ਗੰਗਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਗਾ [ਨਾਂਇ] ਭਾਰਤ ਦੀ ਇੱਕ ਪ੍ਰਮੁੱਖ ਨਦੀ ਜਿਸ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14735, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੰਗਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਗਾ. ਸੰ. गङ्गा. ਸੰਗ੍ਯਾ—ਭਾਰਤ ਦੀ ਪ੍ਰਸਿੱਧ ਨਦੀ , ਜੋ ਹਿੰਦੂਮਤ ਵਿੱਚ ਅਤਿਪਵਿਤ੍ਰ ਮੰਨੀ ਗਈ ਹੈ. ਇਹ ਗੋਮੁਖ ਚਸ਼ਮੇ ਤੋਂ (ਜੋ ਹਰਿਦ੍ਵਾਰ ਤੋਂ ੧੮੦ ਮੀਲ ਉੱਪਰ ਹੈ ਅਤੇ ਜਿਸ ਦੀ ਬਲੰਦੀ ੧੩੮੦੦ ਫੁਟ ਹੈ) ਨਿਕਲਦੀ ਹੈ. ਰਸਤੇ ਵਿੱਚ ਅਨੇਕ ਜਲਧਾਰਾਂ ਨੂੰ ਆਪਣੇ ਨਾਲ ਮਿਲਾਉਂਦੀ ਹੋਈ ਹਰਿਦ੍ਵਾਰ ਦੇ ਮਕਾਮ ਭਾਰੀ ਨਦੀ ਬਣ ਜਾਂਦੀ ਹੈ. ਅਨੇਕ ਅਸਥਾਨਾਂ ਵਿੱਚਦੀਂ ੧੫੫੦ ਮੀਲ ਵਹਿੰਦੀ ਹੋਈ ਗੰਗਾਸਾਗਰ ਦੇ ਸੰਗਮ ਪੁਰ ਸਮੁੰਦਰ ਨਾਲ ਜਾ ਮਿਲਦੀ ਹੈ. “ਜਨ ਕੇ ਚਰਨ ਤੀਰਥ ਕੋਟਿ ਗੰਗਾ.” (ਬਿਲਾ ਮ: ੫)

ਗੰਗਾ ਦੇ ਵਿ੄੥ ਪੁਰਾਣਾਂ ਵਿੱਚ ਅਨੇਕ ਪ੍ਰਸੰਗ ਹਨ. ਇੱਕ ਥਾਂ ਇਸ ਨੂੰ ਵਾਮਨ ਭਗਵਾਨ ਦੇ ਪੈਰਾਂ ਦਾ ਜਲ ਲਿਖਿਆ ਹੈ ਕਿ ਜਦ ਵਾਮਨ ਦਾ ਪੈਰ ਬ੍ਰਹਮਲੋਕ ਤਕ ਪਹੁਚਿਆ, ਤਦ ਬ੍ਰਹਮਾ ਨੇ ਧੋਕੇ ਜਲ ਕਮੰਡਲੁ ਵਿੱਚ ਪਾ ਲਿਆ ਅਤੇ ਭਗੀਰਥ ਦੀ ਪ੍ਰਾਰਥਨਾ ਪੁਰ ਬ੍ਰਹਮਲੋਕ ਤੋਂ ਛੱਡਿਆ, ਜੋ ਸ਼ਿਵ ਦੀ ਜਟਾਂ ਵਿੱਚ ਡਿਗਕੇ ਫੇਰ ਪ੍ਰਿਥਿਵੀ ਉੱਤੇ ਵਹਿਆ.

ਵਾਲਮੀਕੀਯ ਰਾਮਾਇਣ ਵਿੱਚ ਲੇਖ ਹੈ ਕਿ ਹਿਮਾਲਯ ਪਰਬਤ ਦੇ ਘਰ , ਸੁਮੇਰੁ ਦੀ ਕੰਨ੍ਯਾ ਮੇਨਕਾ ਦੇ ਉਦਰ ਤੋਂ ਗੰਗਾ ਅਤੇ ਉਮਾ ਦੋ ਭੈਣਾਂ ਪੈਦਾ ਹੋਈਆਂ. ਇੱਕ ਵਾਰ ਸ਼ਿਵ ਨੇ ਆਪਣਾ ਵੀਰਯ ਗੰਗਾ ਵਿੱਚ ਪਾਇਆ, ਪਰ ਗੰਗਾ ਉਸ ਨੂੰ ਧਾਰਣ ਨਾ ਕਰ ਸਕੀ ਅਤੇ ਗਰਭ ਨੂੰ ਸਿੱਟਕੇ ਬ੍ਰਹਮਾ ਦੇ ਕਮੰਡਲੁ ਵਿੱਚ ਜਾ ਰਹੀ. ਫੇਰ ਭਗੀਰਥ ਦੀ ਪ੍ਰਾਰਥਨਾ ਪੁਰ ਕਮੰਡਲੁ ਤੋਂ ਪ੍ਰਿਥਿਵੀ ਪੁਰ ਆਈ.

ਗੰਗਾ ਨੂੰ ਰਾਜਾ ਸ਼ਾਂਤਨੁ ਦੀ ਇਸਤ੍ਰੀ ਭੀ ਲਿਖਿਆ ਹੈ. ਇਸੇ ਦੇ ਉਦਰ ਤੋਂ ਭੀ੄ਮ (ਪਿਤਾਮਹ) ਪੈਦਾ ਹੋਇਆ ਸੀ, ਜਿਸ ਕਾਰਣ ਉਸ ਦਾ ਨਾਉਂ ਗਾਂਗੇਯ ਪਿਆ. ਦੇਖੋ, ਜਨੑਹੁਸੁਤਾ.

ਸਨ ੧੫੩੦ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜਗਤ ਦਾ ਉੱਧਾਰ ਕਰਦੇ ਹੋਏ ਗੰਗਾ (ਹਰਿਦ੍ਵਾਰ) ਪੁਰ ਪਹੁਚੇ ਸਨ. ਇੱਥੇ ਸੂਰਜ ਅਤੇ ਪਿਤਰਾਂ ਨੂੰ ਜਲ ਪੁਚਾਣ ਦਾ ਮਿਥ੍ਯਾ ਖਿਆਲ ਖੰਡਨ ਕਰਕੇ ਸਤ੍ਯ ਦਾ ਨਿਸ਼ਚਾ ਕਰਾਇਆ.

ਸ੍ਰੀ ਗੁਰੂ ਅਮਰਦਾਸ ਜੀ ਦਾ ਭੀ ਅਸਥਾਨ ਸਤੀਘਾਟ ਪੁਰ ਵਿਦ੍ਯਮਾਨ। ੨ ਦੇਖੋ, ਗੰਗਾ ਮਾਤਾ

੩ ਸਹਿਗਲ ਗੋਤ੍ਰ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਹ ਦਿੱਲੀ ਦੇ ਬਾਦਸ਼ਾਹ ਦੀ ਫ਼ੌਜ ਵਿੱਚ ਨੌਕਰ ਸੀ. ਫੇਰ ਗੁਰੂ ਹਰਿਗੋਬਿੰਦ ਸਾਹਿਬ ਦੀ ਫੌਜ ਵਿੱਚ ਰਹਿਕੇ ਦੇਸ਼ ਸੇਵਾ ਕਰਦਾ ਰਿਹਾ। ੪ ਯੋਗਮਤ ਅਨੁਸਾਰ ਖੱਬਾ ਸੁਰ (ਇੜਾ). “ਉਲਟੀ ਗੰਗਾ ਜਮੁਨ ਮਿਲਾਵਉ.” (ਗਉ ਕਬੀਰ) ਜਮੁਨਾ ਪਿੰਗਲਾ (ਸੱਜਾ ਸੁਰ) ਹੈ.1 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੰਗਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੰਗਾ (ਨਦੀ): ਭਾਰਤ ਦੀ ਇਕ ਪ੍ਰਮੁਖ ਅਤੇ ਪ੍ਰਸਿੱਧ ਨਦੀ ਜਿਸ ਨੂੰ ਹਿੰਦੂ ਮਤ ਵਿਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸੇ ਲਈ ਇਸ ਨੂੰ ਹਿੰਦੂ ਲੋਕ ‘ਗੰਗਾ-ਮਈਆ’ ਕਹਿ ਕੇ ਸਤਿਕਾਰ ਦੀ ਭਾਵਨਾ ਅਰਪਿਤ ਕਰਦੇ ਹਨ। ਇਸ ਦੇ ਕੰਢੇ ਉਤੇ ਹਰਿਦੁਆਰ , ਪ੍ਰਯਾਗ , ਬਨਾਰਸ , ਪਟਨਾ ਆਦਿ ਮਹੱਤਵਪੂਰਣ ਨਗਰ ਵਸੇ ਹੋਏ ਹਨ ਅਤੇ ਸਾਰੇ ਹੀ ਤੀਰਥਾਂ ਵਜੋਂ ਪੂਜਣਯੋਗ ਹਨ। ਇਨ੍ਹਾਂ ਨਗਰਾਂ ਅਤੇ ਹੋਰ ਅਨੇਕ ਘਾਟਾਂ ਜਾਂ ਕੰਢੇ ਉਤੇ ਬਣੇ ਮੰਦਿਰਾਂ ਦੀ ਯਾਤ੍ਰਾ ਕਰਨ ਦਾ ਵਿਸ਼ੇਸ਼ ਮਹਾਤਮ ਮੰਨਿਆ ਜਾਂਦਾ ਹੈ। ਇਨ੍ਹਾਂ ਤੀਰਥਾਂ ਵਿਚ ਸਿੱਖ ਗੁਰੂ-ਧਾਮ ਵੀ ਸਥਿਤ ਹਨ।

            ਹਿੰਦੂ-ਮਤ ਵਿਚ ਇਹ ਪੱਕਾ ਵਿਸ਼ਵਾਸ ਹੈ ਕਿ ਗੰਗਾ ਵਿਚ ਇਸ਼ਨਾਨ ਕਰਨ ਨਾਲ ਹਰ ਪ੍ਰਕਾਰ ਦੇ ਪਾਪ ਅਤੇ ਰੋਗ ਖ਼ਤਮ ਹੋ ਜਾਂਦੇ ਹਨ। ਇਹ ਵੀ ਵਿਸ਼ਵਾਸ ਹੈ ਕਿ ਜਿਨ੍ਹਾਂ ਲੋਕਾਂ ਦਾ ਦਾਹ-ਸੰਸਕਾਰ ਇਸ ਨਦੀ ਦੇ ਕੰਢੇ ਹੁੰਦਾ ਹੈ, ਉਹ ਸਵਰਗ ਜਾਂ ਮੁਕਤੀ ਪ੍ਰਾਪਤ ਕਰਦੇ ਹਨ। ਉੱਤਰੀ ਭਾਰਤ ਦੇ ਲੋਕ ਮ੍ਰਿਤਕਾਂ ਦੀਆਂ ਅਸਥੀਆਂ ਨੂੰ ਹਰਿਦੁਆਰ ਵਿਚ ਜਲ ਪ੍ਰਵਾਹ ਇਸੇ ਦ੍ਰਿਸ਼ਟੀ ਤੋਂ ਕਰਦੇ ਹਨ ਕਿ ਗੰਗਾ ਦੇ ਜਲ ਦੀ ਛੁਹ ਨਾਲ ਉਹ ਮੁਕਤੀ ਪ੍ਰਾਪਤ ਕਰਨ ਦੇ ਅਧਿਕਾਰੀ ਬਣ ਸਕਣ

