇ ਕੋਈ ਅੰਕਸ਼ ਨਾ ਹੋਵੇ ਤਾਂ ਉਸ ਨੂੰ ਕਿਸੇ ਦਾ ਡਰ ਨਹੀਂ ਹੁੰਦਾ
–ਘਰਵਾਲੀ, ਇਸਤਰੀ ਲਿੰਗ : ੧. ਘਰ ਦੀ ਮਾਲਕ; ੨. ਜਨਾਨੀ, ਜੋਰੂ, ਪਤਨੀ
–ਘਰ ਵਾੜਨਾ, ਮੁਹਾਵਰਾ : ਘਰ ਪਾਉਣਾ, ਆਪਣੀ ਜਨਾਨੀ ਬਣਾ ਲੈਣਾ, ਚਾਦਰ ਪਾ ਲੈਣਾ
–ਘਰ ਵਿਗੜਨਾ, ਮੁਹਾਵਰਾ : ਵਹੁਟੀ, ਗੱਭਰੂ ਜਾਂ ਘਰ ਦੇ ਪਤਵੰਤੇ ਦਾ ਮਰ ਜਾਣਾ (ਭਾਈ ਬਿਸ਼ਨਦਾਸ ਪੁਰੀ)
–ਘਰ ਵਿੱਚ ਅੱਗ ਲਾਉਣਾ, ਮੁਹਾਵਰਾ : ਘਰ ਵਿੱਚ ਲੜਾਈ ਪੁਆ ਦੇਣਾ, ਘਰ ਵਿੱਚ ਝਗੜਾ ਖੜਾ ਕਰਨਾ
–ਘਰ ਵਿੱਚ ਦੋ ਭਾਂਡੇ ਵੀ ਠਹਿਕ ਪੈਂਦੇ ਹਨ, ਅਖੌਤ : ਕਠੇ ਰਹਿੰਦਿਆਂ ਕਦੇ ਨਾ ਕਦੇ ਲੜਾਈ ਹੋ ਹੀ ਜਾਂਦੀ ਹੈ
–ਘਰ ਵਿੱਚ ਭੁੱਖ ਨੰਗ ਬੂਹੇ ਅੱਗੇ ਡਿਉੜ੍ਹੀ, ਅਖੌਤ : ਜਦ ਹੱਥ ਪਲੇ ਕੁਝ ਨਾ ਹੋਵੇ ਤੇ ਵਿਖਾਵਾ ਬਹੁਤਾ ਹੋਵੇ ਤਾਂ ਕਹਿੰਦੇ ਹਨ
–ਘਰ ਵੇਖਣਾ, ਮੁਹਾਵਰਾ : ਘਰ ਢੁੰਡਣਾ
–ਘਰੇ ਨਾ ਜਾਣ ਮੁਲਖੇ ਦੀ ਸ਼ੁਹਰਤ, (ਪੋਠੋਹਾਰੀ) / ਅਖੌਤ : ਘਰ ਦਾ ਨੁਕਸਾਨ ਲੋਕਾਂ ਦੀਆਂ ਚਹੇਡਾਂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-11-29-12-26-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First