ਗ੍ਰਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗ੍ਰਹ. ਸੰ. ग्रह्. ਧਾ—ਅੰਗੀਕਾਰ ਕਰਨਾ, ਲੈਣਾ, ਪਕੜਨਾ (ਫੜਨਾ), ਅਟਕਾਉਣਾ, ਏਕਤ੍ਰ ਕਰਨਾ। ੨ ਸੰਗ੍ਯਾ—ਗ੍ਰਹਣ (ਗਰਿਫਤ) ਸ਼ਕਤਿ ਰੱਖਣ ਵਾਲੇ ਸੂਰਜ ਆਦਿਕ ਪਿੰਡ.1 ਅਰਥਵਿਚਾਰ ਨਾਲ ਚਾਹੋ ਬੇਅੰਤ ਗ੍ਰਹ ਹਨ, ਪਰ ਹਿੰਦੂਮਤ ਦੇ ਜ੍ਯੋਤਿਆਂ ਨੇ ਨੌ ਗ੍ਰਹ ਮੰਨੇ ਹਨ, ਜਿਨ੍ਹਾਂ ਦੀ ਪੂਜਾ ਵਿਆਹ ਯਗ੍ਯ ਆਦਿਕ ਕਰਮਾਂ ਦੇ ਆਰੰਭ ਵਿੱਚ ਕਰਦੇ ਹਨ. ਦੇਖੋ, ਨਵਗ੍ਰਹ। ੩ ਹਠ. ਜਿਦ। ੪ ਉੱਦਮ । ੫ ਗ੍ਯਾਨ। ੬ ਨੌ ਸੰਖ੍ਯਾ ਬੋਧਕ, ਕ੍ਯੋਂਕਿ ਗ੍ਰਹ ਨੌ ਮੰਨੇ ਹਨ. “ਸੂਨ ਸੂਨ ਗ੍ਰਹ ਆਤਮਾ ਸੰਮਤ ਆਦਿ ਪਛਾਨ.” (ਗੁਪ੍ਰਸੂ) ਅਰਥਾਤ ਸੰਮਤ ੧੯੦੦। ੭ ਕ੍ਰਿਪਾ। ੮ ਦੇਖੋ, ਗ੍ਰਿਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗ੍ਰਹ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗ੍ਰਹ: ਭਾਰਤੀਜੋਤਿਸ਼-ਸ਼ਾਸਤ੍ਰ ਅਤੇ ਖਗੋਲ-ਸ਼ਾਸਤ੍ਰ ਵਿਚ ਗ੍ਰਹਿਆਂ ਦਾ ਬਹੁਤ ਮਹੱਤਵ ਹੈ। ‘ਗ੍ਰਹ’ ਦਾ ਸ਼ਾਬਦਿਕ ਅਰਥ ਹੈ ਪਕੜਨਾ , ਰੋਕਣਾ। ਪਰ ਇਸ ਦੀ ਰੂੜ੍ਹ ਰੂਪ ਵਿਚ ਵਰਤੋਂ ਪ੍ਰਸਿੱਧ ਨੌਂ ਗ੍ਰਹਿਆਂ ਲਈ ਹੁੰਦੀ ਹੈ। ਨੌਂ ਗ੍ਰਹ ਇਹ ਹਨ— ਸੂਰਜ , ਚੰਦ੍ਰਮਾ , ਮੰਗਲ , ਬੁੱਧ , ਬ੍ਰਿਹਸਪਤੀ, ਸ਼ੁਕਰ , ਸ਼ਨੀ , ਰਾਹੂ ਅਤੇ ਕੇਤੁ। ਇਨ੍ਹਾਂ ਵਿਚੋਂ ਕੁਝ ਗ੍ਰਹ ਸ਼ੁਭ ਹਨ ਅਤੇ ਕੁਝ ਅਸ਼ੁਭ। ਅਸ਼ੁਭ ਗ੍ਰਹਿਆਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਕਈ ਉਪਾ ਵੀ ਕੀਤੇ ਜਾਂਦੇ ਹਨ। ਇਹ ਗ੍ਰਹ, ਅਸਲ ਵਿਚ, ਵਿਸ਼ੇਸ਼ ਪ੍ਰਕਾਰ ਦੇ ਚਮਕਦੇ ਸਿਤਾਰੇ ਹਨ। ਇਨ੍ਹਾਂ ਗ੍ਰਹਿਆਂ ਜਾਂ ਨਛਤ੍ਰਾਂ ਦਾ ਹਿੰਦੂਆਂ ਦੇ ਧਾਰਮਿਕ ਕ੍ਰਿਤਾਂ ਨਾਲ ਡੂੰਘਾ ਸੰਬੰਧ ਹੈ। ਹਰ ਇਕ ਧਾਰਮਿਕ ਕਾਰਜ ਲਈ ਸ਼ੁਭ ਮਹੂਰਤ ਦੀ ਲੋੜ ਹੈ। ਵਿਆਹ ਜਾਂ ਯੱਗ ਆਦਿ ਸ਼ੁਭ ਕਾਰਜਾਂ ਤੋਂ ਪਹਿਲਾਂ ਨੌਂ ਗ੍ਰਹਿਆਂ ਦੀ ਪੂਜਾ ਕਰਨ ਦਾ ਵਿਧਾਨ ਹੈ। ਜੋਤਿਸ਼-ਸ਼ਾਸਤ੍ਰ ਅਨੁਸਾਰ ਬੱਚੇ ਦੇ ਜਨਮ ਵੇਲੇ ਇਨ੍ਹਾਂ ਸਿਤਾਰਿਆਂ ਦੀ ਗਤਿ-ਵਿਧੀ ਅਨੁਸਾਰ ਬੱਚੇ ਦੀ ਕਿਸਮਤ ਬਣਦੀ ਹੈ। ਇਸ ਪ੍ਰਕਾਰ ਦੀਆਂ ਕਈ ਮਾਨਤਾਵਾਂ ਗ੍ਰਹਿਆਂ ਨਾਲ ਜੁੜੀਆਂ ਹੋਈਆਂ ਹਨ। ਮੱਧ-ਯੁਗ ਦੇ ਧਰਮ ਸਾਧਕਾਂ ਨੇ ਇਨ੍ਹਾਂ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ।
ਗੁਰਮਤਿ ਵਿਚ ਗ੍ਰਹਿਆਂ ਨੂੰ ਸਵੀਕ੍ਰਿਤੀ ਨਹੀਂ ਮਿਲੀ। ਪੰਜਵੇਂ ਗੁਰੂ ਜੀ ਅਨੁਸਾਰ ਹਰਿ-ਕੀਰਤਨ ਕਰਨ ਅਤੇ ਨਾਮ ਦੀ ਆਰਾਧਨਾ ਨਾਲ ਗ੍ਰਹਿਆਂ ਦੇ ਪ੍ਰਭਾਵ ਦਾ ਆਪਣੇ ਆਪ ਨਿਵਾਰਣ ਹੋ ਜਾਂਦਾ ਹੈ— ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ। ਗਰਹ ਨਿਵਾਰੇ ਸਤਿਗੁਰੁ ਦੇ ਅਪਣਾ ਨਾਉ। (ਗੁ.ਗ੍ਰੰ.400)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗ੍ਰਹ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗ੍ਰਹ ਵੇਖੋ ਗ੍ਰਿਹ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗ੍ਰਹ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗ੍ਰਹ, (ਸੰਸਕ੍ਰਿਤ : ग्रह) \ ਪੁਲਿੰਗ : ੧. ਤਾਰਾ : ਸੂਰਜ, ਚੰਦ ਅਤੇ ਹੋਰ ਤਾਰੇ; ੨. ਨੌਂ ਦੀ ਗਿਣਤੀ ਦਾ ਬੋਧਕ ਕਿਉਂਕਿ ਗ੍ਰਹਿ ਨੌਂ ਹੁੰਦੇ ਹਨ : ਸੂਨ ਸੂਨ ਗ੍ਰਹ ਆਤਮਾ ਸੰਮਤ ਆਦਿ ਪਛਾਨ (ਗੁਰਪ੍ਰਤਾਪ ਸੂਰਜ ਪ੍ਰਕਾਸ਼), ੩. ਬਦਕਿਸਮਤੀ, ਨਹੂਸਤ, ਆਫ਼ੋਤ, ਬਿਪਤਾ