            ਇਹ ਨਦੀ ਹਿਮਾਲੇ ਵਿਚ 13800 ਫੁਟ ਦੀ ਉੱਚਾਈ’ਤੇ ਸਥਿਤ ਗੰਗੋਤ੍ਰੀ ਦੇ ਨੇੜੇ ਹਿਮਗੁਫਾ ਵਿਚੋਂ ਨਿਕਲਦੀ ਹੈ। ਉਥੇ ਇਸ ਨੂੰ ‘ਭਾਗੀਰਥੀ’ ਕਹਿੰਦੇ ਹਨ। ਫਿਰ ‘ਜਾਹੑਨਵੀ’ ਅਤੇ ‘ਅਲਕਨੰਦਾ’ ਨਾਂ ਦੀਆਂ ਨਦੀਆਂ ਇਸ ਵਿਚ ਮਿਲਦੀਆਂ ਹਨ। ਉਦੋਂ ਇਸ ਦਾ ਨਾਂ ‘ਗੰਗਾ’ ਹੋ ਜਾਂਦਾ ਹੈ। ਇਹ ਹਰਿਦੁਆਰ ਦੇ ਨੇੜੇ ਮੈਦਾਨੀ ਇਲਾਕੇ ਵਿਚ ਦਾਖ਼ਲ ਹੁੰਦੀ ਹੈ। ਇਸ ਵਿਚ ਅਨੇਕ ਹੋਰ ਨਦੀਆਂ— ਰਾਮਗੰਗਾ, ਯਮੁਨਾ, ਗੋਮਤੀ, ਘਾਘਾਰਾ, ਸੋਨ , ਗੰਡਕ, ਕੋਸੀ , ਬ੍ਰਹਮ-ਪੁੱਤਰ ਆਦਿ ਵੀ ਮਿਲਦੀਆਂ ਜਾਂਦੀਆਂ ਹਨ। ਲਗਭਗ 2500 ਕਿ.ਮੀ. ਮਾਰਗ ਚਲ ਕੇ ਗੰਗਾ ਅੰਤ ਵਿਚ ਬੰਗਾਲ ਦੀ ਖਾੜੀ ਵਿਚ ਜਾ ਡਿਗਦੀ ਹੈ।

            ਗੰਗਾ ਦੀ ਉਤਪੱਤੀ ਅਤੇ ਮਹਾਤਮ ਸੰਬੰਧੀ ਪੁਰਾਣ-ਸਾਹਿਤ ਵਿਚ ਅਨੇਕ ਪ੍ਰਕਾਰ ਦੀਆਂ ਕਥਾਵਾਂ ਲਿਖੀਆਂ ਹਨ। ‘ਮਾਰਕੰਡੇਯ-ਪੁਰਾਣ’ ਅਨੁਸਾਰ ਗੰਗਾ ਦੀ ਉਤਪੱਤੀ ਨਾਰਾਇਣ ਦੇ ਧੂ੍ਰਧਾਰ ਨਾਮਕ ਪਦ ਤੋਂ ਹੋਈ। ਉਥੋਂ ਚਲ ਕੇ ਉਹ ਜਲ ਦੇ ਆਧਾਰ-ਭੂਤ ਚੰਦ੍ਰ-ਮੰਡਲ ਵਿਚ ਦਾਖ਼ਲ ਹੋਈ। ਅਤਿਅੰਤ ਪਵਿੱਤਰ ਰੂਪ ਵਿਚ ਇਹ ਮੇਰੂ ਪਰਬਤ ਉਤੇ ਡਿਗੀ। ਫਿਰ ਚਾਰ ਧਾਰਾਵਾਂ ਵਿਚ ਵੰਡੀ ਗਈ ਅਤੇ ਮੇਰੂ, ਮੰਦਰ , ਹਿਮਾਲਾ, ਗੰਧਮਾਦਨ ਨਾਂ ਦੇ ਵਡੇ ਵਡੇ ਪਰਬਤਾਂ ਨੂੰ ਚੀਰਦੀ ਹੋਈ ਅਗੇ ਵਧੀ। ਮਾਨਸਰੋਵਰ ਨੂੰ ਜਲ ਨਾਲ ਭਰ ਕੇ ਫਿਰ ਸ਼ੈਲਰਾਜ ਹਿਮਾਲਾ ਦੇ ਰਮਣੀਕ ਸਿਖਰ ਉਤੇ ਪਹੁੰਚੀ। ਗੰਗਾ ਦੇ ਹਿਮਾਲਾ ਉਤੇ ਪਹੁੰਚਣ’ਤੇ ਸ਼ਿਵ ਨੇ ਇਸ ਨੂੰ ਆਪਣੇ ਸਿਰ ਉਤੇ ਧਾਰਣ ਕੀਤਾ। ਰਾਜਾ ਭਗੀਰਥ ਨੇ ਤਪਸਿਆ ਕੀਤੀ। ਸ਼ਿਵ ਨੇ ਗੰਗਾ ਨੂੰ ਛਡ ਦਿੱਤਾ। ਇਹ ਸੱਤ ਧਾਰਵਾਂ ਵਿਚ ਵੰਡੀਜ ਕੇ ਚਲਣ ਲਗੀ। ਗੰਗਾ ਦੀਆਂ ਤਿੰਨ ਧਾਰਾਵਾਂ ਪੂਰਬ ਵਲ ਅਤੇ ਤਿੰਨ ਪੱਛਮ ਵਲ ਵਧੀਆਂ ਅਤੇ ਇਕ ਧਾਰਾ ਭਗੀਰਥ ਦੇ ਪਿਛੇ ਪਿਛੇ ਚਲੀ। ਸਥਾਨਾਂ ਦੇ ਅੰਤਰ ਨਾਲ ਇਸ ਦੇ ਨਾਂ ਬਦਲਦੇ ਗਏ। ਭਗੀਰਥ ਦੁਆਰਾ ਗੰਗਾ ਨੂੰ ਧਰਤੀ ਉਤੇ ਲਿਆਏ ਜਾਣ ਕਾਰਣ ਇਸ ਦਾ ਇਕ ਨਾਂ ‘ਭਾਗੀਰਥੀ’ ਪਿਆ।

            ਜਦੋਂ ਗੰਗਾ ਸਵਰਗ ਤੋਂ ਉਤਰੀ ਤਾਂ ਜਹੑਨੂ ਰਿਸ਼ੀ ਯੱਗ ਕਰ ਰਿਹਾ ਸੀ। ਯੱਗ ਵਿਚ ਵਿਘਨ ਪੈਣ ਕਰਕੇ ਉਸ ਨੇ ਗੰਗਾ ਨੂੰ ਪੀ ਲਿਆ ਪਰ ਬਾਦ ਵਿਚ ਉਸ ਨੂੰ ਕੰਨਾਂ ਰਾਹੀਂ ਵਗਣ ਦੀ ਆਗਿਆ ਦਿੱਤੀ। ਇਸ ਕਰਕੇ ਇਸ ਨੂੰ ‘ਜਾਹੑਨਵੀ’ ਵੀ ਕਿਹਾ ਜਾਂਦਾ ਹੈ।

