ਗੌੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੌੜ. ਸੰ. ਗੌਡ. ਸੰਗ੍ਯਾ—ਪੂਰਵ ਬੰਗਾਲ ਅਤੇ ਉੜੀਸੇ ਦੇ ਵਿਚਕਾਰਲਾ ਦੇਸ਼ । ੨ ਗੌੜ ਦੇਸ਼ ਦਾ ਵਸਨੀਕ। ੩ ਬ੍ਰਾਹਮਣਾਂ ਦੀ ਇੱਕ ਪ੍ਰਸਿੱਧ ਜਾਤਿ। ੪ ਰਾਜਪੂਤਾਂ ਦੀ ਇੱਕ ਜਾਤਿ। ੫ ਵਿ—ਗੁੜ ਦਾ ਬਣਿਆ ਹੋਇਆ ਪਦਾਰਥ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੌੜ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੌੜ : ਇਹ ਬ੍ਰਾਹਮਣਾਂ ਦੀ ਇਕ ਪ੍ਰਸਿੱਧ ਜਾਤ ਜਾਂ ਸ਼੍ਰੇਣੀ ਹੈ। ਇਹ ਭੂਗੌਲਿਕ ਵੰਡ ਤੇ ਆਧਾਰਿਤ 10 ਹਿੱਸਿਆਂ ਵਿਚ ਵੰਡੀ ਹੋਈ ਹੈ। ਹਰੇਕ ਹਿੱਸੇ ਦੇ ਲੋਕਾਂ ਦੀਆ ਆਦਤਾਂ ਅਤੇ ਰਿਵਾਜ ਵੱਖ ਵੱਖ ਹਨ ਅਤੇ ਇਹ ਲੋਕ ਆਪਸ ਵਿਚ ਵਿਆਹ ਵੀ ਨਹੀਂ ਕਰਵਾਉਂਦੇ। ਇਹੀ 10 ਹਿੱਸ ਫਿਰ ਪੰਜ ਪੰਜ ਹਿੱਸਿਆਂ ਦੇ ਦੋ ਗਰੁੱਪਾਂ ਵਿਚ ਵੰਡੇ ਹੋਏ ਹਨ। ਦੂਜੇ ਗਰੁਪ ਵਿਚ ਵਿੰਧਿਆਚਲ ਪਹਾੜੀਆਂ ਦੇ ਉੱਤਰ ਵੱਲ ਨੂੰ ਪੰਜ ਗੌੜ ਬ੍ਰਾਹਮਣ––ਗੌੜ, ਸਰਸਵਤ ਜਾਂ ਸਰਸਤ, ਕੰਨਿਆਕੁਬਜ, ਮੈਥੀਲਾ ਅਤੇ ਉਤਕਲ ਰਹਿੰਦੇ ਹਨ। ਗੌੜ ਬ੍ਰਾਹਮਣ ਦਾ ਪਰਪੰਰਾਗਤ ਮੂਲ ਸਥਾਨ ਹਰਿਆਣਾ ਹੈ ਅਤੇ ਇਨ੍ਹਾਂ ਦਾ ਅਜੋਕਾ ਸਥਾਨ ਅਲੀਗੜ੍ਹ ਅਤੇ ਮਥਰਾ ਦੇ ਪੱਛਮ ਵੱਲ ਦੇ ਉੱਤਰ-ਪੱਛਮੀ ਪ੍ਰਾਂਤਾਂ ਦਾ ਕੁਝ ਹਿੱਸਾ ਅਤੇ ਪੰਜਾਬ ਦਾ ਕੁਝ ਹਿੱਸਾ ਹੈ। ਇਸ ਜਾਤ ਦੇ ਕੁਝ ਹੋਰ ਹਿਸਿਆਂ ਨੇ ਗੌੜ ਬ੍ਰਾਹਮਣਾਂ ਨੂੰ ਬੰਗਾਲ ਨਾਲੋਂ ਵੱਖ ਕਰ ਦਿੱਤਾ ਹੈ। ਜਰਨਲ ਕਨਿੰਘਮ ਅਨੁਸਾਰ ਗੌੜ ਗੋਂਡਾ ਦਾ ਹੀ ਪੁਰਾਣਾ ਨਾਂ ਹੈ। ਸਰ ਜਾਰਜ ਕੈਪਬੈੱਲ ਇਸ ਨੂੰ ਘੱਗਰ ਸ਼ਬਦ ਦਾ ਹੀ ਹੋਰ ਰੂਪ ਮੰਨਦਾ ਹੈ। ਰੀਤ ਰਿਵਾਜ ਪੱਖੋਂ ਗੌੜ ਬ੍ਰਾਹਮਣ ਸਰਸਤ ਬ੍ਰਾਹਮਣਾਂ ਨਾਲੋਂ ਬਿਲਕੁਲ ਵਖਰੇ ਹਨ। ਗੌੜ ਬ੍ਰਾਹਮਣ ਸਰਸਤ ਬ੍ਰਾਹਮਣਾਂ ਹੱਥੋਂ ਰੋਟੀ ਨਹੀਂ ਖਾਂਦੇ ਅਤੇ ਨਾਲ ਹੀ ਉਨ੍ਹਾਂ ਨੂੰ ਨਫ਼ਰਤ ਨਾਲ ਵੇਖਦੇ ਹਨ।
ਐਚ. ਏ. ਰੋਜ਼ ਦੀ ਸੰਕਲਿਤ ਕੀਤੀ ਪੁਸਤਕ ਵਿਚ ਗੌੜ ਬ੍ਰਾਹਮਣਾਂ ਸਬੰਧੀ ਨਿਮਨ ਅਨੁਸਾਰ ਜ਼ਿਕਰ ਆਇਆ ਹੈ––
ਗੌੜ ਬ੍ਰਾਹਮਣਾਂ ਦਾ ਇਕ ਸਮੂਹ ਹੈ ਜਿਹੜਾ ਲਗਭਗ ਸਾਰੇ ਦਾ ਸਾਰਾ ਹੀ ਪੂਰਬੀ ਜ਼ਿਲ੍ਹਿਆਂ, ਪੰਜਾਬ ਨਾਲ ਲਗਦੇ ਹਿਮਾਲਾ ਪਰਬਤ ਅਤੇ ਗੁਜਰਾਤ ਤਕ ਦੇ ਉਪ-ਪਰਬਤੀ ਖੇਤਰ ਵਿਚ ਅੰਦਰ ਵਲ ਨੂੰ ਵਸਦਾ ਹੈ। ਆਮ ਕਰਕੇ ਗੌੜ ਦੋ ਸ਼੍ਰੇਣੀਆਂ ਅੱਧ ਜਾਂ ਅਸਲੀ ਗੌੜ ਅਤੇ ਗਟ ਜਿਹੜੇ ਨਜ਼ਾਇਜ਼ ਜੱਦ ਵਿਚੋਂ ਹਨ, ਵਿਚ ਵੰਡੇ ਹੋਏ ਹਨ। ਇੰਝ ਲਗਦਾ ਹੈ ਜਿਵੇਂ ਦਿੱਲੀ ਦੇ ਇਲਾਕੇ ਵਿਚ ਪਿਛਲੀ ਸ਼੍ਰੇਣੀ ਨੂੰ ਧਰੂਕੜਾ ਜਾਂ ਦੋਗਲਾ ਕਿਹਾ ਜਾਂਦਾ ਹੋਵੇ। ਕਿਹਾ ਜਾਂਦਾ ਹੈ ਕਿ ਸਿਰਮੌਰ ਰਿਆਸਤ ਵਿਚ ਅਧ-ਗੌੜ ਗੱਟਾਂ ਨਾਲ ਵਿਆਹ ਨਹੀਂ ਕਰਵਾਉਂਦੇ। ਅੱਧ-ਗੌੜ ਦੋ ਉੱਪ-ਹਿਸਿਆਂ ਚਿੱਟੀ ਅਤੇ ਕਾਲੀ ਕੈਂਠੀਵਾਲੇ ਜਾਂ ਚਿੱਟੀਆਂ ਅਤੇ ਕਾਲੀਆਂ ਮਾਲਾ ਬਣਾਉਣ ਵਾਲੇ, ਵਿਚ ਵੰਡੇ ਹੋਏ ਹਨ। ਇਸ ਰਿਆਸਤ ਵਿਚ ਪਾਰਲੇ ਗਿਰੀ ਬ੍ਰਾਹਮਣਾਂ ਦਾ ਸਭ ਤੋਂ ਵੱਡਾ ਹਿੱਸਾ ਪਾਬੱਚ ਹਨ ਜਿਹੜੇ ਭੱਟਾਂ ਨਾਲ ਵਿਆਹ ਨਹੀਂ ਕਰਵਾਉਂਦੇ ਭਾਵੇਂ ਇਸ ਦੇ ਮੈਂਬਰ ਭੱਟ ਲੜਕੀਆਂ ਦੇ ਹੱਥਾਂ ਦਾ ਤਿਆਰ ਕੀਤਾ ਖਾਣਾ ਖਾ ਲੈਂਦੇ ਹਨ ਪਰ ਪਾਬੱਚ ਭੱਟ ਲੜਕੀਆਂ ਦੇ ਹਥਾਂ ਦਾ ਤਿਆਰ ਕੀਤਾ ਖਾਣਾ ਬਿਲਕੁਲ ਨਹੀਂ ਖਾਂਦੇ। ਦੂਜੇ ਇਕ ਪਾਬੱਚ ਵਿਅਕਤੀ ਆਪਣੀ ਹੀ ਜਾਤ ਦੀ ਲੜਕੀ ਦੇ ਹੱਥਾਂ ਦਾ ਤਿਆਰ ਕੀਤਾ ਖਾਣਾ ਨਹੀਂ ਖਾਂਦਾ ਜੇਕਰ ਉਸ ਲੜਕੀ ਦਾ ਵਿਆਹ ਕਿਸੇ ਭੱਟ ਨਾਲ ਹੋਇਆ ਹੋਵੇ। ਪਾਬੱਚ ਨਾ ਤਾਂ ਕਿਸੇ ਪਸ਼ੂ ਨੂੰ ਮਾਰਦੇ ਹਨ ਅਤੇ ਨਾ ਹੀ ਮਾਸ ਖਾਂਦੇ ਹਨ।
ਗੌੜ 36 ਹਿੱਸਿਆਂ ਵਿਚ ਵੰਡੇ ਹੋਏ ਹਨ। ਇਨ੍ਹਾਂ ਹਿੱਸਿਆਂ ਦੇ ਗੌੜ ਆਪਣੇ ਗੋਤ ਤੋਂ ਬਾਹਰ ਹੀ ਵਿਆਹ ਕਰਵਾਉਂਦੇ ਹਨ। ਡਕੌਤ ਦੇ ਵਾਂਗ ਹੀ ਵੰਡਿਆ ਹਰੇਕ ਬ੍ਰਾਹਮਣ ਸਮੂਹ ਗੌੜ ਮੂਲ ਵਿਚੋਂ ਹੀ ਮੰਨਿਆ ਜਾ ਸਕਦਾ ਹੈ। ਇਹ ਵੀ ਸੰਭਵ ਹੈ ਕਿ ਖੰਡੀਵਾਲ ਬ੍ਰਾਹਮਣ ਵੀ ਗੌੜ ਬ੍ਰਾਹਮਣਾਂ ਦੀ ਇਕ ਸ਼ਾਖ ਹੈ।
ਕਰਨਾਲ ਦੇ ਟੱਗੇ ਵੀ ਗੌੜ ਬ੍ਰਾਹਮਣ ਹਨ ਅਤੇ ਇਹ ਖੇਤੀਬਾੜੀ ਕਰਨ ਲਗ ਪਏ ਹਨ। ਇਸੇ ਤਰ੍ਹਾਂ ਦੇ ਕਈ ਅਪਰਾਧੀ ਟੱਗੂ ਵੀ ਨਜ਼ਰ ਆਉਂਦੇ ਹਨ।
