ਗੰਢਾਂ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੰਢਾਂ : ਪੁਰਾਤਨ ਕਾਲ ਵਿਚ ਚਿਤ੍ਰ ਤੇ ਚਿੰਨ੍ਹ ਲਿਪੀ ਤੋਂ ਪਹਿਲਾਂ ਗੰਢ ਲਿਪੀ ਦਾ ਰਿਵਾਜ ਹੁੰਦਾ ਸੀ। ਕਿਸੇ ਕਪੜੇ ਨੂੰ ਲੋੜੀਂਦੀਆਂ ਗੰਢਾਂ ਦੇ ਕੇ ਘੱਲਣ ਨਾਲ ਲੋਕ ਇਕ ਦੂਜੇ ਨੂੰ ਆਪਣੇ ਮਨੋਭਾਵ ਆਦਿ ਸਮਝਾ ਦਿੰਦੇ ਸਨ। ਚਿੰਨ੍ਹ ਲਿਪੀ ਦੀ ਕਾਢ ਤੋਂ ਬਾਅਦ ਇਹ ਮਨੋਭਾਵ ਆਦਿ ਲਿਖਤੀ ਰੂਪ ਵਿਚ ਲਿਖ ਕੇ ਸਮਝਾਏ ਜਾਣ ਲਗ ਪਏ। ਬਾਅਦ ਵਿਚ ਵਿਆਹ ਦੀਆਂ ਰਸਮਾਂ ਸੰਬੰਧੀ ਲਿਖ ਕੇ ਘੱਲੇ ਗਏ ਵੇਰਵੇ ਨੂੰ ‘ਗੰਢਾਂ’ (ਗੰਢੀਆਂ ) ਕਿਹਾ ਜਾਣ ਲਗ ਪਿਆ। ਹੁਣ ਵੀ ਇਹ ਗੰਢਾਂ ਵਿਆਹ ਦੇ ਸ਼ਗਨ ਵਜੋਂ ਲਿਖੀਆਂ ਜਾਂਦੀਆਂ ਹਨ। ਇਨ੍ਹਾਂ ਵਿਚ ਕਾਰਜ ਰਚਾਉਣ, ਸਹਾ ਸੋਧਣ, ਜੰਞ ਆਉਣ ਅਤੇ ਵਹੁਟੀ ਦੇ ਲਾੜੇ ਨਾਲ ਟੁਰਨ ਬਾਰੇ ਸੰਕੇਤ ਕੀਤੇ ਜਾਂਦੇ ਹਨ। ਅਨਪੜ੍ਹ ਅਤੇ ਗਿਣਤੀ ਦੇ ਬੋਧ ਤੋਂ ਨਾ–ਵਾਕਫ਼ ਲੋਕ ਕਿਸੇ ਨਿਸ਼ਚਿਤ ਕੀਤੀ ਮਿਤੀ ਬਾਰੇ ਸਚੇਤ ਰਹਿਣ ਲਈ ਰੱਸੀ ਜਾਂ ਕਪੜੇ ਨੂੰ ਦਿਨਾਂ ਦੇ ਹਿਸਾਬ ਨਾਲ ਗੰਢਾਂ ਪਾ ਦਿੰਦੇ ਸਨ ਅਤੇ ਹਰ ਦਿਨ ਬੀਤਣ ਨਾਲ ਇਕ ਇਕ ਗੰਢ ਖੋਲ੍ਹ ਦਿੱਤੀ ਜਾਂਦੀ ਸੀ। ਇਸੇ ਲੀਹ ਤੇ ਅਧਿਆਤਮਿਕ ਭਾਵ ਦੀ ਅਭਿਵਿਅਕਤੀ ਲਈ ਜੀਵਨ ਰੂਪੀ ਯਾਤਰਾ ਦੇ ਪੂਰੇ ਹੋਣ ਨੂੰ ਪ੍ਰਗਟਾਉਣ ਲਈ ਗੰਢਾਂ ਨੂੰ ਕਾਵਿ–ਸ਼ੈਲੀ ਵਜੋਂ ਵਰਤਿਆ ਜਾਣ ਲਗ ਪਿਆ। ਪੰਜਾਬੀ ਕਵੀਆਂ ਨੇ ਗੰਢਾਂ ਨੂੰ ਪੱਤਲ ਅਤੇ ਚਰਖ਼ੇ ਆਦਿ ਵਾਂਗ ਇਕ ਕਾਵਿ–ਰੂਪ ਦੇ ਤੌਰ ਤੇ ਅਪਣਾਇਆ ਹੈ। ਸੂਫ਼ੀ ਕਵੀਆਂ ਨੇ ਗੰਢਾਂ ਰਾਹੀਂ ਆਪਣੇ ਇਸ਼ਕ ਹਕੀਕੀ ਨਾਨ ਸੰਬੰਧਿਤ ਵਿਚਾਰਾਂ ਨੂੰ ਪੇਸ਼ ਕੀਤਾ ਹੈ। ਉਹ ਮਨੁੱਖ ਨੂੰ ਵਿਆਹੀ ਜਾਣ ਵਾਲੀ ਕੁੜੀ, ਸ਼ੁਭ ਕਰਮਾਂ ਨੂੰ ਦਾਜ ਇਕੱਠਾ ਕਰਨ, ਮ੍ਰਿਤੂ ਨੂੰ ਵਿਆਹ ਅਤੇ ਸਹੁਰੇ ਘਰ ਜਾਣ ਨੂੰ ਪਰਲੋਕ ਸਿਧਾਰਨ ਦੇ ਤੁੱਲ ਮੰਨਦੇ ਹਨ। ਪ੍ਰਸਿੱਧ ਸੂਫ਼ੀ ਕਵੀ ਬੁੱਲ੍ਹੇ ਸ਼ਾਹ ਨੇ 40 ਗੰਢਾਂ ਰਚੀਆਂ ਹਨ। ਉਸ ਦੀ ਹਰ ਗੰਢ ਚਾਰ ਚਾਰ ਤੁਕਾਂ ਵਾਲੇ ਬੰਦ ਵਿਚ ਹੈ ਪਰੰਤੂ ਪਹਿਲੀ ਤੇ ਅੰਤਲੀ ਗੰਢ ਅੱਠ ਅੱਠ ਤੁਕਾਂ ਦੀ ਹੈ। ਇਨ੍ਹਾਂ ਗੰਢਾਂ ਦਾ ਆਰੰਭ ਇਸ ਪ੍ਰਕਾਰ ਹੁੰਦਾ ਹੈ :
ਕਹੋ ਸੁਰਤੀ ਗਲ ਕਾਜ ਦੀ, ਮੈਂ ਗੰਢਾਂ ਕੀਤੀਆਂ ਪਾਊਂ।
ਸਾਹੇ ਤੇ ਜੰਜ ਆਵਸੀ, ਹੁਣ ਚਾਹਲੀ ਗੰਢ ਘੜਾਊਂ।
ਕਵੀ ਦੀ ਚਾਲ੍ਹੀਵੀਂ ਗੰਢ ਹੈ–
ਕਰ ਬਿਸਮਿੱਲ੍ਹਾ ਖੋਲ੍ਹੀਆਂ ਮੈਂ ਗੰਢਾਂ ਚਾਲ੍ਹੀ,
ਜਿਸ ਆਪਣਾ ਆਪ ਵੰਜਾਇਆ ਸੋ ਸੁਰਜਨ ਵਾਲੀ।
ਜੰਞ ਸੋਹਣੀ ਮੈਂ ਭਾਂਵਦੀ ਲਟਕੰਦਾ ਆਵੇ,
ਜਿਸ ਨੂੰ ਇਸ਼ਕ ਹੈ ਲਾਲ ਦਾ ਸੋ ਲਾਲ ਹੋ ਜਾਵੇ।
[ਸਹਾ. ਗ੍ਰੰਥ– ਜੀਤ ਸਿੰਘ ਸੀਤਲ : ‘ਬੁੱਲ੍ਹੇ ਸਾਹ; ਜੀਵਨ ਤੇ ਰਚਨਾ’]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First