‘ਬਾਲਮੀਕਿ ਰਾਮਾਇਣ’ ਵਿਚ ਲਿਖਿਆ ਹੈ ਕਿ ਹਿਮਾਲਾ ਪਰਬਤ ਦੇ ਘਰ ਸੁਮੇਰੁ ਦੀ ਪੁੱਤਰੀ ਮੇਨਕਾ ਦੀ ਕੁੱਖੋਂ ਗੰਗਾ ਅਤੇ ਉਮਾ ਦੋ ਭੈਣਾਂ ਪੈਦਾ ਹੋਈਆਂ। ਇਕ ਵਾਰ ਸ਼ਿਵ ਨੇ ਆਪਣਾ ਵੀਰਜ ਗੰਗਾ ਵਿਚ ਪਾਇਆ, ਪਰ ਗੰਗਾ ਉਸ ਨੂੰ ਧਾਰਣ ਨ ਕਰ ਸਕੀ ਅਤੇ ਬ੍ਰਹਮਾ ਦੇ ਕਮੰਡਲ ਵਿਚ ਜਾ ਲੁਕੀ ਅਤੇ ਫਿਰ ਭਗੀਰਥ ਦੀ ਪ੍ਰਾਰਥਨਾ ਨਾਲ ਉਹ ਕਮੰਡਲ ਤੋਂ ਨਿਕਲ ਕੇ ਧਰਤੀ ਉਤੇ ਆਈ।

          ‘ਮਹਾਭਾਰਤ ’ ਵਿਚ ਗੰਗਾ ਦੀ ਕੁੱਖ ਤੋਂ ਰਾਜਾ ਸ਼ਾਂਤਨੂੰ ਦੇ ਘਰ ਭੀਸ਼ਮ (ਪਿਤਾਮਾ) ਦਾ ਜਨਮ ਹੋਇਆ ਲਿਖਿਆ ਹੈ ਜਿਸ ਕਰਕੇ ਭੀਸ਼ਮ ਨੂੰ ‘ਗੰਗੇਵ’ (ਗਾਂਗੇਯ) ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਕਥਾਵਾਂ ਲਿਖੀਆਂ ਮਿਲਦੀਆਂ ਹਨ ਜਿਨ੍ਹਾਂ ਦਾ ਸਰੂਪ ਪ੍ਰਤੀਕਾਤਮਕ ਹੈ। ਯੋਗ-ਮਤ ਵਾਲਿਆਂ ਨੇ ਇੜਾ ਨਾੜੀ ਦਾ ਨਾਂ ਗੰਗਾ ਅਤੇ ਪਿੰਗਲਾ ਨਾੜੀ ਦਾ ਨਾਂ ਯਮੁਨਾ ਰਖਿਆ ਹੈ। ਜਿਵੇਂ ਕਬੀਰ ਜੀ ਨੇ ਗਉੜੀ ਰਾਗ ਵਿਚ ਕਿਹਾ ਹੈ— ਉਲਟੀ ਗੰਗਾ ਜਮੁਨ ਮਿਲਵਾਉ ਬਿਨੁ ਜਲ ਸੰਗਮ ਮਨ ਮਹਿ ਨ੍ਹਾਵਉ (ਗੁ.ਗ੍ਰੰ.327)। ਮੱਧ-ਯੁਗ ਦੇ ਸੰਤਾਂ ਨੇ ਗੰਗਾ ਨਾਲੋਂ ਆਪਣੇ ਗੁਰੂ ਦੇ ਚਰਣਾਂ ਨੂੰ ਜ਼ਿਆਦਾ ਪਵਿੱਤਰ ਮੰਨਿਆ ਹੈ। ਗੁਰੂ ਅਰਜਨ ਦੇਵ ਜੀ ਨੇ ਹਰਿ ਵਿਚ ਲੀਨ ਸਾਧਕ ਦੇ ਚਰਣਾਂ ਨੂੰ ਗੰਗਾ ਦੇ ਕੰਢੇ ਸਥਿਤ ਕਰੋੜਾਂ ਤੀਰਥਾਂ ਤੋਂ ਸ੍ਰੇਸ਼ਠ ਮੰਨਿਆ ਹੈ—ਪਾਰਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟਿ ਗੰਗਾ (ਗੁ.ਗ੍ਰੰ.828)। ਇਸ ਤਰ੍ਹਾਂ ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਗੰਗਾ ਨੂੰ ਕੋਈ ਧਾਰਮਿਕ ਮਹੱਤਵ ਪ੍ਰਾਪਤ ਨਹੀਂ ਹੈ।

          ‘ਗੰਗਾ’ ਨੂੰ ਕਈ ਵਾਰ ‘ਗੰਗ’ ਵੀ ਲਿਖਿਆ ਜਾਂਦਾ ਹੈ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿਚ ਲਿਖਿਆ ਹੈ— ਗੰਗਾ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ (ਗੁ.ਗ੍ਰੰ.358)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੰਗਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗੰਗਾ : ਇਹ ਭਾਰਤ ਦਾ ਸਭ ਤੋਂ ਵੱਡਾ ਅੰਦਰੂਨੀ ਜਲ-ਮਾਰਗ ਅਤੇ ਹਿੰਦੂਆਂ ਦਾ ਸਭ ਤੋਂ ਪਵਿੱਤਰ ਦਰਿਆ ਹੈ ਜਿਸ ਉਪਰ ਹਿੰਦੂਆਂ ਦੇ ਹਰਦੁਆਰ ਵਰਗੇ ਤੀਰਥ-ਅਸਥਾਨ ਸਥਿਤ ਹਨ। ਦੇਸ਼ ਦੇ ਕੋਨੇ ਕੋਨੇ ਤੋਂ ਆ ਕੇ ਯਾਤਰੂ ਇਸ ਵਿਚ ਇਸ਼ਨਾਨ ਕਰਦੇ ਹਨ ਅਤੇ ਵਾਪਸ ਜਾਂਦੇ ਸਮੇਂ ਪਾਣੀ ਪਵਿੱਤਰ ਜਲ ਦੇ ਰੂਪ ਵਿਚ ਬੋਤਲਾ ਵਿਚ ਭਰ ਕੇ ਲੈ ਜਾਂਦੇ ਹਨ। ਗੰਗਾ ਦੇ ਕੰਢਿਆਂ ਤੇ ਕਈ ਪ੍ਰਸਿੱਧ ਮੰਦਰ ਵੀ ਬਣੇ ਹੋਏ ਹਨ।