–ਗ੍ਰਹ ਆਉਣਾ, ਮੁਹਾਵਰਾ : ਮੁਸੀਬਤ ਆਉਣਾ, ਮਨਹੂਸ ਦਿਨ ਆਉਣਾ
–ਗ੍ਰਹ ਕੁੰਡਲੀ, ਇਸਤਰੀ ਲਿੰਗ : ਜਨਮ ਪੱਤਰੀ
–ਗ੍ਰਹ ਗਤੀ, ਇਸਤਰੀ ਲਿੰਗ : ਗ੍ਰਹਿਆਂ ਦੀ ਚਾਲ, ਚੰਗੇ ਮੰਦੇ ਦਿਨ
–ਗ੍ਰਹ ਗੋਚਰ, ਪੁਲਿੰਗ : ੧. ਜੋਤਿਸ਼ ਅਨੁਸਾਰ ਕਿਸੇ ਮਨੁੱਖ ਦੇ ਪਰਸਿੱਧ ਨਾਂ ਦੀ ਰਾਸ਼ੀ ਅਨੁਸਾਰ ਹਿਸਾਬ ਕਰ ਕੇ ਕੱਢੇ ਹੋਏ ਗ੍ਰਹਿ ਜੋ ਜਨਮ ਰਾਸ਼ੀ ਦੇ ਗ੍ਰਹਿਆਂ ਤੋਂ ਵਖਰੇ ਅਤੇ ਸਥੂਲ ਮੰਨੇ ਜਾਂਦੇ ਹਨ; ੨. ਗ੍ਰਹਿ ਦਸ਼ਾ
–ਗ੍ਰਹ ਚੜ੍ਹਨਾ, ਮੁਹਾਵਰਾ : ਆਫ਼ਤ ਆਉਣਾ, ਕੋਈ ਮੁਸੀਬਤ ਆਉਣਾ
–ਗ੍ਰਹ ਚਾਲ, ਇਸਤਰੀ ਲਿੰਗ : ਗ੍ਰਹਿਆਂ ਦੀ ਚਾਲ, ਚੰਗੇ ਮੰਦੇ ਦਿਨ
–ਗ੍ਰਹ ਦੇਖਣਾ, ਮੁਹਾਵਰਾ : ਜਨਮ ਪੱਤਰੀ ਦੇਖਣਾ, ਭਵਿੱਖ ਦਾ ਹਾਲ ਦੱਸਣਾ
–ਗ੍ਰਹ ਲੱਗਣਾ, ਮੁਹਾਵਰਾ : ੧. ਕੋਈ ਮੁਸੀਬਤ ਗਲ ਪੈਣਾ; ੨. ਪਾਪ ਲੱਗਣਾ; ੩. ਅਣਇੱਛਤ ਚੀਜ਼ ਦਾ ਗਲ ਪੈਣਾ
–ਖੋਟਾ ਗ੍ਰਹ ਆਉਣਾ, ਮੁਹਾਵਰਾ : ਕਿਸਮਤ ਬੁਰੀ ਹੋਣਾ
–ਨੌਂ ਗ੍ਰਹ, ਪੁਲਿੰਗ : ਸੂਰਜ, ਚੰਦ, ਮੰਗਲ, ਬੁੱਧ, ਬ੍ਰਿਹਸਪਤ, ਸ਼ੁਕਰ, ਸ਼ਨੀਚਰ, ਰਾਹੂ ਅਤੇ ਕੇਤੂ, ਇਹ ਨੌਂ ਗ੍ਰਹਿ ਮੰਨੇ ਜਾਂਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 60, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-01-03-45-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First