ਹਿਸਾਰ ਦੇ ਗੌੜ ਕਹਿੰਦੇ ਹਨ ਕਿ ਮੂਲ ਰੂਪ ਵਿਚ ਉਹ ਸਾਰੇ ਹੀ ਬੰਗਾਲ ਵਿਚੋਂ ਆਏ ਹਨ ਪਰ ਵਧੇਰੇ ਸੰਭਵ ਇਹ ਹੈ ਕਿ ਉਪ ਪ੍ਰੋਹਿਤਾਂ ਦੇ ਰੂਪ ਵਿਚ ਆਏ ਸਨ ਜਾਂ ਵੱਖ ਵੱਖ ਪਰਵਾਸੀ ਕਬੀਲਿਆਂ ਦੇ ਪਰਿਵਾਰਕ ਪ੍ਰੋਹਿਤਾਂ ਵਜੋਂ ਆਏ ਸਨ ਅਤੇ ਉਨ੍ਹਾਂ ਵਿਚ ਹੀ ਵਸਣ ਲਗ ਪਏ ਸਨ। ਹੋਰਨਾਂ ਥਾਵਾਂ ਵਾਂਗ ਇਨ੍ਹਾਂ ਬ੍ਰਾਹਮਣਾਂ ਨੂੰ ਮੌਤ ਤੋਂ ਤੇਰ੍ਹਵੇ ਦਿਨ ਨੂੰ ਖਾਣਾ ਖੁਆਇਆ ਜਾਂਦਾ ਹੈ ਐਪਰ ਇਹ ਨਾ ਤਾਂ ਕਾਲਾ ਦਾਨ ਅਤੇ ਨਾ ਹੀ ਗ੍ਰਹਿਣ ਦਾਨ ਜਾਂ ਸ਼ਨਿਚਰਵਾਰ ਨੂੰ ਕੀਤਾ ਦਾਨ ਪਰਵਾਨ ਕਰਦੇ ਹਨ। ਇਹ ਨਾ ਕੇਵਲ ਜ਼ਰਾਇਤੀ ਕਬੀਲਿਆਂ ਤੋਂ ਹੀ ਸਗੋਂ ਖਟੀਸਾਂ, ਕੁਮ੍ਹਾਰਾਂ, ਲੁਹਾਰਾਂ, ਨਾਈਆਂ, ਬੈਰਾਗੀਆਂ ਅਤੇ ਜੋਗੀਆਂ ਤੋਂ ਵੀ ਚੜ੍ਹਾਵਾਂ ਲੈ ਲੈਂਦੇ ਹਨ ਐਪਰ ਚੂਹੜਿਆਂ ਅਤੇ ਚਮਾਰਾਂ ਤੋਂ ਇਹ ਚੜ੍ਹਾਵਾ ਬਿਲਕੁਲ ਪ੍ਰਾਪਤ ਨਹੀਂ ਕਰਦੇ। ਇਨ੍ਹਾਂ ਵਿਚੋਂ ਬਹੁਤਿਆਂ ਨੇ ਸਰਸਤ ਵਾਂਗ ਹੀ ਖੇਤੀਬਾੜੀ ਦਾ ਪੇਸ਼ਾਂ ਅਪਣਾ ਲਿਆ ਹੈ ਅਤੇ ਸਿੱਧੇ ਤੌਰ ਤੇ ਧਾਰਮਕ ਕੰਮ ਕਾਰ ਨਹੀਂ ਕਰਦੇ। ਧਾਰਮਕ ਪਦਵੀ ਤੋਂ ਇਲਾਵਾ ਲੋਕ ਗੌੜਾਂ ਨੂੰ ਮਾੜਾ ਹੀ ਸਮਝਦੇ ਹਨ।
ਹ. ਪੁ.––ਟ. ਕਾ.; ਪੰ. ਕਾ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 29584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First