ਗੰਗਾ ਦੀ ਵਾਦੀ ਦੇ ਆਲੇ-ਦੁਆਲੇ ਬਹੁਤ ਹੀ ਉਪਜਾਊ ਤੇ ਪੱਧਰਾ ਮੈਦਾਨ ਹੈ ਅਤੇ ਇਸ ਦਾ ਆਲਾ-ਦੁਆਲਾ ਬਹੁਤ ਸੰਘਣੀ ਵਸੋਂ ਵਾਲਾ ਹੈ। ਭਾਰਤ ਦੇ ਕੁਝ ਵੱਡੇ ਸ਼ਹਿਰ ਜਿਵੇਂ ਕਲਕੱਤਾ, ਹਾਵੜਾ, ਪਟਨਾ, ਵਾਰਾਨਸੀ, ਅਲਾਹਬਾਦ, ਕਾਨ੍ਹਪੁਰ ਇਸੇ ਦੇ ਕੰਢਿਆ ਉੱਤੇ ਵਸੇ ਹੋਏ ਹਨ। ਭਾਰਤ ਦੀ ਰਾਜਧਾਨੀ ਦਿੱਲੀ ਵੀ ਇਸੇ ਦੀ ਸਹਾਇਕ ਨਦੀ ਜਮਨਾ ਦੇ ਕੰਢੇ ਤੇ ਸਥਿਤ ਹੈ। ਵਪਾਰਕ ਦ੍ਰਿਸ਼ਟੀ ਤੋਂ ਅੱਜਕੱਲ੍ਹ ਇਸ ਦੀ ਇੰਨੀ ਮਹੱਤਤਾ ਨਹੀਂ ਰਹੀ। ਇਸ ਦਾ ਪਾਣੀ ਸਿੰਜਾਈ ਲਈ ਜ਼ਿਆਦਾ ਕੰਮ ਆਉਂਦਾ ਹੈ। ਇਸ ਵਿਚੋਂ ਦੋ ਪੱਕੀਆ ਜਲ-ਪ੍ਰਣਾਲੀਆਂ ਅਪਰ ਗੰਗਾ ਨਹਿਰ ਅਤੇ ਲੋਅਰ ਗੰਗਾ ਨਹਿਰ ਕੱਢੀਆਂ ਗਈਆਂ ਹਨ। ਸਾਰੇ ਉੱਤਰ ਪ੍ਰਦੇਸ਼ ਵਿਚ ਇਨ੍ਹਾਂ ਨਾਲ ਜ਼ਮੀਨ ਦੀ ਸਿੰਜਾਈ ਕੀਤੀ ਜਾਂਦੀ ਹੈ। ਨਦੀ ਵਿਚ ਸਟੀਮਰ ਅਤੇ ਕਿਸ਼ਤੀਆਂ ਵੀ ਚਲਾਈਆਂ ਜਾਂਦੀਆਂ ਹਨ।

ਇਸ ਮਹਾਨ ਨਦੀ ਦਾ ਸ੍ਰੋਤ ਉੱਤਰੀ ਭਾਰਤ ਦੇ ਟੀਰ੍ਹੀ ਜ਼ਿਲ੍ਹੇ ਵਿਚ 4,190 ਮੀ. ਉੱਚੀ ਬਰਫ਼ ਨਾਲ ਢਕੀ ਚੋਟੀ ਗੰਗੋਤਰੀ ਦੇ ਨੇੜੇ ਇਕ ਗਲੇਸ਼ੀਅਰ (30º55' ਉ. ਵਿਥ. 79º 07' ਪੂ. ਲੰਬ.) ਨੂੰ ਮੰਨਿਆ ਜਾਂਦਾ ਹੈ। ਇਥੇ ਇਸਨੂੰ ਭਾਗੀਰਥੀ ਨਾਂ ਹੇਠ ਜਾਣਿਆ ਜਾਂਦਾ ਹੈ।

ਉੱਤਰ-ਪੱਛਮ ਵੱਲੋਂ ਜਹਨਵੀ ਅਤੇ ਅਲਕਨੰਦਾ ਸਹਾਇਕ ਨਦੀਆਂ ਦੇ ਆਕੇ ਮਿਲਣ ਤੋਂ ਬਾਅਦ ਇਸਨੂੰ ਗੰਗਾ ਕਿਹਾ ਜਾਂਦਾ ਹੈ। ਹਿਮਾਲਾ ਦੀਆਂ ਉੱਚੀਆਂ ਚੋਟੀਆਂ ਦੀ ਬਰਫ਼ ਪਿਘਲਣ ਨਾਲ ਇਸ ਵਿਚ ਪਾਣੀ ਦੀ ਮਾਤਰਾ ਬਹੁਤ ਵਧ ਜਾਂਦੀ ਹੈ। ਹਿਮਾਲਾ ਪਹਾੜ ਨੂੰ ਪਾਰ ਕਰਕੇ ਦੱਖਣ-ਪੱਛਮ ਵੱਲ ਨੂੰ ਵਹਿਣ ਮਾਰਗ ਬਣਾਉਂਦੀ ਹੋਈ ਇਹ ਹਰਦੁਆਰ ਪਹੁੰਚ ਕੇ ਮੈਦਾਨੀ ਇਲਾਕੇ ਵਿਚ ਪ੍ਰੇਵਸ਼ ਕਰਦੀ ਹੈ। ਮੁਜੱਫ਼ਨਗਰ, ਬੁਲੰਦ ਸ਼ਹਿਰ, ਫਰੁਖ਼ਾਬਾਦ ਜ਼ਿਲ੍ਹਿਆਂ ਵਿਚ ਵਿੰਗੇ-ਟੇਡੇ ਵਹਿਣ-ਮਾਰਗ ਵਿਚ ਵਹਿੰਦੀ ਹੈ ਅਤੇ ਫਰੁਖ਼ਾਬਾਦ ਵਿਖੇ ਰਾਮ-ਗੰਗਾ ਅਤੇ ਅਲਾਹਾਬਾਦ ਵਿਖੇ ਜਮਨਾ ਸਹਾਇਕ ਨਦੀਆਂ ਇਸ ਵਿਚ ਆ ਕੇ ਮਿਲ ਜਾਂਦੀਆਂ ਹਨ। ਅਲਾਹਾਬਾਦ ਦਾ ਪ੍ਰਸਿੱਧ ਤੀਰਥ-ਅਸਥਾਨ ਇਸ ਸੰਗਮ ਸਥਾਨ ਤੇ ਹੀ ਬਣਿਆ ਹੋਇਆ ਹੈ। ਹਰਦੁਆਰ ਅਤੇ ਅਲਾਹਾਬਾਦ ਵਿਖੇ 12 ਸਾਲ ਮਗਰੋਂ ਕੁੰਭ ਅਤੇ 6 ਸਾਲ ਪਿਛੋਂ ਅਰਧ-ਕੁੰਭੀ ਦਾ ਮੇਲਾ ਲਗਦਾ ਹੈ। ਇਸ ਪਿੱਛੋਂ ਇਹ ਦੱਖਣ-ਪੂਰਬ ਤੋਂ ਪੂਰਬ ਨੂੰ ਵਹਿੰਦੀ ਹੋਈ ਮਿਰਜ਼ਾਪੁਰ ਕੋਲੋਂ ਲੰਘਦਿਆਂ ਵਾਰਾਨਸੀ ਦੀ ਪਵਿੱਤਰ ਨਗਰੀ ਵਿਚ ਪ੍ਰਵੇਸ਼ ਕਰਦੀ ਹੈ। ਫਿਰ ਗਾਜ਼ੀਪੁਰ ਜ਼ਿਲ੍ਹੇ ਵਿਚ ਹੁੰਦੀ ਹੋਈ ਬਿਹਾਰ ਰਾਜ ਵਿਚ ਦਾਖ਼ਲ ਹੋ ਜਾਂਦੀ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਹੱਦ ਤੇ ਬਲੀਆ ਜ਼ਿਲ੍ਹੇ ਵਿਚ ਘਾਘਰਾ ਨਦੀ ਇਸ ਦੇ ਨਾਲ ਆ ਮਿਲਦੀ ਹੈ। ਬਿਹਾਰ ਨੂੰ ਲੰਘਣ ਤੋਂ ਬਾਅਦ ਦੱਖਣ ਵਿਚ ਸੋਨ ਨਦੀ ਵੀ ਇਸ ਵਿਚ ਆ ਡਿਗਰੀ ਹੈ। ਨੇਪਾਲ  ਤੋਂ ਆਉਂਦੀ ਹੋਈ ਗੰਡਕ ਵੀ ਇਸ ਵਿਚ ਆ ਮਿਲਦੀ ਹੈ। ਇਸ ਤੋਂ ਮਗਰੋਂ ਖੱਬੇ ਪਾਸਿਓਂ ਆਉਂਦੀ ਕੋਸੀ ਨਦੀ ਨਾਲ ਮਿਲ ਕੇ ਰਾਜ ਮਹਿਲ ਪਹਾੜਾਂ ਦੇ ਨਾਲ ਨਾਲ ਦੱਖਣ ਵੱਲ ਮੁੜ ਕੇ ਬੰਗਲਾ ਦੇਸ਼ ਵਿਚੋਂ ਹੁੰਦੀ ਹੋਈ ਕੁੱਲ 2,491 ਕਿ. ਮੀ. ਦਾ ਵਹਿਣ-ਮਾਰਗ ਤਹਿ ਕਰਨ ਤੋਂ ਪਿਛੋਂ ਇਹ ਬੰਗਾਲ ਦੀ ਖਾੜੀ ਵਿਚ ਜਾ ਡਿਗਦੀ ਹੈ। ਬ੍ਰਹਮਪੁੱਤਰ ਅਤੇ ਗੰਗਾ ਦੋਹਾਂ ਦਰਿਆਵਾਂ ਦਾ ਸਾਂਝਾ ਜਲ-ਨਿਕਾਸ ਸੰਸਾਰ ਦੇ ਸਭ ਤੋਂ ਵੱਡੇ ਦਰਿਆ ਮਿਸਿਸਿੱਪੀ ਦੇ ਕੁੱਲ ਨਿਕਾਸ ਤੋਂ ਕਿਤੇ ਜ਼ਿਆਦਾ ਹੈ। ਇਸ ਦੀ ਸਹਾਇਕ ਨਦੀ ਹੁਗਲੀ ਵਪਾਰਕ ਦ੍ਰਿਸ਼ਟੀਕੋਣ ਤੋਂ ਕਾਫ਼ੀ ਮਹੱਤਵਪੂਰਨ ਹੈ। ਇਸ ਦੇ ਦਹਾਨੇ ਤੋਂ ਲਗਭਗ 144 ਕਿ. ਮੀ. ਦੂਰ ਕਲਕੱਤੇ ਦੀ ਬੰਦਰਗਾਹ ਹੈ ਅਤੇ ਇਸੇ ਦਹਾਨੇ ਤੇ ਸੁੰਦਰਬਨ ਡੈਲਟਾ ਸਦਾਬਹਾਰ ਵਣਾਂ ਲਈ ਮਸ਼ਹੂਰ ਹੈ। ਇਨ੍ਹਾਂ ਵਣਾਂ ਵਿਚੋਂ ਕਈ ਕਿਸਮ ਦੀ ਲੱਕੜੀ ਮਿਲਦੀ ਹੈ।

ਗੰਗਾ ਦੀ ਉਤਪਤੀ ਬਾਰੇ ਬਹੁਤ ਸਾਰੀਆਂ ਮਿਥਿਹਾਸਕ ਕਹਾਣੀਆਂ ਮਿਲਦੀਆਂ ਹਨ। ਕਹਿੰਦੇ ਹਨ ਕਿ ਇਸ ਨਦੀ ਦਾ ਜ਼ਿਕਰ 'ਰਿਗਵੇਦ ' ਵਿਚ ਕੇਵਲ ਦੋ ਵਾਰ ਹੀ ਆਇਆ ਹੈ। ਪੁਰਾਣਾਂ ਵਿਚ ਲਿਖਿਆ ਹੈ ਕਿ ਗੰਗਾ ਵਿਸ਼ਣੂੰ ਦੇ ਪੈਰ ਦੇ ਅੰਗੂਠੇ ਵਿਚੋਂ ਨਿਕਲੀ ਸੀ ਅਤੇ ਭਗੀਰਥ ਨਾਂ ਦੇ ਰਾਜੇ ਨੇ ਆਪਣੇ ਤਾਪ ਨਾਲ ਇਸ ਨਦੀ ਨੂੰ ਸਵਰਗ ਤੋਂ ਪ੍ਰਿਥਵੀ ਤੇ ਲਿਆਂਦਾ ਸੀ ਤਾਂ ਜੋ ਰਾਜਾ ਸਗਰ ਦੇ ਕਪਲ ਰਿਸੀ ਦੀ ਕ੍ਰੋਧ ਅੱਗ ਨਾਲ ਭਸਮ ਹੋਏ ਸੱਠ ਹਜ਼ਾਰ ਪੁੱਤਰਾਂ ਦੀ ਰਾਖ ਨੂੰ ਇਸ ਦੇ ਜਲ ਨਾਲ ਪਵਿੱਤਰ ਕੀਤਾ ਜਾ ਸਕੇ। ਇਸੇ ਕਰਕੇ ਇਸ ਨੂੰ 'ਭਗੀਰਥੀ' ਵੀ ਕਿਹਾ ਜਾਂਦਾ ਹੈ। ਗੰਗਾ ਨਦੀ ਸਵਰਗ ਤੋਂ ਪ੍ਰਿਥਵੀ ਤੇ ਲਿਆਂਦੇ ਜਾਣ ਕਾਰਨ ਗੁੱਸੇ ਵਿਚ ਆ ਗਈ ਪਰ ਇਸ ਦੇ ਡਿੱਗਣ ਦੇ ਕਹਿਰ ਤੋਂ ਪ੍ਰਿਥਵੀ ਨੂੰ ਬਚਾਉਣ ਲਈ ਸ਼ਿਵ ਜੀ ਨੇ ਇਸ ਨਦੀ ਨੂੰ ਆਪਣੇ ਮੱਥੇ ਨਾਲ ਰੋਕ ਲਿਆ ਅਤੇ ਇਸ ਦੇ ਵਹਿਣ ਨੂੰ ਆਪਣੀਆਂ ਜਟਾਂ ਵਿਚ ਠੱਲ ਲਿਆ। ਅਜਿਹਾ ਕਰਨ ਕਾਰਨ ਸ਼ਿਵਜੀ ਨੂੰ 'ਗੰਗਾ ਧਰ(ਗੰਗਾ ਨੂੰ ਧਾਰਨ ਕਰਨ ਵਾਲਾ) ਵੀ ਆਖਦੇ ਹਨ। ਜਿਸ ਵੇਲੇ ਗੰਗਾ ਸਵਰਗ ਤੋਂ ਪ੍ਰਿਥਵੀ ਤੇ ਉੱਤਰੀ ਸੀ ਤਾਂ ਜਹਨੂੰ ਰਿਸ਼ੀ ਉਸ ਵੇਲੇ ਇਕ ਯੱਗ ਕਰਵਾ ਰਿਹਾ ਸੀ। ਗੰਗਾ ਨਦੀ ਦੇ ਉਤਰਨ ਕਾਰਨ ਉਸਦੇ ਯੱਗ ਵਿਚ ਵਿਘਨ ਪੈ ਗਿਆ। ਇਸ ਉੱਤੇ ਜਹਨੂੰ ਰਿਸ਼ੀ ਬਹੁਤ ਗੁੱਸੇ ਵਿਚ ਆ ਗਿਆ ਅਤੇ ਗੰਗਾ ਨਦੀ ਦੇ ਸਾਰੇ ਪਾਣੀ ਨੂੰ ਪੀ ਗਿਆ। ਪਿੱਛੋਂ ਜਾ ਕੇ  ਉਹ ਰਿਸ਼ੀ ਨਰਮ ਹੋ ਗਿਆ ਅਤੇ ਉਸਨੇ ਗੰਗਾ ਨਦੀ ਨੂੰ ਆਪਣੇ ਕੰਨਾਂ ਵਿਚੋਂ ਦੀ ਵਹਿਣ ਦੀ ਆਗਿਆ ਦੇ ਦਿੱਤੀ। ਇਸ ਕਰਕੇ ਗੰਗਾ ਨਦੀ ਨੂੰ 'ਜਾਹਨਵੀ' ਵੀ ਕਿਹਾ ਜਾਂਦਾ ਹੈ । ਇਕ ਹੋਰ ਪੱਖੋਂ ਇਹ ਨਦੀ ਕਾਰਤਿਕੇਯ ਦੀ ਮਾਂ ਹੈ। ਇਸ ਕਾਰਨ ਇਸ ਨੂੰ 'ਕੁਮਾਰ-ਸੂ' ਕਿਹਾ ਜਾਂਦਾ ਹੈ।

ਹਿੰਦੂ ਲੋਕ ਇਸ ਦਰਿਆ ਦੇ ਕੰਢੇ ਸਰੀਰ ਤਿਆਗਣ ਨੂੰ ਉੱਤਮ ਮੰਨਦੇ ਹਨ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚੋਂ ਲੋਕ ਆਪਣੇ ਮਿਰਤਕਾਂ ਦੀਆਂ ਅਸਥੀਆਂ ਹਰਦੁਆਰ ਆਦਿ ਸਥਾਨਾਂ ਤੇ ਗੰਗਾ ਵਿਚ ਪਰਵਾਹ ਕਰਦੇ ਹਨ।

ਹ. ਪੁ.– ਮ. ਕੇ. 42; ਇੰਪ. ਗ. ਇੰਡ. 12 : 132


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9903, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਗੰਗਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੰਗਾ, (ਸੰਸਕ੍ਰਿਤ : गङ्गा) \ ਇਸਤਰੀ ਲਿੰਗ : ਭਾਰਤ ਦਾ ਇੱਕ ਪਰਸਿੱਧ ਦਰਿਆ, ਹਿੰਦੂ ਇਸ ਨੂੰ ਪਵਿੱਤਰ ਸਮਝਦੇ ਹਨ ਤੇ ਇਸ ਦੇ ਕੰਢੇ ਕਾਫ਼ੀ ਤੀਰਥ ਹਨ

–ਗੰਗਾ ਇਸ਼ਨਾਨ ਕਰਨਾ, ਮੁਹਾਵਰਾ : ਗੰਗਾ ਨ੍ਹਾਉਣਾ

–ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ (ਨਹੀਂ ਮੁੜਦੀਆਂ), ਅਖੌਤ : ਜਦੋਂ ਕਿਸੇ ਚੀਜ਼ ਦੇ ਵਾਪਸ ਮਿਲਣ ਦੀ ਆਸ ਨਾ ਹੋਵੇ ਤਾਂ ਕਹਿੰਦੇ ਹਨ

–ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਅਖੌਤ : ਮੌਕਾ ਵੇਖ ਕੇ ਬਦਲ ਜਾਣ ਵਾਲੇ ਬੰਦੇ ਲਈ ਕਹਿੰਦੇ ਹਨ

–ਗੰਗਾ ਜਲ, ਪੁਲਿੰਗ : ਗੰਗਾ ਦਾ ਪਵਿੱਤਰ ਪਾਣੀ

–ਗੰਗਾ ਜਾਤਰਾ (ਯਾਤਰਾ), ਇਸਤਰੀ ਲਿੰਗ : ਹਰਦੁਆਰ ਦੇ ਦਰਸ਼ਨ

–ਗੰਗਾ ਜਾਤਰੀ (ਯਾਤਰੀ), ਪੁਲਿੰਗ :ਗੰਗਾ ਇਸ਼ਨਾਨ ਲਈ ਹਰਦੁਆਰ ਨੂੰ ਜਾਣ ਵਾਲਾ ਯਾਤਰੀ

–ਗੰਗਾ ਤੀਰ, ਪੁਲਿੰਗ : ਗੰਗਾ ਦਾ ਕਿਨਾਰਾ

–ਗੰਗਾ ਨ੍ਹਾਉਣਾ,  ਮੁਹਾਵਰਾ : ੧. ਕਿਸੇ ਕੰਮ ਤੋਂ ਸੁਰਖਰੂ ਹੋਣਾ, ਜੁੰਮੇਵਾਰੀ ਨਿਭ ਜਾਣਾ; ੨. ਧੀ ਜਾਂ ਭੈਣ ਦੇ ਵਿਆਹ ਦਾ ਭਾਰ ਸਿਰੋਂ ਲਹਿਣਾ

–ਗੰਗਾ ਨੀਰ, ਪੁਲਿੰਗ : ਗੰਗਾ ਜੀ ਦਾ ਪਾਣੀ, ਗੰਗਾ ਜਲ

–ਗੰਗਾ ਬਾਸ (ਵਾਸ), ਪੁਲਿੰਗ : ਗੰਗਾ ਦੇ ਕੰਢੇ ਵੱਸਣ ਦਾ ਭਾਵ

–ਗੰਗਾ ਬਾਸੀ (ਵਾਸੀ),  ਵਿਸ਼ੇਸ਼ਣ : ਗੰਗਾ ਦੇ ਕੰਢੇ ਦਾ ਵਸਨੀਕ, ਗੰਗਾ ਦਾ ਯਾਤਰੀ

–ਗੰਗਾ ਮਾਤਾ (ਮਾਈ), ਇਸਤਰੀ ਲਿੰਗ : ਗੰਗਾ ਲਈ ਸਤਿਕਾਰ ਵਾਚਕ ਸ਼ਬਦ

–ਉਲਟੀ ਗੰਗਾ,  ਇਸਤਰੀ ਲਿੰਗ : ਪੁੱਠੀ ਗੱਲ, ਗਲਤ ਬਾਤ

–ਉਲਟੀ ਗੰਗਾ ਪਹੋਏ ਨੂੰ, ਅਖੌਤ : ਉਲਟੇ ਬਾਂਸ ਬਰੇਲੀ ਨੂੰ

–ਉਲਟੀ ਗੰਗਾ ਵਹਾਉਣਾ,  ਮੁਹਾਵਰਾ : ਉਲਟੀ ਗੱਲ ਕਰਨਾ, ਪੁੱਠੀ ਗੱਲ ਕਰਨਾ

–ਅਕਾਸ਼ ਗੰਗਾ, ਇਸਤਰੀ ਲਿੰਗ : ਛੜਿਆਂ ਦਾ ਰਾਹ, ਦੇਵਤਿਆਂ ਦਾ ਰਾਹ, ਸੁਰਗ ਗੰਗਾ

–ਸਵਰਗ ਗੰਗਾ, ਇਸਤਰੀ ਲਿੰਗ : ਅਕਾਸ਼ ਗੰਗਾ

–ਹਰ ਹਰ ਗੰਗਾ, ਅਵਯ : ਨ੍ਹਾਉਣ ਵੇਲੇ ਕੀਤਾ ਜਾਣ ਵਾਲਾ ਜਾਪ

–ਘਰ ਵਿੱਚ ਗੰਗਾ ਵਹਿਣਾਂ (ਵਗਣਾ), ਅਖੌਤ : ਜਦ ਕੋਈ ਅਤੀ ਲਾਭ ਵਾਲੀ ਵਸਤੂ ਘਰ ਵਿੱਚ ਹੀ ਪਰਾਪਤ ਹੋ ਸਕੇ ਤਾਂ ਕਹਿੰਦੇ ਹਨ

–ਚਰਨ ਗੰਗਾ,ਇਸਤਰੀ ਲਿੰਗ : ਕੀਰਤਪੁਰ ਵਿਖੇ ਸਤਲੁਜ ਦਰਿਆ ਦੀ ਧਾਰਾ ਜਿਸ ਵਿੱਚ ਸਿੱਖ ਆਪਣੀਆਂ ਅਸਥੀਆਂ ਪਾਉਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-09-50-17, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.